ਤੁਲ਼ ਵੀ ਗਏ…ਅਮਰਜੀਤ ਸਿੰਘ ਮਾਨ
“ਇਹਨਾਂ ਤੋਂ ਪਤਾ ਨਈਂ ਕਦੋਂ ਖਹਿੜਾ ਛੁਟੂ! ਕੀ ਕਰੀਏ?” ਨਵੀਂ ਪੀੜ੍ਹੀ ਦੀਵਾਲੀ ਦੀਆਂ ਸਫਾਈਆਂ ਵੇਲੇ ਸਹੇਲੀਆਂ ਵਰਗੀ ਕੰਮ ਵਾਲੀ ਆਂਟੀ ਨੂੰ ਕਹਿੰਦੀ ਹੈ।
“ਕੋਈ ਨਾ ‘ਕੇਰਾਂ ਹੇਠਾਂ ਲਾਹ ਲੈਨੇ ਆਂ…ਸਾਫ਼ ਕਰ ਕੇ ਫੇਰ ‘ਐਥੇ ਈ ਧਰ ਦਿਆਂਗੇ।” ਪੜਛੱਤੀ ‘ਤੇ ਬੈਠੀ ਆਂਟੀ ਬੋਲੀ।
” ਹਰੇਕ ਸਾਲ ਐਂ ਈ ਤਾਂ ਕਰਦੇ ਆਂ।”
ਪਾਸੇ ਬੈਠੀ ਪੁਰਾਣੀ ਪੀੜ੍ਹੀ ਨੂੰ ਨਵੀਂ ਪੀੜ੍ਹੀ ਦੇ ਖਿਝੇ ਹੋਏ ਬੋਲ ਸੁਣਕੇ ਝੋਰਾ ਲਗਦਾ।
ਆਂਟੀ ਨੇ ਉਪਰੋਂ ਮਧਾਣੀ ਫੜਾਈ।
“ਲੈ ਹੁਣ ਕੰਮ ਐ ਕੋਈ ਏਹਦਾ…!” ਨਵੀਂ ਪੀੜ੍ਹੀ ਨੇ ਮਧਾਣੀ ਫੜਕੇ ਹੇਠਾਂ ਰੱਖ ਦਿੱਤੀ।
ਨੇਤਰਾ ਖੁਲ੍ਹ ਗਿਆ। ਦੋਵੇਂ ਸਿਰਿਆਂ ‘ਤੇ ਬੰਨੀਆਂ ਢੀਂਡੀਂਆਂ ਚੌਫਾਲ ਪਈਆਂ। ਕੁੜ ਇੱਕ ਪਾਸੇ ਲੁੜਕ ਗਿਆ। ਇਹ ਸਭ ਦੇਖ ਪੁਰਾਣੀ ਪੀੜ੍ਹੀ ਦੀ ਸੁਰਤ 45-50 ਸਾਲ ਪਿੱਛੇ ਪਰਤ ਗਈ, ਜਦੋਂ ਉਹ ਇਸ ਘਰ ਵਿੱਚ ਵਿਆਹੀ ਆਈ ਸੀ, ‘ਆਹ ਮਧਾਣੀ ਵਿਚੋਲੇ ਫੁਫੜ ਨੇ ਗੁਰੀਏ ਤਖਾਣ ਤੋਂ ਰਾਤੇ ਰਾਤ ਬਣਵਾ ਕੇ ਦਿੱਤੀ ਸੀ। ਏਸ ਘਰ ਦੀ ਨਿੱਕੇ ਨਿੱਕੇ ਘਸੇ ਹੋਏ ਫੁੱਲਾਂ ਵਾਲੀ ਮਧਾਣੀ ਮੈਨੂੰ ਜਚੀ ਨਹੀਂ ਸੀ। ਦੁੱਧ ਰਿੜਕਣ ਨੂੰ ਤਿਗਣਾ ਸਮਾਂ ਲੱਗਿਆ ਕਰੇ। ਓਨੇ ਟੈਮ ਚ ਮੈਂ ਹੋਰ ਕਿੰਨੇ ਕੰਮ ਕਰ ਸਕਦੀ ਸੀ।ਫੇਰ ਇੱਕ ਦਿਨ ਭੂਆ ਫੁਫੜ ਮਿਲਣ ਆ ‘ਗੇ।
ਤੇ ਮੈਂ ਉਹਨਾਂ ਨੂੰ ‘ਲਾਂਭੇ ਵਰਗਾ ਨਿਹੋਰਾ ਮਾਰਿਆ ਸੀ। ਫੁਫੜ ਤੀਜੇ ਦਿਨ ਆਹ ਮਧਾਣੀ ਫੜਾ ਗਿਆ ਸੀ। ਮੈਂ ਵੀ ਪੰਦਰਾਂ ਮਿੰਟਾਂ ਚ ਦੁੱਧ ਰਿੜਕ ਕੇ ਮਧਾਣੀ ਸਾਂਭ ਦਿੰਦੀ …’
“ਲੈ ਆਹ ਰੱਛ…ਪੈੜੇ…ਜਮਾਂ ਵਾਧੂ ਨੇ…” ਕਹਿੰਦਿਆਂ ਨਵੀਂ ਪੀੜ੍ਹੀ ਨੇ ਤਾਰਾਂ ਜਿਹੀਆਂ ਦਾ ਜਾਲ ਤੇ ਪੈੜਿਆਂ ਵਾਲਾ ਗੱਟਾ ਆਂਟੀ ਤੋਂ ਫੜ ਕੇ ਧਰਤੀ ‘ਤੇ ਰੱਖਿਆ ਤਾਂ ਪੁਰਾਣੀ ਪੀੜ੍ਹੀ ਦੀ ਸੁਰਤ ਵਾਪਸ ਆ ਗਈ। ਆਂਟੀ ਇੱਕ ਇੱਕ ਕਰ ਕੇ ਪਣਖਾਂ , ਦਰੀਆਂ ਵਾਲੇ ਹੱਥੇ, ਤਾਣੀ ਵਾਲੇ ਹੱਥੇ, ਊਰੇ, ਊਰੀਆਂ …ਵਗੈਰਾ ਵਗੈਰਾ ਫੜਾਈ ਗਈ।
“…ਕਦੋਂ ਆਏ ਏਹੇ ਕੰਮ…ਬੱਸ ਝਾੜੋ ਤੇ ਸੰਭਾਲੀ ਜਾਓ। ਊਂਈ ਦਬਕਾ ਕਾਠ ਮਾਰਿਆ।” ਖਿਝ ਨੂੰ ਕੰਟਰੋਲ ਚ ਰੱਖਦੀ ਨਵੀਂ ਪੀੜ੍ਹੀ ਸਮਾਨ ਫੜ ਫੜ ਥੱਲੇ ਰੱਖੀ ਗਈ।
“ਲੈ ਮਾੜੇ ‘ਜੇ ਕਰੜੇ ਹੱਥ ਪਾਈਂ…” ਚਰਖਾ ਥੱਲੇ ਲਮਕਾਉਂਦੀ ਆਂਟੀ ਬੋਲੀ।
“ਛੱਡ ਦੇ ਹੈਥੋਂ ਈ…ਭੱਠੀ ‘ਚ ਲਗਦਾ ਕਰੀਏ। ਚਾਰ ਦਿਨ ਪਾਣੀ ਤੱਤਾ ਹੋਊ।”
ਪੁਰਾਣੀ ਪੀੜ੍ਹੀ ਦਾ ਕਾਲ਼ਜਾ ਧੱਸ ਦੇਣੇ ਥੱਲੇ ‘ਜੇ ਗਿਆ, ” ਨਾ ਕੁੜੇ…!ਜੋਧਪੁਰੋਂ ਸਿਰ ‘ਤੇ ਚੱਕ ਕੇ ਲਿਆਂਦੇ ਸੀ।
ਸੋਡੀ ਭੂਆ ਦੇ ਵਿਆਹ ਨੂੰ ਬਾਬੇ ਨੇ ਰਹੂੜੇ ਦੀ ਲੱਕੜ ਦੇ ਸਾਈ ਦੇ ਕੇ ਦੋ ਬਣਵਾਏ ਸੀ। ਇੱਕ ਘਰ ਵਾਸਤੇ, ਇੱਕ ਸੋਡੀ ਭੂਆ ਦੇ ਦਾਜ਼ ਵਾਸਤੇ।” ਉਹ ਬੈਠੀ ਬੈਠੀ ਪੀੜ੍ਹੀ ਤੋਂ ਖੜੀ ਹੋ ਗਈ। ਨਾ ਚਾਹੁੰਦਿਆਂ ਵੀ ਦੋਵੇਂ ਹੱਥ ਉਪਰ ਥੱਲੇ ਹੋ ਕੇ ਧੁੰਨੀ ਕੋਲ ਟਿਕ ਗਏ।
ਆਪਣੇ ਬੋਲਾਂ ਦੇ ਉਲਟ ਬੇਕੰਟਰੋਲੀ ਹੁੰਦੀ ਖਿਝ ਨੇ ਪੂਰੇ ਦਮ ਨਾਲ ਥੱਲੇ ਆਉਂਦਾ ਚਰਖਾ ਸੰਭਾਲ ਲਿਆ।
“ਮੰਮੀ ਆਹ ਸਾਰਾ ਕੁਝ ਤਾਂ ਆਪਾਂ ‘ਧਰੋਹਰ’ ਵਿੱਚ ਵੇਖਿਆ ਸੀ, ਜਦੋਂ ਕੁਰੂਕਸ਼ੇਤਰ ਗਏ ਯੂਨੀਵਰਸਿਟੀ ਘੁੰਮਣ ਗਏ ਸੀ।
ਹਨਾਂ…। ਇਹ ਆਪਣੇ ਘਰ ਕਿਵੇਂ?” ਅਸਲੋਂ ਨਵੀਂ ਪੀੜ੍ਹੀ ਨੂੰ ਇਹ ਚੀਜ਼ਾਂ ਅਜਾਇਬ ਘਰ ਦਾ ਸਮਾਨ ਲੱਗੀਆਂ। ਸਕੂਲੋਂ ਆਉਂਦੀ ਉਹ ਆਪਣੇ ਘਰ ਵਿੱਚ ਦੇਖ ਕੇ ਅਚੰਭਿਤ ਰਹਿ ਗਈ।
ਇਹ ਪਿਛਲੀ ਦੀਵਾਲੀ ਵੇਲੇ ਦੀਆਂ ਗੱਲਾਂ ਨੇ।
15-17 ਸਾਲਾਂ ਤੋਂ ਇਸ ਘਰ ਵਿੱਚ ਆਈ ਨਵੀਂ ਪੀੜ੍ਹੀ ਨੇ ਇਸ ਵਾਰ ਦੀਵਾਲੀ ਨੂੰ ਤਾਂ ਪੜਛੱਤੀ ਖਾਲੀ ਕਰ ਹੀ ਲਈ। ਬੱਸ ‘ਕੱਲਾ ਚਰਖਾ ਪਿਆ ਰਹਿਣ ਦਿੱਤਾ।
ਰੱਛਾਂ ਦੇ ਤਿੰਨ ਸੈੱਟ, ਤਿੰਨ ਚਾਰ ਨਾਲਾਂ, ਤਾਣੀ ਵਾਲਾ ਹੱਥਾ, ਖੇਸਾਂ ਵਾਲਾ ਹੱਥਾ, ਚਾਰ ਪੰਜ ਪਣਖਾਂ, ਤਿੰਨ ਅਟੇਰਨ, ਦੋ ਊਰੀਆਂ, ਦੋ ਊਰੇ, ਦੋ ਤੁਲ਼, ਦੋ ਪੈੜਿਆਂ ਦਾ ਸੈੱਟ, ਚਾਰ ਪੈੜਿਆਂ ਦਾ ਸੈੱਟ, ਦਰੀਆਂ ਵਾਲੀ ਫੱਟੀ, ਹੱਥੇ , ਮਧਾਣੀ …ਸਾਰਾ ਕੁੱਝ ਬਾਲਣ ਵਾਲੀ ਕੋਠੜੀ ਦਾ ‘ਸ਼ਿੰਗਾਰ’ ਬਣ ਗਏ।
ਪੁਰਾਣੀ ਪੀੜ੍ਹੀ ਕੋਠੜੀ ਵੱਲ ਜਾਂਦੀ। ਢਿੱਡ ‘ਤੇ ਹੱਥ ਧਰ ਕੇ ਵਿਹੜੇ ਵਿੱਚ ਗੇੜਾ ਕੱਢਦੀ। ਪਹਿਲਾ ਦਿਨ ਲੰਘਿਆ। ਦੂਜਾ ਦਿਨ ਲੰਘਿਆ। ਤੇ ਇੱਕ ਦੋ ਦਿਨ ਹੋਰ।
” ਭਾਈ ਰਾਜ਼ੀ ਰਹੋ…ਗੁੱਸੇ ਰਹੋ। ਜਦੋਂ ਕੋਠੜੀ ਕਨੀਂ ਜਾਨੀ ਆਂ , ਮੈਨੂੰ ਤਾਂ ਹੌਲ ਪੈਂਦੇ ਨੇ।” ਅਖੀਰ ਪੁਰਾਣੀ ਪੀੜ੍ਹੀ ਬੋਲ ਹੀ ਪਈ।
“ਉਹਨਾਂ ਦਾ ਕੰਮ ਤਾਂ ਹੈ ਨੀ ਕੋਈ। ਬੱਸ ਹੇਜ ਈ ਐ ਹੁਣ ਤਾਂ…।” ਸਭ ਕੁਝ ਸਮਝਦੀ ਨਵੀਂ ਪੀੜ੍ਹੀ ਨਰਮਾਈ ਨਾਲ ਬੋਲੀ।
“ਸਾਡੇ ਵੇਲੇ ਤਾਂ ਭਾਈ ਮੰਗੇ ਤੋਂ ਵੀ ਨੀਂ ਮਿਲਦੇ ਹੁੰਦੇ ਸੀ। ਮਸਾਂ ਸੋਡੇ ਬਾਬੇ ਨਾਲ ਲੜ ਲੜ ਬਣਵਾਏ ਸੀ! ਕੁੜੀਆਂ ਦੀਆਂ ਪੇਟੀਆਂ ਇਹਨਾਂ ਦੀ ਘਸ-ਘਸਾਈ ਨਾਲ ਈ ਭਰੀਆਂ। ਮੈਨੂੰ ਤਾਂ ਹੇਜ ਆਊਗਾ। ਜਿਹੜਾ ਦਰੀਆਂ ਵਾਲੇ ਅੱਡੇ ਦੀਆਂ ਪਾਈਪਾਂ ਦਾ ਮੰਜਾ ਬਣਾਇਆ, ਮੈਨੂੰ ਤਾਂ ਓਸ ਮੰਜੇ ਦਾ ਹੇਜ ਵੀ ਹੋਰਾਂ ਨਾਲ਼ੋਂ ਵੱਧ ਆਉਂਦਾ।”
“ਫੇਰ…?”
“ਆਪਾਂ ਮਚਾਉਂਦੇ ਨੀਂ। ਮੈਂ ਪੁੱਛੂੰਗੀ ਕਿਸੇ ਨੂੰ…ਕੋਈ ਨਾ ਕੋਈ ਸੰਭਾਲਣ ਆਲੀ ਮਿਲਜੂ।”
” ਚਲ, ਨਾ ਮਚਾਵਾਂਗੇ…ਦੇਖਲਾ।”
ਹਫਤਾ ਕੁ ਲੰਘਿਆ। ਕੋਠੜੀ ਵਿਚੋਂ ਕਦੇ ਪੈੜੇ ਚਲੇ ਗਏ। ਕਦੇ ਊਰੇ-ਊਰੀਆਂ। ਫੇਰ ਦੋਵੇਂ ਹੱਥੇ ਤੇ ਅਖੀਰ ਮਧਾਣੀ ਵੀ। ਪੁਰਾਣੀ ਪੀੜ੍ਹੀ ਦਾ ਮਾਨਸਿਕ ਬੋਝ ਕੁਝ ਨਾ ਕੁੱਝ ਹਲਕਾ ਹੋ ਗਿਆ। ਨਾਲਾਂ ਤੇ ਰੱਛ ਰਹਿ ਗਏ।
ਉਹ ਗਲ਼ੀ ਵਿੱਚ ਆਏ ਕਬਾੜੀਏ ਦੀ ਪਾਸਕ ਮਾਰਦੀ ਤੱਕੜੀ ਵਿੱਚ ਤੁਲ ਗਏ। ਵਿਚਾਰੀਆਂ ਪਣਖਾਂ ਤੇ ਅਟੇਰਨ ਪਾਣੀ ਤੱਤਾ ਕਰਨ ਦੇ ਲੇਖੇ ਲੱਗ ਗਏ।
” ਕੋਠੜੀ ਖਾਲੀ ਹੋ ਈ ਗਈ!” ਨਵੀਂ ਪੀੜ੍ਹੀ ਨੇ ਪੁਰਾਣੀ ਨੂੰ ਛੇੜਿਆ।
” ਹਾਂ…ਮੇਰੀਆਂ ਸਹੇਲੀਆਂ ਨੇ ਸਾਂਭ ਲਿਆ ਸਾਰਾ ਕੁਸ਼।”
“ਕੀ ਪਤਾ ਉਹ ਵੀ ਪਾਣੀ ਤੱਤਾ ਈ ਕਰਨ?”
“ਅੱਖੋਂ ਪਰੋਖੇ ਕੁਸ਼ ਹੋ ਜੇ…ਸਾਹਮਣੇ ਤਾਂ ਨੀਂ ਮੈਥੋਂ ਦੇਖ ਹੋਣਾ ਸੀ।” ਪੁਰਾਣੀ ਪੀੜ੍ਹੀ ਹੌਲੀ ਫੁੱਲ ਵਰਗੀ ਸੀ।
‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬੇਨਤੀ ਹੈ ਭਾਈ, ਗੁਰੂ ਘਰੋਂ ਸੇਵਾਦਾਰ ਸਿੰਘ ਅੱਜ ਆਪਣੇ ਨਗਰ ਵਿੱਚ ਲੰਗਰਾਂ ਵਾਸਤੇ ਬਾਲਣ ‘ਕੱਠਾ ਕਰਨ ਲਈ ਟਰਾਲੀ ਲੈ ਕੇ ਆਉਣਗੇ। ਹਰੇਕ ਘਰ ਚੋਂ ਭਾਈ ਕੋਈ ਜੜ, ਮੁੱਢ, ਖਲਪਾੜ , ਖੁੰਢ, ਟੰਬਾ ਜਾਂ ਕੋਈ ਵੀ ਹੋਰ ਲੱਕੜ ਬਾਲਣ, ਪਾਥੀਆਂ ਉਹਨਾਂ ਨੂੰ ਜਰੂਰ ਦੇਣ ਦੀ ਕਿਰਪਾਲਤਾ ਕਰਨੀ ਭਾਈ।”
“ਆਪਾਂ ਕੀ ਦੇਵਾਂਗੇ?” ਸੂਚਨਾ ਸੁਣ ਕੇ ਨਵੀਂ ਪੀੜ੍ਹੀ ਨੇ ਪੁਰਾਣੀ ਪੀੜ੍ਹੀ ਨੂੰ ਰਾਇ ਵਾਸਤੇ ਪੁੱਛਿਆ।
ਸੋਚਦਿਆਂ ਕੁਝ ਸਮਾਂ ਰੁਕ ਕੇ ਉਹ ਬੋਲੀ, “ਤੁਲ਼ ਦੇ ਦਿਆਂਗੇ। ਲੰਗਰ ਤਿਆਰ ਕਰਨ ਵਾਸਤੇ ਪੁੰਨ ਦੇ ਕੰਮ ਆ ਜਾਣਗੇ।”
“ਫੇਰ ਤਾਂ ‘ਕੱਲਾ ਚਰਖਾ ਰਹਿ ਗਿਆ।” ਨਵੀਂ ਪੀੜ੍ਹੀ ਨੂੰ ਮਜ਼ਾਕ ਸੁੱਝਿਆ।
“ਓਹਨੂੰ ਮੇਰੇ ਮਰੀ ਤੋਂ ਚਿਖਾ ਚ ਰੱਖ ਦਿਓ…”
“ਹਾਇ ਹਾਇ… ਨਾ ਨੀਂ ਮਾਂ…ਏਹ ਕੀ ਆਖ ‘ਗੀ!” ਭਾਵੁਕ ਹੋਈ ਨਵੀਂ ਪੀੜ੍ਹੀ ਨੇ ਪੁਰਾਣੀ ਨੂੰ ਕਲਾਵੇ ਵਿੱਚ ਲੈ ਲਿਆ।
ਗਲ਼ੀ ਵੱਲੋਂ ਉੱਚੀਆਂ ਅਵਾਜਾਂ ਆਉਣ ਲਗੀਆਂ। ਪੁਰਾਣੀ ਪੀੜ੍ਹੀ ਨੇ ਬਾਹਰ ਦੇਖਿਆ। ਗੁਰਦੁਆਰੇ ਵਾਲੇ ਸਿੰਘ ਸੀ।
“ਮਾਤਾ ਜੀ ਕੋਈ ਲੱਕੜ ਬਾਲਣ?” ਇੱਕ ਭੁਜੰਗੀ ਸਿੰਘ ਬੋਲਿਆ।
“ਓਹ ਕੋਠੜੀ ਚ ਦੋ ਤੁਲ਼ ਪਏ ਨੇ। ਓਹ ਚੱਕ ਲਿਆ।”
” ਤੁਲ…” ਹੈਰਾਨੀ ਵਿੱਚ ਭੁਜੰਗੀ ਦੀਆਂ ਅੱਖਾਂ ਤੇ ਮੂੰਹ ਖੁਲ੍ਹੇ ਰਹਿ ਗਏ, “ਉਹ ਕੀ ਹੁੰਦਾ?”
” ਸੋਨੂ ਕੌਣ ਸਮਝਾਵੇ ਪੁੱਤ…” ਪੁਰਾਣੀ ਪੀੜ੍ਹੀ ਦੇ ਮੂੰਹ ਵਿੱਚ ਜਿਵੇਂ ਬੋਲ ਹੀ ਨਾ ਹੋਣ, ਉਹ ਹੌਲੀ ਜਿਹੀ ਬੋਲੀ, “… ਜਦੋਂ ਤਾਣੀ ਬੁਣਦੀਆਂ ਹੁੰਦੀਆਂ, ਜਿਹੜਾ ਖੱਦਰ ਬੁਣਿਆ ਜਾਂਦਾ ਓਹਦਾ ਥਾਨ ਚਾਰ ਪੰਜ ਫੁੱਟ ਲੰਬੀ ਚੌਰਸ ਲੱਕੜ ‘ਤੇ ਲਿਪਟੀ ਜਾਂਦਾ ਓਸੇ ਚੌਰਸ ਲੱਕੜ ਨੂੰ ਤੁਲ਼ ਕਹਿੰਦੇ ਸੀ। ਚਲ ਦਖਾਮਾਂ…।”
ਬੋਲਦੀ ਉਹ ਮੁੰਡੇ ਦੇ ਨਾਲ ਤੁਰ ਪਈ। ਮੁੰਡੇ ਨੇ ਪਹਿਲਾਂ ਇੱਕ ਚੱਕ ਕੇ ਮੋਢੇ ਉਤੇ ਧਰ ਲਿਆ, ਫੇਰ ਦੂਜਾ ਚੱਕ ਕੇ ਦੂਜੇ ਮੋਢੇ ‘ਤੇ।
ਮੁੰਡਾ ਤੁਲ਼ ਚੁੱਕੀਂ ਗੇਟ ਵੱਲ ਜਾ ਰਿਹਾ। ਦੋਵੇਂ ਪੀੜ੍ਹੀਆਂ ਜਾਂਦੇ ਤੁਲਾਂ ਨੂੰ ਆਖਰੀ ਵਾਰ ਦੇਖ ਰਹੀਆਂ ਹਨ।
ਅਮਰਜੀਤ ਸਿੰਘ ਮਾਨ
ਮੌੜ ਕਲਾਂ
ਬਠਿੰਡਾ -151509
9463445092
