ਪੱਛਮ ਵੱਲ ਡੁੱਬਦਾ ਸੂਰਜ - ਕਹਾਣੀਕਾਰ ਹਰਪ੍ਰੀਤ ਜਟਾਣਾ

ਫਿਰ ਉਹੀ ਸ਼ਾਮ ਸੀ।

ਸ਼ਾਮਾਂ ਸ਼ਾਇਦ ਕਦੇ ਇਕੋ ਜਿਹੀਆਂ ਨਹੀਂ ਹੁੰਦੀਆਂ। ਅਸਮਾਨ ਭਾਵੇਂ ਹਰ ਰੋਜ਼ ਉਸੇ ਤਰ੍ਹਾਂ ਆਪਣੀ ਨੀਲੀ ਚਾਦਰ ਉਤਾਰ ਕੇ ਲਾਲ ਚਾਦਰ ਨੂੰ ਸਮੇਟ ਕੇ ਹਨੇਰੇ ਦੀ ਬੁੱਕਲ ਵਿੱਚ ਚਲਾ ਜਾਵੇ, ਸੂਰਜ ਭਾਵੇਂ ਹਰ ਸ਼ਾਮ ਉਸੇ ਪੱਛਮ ਵਿੱਚ ਜਾ ਡੁੱਬੇ, ਪਰ ਮਨੁੱਖ ਦੇ ਅੰਦਰ ਉਤਰਦੀ ਹਰ ਸ਼ਾਮ ਦਾ ਰੰਗ ਵੱਖਰਾ ਹੁੰਦਾ ਹੈ। ਕੁਝ ਸ਼ਾਮਾਂ ਥੱਕੇ ਹੋਏ ਦਿਨ ਦੀ ਰਾਖ ਹੁੰਦੀਆਂ ਹਨ, ਕੁਝ ਕਿਸੇ ਪੁਰਾਣੇ ਸੁਪਨੇ ਦੀ ਲਾਲੀ, ਅਤੇ ਕੁਝ ਅਜਿਹੀਆਂ ਵੀ ਹੁੰਦੀਆਂ ਹਨ ਜੋ ਮਨੁੱਖ ਦੇ ਅੰਦਰ ਸਾਲਾਂ ਤੋਂ ਬੰਦ ਪਏ ਕਿਸੇ ਦਰਵਾਜ਼ੇ ਨੂੰ ਹੌਲੀ ਜਿਹੀ ਖੜਕਾ ਜਾਂਦੀਆਂ ਹਨ।

ਮੈਂ ਕੋਠੇ ਉੱਤੇ ਆ ਕੇ ਬੈਠ ਗਿਆ ਸੀ।

ਹੱਥ ਵਿੱਚ ਕਲਮ ਸੀ। ਸਾਹਮਣੇ ਖਾਲੀ ਕਾਗਜ਼ ਪਿਆ ਸੀ। ਮੈਂ ਲਿਖਣਾ ਚਾਹੁੰਦਾ ਸੀ, ਪਰ ਕਈ ਵਾਰ ਸ਼ਬਦ ਕਲਮ ਦੇ ਸਿਰੇ ਉੱਤੇ ਨਹੀਂ ਆਉਂਦੇ; ਉਹ ਅੱਖਾਂ ਦੇ ਸਾਹਮਣੇ ਕਿਸੇ ਦ੍ਰਿਸ਼ ਦਾ ਰੂਪ ਧਾਰ ਕੇ ਖੜ੍ਹੇ ਹੋ ਜਾਂਦੇ ਹਨ।

ਮੇਰਾ ਚਿਹਰਾ ਆਪਣੇ ਆਪ ਪੱਛਮ ਵੱਲ ਮੁੜ ਗਿਆ।

ਮੈਂ ਇਸ ਗੱਲ ਉੱਤੇ ਹੈਰਾਨ ਨਹੀਂ ਹੋਇਆ।

ਪੱਛਮ ਮੇਰੇ ਲਈ ਸਿਰਫ਼ ਦਿਸ਼ਾ ਨਹੀਂ ਸੀ। ਉਹ ਮੇਰੀ ਜ਼ਿੰਦਗੀ ਦਾ ਉਹ ਪੰਨਾ ਸੀ ਜਿਸਨੂੰ ਮੈਂ ਕਈ ਵਾਰ ਪਲਟਣਾ ਚਾਹਿਆ, ਪਰ ਹਰ ਵਾਰ ਉਸ ਦੀਆਂ ਲਿਖਤਾਂ ਮੇਰੀਆਂ ਉਂਗਲਾਂ ਨਾਲ ਚਿੰਬੜ ਜਾਂਦੀਆਂ। ਹਰ ਸ਼ਾਮ ਸੂਰਜ ਡੁੱਬਦਾ ਸੀ, ਅਤੇ ਮੇਰੇ ਅੰਦਰ ਕੋਈ ਨਾ ਕੋਈ ਪੁਰਾਣੀ ਯਾਦ ਜਾਗ ਪੈਂਦੀ ਸੀ।

ਮੇਰਾ ਅਤੇ ਪੱਛਮ ਵਿੱਚ ਡੁੱਬਦੇ ਸੂਰਜ ਦਾ ਰਿਸ਼ਤਾ ਬਚਪਨ ਤੋਂ ਸੀ।

ਇਨ੍ਹਾਂ ਪੈਂਤੀ ਸਾਲਾਂ ਵਿੱਚ ਸੂਰਜ ਨਹੀਂ ਬਦਲਿਆ ਸੀ। ਪੱਛਮ ਵੀ ਨਹੀਂ ਬਦਲਿਆ ਸੀ। ਬਦਲਿਆ ਸੀ ਤਾਂ ਸਿਰਫ਼ ਉਸਨੂੰ ਵੇਖਣ ਵਾਲਾ ਮਨੁੱਖ।

ਬਚਪਨ ਵਿੱਚ ਮੈਂ ਖੇਤਾਂ ਵਿੱਚ ਖੇਡਦਾ । ਸ਼ਾਮ ਢਲਦੀ ਤਾਂ ਮਿੱਟੀ ਨਾਲ ਲੱਥਪੱਥ ਪੈਰਾਂ ਅਤੇ ਧੂੜ ਨਾਲ ਭਰੇ ਕੱਪੜਿਆਂ ਸਮੇਤ ਘਰ ਵੱਲ ਮੁੜਦਾ। ਉਸ ਵੇਲੇ ਪੱਛਮ ਵਿੱਚ ਡੁੱਬਦਾ ਸੂਰਜ ਮੈਨੂੰ ਆਪਣੇ ਵਰਗਾ ਹੀ ਕੋਈ ਸ਼ਰਾਰਤੀ ਬੱਚਾ ਲੱਗਦਾ ਸੀ। ਮੈਂ ਤੁਰਦਾ ਤਾਂ ਉਹ ਵੀ ਮੇਰੇ ਨਾਲ-ਨਾਲ ਤੁਰਦਾ ਜਾਪਦਾ। ਕਦੇ ਕਿਸੇ ਰੁੱਖ ਦੇ ਪਿੱਛੇ ਲੁਕ ਜਾਂਦਾ, ਕਦੇ ਕਿਸੇ ਟਿੱਬੇ ਦੀ ਓਟ ਲੈ ਲੈਂਦਾ।

ਮੈਂ ਸੋਚਦਾ—ਇਹ ਵੀ ਮੇਰੇ ਨਾਲ ਲੁਕਣ-ਮਿਟੀ ਖੇਡ ਰਿਹਾ ਹੈ।

ਉਸ ਵੇਲੇ ਧਰਤੀ ਮੈਨੂੰ ਆਪਣੀ ਮਾਂ ਵਰਗੀ ਲੱਗਦੀ ਸੀ। ਜਿਵੇਂ ਹਰ ਸ਼ਾਮ ਉਹ ਸੂਰਜ ਨੂੰ ਆਪਣੀ ਬੁੱਕਲ ਵਿੱਚ ਲੁਕਾ ਕੇ ਸੁਲਾ ਲੈਂਦੀ ਹੋਵੇ। ਮੈਨੂੰ ਕੀ ਪਤਾ ਸੀ ਕਿ ਇੱਕ ਦਿਨ ਇਹੀ ਧਰਤੀ ਮੈਨੂੰ ਕਿਸੇ ਹੋਰ ਹੀ ਰੂਪ ਵਿੱਚ ਦਿਖਾਈ ਦੇਵੇਗੀ।

ਵਕਤ ਨੇ ਬਚਪਨ ਦੀ ਮਿੱਟੀ ਹੌਲੇ-ਹੌਲੇ ਮੇਰੇ ਪੈਰਾਂ ਤੋਂ ਝਾੜ ਦਿੱਤੀ ਅਤੇ ਮੈਂ ਜਵਾਨੀ ਦੀ ਉਸ ਦਹਿਲੀਜ਼ ਉੱਤੇ ਆ ਖੜ੍ਹਾ ਹੋਇਆ ਜਿੱਥੇ ਹਰ ਰਸਤਾ ਕਿਸੇ ਨਾਮ ਵੱਲ ਜਾਂਦਾ ਜਾਪਦਾ ਹੈ।

ਮੇਰੇ ਲਈ ਉਹ ਨਾਮ—ਲਾਲੀ ਸੀ।

ਲਾਲੀ ਮੇਰੇ ਨਾਲ ਕਾਲਜ ਵਿੱਚ ਪੜ੍ਹਦੀ ਸੀ। ਸਾਨੂੰ ਦੋਵਾਂ ਨੂੰ ਸ਼ਬਦਾਂ ਨਾਲ ਇੱਕ ਅਜੀਬ ਜਿਹਾ ਪਿਆਰ ਸੀ। ਉਹ ਗੀਤ ਲਿਖਦੀ, ਗ਼ਜ਼ਲਾਂ ਲਿਖਦੀ; ਮੈਂ ਕਹਾਣੀਆਂ ਵਿੱਚ ਆਪਣੇ ਮਨ ਦੀ ਦੁਨੀਆ ਵਸਾਉਂਦਾ। ਸਾਡੇ ਵਿਚਕਾਰ ਪਹਿਲਾਂ ਸ਼ਬਦ ਮਿਲੇ, ਫਿਰ ਵਿਚਾਰ ਮਿਲੇ, ਫਿਰ ਖਾਮੋਸ਼ੀਆਂ ਵੀ ਇੱਕ-ਦੂਜੇ ਨੂੰ ਸਮਝਣ ਲੱਗ ਪਈਆਂ।

ਸਾਨੂੰ ਸ਼ਾਇਦ ਕਦੇ ਇਹ ਪਤਾ ਹੀ ਨਹੀਂ ਲੱਗਿਆ ਕਿ ਦੋਸਤੀ ਕਦੋਂ ਪਿਆਰ ਦੀ ਸਰਹੱਦ ਪਾਰ ਕਰ ਗਈ।

ਉਸਦੀ ਗੈਰਹਾਜ਼ਰੀ ਵਿੱਚ ਦਿਨ ਕੁਝ ਲੰਮੇ ਹੋ ਜਾਂਦੇ ਸਨ ਅਤੇ ਉਸਦੀ ਇੱਕ ਮੁਸਕਰਾਹਟ ਨਾਲ ਸਭ ਕੁਝ ਮੁੜ ਆਪਣੀ ਥਾਂ ਆ ਜਾਂਦਾ ਸੀ। ਉਸ ਵੇਲੇ ਅਸੀਂ ਪਿਆਰ ਦੀ ਪਰਿਭਾਸ਼ਾ ਨਹੀਂ ਜਾਣਦੇ ਸਨ, ਪਰ ਇੱਕ-ਦੂਜੇ ਦੀ ਅਣਹੋਂਦ ਦਾ ਦਰਦ ਜ਼ਰੂਰ ਜਾਣਦੇ ਸਨ।

ਲਾਲੀ ਦਾ ਪਿੰਡ ਮੇਰੇ ਪਿੰਡ ਤੋਂ ਪੱਛਮ ਵੱਲ ਸੀ।

ਇਹ ਇੱਕ ਸਧਾਰਨ ਜਿਹੀ ਗੱਲ ਸੀ, ਪਰ ਜਦੋਂ ਕਿਸੇ ਮਨੁੱਖ ਨਾਲ ਦਿਲ ਜੁੜ ਜਾਵੇ ਤਾਂ ਸਧਾਰਨ ਗੱਲਾਂ ਵੀ ਆਪਣੇ ਅੰਦਰ ਬ੍ਰਹਿਮੰਡ ਲੁਕਾ ਲੈਂਦੀਆਂ ਹਨ।

ਉਸ ਦਿਨ ਤੋਂ ਪੱਛਮ ਮੇਰੇ ਲਈ ਸਿਰਫ਼ ਪੱਛਮ ਨਹੀਂ ਰਿਹਾ।

ਸ਼ਾਮ ਨੂੰ ਜਦੋਂ ਸੂਰਜ ਉਸ ਪਾਸੇ ਢਲਦਾ, ਮੈਨੂੰ ਲੱਗਦਾ ਜਿਵੇਂ ਉਹ ਲਾਲੀ ਦੇ ਪਿੰਡ ਦੀ ਕਿਸੇ ਛੱਤ ਉੱਤੇ ਉਤਰ ਗਿਆ ਹੋਵੇ। ਮੈਂ ਅਸਮਾਨ ਵੱਲ ਵੇਖਦਾ ਅਤੇ ਸੋਚਦਾ ਕਿ ਸ਼ਾਇਦ ਇਸੇ ਵੇਲੇ ਉਹ ਵੀ ਆਪਣੇ ਘਰ ਦੀ ਛੱਤ ਉੱਤੇ ਖੜ੍ਹੀ ਇਹੀ ਸੂਰਜ ਵੇਖ ਰਹੀ ਹੋਵੇਗੀ।

ਕਿੰਨਾ ਅਜੀਬ ਹੁੰਦਾ ਹੈ ਪਿਆਰ!

ਦੋ ਮਨੁੱਖ ਭਾਵੇਂ ਕਿੰਨੇ ਵੀ ਦੂਰ ਹੋਣ, ਉਹ ਇੱਕੋ ਅਸਮਾਨ ਨੂੰ ਵੇਖ ਕੇ ਆਪਣੇ ਵਿਚਕਾਰ ਦੀ ਦੂਰੀ ਨੂੰ ਛੋਟਾ ਸਮਝਣ ਲੱਗ ਪੈਂਦੇ ਹਨ।

ਇੱਕ ਵਾਰ ਕਾਲਜ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਸਨ। ਕੈਂਪਸ ਵਿੱਚ ਇੱਕ ਅਜੀਬ ਜਿਹੀ ਵਿਦਾਈ ਦੀ ਉਦਾਸੀ ਫੈਲੀ ਹੋਈ ਸੀ। ਦੋਸਤ ਇੱਕ-ਦੂਜੇ ਨਾਲ ਮਿਲ ਰਹੇ ਸਨ, ਕੋਈ ਹੱਸ ਰਿਹਾ ਸੀ, ਕੋਈ ਅਗਲੀ ਮੁਲਾਕਾਤ ਦੇ ਵਾਅਦੇ ਕਰ ਰਿਹਾ ਸੀ।

ਮੈਂ ਅਤੇ ਲਾਲੀ ਇੱਕ ਰੁੱਖ ਦੀ ਛਾਂ ਹੇਠ ਖੜ੍ਹੇ ਸਾਂ।

ਮੈਂ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, “ਲਾਲੀ, ਇੰਨੇ ਦਿਨ ਇੱਕ-ਦੂਜੇ ਤੋਂ ਬਿਨਾਂ ਕਿਵੇਂ ਰਹਾਂਗੇ?”

ਉਹ ਮੁਸਕਰਾਈ। ਉਸਦੀ ਮੁਸਕਰਾਹਟ ਵਿੱਚ ਵੀ ਹਲਕੀ ਜਿਹੀ ਉਦਾਸੀ ਸੀ।

“ਮੁਸ਼ਕਿਲ ਤਾਂ ਹੋਵੇਗੀ,” ਉਹ ਬੋਲੀ, “ਪਰ ਵਿਛੋੜਾ ਸਹਿਣਾ ਵੀ ਤਾਂ ਸਿੱਖਣਾ ਪੈਂਦਾ ਹੈ।”

“ਫਿਰ ਮੈਨੂੰ ਕੋਈ ਨਿਸ਼ਾਨੀ ਦੇ ਜਾ,” ਮੈਂ ਕਿਹਾ, “ਜਿਸ ਨਾਲ ਮੈਨੂੰ ਪਤਾ ਲੱਗੇ ਕਿ ਤੂੰ ਮੈਨੂੰ ਯਾਦ ਕਰ ਰਹੀ ਏਂ।”

ਉਹ ਕੁਝ ਪਲ ਸੋਚਦੀ ਰਹੀ। ਫਿਰ ਉਸਨੇ ਪੱਛਮ ਵੱਲ ਵੇਖਿਆ। ਉਸ ਵੇਲੇ ਹਵਾ ਦਾ ਇੱਕ ਝੋਕਾ ਸਾਡੇ ਕੋਲੋਂ ਲੰਘਿਆ ਅਤੇ ਉਸਦੇ ਹਲਕੇ ਘੁੰਗਰਾਲੇ ਵਾਲਾਂ ਨਾਲ ਖੇਡਦਾ ਹੋਇਆ ਦੂਰ ਨਿਕਲ ਗਿਆ।

“ਜਦੋਂ ਵੀ ਤੇਰੇ ਪਿੰਡ ਪੱਛਮ ਵੱਲੋਂ ਹਨੇਰੀ ਚੜ੍ਹ ਕੇ ਆਵੇਗੀ,” ਉਹ ਬੋਲੀ, “ਉਸ ਹਵਾ ਵਿੱਚ ਮੈਨੂੰ ਮਹਿਸੂਸ ਕਰੀਂ। ਸੋਚੀਂ ਕਿ ਮੈਂ ਤੇਰੇ ਕੋਲੋਂ ਲੰਘੀ ਹਾਂ।”

ਮੈਂ ਹੱਸ ਪਿਆ। “ਵੇਖੀਂ ਕਿਤੇ ਹਵਾ ਤੋਂ ਤੂਫ਼ਾਨ ਨਾ ਬਣ ਜਾਵੀਂ।”

ਉਹ ਵੀ ਹੱਸ ਪਈ।

ਸਾਨੂੰ ਕੀ ਪਤਾ ਸੀ ਕਿ ਜ਼ਿੰਦਗੀ ਦੀਆਂ ਕੁਝ ਹਵਾਵਾਂ ਮਨੁੱਖ ਨੂੰ ਉਸ ਥਾਂ ਲੈ ਜਾਂਦੀਆਂ ਹਨ ਜਿੱਥੇ ਉਹ ਜਾਣਾ ਨਹੀਂ ਚਾਹੁੰਦਾ।

“ਅੱਛਾ,” ਉਸਨੇ ਮੇਰੇ ਵੱਲ ਤੱਕਦਿਆਂ ਕਿਹਾ, “ਤੂੰ ਮੈਨੂੰ ਕੀ ਨਿਸ਼ਾਨੀ ਦੇਵੇਂਗਾ?”

ਮੈਂ ਕੁਝ ਪਲ ਚੁੱਪ ਰਿਹਾ। ਪੱਛਮ ਵੱਲ ਢਲਦੇ ਸੂਰਜ ਉੱਤੇ ਮੇਰੀ ਨਜ਼ਰ ਟਿਕ ਗਈ।

“ਮੈਂ ਤੇਰੇ ਲਈ ਹਰ ਰੋਜ਼ ਇੱਕ ਨਵਾਂ ਸੂਰਜ ਭੇਜਿਆ ਕਰਾਂਗਾ,” ਮੈਂ ਕਿਹਾ।

ਉਹ ਹੱਸ ਕੇ ਪੁੱਛਣ ਲੱਗੀ, “ਤੇ ਉਹ ਆਵੇਗਾ ਕਿੱਥੇ?”

“ਤੇਰੀ ਬੁੱਕਲ ਵਿੱਚ। ਉੱਥੇ ਆ ਕੇ ਲੁਕ ਜਾਇਆ ਕਰੇਗਾ।”

ਉਸਨੇ ਮੇਰੇ ਵੱਲ ਵੇਖਿਆ। ਉਸਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ।

“ਫਿਰ ਮੈਂ ਉਸਨੂੰ ਹਰ ਸ਼ਾਮ ਸੰਭਾਲ ਕੇ ਰੱਖਿਆ ਕਰਾਂਗੀ।”

ਮੈਂ ਨਹੀਂ ਜਾਣਦਾ ਕਿ ਉਸ ਵੇਲੇ ਸਾਡੇ ਦੋਵਾਂ ਵਿੱਚੋਂ ਕਿਸੇ ਨੇ ਸੋਚਿਆ ਸੀ ਜਾਂ ਨਹੀਂ ਕਿ ਸੂਰਜ ਤਾਂ ਹਰ ਸਵੇਰ ਵਾਪਸ ਆ ਜਾਵੇਗਾ, ਪਰ ਕੁਝ ਲੋਕ ਇੱਕ ਵਾਰ ਚਲੇ ਜਾਣ ਤੋਂ ਬਾਅਦ ਸਿਰਫ਼ ਯਾਦਾਂ ਵਿੱਚ ਹੀ ਵਾਪਸ ਆਉਂਦੇ ਹਨ।

ਛੁੱਟੀਆਂ ਬੀਤ ਗਈਆਂ।

ਦਿਨ ਆਪਣੀ ਚਾਲ ਤੁਰਦੇ ਰਹੇ।

ਪਰ ਮੇਰੇ ਅੰਦਰ ਇੱਕ ਨਵਾਂ ਸੁਪਨਾ ਜਨਮ ਲੈ ਚੁੱਕਾ ਸੀ—ਲਾਲੀ ਨੂੰ ਆਪਣੀ ਜ਼ਿੰਦਗੀ ਦਾ ਸਥਾਈ ਹਿੱਸਾ ਬਣਾਉਣ ਦਾ ਸੁਪਨਾ।

ਇੱਕ ਦਿਨ ਮੈਂ ਉਸਨੂੰ ਵਿਆਹ ਬਾਰੇ ਕਿਹਾ।

ਉਹ ਕਾਫ਼ੀ ਦੇਰ ਤੱਕ ਚੁੱਪ ਰਹੀ।

ਉਸਦੀ ਚੁੱਪ ਵਿੱਚ ਮੈਨੂੰ ਪਹਿਲੀ ਵਾਰ ਆਪਣੇ ਸੁਪਨਿਆਂ ਦਾ ਭਵਿੱਖ ਕੰਬਦਾ ਹੋਇਆ ਮਹਿਸੂਸ ਹੋਇਆ।

“ਪੁਨੀਤ,” ਉਹ ਬੋਲੀ, “ਮੈਂ ਆਪਣੇ ਮਾਪਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਾਂਗੀ। ਜੇ ਤੂੰ ਆਪਣੇ ਪੈਰਾਂ ਉੱਤੇ ਖੜ੍ਹਾ ਨਹੀਂ ਹੋਵੇਂਗਾ ਤਾਂ ਉਹ ਸਾਡੇ ਰਿਸ਼ਤੇ ਨੂੰ ਕਦੇ ਸਵੀਕਾਰ ਨਹੀਂ ਕਰਨਗੇ।”

ਮੈਂ ਆਪਣੇ ਅੰਦਰ ਦੀ ਹਾਰ ਨੂੰ ਹਾਸੇ ਦੇ ਪਿੱਛੇ ਲੁਕਾਉਂਦਿਆਂ ਕਿਹਾ, “ਮੈਂ ਬੇਰੁਜ਼ਗਾਰ ਜ਼ਰੂਰ ਹਾਂ, ਪਰ ਲੇਖਕ ਹਾਂ। ਕੱਲ੍ਹ ਦਾ ਵੱਡਾ ਸਟਾਰ ਬਣਾਂਗਾ।”

ਲਾਲੀ ਦੇ ਚਿਹਰੇ ਉੱਤੇ ਮੁਸਕਰਾਹਟ ਨਾ ਆਈ।

ਉਹ ਹੌਲੀ ਜਿਹੀ ਬੋਲੀ, “ਪੁਨੀਤ, ਕਹਾਣੀਆਂ ਲਿਖਣੀਆਂ ਬਹੁਤ ਸੋਹਣੀਆਂ ਗੱਲਾਂ ਹਨ। ਪਰ ਜ਼ਿੰਦਗੀ ਦੀ ਕਿਤਾਬ ਵਿੱਚ ਰੋਟੀ ਦਾ ਵੀ ਇੱਕ ਪੰਨਾ ਹੁੰਦਾ ਹੈ…. ਬਹੁਤ ਜਰੂਰੀ ਆ ਇਹ ਪੰਨਾ ਕਿਤਾਬ ਵਿੱਚ ਹੋਣਾ।”

ਉਸਦਾ ਇਹ ਵਾਕ ਮੇਰੇ ਅੰਦਰ ਬਹੁਤ ਦੇਰ ਤੱਕ ਗੂੰਜਦਾ ਰਿਹਾ।

ਉਸ ਦਿਨ ਮੈਨੂੰ ਲੱਗਿਆ ਕਿ ਮੇਰੇ ਅਤੇ ਲਾਲੀ ਦੇ ਵਿਚਕਾਰ ਕੋਈ ਤੀਜਾ ਵੀ ਖੜ੍ਹਾ ਹੈ।

ਉਸਦਾ ਕੋਈ ਚਿਹਰਾ ਨਹੀਂ ਸੀ।

ਪਰ ਉਸਦੀ ਇੱਕ ਕਠੋਰ ਪਛਾਣ ਸੀ—

ਹਕੀਕਤ।

ਮੈਂ ਇੱਕ ਸਾਲ ਤੱਕ ਲਗਾਤਾਰ ਸੰਘਰਸ਼ ਕੀਤਾ। ਨੌਕਰੀਆਂ ਲਈ ਭਟਕਿਆ। ਕਈ ਦਰਵਾਜ਼ੇ ਖੜਕਾਏ। ਹਰ ਸਵੇਰ ਇੱਕ ਨਵੀਂ ਉਮੀਦ ਨਾਲ ਸ਼ੁਰੂ ਹੁੰਦੀ ਅਤੇ ਹਰ ਸ਼ਾਮ ਪੱਛਮ ਵਿੱਚ ਡੁੱਬਦੇ ਸੂਰਜ ਨਾਲ ਮੇਰੇ ਮਨ ਦਾ ਕੋਈ ਹੋਰ ਕੋਨਾ ਵੀ ਹਨੇਰਾ ਹੋ ਜਾਂਦਾ।

ਮੈਂ ਸੋਚਦਾ ਸੀ ਕਿ ਇੱਕ ਦਿਨ ਮੈਂ ਲਾਲੀ ਦੇ ਪੱਛਮ ਨੂੰ ਆਪਣੇ ਪੂਰਬ ਵਿੱਚ ਲੈ ਆਵਾਂਗਾ।

ਪਰ ਜ਼ਿੰਦਗੀ ਨੇ ਮੇਰੇ ਲਈ ਕੁਝ ਹੋਰ ਹੀ ਲਿਖਿਆ ਸੀ।

ਇੱਕ ਦਿਨ ਪਤਾ ਲੱਗਾ ਕਿ ਲਾਲੀ ਦਾ ਰਿਸ਼ਤਾ ਇੰਗਲੈਂਡ ਵਿੱਚ ਹੋ ਗਿਆ ਹੈ।

ਮੈਂ ਬਹੁਤ ਦੇਰ ਤੱਕ ਉਸ ਖ਼ਬਰ ਨੂੰ ਆਪਣੇ ਅੰਦਰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ।

ਲਾਲੀ ਪਹਿਲਾਂ ਵੀ ਪੱਛਮ ਵੱਲ ਸੀ।

ਹੁਣ ਉਹ ਹੋਰ ਪੱਛਮ ਚਲੀ ਗਈ ਸੀ।

ਮੇਰੇ ਅਤੇ ਉਸਦੇ ਵਿਚਕਾਰ ਦੀ ਦੂਰੀ ਹੁਣ ਸਿਰਫ਼ ਕੁਝ ਪਿੰਡਾਂ ਦੀ ਨਹੀਂ ਰਹੀ ਸੀ। ਉਹ ਇੱਕ ਮਹਾਂਦੀਪ ਜਿੰਨੀ ਲੰਮੀ ਹੋ ਗਈ ਸੀ।

ਉਸ ਸ਼ਾਮ ਮੈਂ ਬਹੁਤ ਦੇਰ ਤੱਕ ਸੂਰਜ ਨੂੰ ਡੁੱਬਦਾ ਵੇਖਦਾ ਰਿਹਾ।

ਮੈਨੂੰ ਲੱਗਿਆ ਜਿਵੇਂ ਧਰਤੀ ਸੂਰਜ ਨੂੰ ਆਪਣੀ ਬੁੱਕਲ ਵਿੱਚ ਨਹੀਂ ਲੈ ਰਹੀ।

ਉਹ ਉਸਨੂੰ ਨਿਗਲ ਰਹੀ ਹੈ।

ਉਸ ਦਿਨ ਤੋਂ ਬਾਅਦ ਡੁੱਬਦੇ ਸੂਰਜ ਦਾ ਰੰਗ ਮੇਰੇ ਲਈ ਪਹਿਲਾਂ ਵਰਗਾ ਨਹੀਂ ਰਿਹਾ।

ਲੋਕ ਕਹਿੰਦੇ ਹਨ ਕਿ ਵਕਤ ਹਰ ਜ਼ਖ਼ਮ ਭਰ ਦਿੰਦਾ ਹੈ।

ਮੈਨੂੰ ਲੱਗਦਾ ਹੈ ਵਕਤ ਜ਼ਖ਼ਮ ਨਹੀਂ ਭਰਦਾ। ਉਹ ਸਿਰਫ਼ ਮਨੁੱਖ ਨੂੰ ਜ਼ਖ਼ਮਾਂ ਨਾਲ ਜੀਣਾ ਸਿਖਾ ਦਿੰਦਾ ਹੈ।

ਸਮਾਂ ਤੁਰਦਾ ਰਿਹਾ।

ਮੈਨੂੰ ਨੌਕਰੀ ਮਿਲ ਗਈ।

ਮੇਰਾ ਵਿਆਹ ਹੋ ਗਿਆ।

ਜ਼ਿੰਦਗੀ ਨੇ ਮੈਨੂੰ ਆਪਣੀ ਰਫ਼ਤਾਰ ਵਿੱਚ ਨਾਲ ਲੈ ਲਿਆ।

ਪਰ ਨਵੀਆਂ ਸ਼ੁਰੂਆਤਾਂ ਪੁਰਾਣੇ ਅਧਿਆਇਆਂ ਨੂੰ ਹਮੇਸ਼ਾ ਮਿਟਾ ਨਹੀਂ ਸਕਦੀਆਂ। ਕੁਝ ਨਾਮ ਕਾਗਜ਼ ਤੋਂ ਮਿਟ ਜਾਂਦੇ ਹਨ, ਪਰ ਮਨ ਦੀਆਂ ਕੰਧਾਂ ਉੱਤੇ ਉਨ੍ਹਾਂ ਦੀ ਲਿਖਤ ਬਾਕੀ ਰਹਿ ਜਾਂਦੀ ਹੈ।

ਲਾਲੀ ਮੇਰੀ ਜ਼ਿੰਦਗੀ ਵਿੱਚੋਂ ਚਲੀ ਗਈ ਸੀ, ਪਰ ਮੇਰੀਆਂ ਰਚਨਾਵਾਂ ਵਿੱਚ ਉਹ ਕਦੇ ਪੂਰੀ ਤਰ੍ਹਾਂ ਨਹੀਂ ਗਈ।

ਕਦੇ ਕਿਸੇ ਕਹਾਣੀ ਦੀ ਨਾਇਕਾ ਬਣ ਕੇ।

ਕਦੇ ਕਿਸੇ ਗ਼ਜ਼ਲ ਦਾ ਦਰਦ ਬਣ ਕੇ।

ਕਦੇ ਕਿਸੇ ਕਵਿਤਾ ਵਿੱਚ ਬਿਨਾਂ ਨਾਮ ਦੇ ਆ ਕੇ।

ਅਤੇ ਹਰ ਸ਼ਾਮ—

ਪੱਛਮ ਵਿੱਚ ਡੁੱਬਦੇ ਸੂਰਜ ਦੀ ਲਾਲੀ ਬਣ ਕੇ।

“ਡੈਡੀ ਜੀ…”

ਮੇਰੇ ਖ਼ਿਆਲਾਂ ਦੀ ਲੰਮੀ ਯਾਤਰਾ ਇੱਕ ਨਿੱਕੀ ਜਿਹੀ ਆਵਾਜ਼ ਨਾਲ ਟੁੱਟ ਗਈ।

ਮੈਂ ਮੁੜ ਕੇ ਵੇਖਿਆ।

ਮੇਰੀ ਬੇਟੀ ਆਗਾਜ਼ਪ੍ਰੀਤ ਮੇਰੇ ਕੋਲ ਖੜ੍ਹੀ ਸੀ।

ਉਸਦੀਆਂ ਅੱਖਾਂ ਵਿੱਚ ਉਹੀ ਬਚਪਨ ਸੀ ਜੋ ਕਦੇ ਮੇਰੀਆਂ ਅੱਖਾਂ ਵਿੱਚ ਵੱਸਦਾ ਸੀ।

“ਡੈਡੀ ਜੀ, ਕੀ ਵੇਖਦੇ ਹੋ ਤੁਸੀਂ?”

ਮੈਂ ਬੇਧਿਆਨੇ ਜਿਹਾ ਕਿਹਾ, “ਡੁੱਬਦਾ ਸੂਰਜ।”

ਉਸਨੇ ਪੱਛਮ ਵੱਲ ਵੇਖਿਆ।

ਉਸਦੇ ਚਿਹਰੇ ਉੱਤੇ ਹੈਰਾਨੀ ਖਿੜ ਗਈ।

“ਹਾਏ ਡੈਡੀ! ਕਿੰਨਾ ਸੋਹਣਾ ਲਾਲ ਸੂਰਜ ਏ!”

ਫਿਰ ਉਸਨੇ ਮੇਰਾ ਹੱਥ ਫੜ ਲਿਆ।

“ਮੈਨੂੰ ਚਾਹੀਦਾ ਏ ਇਹ।”

ਮੈਂ ਮੁਸਕਰਾ ਕੇ ਪੁੱਛਿਆ, “ਕੀ ਕਰੇਂਗੀ ਇਸਦਾ?”

ਉਸਨੇ ਆਪਣੀ ਨਿੱਕੀ ਜਿਹੀ ਬੁੱਕਲ ਖੋਲ੍ਹ ਲਈ।

“ਆਪਣੇ ਕੋਲ ਰੱਖਾਂਗੀ।”

ਮੇਰੇ ਅੰਦਰ ਕਿਤੇ ਬਹੁਤ ਦੂਰ ਕੋਈ ਪੁਰਾਣੀ ਆਵਾਜ਼ ਜਾਗ ਪਈ—

“ਮੈਂ ਤੇਰੇ ਲਈ ਹਰ ਰੋਜ਼ ਇੱਕ ਨਵਾਂ ਸੂਰਜ ਭੇਜਿਆ ਕਰਾਂਗਾ… ਜੋ ਤੇਰੀ ਬੁੱਕਲ ਵਿੱਚ ਆ ਕੇ ਲੁਕ ਜਾਇਆ ਕਰੇਗਾ।”

ਮੈਂ ਕੁਝ ਪਲਾਂ ਲਈ ਬੋਲ ਨਾ ਸਕਿਆ।

ਫਿਰ ਹੌਲੀ ਜਿਹੀ ਆਵਾਜ਼ ਵਿੱਚ ਕਿਹਾ—

“ਹਾਂ ਬੇਟਾ, ਲਿਆ ਦੇਵਾਂਗਾ।”

ਇਸੇ ਦੌਰਾਨ ਸੂਰਜ ਦਾ ਅੱਧਾ ਹਿੱਸਾ ਧਰਤੀ ਦੀ ਓਟ ਵਿੱਚ ਚਲਾ ਗਿਆ।

ਆਗਾਜ਼ਪ੍ਰੀਤ ਅਚਾਨਕ ਘਬਰਾ ਗਈ।

“ਡੈਡੀ!”

ਉਸਨੇ ਮੇਰਾ ਹੱਥ ਜ਼ੋਰ ਨਾਲ ਫੜ ਲਿਆ।

“ਵੇਖੋ!”

ਉਸਦੀ ਨਿੱਕੀ ਉਂਗਲੀ ਪੱਛਮ ਵੱਲ ਸੀ।

“ਡੈਡੀ… ਧਰਤੀ ਮੇਰਾ ਸੂਰਜ ਖਾ ਗਈ!”

ਉਸ ਦੀਆਂ ਅੱਖਾਂ ਵਿੱਚ ਹੰਝੂ ਉਤਰ ਆਏ।

“ਰੋਕੋ ਨਾ ਡੈਡੀ… ਮੇਰਾ ਸੂਰਜ ਨਾ ਖਾਣ ਦਿਓ…”

ਮੈਂ ਪੱਛਮ ਵੱਲ ਵੇਖਿਆ।

ਅਤੇ ਉਸ ਇੱਕ ਪਲ ਵਿੱਚ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਸ਼ਾਮਾਂ ਇਕੱਠੀਆਂ ਹੋ ਗਈਆਂ।

ਮੈਨੂੰ ਆਪਣੇ ਬਚਪਨ ਦਾ ਉਹ ਮੁੰਡਾ ਦਿਸਿਆ ਜੋ ਖੇਤਾਂ ਵਿੱਚੋਂ ਘਰ ਮੁੜਦਿਆਂ ਸੂਰਜ ਨਾਲ ਲੁਕਣ-ਮਿਟੀ ਖੇਡਦਾ ਸੀ।

ਮੈਨੂੰ ਕਾਲਜ ਦਾ ਉਹ ਰੁੱਖ।

ਲਾਲੀ।
।

ਪੱਛਮ ਵੱਲੋਂ ਆਉਂਦੀ ਹਵਾ।

ਉਸਦੇ ਘੁੰਗਰਾਲੇ ਵਾਲਾਂ ਵਿੱਚ ਉਲਝਿਆ ਹੋਇਆ ਇੱਕ ਹਵਾ ਦਾ ਝੋਕਾ ।

ਫਿਰ ਮੈਨੂੰ ਇੱਕ ਬਹੁਤ ਲੰਮੀ ਦੂਰੀ ਦਿਸੀ—

ਇੱਕ ਅਜਿਹੀ ਦੂਰੀ ਜਿਸਦੇ ਉਸ ਪਾਰ ਲਾਲੀ ਸੀ।

ਅਤੇ ਅੱਜ—

ਮੇਰੇ ਕੋਲ ਮੇਰੀ ਬੇਟੀ ਖੜ੍ਹੀ ਸੀ, ਜਿਸ ਦੀਆਂ ਅੱਖਾਂ ਵਿੱਚ ਇੱਕ ਡੁੱਬਦੇ ਸੂਰਜ ਲਈ ਹੰਝੂ ਸਨ।

ਮੈਂ ਇੱਕ ਡੂੰਘਾ ਸਾਹ ਲਿਆ।

ਹੌਲੀ ਜਿਹੀ ਆਵਾਜ਼ ਵਿੱਚ ਕਿਹਾ—

“ਬੇਟਾ… ਇਹ ਧਰਤੀ ਤਾਂ ਮੇਰੀ ਸਾਰੀ ਜ਼ਿੰਦਗੀ ਖਾ ਗਈ।”

ਉਹ ਹੈਰਾਨੀ ਨਾਲ ਮੇਰੇ ਵੱਲ ਵੇਖਣ ਲੱਗੀ।

“ਕੀ ਡੈਡੀ?”

ਮੈਂ ਉਸਦੇ ਸਿਰ ਉੱਤੇ ਹੱਥ ਫੇਰਿਆ।

“ਕੁਝ ਨਹੀਂ ਬੇਟੇ।”

ਸੂਰਜ ਪੂਰੀ ਤਰ੍ਹਾਂ ਡੁੱਬ ਚੁੱਕਾ ਸੀ।

ਪਰ ਅਸਮਾਨ ਵਿੱਚ ਉਸਦੀ ਲਾਲੀ ਅਜੇ ਵੀ ਬਾਕੀ ਸੀ।

ਮੈਂ ਆਗਾਜ਼ਪ੍ਰੀਤ ਵੱਲ ਵੇਖਿਆ।

ਉਸ ਦੀਆਂ ਅੱਖਾਂ ਵਿੱਚ ਹਾਲੇ ਵੀ ਸਵਾਲ ਸਨ।

ਮੈਂ ਉਸਦਾ ਹੱਥ ਆਪਣੇ ਹੱਥ ਵਿੱਚ ਫੜਿਆ ਅਤੇ ਕਿਹਾ—

“ਤੇਰਾ ਸੂਰਜ ਕੱਲ੍ਹ ਫਿਰ ਆਵੇਗਾ।”

“ਸੱਚੀ?”

“ਹਾਂ।”

“ਫਿਰ ਅੱਜ ਕਿੱਥੇ ਗਿਆ?”

ਮੈਂ ਪੱਛਮ ਵੱਲ ਤੱਕਿਆ।

ਉੱਥੇ ਹੁਣ ਹਨੇਰਾ ਸੀ।

ਪਰ ਮੈਨੂੰ ਲੱਗਾ ਜਿਵੇਂ ਉਸ ਹਨੇਰੇ ਦੇ ਪਿੱਛੇ ਕਿਤੇ ਕੋਈ ਨਵੀਂ ਸਵੇਰ ਆਪਣੀਆਂ ਅੱਖਾਂ ਖੋਲ੍ਹ ਰਹੀ ਹੋਵੇ।

ਮੈਂ ਹੌਲੀ ਜਿਹੀ ਆਵਾਜ਼ ਵਿੱਚ ਕਿਹਾ—

“ਸ਼ਾਇਦ ਕੱਲ੍ਹ ਦੀ ਸਵੇਰ ਬਣਾਉਣ ਗਿਆ ਹੈ।”

ਆਗਾਜ਼ਪ੍ਰੀਤ ਨੇ ਮੇਰੀ ਉਂਗਲੀ ਹੋਰ ਮਜ਼ਬੂਤੀ ਨਾਲ ਫੜ ਲਈ।

ਅਸੀਂ ਪੌੜੀਆਂ ਵੱਲ ਤੁਰ ਪਏ।

ਮੇਰੇ ਪਿੱਛੇ ਪੱਛਮ ਵਿੱਚ ਹਨੇਰਾ ਉਤਰ ਰਿਹਾ ਸੀ।

ਮੇਰੇ ਅੰਦਰ ਇੱਕ ਪੁਰਾਣਾ ਸੂਰਜ ਡੁੱਬ ਰਿਹਾ ਸੀ।

ਪਰ ਮੇਰੇ ਹੱਥ ਵਿੱਚ—

ਇੱਕ ਨਵੀਂ ਸ਼ੁਰੂਆਤ ਦੀ ਉਂਗਲੀ ਸੀ।

ਉਸਦਾ ਨਾਮ—

ਆਗਾਜ਼ਪ੍ਰੀਤ ਸੀ।

ਕਹਾਣੀਕਾਰ :-ਹਰਪ੍ਰੀਤ ਜਟਾਣਾ
ਪਿੰਡ:- ਚਾਉਕੇ (ਬਠਿੰਡਾ)
ਮੋਬਾਇਲ ਨੰਬਰ:-94636-37758

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
Email
WhatsApp
Skype
Print
Facebook

Leave a Comment

Your email address will not be published. Required fields are marked *

error: Content is protected !!
Scroll to Top