ਢਲਦੇ ਪਰਛਾਵੇਂ - ਕਹਾਣੀਕਾਰ ਹਰਪ੍ਰੀਤ ਜਟਾਣਾ

"ਸਮਾਂ ਪਾਣੀ ਵਾਂਗ ਹੁੰਦਾ ਹੈ... ਤੁਸੀਂ ਇਸਨੂੰ ਕਵਿਤਾ ਵਿੱਚ ਬੰਨ੍ਹ ਸਕਦੇ ਹੋ, ਯਾਦਾਂ ਵਿੱਚ ਸੰਭਾਲ ਸਕਦੇ ਹੋ, ਪਰ ਰੋਕ ਨਹੀਂ ਸਕਦੇ।" ਇੱਕ ਪਾਸੇ ਜਵਾਨੀ ਦੀ ਪਹਿਲੀ ਸ਼ਾਇਰਾਨਾ ਮਿਠਾਸ ਅਤੇ ਦੂਜੇ ਪਾਸੇ ਉਮਰ ਦੇ ਆਖ਼ਰੀ ਮੋੜ 'ਤੇ ਖੜ੍ਹੇ ਬਜ਼ੁਰਗ ਦਾ ਆਪਣੀਆਂ ਜ਼ਿੰਮੇਵਾਰੀਆਂ ਅਤੇ ਅਤੀਤ ਨਾਲ ਸਾਹਮਣਾ। ਸਮੇਂ ਦਾ ਚੱਕਰ ਕਦੇ ਪਿੱਛੇ ਨਹੀਂ ਘੁੰਮਦਾ, ਬਸ ਮਨੁੱਖ ਨੂੰ ਹੀ ਹਕੀਕਤ ਵੱਲ ਮੁੜਨਾ ਪੈਂਦਾ ਹੈ।

ਢਲਦੇ ਸੂਰਜ ਦੀ ਸੁਨਹਿਰੀ ਰੌਸ਼ਨੀ ਝੀਲ ਦੇ ਸ਼ਾਂਤ ਪਾਣੀਆਂ ਵਿੱਚ ਹੌਲੇ-ਹੌਲੇ ਘੁਲ ਰਹੀ ਸੀ। ਲਹਿਰਾਂ ਉੱਤੇ ਤੈਰਦੀਆਂ ਕਿਰਨਾਂ ਇੰਝ ਜਾਪਦੀਆਂ ਸਨ, ਜਿਵੇਂ ਸਮਾਂ ਆਪਣੇ ਹੀ ਪਰਛਾਵੇਂ ਨੂੰ ਛੂਹ ਕੇ ਵਿਦਾ ਲੈ ਰਿਹਾ ਹੋਵੇ। ਦੂਰ ਪਹਾੜਾਂ ਦੀਆਂ ਚੋਟੀਆਂ ਉੱਤੇ ਠਹਿਰਿਆ ਪ੍ਰਕਾਸ਼ ਹੌਲੀ-ਹੌਲੀ ਸਿਮਟ ਰਿਹਾ ਸੀ ਅਤੇ ਪੰਛੀਆਂ ਦੇ ਝੁੰਡ ਆਪਣੇ ਆਲ੍ਹਣਿਆਂ ਵੱਲ ਪਰਤ ਰਹੇ ਸਨ।
ਝੀਲ ਦੇ ਕੰਢੇ ਪਏ ਇੱਕ ਵਿਸ਼ਾਲ ਪੱਥਰ ਉੱਤੇ ਇੱਕ ਮੁੰਡਾ ਅਤੇ ਇੱਕ ਕੁੜੀ ਕੋਲ-ਕੋਲ ਬੈਠੇ ਸਨ। ਦੋਵਾਂ ਵਿਚਕਾਰ ਸ਼ਬਦ ਘੱਟ ਸਨ, ਪਰ ਖਾਮੋਸ਼ੀ ਬਹੁਤ ਕੁਝ ਕਹਿ ਰਹੀ ਸੀ। ਕਈ ਵਾਰ ਪ੍ਰੇਮ ਬੋਲਦਾ ਨਹੀਂ, ਸਿਰਫ਼ ਮਹਿਸੂਸ ਹੁੰਦਾ ਹੈ।
ਮੁੰਡੇ ਨੇ ਹੌਲੀ ਜਿਹੇ ਉਸ ਵੱਲ ਵੇਖਿਆ। ਉਸ ਦੀਆਂ ਅੱਖਾਂ ਵਿੱਚ ਸ਼ਾਮ ਦਾ ਆਕਾਸ਼ ਵੀ ਸੀ ਅਤੇ ਝੀਲ ਦੀ ਡੂੰਘਾਈ ਵੀ।
“ਜਾਣਦੀ ਏਂ,” ਉਹ ਮੁਸਕਰਾਇਆ, “ਇਸ ਝੀਲ ਨੂੰ ਵੇਖ ਕੇ ਮੈਨੂੰ ਤੇਰੀਆਂ ਅੱਖਾਂ ਯਾਦ ਆ ਜਾਂਦੀਆਂ ਨੇ। ਜਿੰਨਾ ਇਨ੍ਹਾਂ ਵਿੱਚ ਝਾਕਦਾ ਹਾਂ, ਉੱਨਾ ਹੀ ਆਪਣੇ ਆਪ ਨੂੰ ਭੁੱਲਦਾ ਜਾਂਦਾ ਹਾਂ।”
ਕੁੜੀ ਨੇ ਨਜ਼ਰਾਂ ਝੁਕਾ ਲਈਆਂ।
“ਤੁਹਾਨੂੰ ਤਾਂ ਹਰ ਚੀਜ਼ ਵਿੱਚ ਕਵਿਤਾ ਹੀ ਨਜ਼ਰ ਆਉਂਦੀ ਹੈ।”
“… ਤੂੰ ਤਾਂ ਕਵਿਤਾ ਦਾ ਸ੍ਰੋਤ ਹੈ ਮੇਰੇ ਲਈ। ਕੁਦਰਤ ਨੇ ਆਪਣੇ ਸਭ ਤੋਂ ਸੋਹਣੇ ਰੰਗ ਤੇਰੇ ਚਿਹਰੇ ‘ਤੇ ਨਹੀਂ, ਤੇਰੀ ਰੂਹ ਵਿੱਚ ਭਰੇ ਨੇ।”
ਕੁੜੀ ਕੁਝ ਨਾ ਬੋਲੀ। ਉਸ ਦੇ ਹੋਠਾਂ ਉੱਤੇ ਤੈਰਦੀ ਹੌਲੀ ਮੁਸਕਾਨ ਹੀ ਉਸ ਦਾ ਜਵਾਬ ਬਣ ਗਈ।
ਕੁਝ ਪਲ ਦੋਵੇਂ ਚੁੱਪ ਰਹੇ। ਫਿਰ ਮੁੰਡਾ ਅਚਾਨਕ ਬੋਲਿਆ,
“ਵੇਖ… ਝੀਲ ਉੱਤੇ ਬੱਦਲ ਉਤਰ ਆਏ।”
ਕੁੜੀ ਨੇ ਹੈਰਾਨ ਹੋ ਕੇ ਅਸਮਾਨ ਵੱਲ ਤੱਕਿਆ।
“ਬੱਦਲ? ਕਿੱਥੇ? ਅਸਮਾਨ ਤਾਂ ਬਿਲਕੁਲ ਸਾਫ਼ ਹੈ।”
“ਉੱਪਰ ਨਹੀਂ…”
ਉਹ ਹੌਲੇ ਨਾਲ ਉਸ ਵੱਲ ਝੁਕਿਆ। ਬੜੇ ਸਲੀਕੇ ਨਾਲ ਉਸ ਦੇ ਮੱਥੇ ਉੱਤੇ ਝੂਲਦੀ ਇੱਕ ਜ਼ੁਲਫ਼ ਉਂਗਲੀ ਨਾਲ ਕੰਨ ਪਿੱਛੇ ਕਰ ਦਿੱਤੀ। ਵਾਪਸ ਆਉਂਦੀਆਂ ਉਂਗਲਾਂ ਉਸ ਦੀ ਗੱਲ੍ਹ ਨੂੰ ਹੌਲੀ ਜਿਹੀ ਛੂਹ ਗਈਆਂ।
“ਇਹ ਰਹੇ… ਆਪਾਂ ਹਟਾ ਦਿੱਤੇ। ਤੇ ਇਹ ਗੱਲ੍ਹ…”
ਉਹ ਇੱਕ ਪਲ ਲਈ ਰੁਕਿਆ।
“…ਇਹ ਉਹ ਕੋਰਾ ਕਾਗਜ਼ ਹੈ, ਜਿਸ ਉੱਤੇ ਮੈਂ ਆਪਣੀ ਉਮਰ ਦੀਆਂ ਸਭ ਤੋਂ ਸੋਹਣੀਆਂ ਕਵਿਤਾਵਾਂ ਲਿਖਣਾ ਚਾਹੁੰਦਾ ਹਾਂ।”
ਕੁੜੀ ਦਾ ਚਿਹਰਾ ਸ਼ਾਮ ਦੀ ਲਾਲੀ ਨਾਲ ਰੰਗ ਗਿਆ। ਉਸ ਨੇ ਝਟ ਨਾਲ ਆਲੇ-ਦੁਆਲੇ ਵੇਖਿਆ ਅਤੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ,
“ਪਲੀਜ਼… ਕੋਈ ਵੇਖ ਲਵੇਗਾ।”
ਮੁੰਡੇ ਨੇ ਮੁਸਕਰਾ ਕੇ ਹੱਥ ਪਿੱਛੇ ਖਿੱਚ ਲਿਆ।
ਫਿਰ ਦੋਵੇਂ ਖਾਮੋਸ਼ ਹੋ ਗਏ।
ਉਨ੍ਹਾਂ ਦੀ ਚੁੱਪ ਵਿੱਚ ਵੀ ਗੱਲਾਂ ਸਨ, ਉਨ੍ਹਾਂ ਦੀਆਂ ਨਜ਼ਰਾਂ ਵਿੱਚ ਵੀ ਕਵਿਤਾ ਸੀ, ਅਤੇ ਢਲਦੀ ਸ਼ਾਮ ਉਨ੍ਹਾਂ ਦੇ ਆਲੇ-ਦੁਆਲੇ ਕਿਸੇ ਅਣਲਿਖੀ ਪ੍ਰੇਮ-ਕਹਾਣੀ ਵਾਂਗ ਫੈਲਦੀ ਜਾ ਰਹੀ ਸੀ…
ਉਨ੍ਹਾਂ ਤੋਂ ਕੁਝ ਹੀ ਦੂਰ, ਇੱਕ ਪੁਰਾਣੇ ਬੈਂਚ ਉੱਤੇ ਦੋ ਬਜ਼ੁਰਗ ਬੈਠੇ ਸਨ। ਦੋਵਾਂ ਦੀ ਉਮਰ ਲਗਭਗ ਇੱਕੋ ਜਿਹੀ ਸੀ।ਇੱਕ ਬਜ਼ੁਰਗ ਨੇ ਪ੍ਰੇਮੀ ਜੋੜੇ ਵੱਲ ਤਿਰਛੀ ਨਿਗਾਹ ਮਾਰੀ। ਮੱਥੇ ‘ਤੇ ਤਿਉੜੀਆਂ ਉੱਭਰ ਆਈਆਂ। ਉਹ ਬੁੜਬੁੜਾਇਆ,
“ਵੇਖ ਲੈ… ਨਾ ਵੇਲੇ ਦਾ ਲਿਹਾਜ਼, ਨਾ ਥਾਂ ਦਾ। ਅੱਜਕੱਲ੍ਹ ਦੇ ਬੱਚਿਆਂ ਨੂੰ ਤਾਂ ਸ਼ਰਮ-ਹਿਆ ਹੀ ਨਹੀਂ ਰਹੀ।”
ਉਹ ਖਿਝਿਆ ਹੋਇਆ ਉੱਠਿਆ, ਆਪਣੀ ਸੋਟੀ ਸੰਭਾਲੀ ਅਤੇ ਹੌਲੀ-ਹੌਲੀ ਤੁਰਦਾ ਹੋਇਆ ਉੱਥੋਂ ਚਲਾ ਗਿਆ। ਉਸਦੇ ਪਿੱਛੇ ਸਿਰਫ਼ ਨਾਰਾਜ਼ਗੀ ਰਹਿ ਗਈ।
ਦੂਜਾ ਬਜ਼ੁਰਗ ਉੱਥੇ ਹੀ ਬੈਠਾ ਰਿਹਾ।
ਉਸ ਦੀਆਂ ਅੱਖਾਂ ਪ੍ਰੇਮੀ ਜੋੜੇ ਨੂੰ ਨਹੀਂ, ਆਪਣੇ ਹੀ ਅਤੀਤ ਨੂੰ ਵੇਖ ਰਹੀਆਂ ਸਨ।
ਉਸਦੇ ਹੋਠਾਂ ‘ਤੇ ਇੱਕ ਅਜਿਹੀ ਮੁਸਕਾਨ ਉੱਭਰ ਆਈ, ਜਿਸ ਵਿੱਚ ਮਿੱਠਾਸ ਵੀ ਸੀ ਤੇ ਹੌਲਾ-ਜਿਹਾ ਦਰਦ ਵੀ। ਉਸਨੂੰ ਲੱਗਿਆ, ਜਿਵੇਂ ਝੀਲ ਦਾ ਇਹ ਕੰਢਾ ਅਚਾਨਕ ਪੈਂਤੀ-ਚਾਲੀ ਸਾਲ ਪਿੱਛੇ ਮੁੜ ਗਿਆ ਹੋਵੇ।
ਉਸਨੂੰ ਯਾਦ ਆਇਆ…
ਇਹੋ ਝੀਲ…ਇਹੋ ਜਿਹੀ ਸ਼ਾਮ…ਅਤੇ ਇੱਕ ਕੁੜੀ, ਜੋ ਹਰ ਵਾਰ ਉਸ ਦੀਆਂ ਕਵਿਤਾਵਾਂ ਸੁਣ ਕੇ ਹੱਸ ਪੈਂਦੀ ਸੀ।
ਉਸਦੇ ਕੰਨਾਂ ਵਿੱਚ ਜਿਵੇਂ ਆਪਣੀ ਹੀ ਜਵਾਨ ਆਵਾਜ਼ ਗੂੰਜੀ—
“ਜੇ ਸਮਾਂ ਮੇਰੇ ਵੱਸ ਵਿੱਚ ਹੁੰਦਾ, ਮੈਂ ਇਸ ਸ਼ਾਮ ਨੂੰ ਕਦੇ ਢਲਣ ਨਾ ਦਿੰਦਾ।”
ਉਸਨੇ ਅਣਜਾਣੇ ਹੀ ਡੂੰਘਾ ਸਾਹ ਭਰਿਆ।
ਉਧਰ ਪੱਥਰ ਉੱਤੇ ਬੈਠਾ ਮੁੰਡਾ ਵੀ ਜਿਵੇਂ ਉਸੇ ਖ਼ਿਆਲ ਵਿੱਚ ਡੁੱਬਿਆ ਹੋਇਆ ਸੀ।
“ਕਾਸ਼…” ਉਸਨੇ ਦੂਰ ਡੁੱਬਦੇ ਸੂਰਜ ਵੱਲ ਵੇਖਦਿਆਂ ਕਿਹਾ, “ਇਹ ਪਲ ਇੱਥੇ ਹੀ ਠਹਿਰ ਜਾਵੇ। ਨਾ ਸੂਰਜ ਡੁੱਬੇ, ਨਾ ਸ਼ਾਮ ਢਲੇ… ਤੇ ਅਸੀਂ ਇੰਝ ਹੀ ਬੈਠੇ ਰਹੀਏ।”
ਕੁੜੀ ਨੇ ਝੀਲ ਦੇ ਪਾਣੀ ਵੱਲ ਤੱਕਿਆ। ਇੱਕ ਛੋਟਾ ਜਿਹਾ ਪੱਤਾ ਲਹਿਰਾਂ ਨਾਲ ਵਹਿੰਦਾ ਹੋਇਆ ਉਸਦੇ ਸਾਹਮਣੇ ਲੰਘਿਆ।
ਉਹ ਮੁਸਕਰਾਈ।
“ਤੁਸੀਂ ਸ਼ਾਇਰ ਲੋਕ ਵੀ ਨਾ…”
“ਕਿਉਂ?”
“ਕੁਦਰਤ ਨੂੰ ਵੇਖਦੇ ਹੋ, ਪਰ ਉਸਦਾ ਸੁਭਾਉ ਨਹੀਂ ਸਮਝਦੇ।”
“ਮਤਲਬ?”
ਉਸਨੇ ਝੀਲ ਵੱਲ ਇਸ਼ਾਰਾ ਕੀਤਾ।
“ਧਿਆਨ ਨਾਲ ਵੇਖੋ। ਇਹ ਝੀਲ ਰੁਕੀ ਹੋਈ ਲੱਗਦੀ ਹੈ, ਪਰ ਰੁਕੀ ਨਹੀਂ। ਪਹਾੜਾਂ ਤੋਂ ਹਰ ਪਲ ਨਵਾਂ ਪਾਣੀ ਆ ਰਿਹਾ ਹੈ ਤੇ ਦੂਜੇ ਪਾਸੇ ਦਰਿਆ ਬਣ ਕੇ ਵਗਦਾ ਜਾ ਰਿਹਾ ਹੈ। ਰੁਕਿਆ ਹੋਇਆ ਤਾਂ ਸਿਰਫ਼ ਭਰਮ ਹੈ।”
ਮੁੰਡਾ ਚੁੱਪਚਾਪ ਉਸ ਦੀ ਗੱਲ ਸੁਣਦਾ ਰਿਹਾ।
“ਸਮਾਂ ਵੀ ਪਾਣੀ ਵਰਗਾ ਹੁੰਦਾ ਹੈ,” ਉਹ ਹੌਲੀ ਜਿਹੀ ਬੋਲੀ। “ਉਸਨੂੰ ਮੁੱਠੀ ਵਿੱਚ ਨਹੀਂ ਫੜਿਆ ਜਾ ਸਕਦਾ। ਤੁਸੀਂ ਉਸਨੂੰ ਕਵਿਤਾ ਵਿੱਚ ਬੰਨ੍ਹ ਸਕਦੇ ਹੋ, ਯਾਦ ਵਿੱਚ ਸੰਭਾਲ ਸਕਦੇ ਹੋ… ਪਰ ਰੋਕ ਨਹੀਂ ਸਕਦੇ।”
ਮੁੰਡਾ ਮੁਸਕਰਾਇਆ, ਪਰ ਇਸ ਵਾਰ ਉਸ ਮੁਸਕਾਨ ਵਿੱਚ ਪਹਿਲਾਂ ਵਾਲੀ ਸ਼ਰਾਰਤ ਨਹੀਂ ਸੀ; ਇੱਕ ਸੋਚ ਸੀ।
ਦੂਰ ਮੰਦਰ ਦੀ ਘੰਟੀ ਵੱਜੀ।
ਪਹਾੜਾਂ ਉੱਤੇ ਸੂਰਜ ਦਾ ਆਖ਼ਰੀ ਟੁਕੜਾ ਵੀ ਓਝਲ ਹੋਣ ਲੱਗਾ।
“ਚੱਲੀਏ?” ਕੁੜੀ ਨੇ ਪੁੱਛਿਆ।
ਮੁੰਡੇ ਨੇ ਝੀਲ ਵੱਲ ਇੱਕ ਆਖ਼ਰੀ ਨਜ਼ਰ ਮਾਰੀ, ਜਿਵੇਂ ਉਹ ਉਸ ਪਲ ਨੂੰ ਆਪਣੀਆਂ ਅੱਖਾਂ ਵਿੱਚ ਹਮੇਸ਼ਾ ਲਈ ਕੈਦ ਕਰ ਲੈਣਾ ਚਾਹੁੰਦਾ ਹੋਵੇ।
ਫਿਰ ਦੋਵੇਂ ਹੌਲੇ-ਹੌਲੇ ਉੱਠੇ ਅਤੇ ਢਲਦੀ ਰੌਸ਼ਨੀ ਵਿੱਚ ਇੱਕੋ ਦਿਸ਼ਾ ਵੱਲ ਤੁਰ ਪਏ।
ਬੈਂਚ ਉੱਤੇ ਬੈਠੇ ਬਜ਼ੁਰਗ ਦੀਆਂ ਅੱਖਾਂ ਉਹਨਾਂ ਦੇ ਪਿੱਛੇ-ਪਿੱਛੇ ਜਾਂਦੀਆਂ ਰਹੀਆਂ।
ਉਸਨੂੰ ਮਹਿਸੂਸ ਹੋਇਆ, ਜਿਵੇਂ ਉਸਦੀ ਜਵਾਨੀ ਇੱਕ ਵਾਰ ਫਿਰ ਉਸਦੇ ਸਾਹਮਣੇ ਤੁਰ ਕੇ ਲੰਘ ਗਈ ਹੋਵੇ।
ਬਜ਼ੁਰਗ ਦੀਆਂ ਨਜ਼ਰਾਂ ਹਾਲੇ ਵੀ ਉਸ ਰਾਹ ‘ਤੇ ਟਿਕੀਆਂ ਹੋਈਆਂ ਸਨ, ਜਿੱਥੇ ਉਹ ਪ੍ਰੇਮੀ ਜੋੜਾ ਹੌਲੀ-ਹੌਲੀ ਨਜ਼ਰੋਂ ਓਝਲ ਹੋ ਰਿਹਾ ਸੀ।
ਉਸ ਨੂੰ ਲੱਗਿਆ, ਜਿਵੇਂ ਸਮੇਂ ਨੇ ਇੱਕ ਪਲ ਲਈ ਉਸ ਉੱਤੇ ਤਰਸ ਖਾ ਲਿਆ ਹੋਵੇ ਅਤੇ ਉਸ ਨੂੰ ਆਪਣੀ ਹੀ ਜਵਾਨੀ ਦਾ ਦਰਸ਼ਨ ਕਰਵਾ ਦਿੱਤਾ ਹੋਵੇ।
ਉਸ ਦੇ ਹੋਠਾਂ ‘ਤੇ ਅਣਜਾਣੇ ਹੀ ਮੁਸਕਾਨ ਆ ਗਈ।
“ਪਾਗਲ ਕੁੜੀ…” ਉਹ ਆਪਣੇ ਆਪ ਨਾਲ ਬੁੜਬੁੜਾਇਆ, “…ਉਹ ਵੀ ਇੰਝ ਹੀ ਮੇਰੀ ਹਰ ਕਵਿਤਾ ਦਾ ਮਜ਼ਾਕ ਉਡਾਉਂਦੀ ਸੀ। ਕਹਿੰਦੀ ਸੀ—’ਤੈਨੂੰ ਦੁਨੀਆ ਘੱਟ ਤੇ ਰੂਪਕ ਵੱਧ ਦਿਸਦੇ ਨੇ।'”
ਉਹ ਹੌਲੀ ਜਿਹਾ ਹੱਸਿਆ।ਉਹ ਹਾਸਾ ਕੁਝ ਪਲ ਹੀ ਟਿਕਿਆ।
ਫਿਰ ਉਸ ਨੇ ਜੇਬ ਵਿੱਚੋਂ ਮੋਬਾਈਲ ਕੱਢਿਆ। ਉਂਗਲਾਂ ਨੇ ਬਿਨਾਂ ਸੋਚੇ-ਸਮਝੇ ਉਹੀ ਨੰਬਰ ਮਿਲਾ ਦਿੱਤਾ, ਜੋ ਹੁਣ ਸਾਲਾਂ ਤੋਂ ਉਸ ਦੀ ਜ਼ਿੰਦਗੀ ਦਾ ਸਭ ਤੋਂ ਜਾਣ-ਪਛਾਣ ਵਾਲਾ ਨੰਬਰ ਸੀ।
ਫ਼ੋਨ ਦੀ ਘੰਟੀ ਵੱਜੀ।
“ਹਾਂ ਜੀ…” ਉਧਰੋਂ ਪਤਨੀ ਦੀ ਆਵਾਜ਼ ਆਈ।
ਬਜ਼ੁਰਗ ਦੇ ਚਿਹਰੇ ‘ਤੇ ਬੱਚਿਆਂ ਵਰਗੀ ਖੁਸ਼ੀ ਫੈਲ ਗਈ।
“ਸੁਣਦੀ ਏਂ… ਅੱਜ ਝੀਲ ‘ਤੇ ਇੱਕ ਜੋੜਾ ਵੇਖਿਆ। ਬਿਲਕੁਲ ਆਪਣੇ ਵਰਗਾ। ਯਾਦ ਹੈ… ਕਾਲਜ ਵਾਲਾ ਟੂਰ? ਇਹੋ ਪੱਥਰ… ਇਹੋ ਸ਼ਾਮ… ਤੇ ਤੂੰ ਵੀ ਇੰਝ ਹੀ ਮੈਨੂੰ ਕਹਿੰਦੀ ਸੀ ਕਿ—”
ਉਸਦੀ ਗੱਲ ਹਾਲੇ ਅਧੂਰੀ ਹੀ ਸੀ ਕਿ ਉਧਰੋਂ ਪਤਨੀ ਨੇ ਉਸਨੂੰ ਟੋਕ ਦਿੱਤਾ।
“ਲੇਖਕ ਸਾਹਿਬ, ਹੁਣ ਇਹ ਕਵਿਤਾਵਾਂ ਘਰ ਆ ਕੇ ਸੁਣਾ ਲਿਓ। ਇੱਥੇ ਹਾਲਾਤ ਹੋਰ ਨੇ।”
ਉਸਦੀ ਆਵਾਜ਼ ਵਿੱਚ ਪਿਆਰ ਨਾਲੋਂ ਵੱਧ ਥਕਾਵਟ ਸੀ।
“ਨੂੰਹ ਨੂੰ ਡਾਕਟਰ ਨੇ ਕਿਹਾ ਹੈ, ਕਦੇ ਵੀ ਹਸਪਤਾਲ ਲੈ ਕੇ ਆਉਣਾ ਪੈ ਸਕਦਾ ਹੈ। ਮੁੰਡਾ ਇਕੱਲਾ ਸਵੇਰੇ ਦੀ ਦੁਕਾਨ ਸੰਭਾਲ ਰਿਹਾ। ਘਰ ਦੇ ਸਾਰੇ ਕੰਮ ਮੇਰੇ ਸਿਰ ਨੇ।”
ਬਜ਼ੁਰਗ ਚੁੱਪ ਹੋ ਗਿਆ।
ਪਤਨੀ ਬੋਲਦੀ ਗਈ—
“ਉਹ ਕਹਿੰਦਾ ਸੀ, ਰਿਟਾਇਰਮੈਂਟ ਤੋਂ ਬਾਅਦ ਪਾਪਾ ਮੇਰਾ ਹੱਥ ਵਟਾਉਣਗੇ। ਪਰ ਤੁਸੀਂ ਤਾਂ ਆਪਣੀਆਂ ਕਿਤਾਬਾਂ, ਕਵਿਤਾਵਾਂ ਤੇ ਯਾਦਾਂ ਵਿੱਚ ਹੀ ਰਹਿੰਦੇ ਹੋ। ਯਾਦ ਰੱਖੋ ਕਿ ਘਰ ਹੈ ਤੁਹਾਡਾ…ਤੇ ਜ਼ਿੰਮੇਵਾਰੀਆਂ ਵੀ ।”
ਇੱਕ ਪਲ ਲਈ ਦੋਵਾਂ ਪਾਸਿਆਂ ਚੁੱਪ ਛਾ ਗਈ।
ਝੀਲ ਦੇ ਕੰਢੇ ਵਗਦੀ ਹਵਾ ਹੁਣ ਉਸਨੂੰ ਪਹਿਲਾਂ ਵਰਗੀ ਨਹੀਂ ਲੱਗ ਰਹੀ ਸੀ।
ਉਹ ਹੌਲੀ ਜਿਹੇ ਬੋਲਿਆ,
“ਹਾਂ… ਮੈਂ ਨਿਕਲਦਾ ਹਾਂ।”
ਇੰਨਾ ਕਹਿ ਕੇ ਉਸਨੇ ਫ਼ੋਨ ਬੰਦ ਕਰ ਦਿੱਤਾ।
ਮੋਬਾਈਲ ਹੌਲੇ-ਹੌਲੇ ਉਸਦੇ ਹੱਥਾਂ ਵਿੱਚੋਂ ਹੇਠਾਂ ਸਰਕ ਆਇਆ।
ਕੁਝ ਪਲ ਪਹਿਲਾਂ ਉਹ ਯਾਦਾਂ ਦੀ ਝੀਲ ਵਿੱਚ ਤੈਰ ਰਿਹਾ ਸੀ।
ਹੁਣ ਉਹ ਹਕੀਕਤ ਦੇ ਕੰਢੇ ਖੜ੍ਹਾ ਸੀ।
ਉਸਨੂੰ ਅਚਾਨਕ ਉਸ ਅਣਜਾਣੀ ਕੁੜੀ ਦੀ ਗੱਲ ਯਾਦ ਆਈ—
“ਸਮਾਂ ਪਾਣੀ ਵਾਂਗ ਹੁੰਦਾ ਹੈ… ਕਵਿਤਾ ਵਿੱਚ ਠਹਿਰ ਸਕਦਾ ਹੈ, ਜ਼ਿੰਦਗੀ ਵਿੱਚ ਨਹੀਂ।”
ਉਸ ਨੇ ਝੀਲ ਵੱਲ ਵੇਖਿਆ। ਪਾਣੀ ਲਗਾਤਾਰ ਵਹਿ ਰਿਹਾ ਸੀ।
ਅਤੇ ਉਸ ਨੂੰ ਪਹਿਲੀ ਵਾਰ ਮਹਿਸੂਸ ਹੋਇਆ—
ਯਾਦਾਂ ਠਹਿਰ ਸਕਦੀਆਂ ਹਨ, ਜ਼ਿੰਦਗੀ ਨਹੀਂ।
ਉਹ ਕਾਫ਼ੀ ਦੇਰ ਤੱਕ ਉੱਥੇ ਹੀ ਖੜ੍ਹਾ ਰਿਹਾ।
ਝੀਲ ਪਹਿਲਾਂ ਵਾਂਗ ਸ਼ਾਂਤ ਸੀ, ਪਰ ਹੁਣ ਉਸਦੇ ਮਨ ਅੰਦਰ ਕੁਝ ਵੀ ਸ਼ਾਂਤ ਨਹੀਂ ਸੀ। ਉਸਨੇ ਡੂੰਘਾ ਸਾਹ ਲਿਆ ਅਤੇ ਤੁਰ ਪਿਆ।
ਕੁਝ ਕਦਮ ਚੱਲਣ ਤੋਂ ਬਾਅਦ ਅਚਾਨਕ ਉਸਦੇ ਪੈਰ ਰੁਕ ਗਏ।
ਉਹ ਹੈਰਾਨੀ ਨਾਲ ਆਲੇ-ਦੁਆਲੇ ਵੇਖਣ ਲੱਗਾ।
ਇਹ ਰਾਹ…?
ਇਹ ਤਾਂ ਉਹ ਨਹੀਂ ਸੀ, ਜਿੱਧਰ ਜਾਣਾ ਸੀ!
ਯਾਦਾਂ ਦੇ ਵਹਾਅ ਵਿੱਚ ਉਹ ਬੇਧਿਆਨੀ ਨਾਲ ਉਸ ਪਾਸੇ ਤੁਰ ਪਿਆ ਸੀ, ਜਿੱਥੋਂ ਪਹਾੜਾਂ ਵਿੱਚੋਂ ਪਾਣੀ ਝੀਲ ਵਿੱਚ ਉਤਰਦਾ ਸੀ।
ਉਸਨੇ ਦੂਰ ਪਹਾੜਾਂ ਵੱਲ ਤੱਕਿਆ।
ਇੱਕ ਪਲ ਲਈ ਉਸਨੂੰ ਲੱਗਿਆ, ਜਿਵੇਂ ਉਹ ਆਪਣੀ ਜਵਾਨੀ ਵੱਲ ਮੁੜ ਜਾਣਾ ਚਾਹੁੰਦਾ ਸੀ—ਉਸ ਥਾਂ, ਜਿੱਥੇ ਸੁਪਨੇ ਜੰਮਦੇ ਹਨ, ਕਵਿਤਾਵਾਂ ਪਹਿਲੀ ਵਾਰ ਦਿਲ ਵਿੱਚ ਉਤਰਦੀਆਂ ਹਨ ਅਤੇ ਇਨਸਾਨ ਨੂੰ ਲੱਗਦਾ ਹੈ ਕਿ ਸਮਾਂ ਉਸਦੇ ਕਹਿਣ ‘ਤੇ ਰੁਕ ਜਾਵੇਗਾ।
ਪਰ ਫਿਰ ਉਸਦੇ ਕੰਨਾਂ ਵਿੱਚ ਉਹੀ ਆਵਾਜ਼ ਮੁੜ ਗੂੰਜੀ—
“ਸਮਾਂ ਪਾਣੀ ਵਾਂਗ ਹੁੰਦਾ ਹੈ… ਕਵਿਤਾ ਵਿੱਚ ਠਹਿਰ ਸਕਦਾ ਹੈ, ਜ਼ਿੰਦਗੀ ਵਿੱਚ ਨਹੀਂ।”
ਉਸਨੇ ਹੌਲੀ ਜਿਹੀ ਮੁਸਕਾਨ ਨਾਲ ਸਿਰ ਝੁਕਾਇਆ।ਇੱਕ ਲੰਮਾ ਸਾਹ ਭਰਿਆ ਅਤੇ ਮੁੜ ਪਿੱਛੇ ਮੁੜ ਗਿਆ।
ਹੁਣ ਉਹ ਉਸ ਰਾਹ ਉੱਤੇ ਸੀ, ਜਿੱਥੇ ਝੀਲ ਦਾ ਪਾਣੀ ਦਰਿਆ ਬਣ ਕੇ ਅੱਗੇ ਵਗਦਾ ਸੀ।
ਉਸਨੇ ਇੱਕ ਵਾਰ ਫਿਰ ਉਸ ਪੱਥਰ ਵੱਲ ਵੇਖਿਆ।
ਉਹ ਪੱਥਰ ਹੁਣ ਖਾਲੀ ਸੀ।….ਨਾ ਉਹ ਮੁੰਡਾ ਸੀ।….ਨਾ ਉਹ ਕੁੜੀ।…ਨਾ ਉਹ ਦ੍ਰਿਸ਼ …. ਬਸ ਸਿਰਫ਼ ਇੱਕ ਖਾਲੀ ਪੱਥਰ…
ਜੋ ਹਰ ਸ਼ਾਮ ਕਿਸੇ ਨਵੀਂ ਪ੍ਰੇਮ-ਕਹਾਣੀ ਦਾ ਗਵਾਹ ਬਣਦਾ ਹੋਵੇਗਾ ਅਤੇ ਹਰ ਰਾਤ ਕਿਸੇ ਪੁਰਾਣੀ ਯਾਦ ਦਾ।
ਉਸਦੇ ਚਿਹਰੇ ‘ਤੇ ਇੱਕ ਹੌਲੀ ਜਿਹੀ ਮੁਸਕਾਨ ਆਈ।
ਜੇਬ ਵਿੱਚ ਪਿਆ ਮੋਬਾਈਲ ਹੌਲੀ ਜਿਹਾ ਕੰਬਿਆ।
ਸ਼ਾਇਦ ਘਰੋਂ ਫਿਰ ਕਾਲ ਆ ਰਹੀ ਸੀ।
ਇਸ ਵਾਰ ਉਸਨੇ ਬਿਨਾਂ ਦੇਰ ਕੀਤੇ ਫ਼ੋਨ ਚੁੱਕ ਲਿਆ।
“ਹਾਂ… ਮੈਂ ਆ ਰਿਹਾ ਹਾਂ,” ਉਸਨੇ ਬਹੁਤ ਸਹਿਜ ਆਵਾਜ਼ ਵਿੱਚ ਕਿਹਾ।
ਝੀਲ ਪਿੱਛੇ ਰਹਿ ਗਈ ਸੀ। ਦਰਿਆ ਉਸਦੇ ਨਾਲ-ਨਾਲ ਵਹਿ ਰਿਹਾ ਸੀ।
ਸਾਹਮਣੇ ਸੜਕ ਹਨੇਰੇ ਵਿੱਚ ਹੌਲੇ-ਹੌਲੇ ਗੁੰਮ ਹੋ ਰਹੀ ਸੀ।
ਉਸਨੂੰ ਪਤਾ ਸੀ—ਹਰ ਇਨਸਾਨ ਇੱਕ ਦਿਨ ਢਲਦੇ ਪਰਛਾਵਿਆਂ ਵਿੱਚ ਦਾਖ਼ਲ ਹੁੰਦਾ ਹੈ।
ਫ਼ਰਕ ਸਿਰਫ਼ ਇੰਨਾ ਹੁੰਦਾ ਹੈ ਕਿ ਕੋਈ ਪਰਛਾਵਿਆਂ ਦਾ ਪਿੱਛਾ ਕਰਦਾ ਰਹਿੰਦਾ ਹੈ, ਤੇ ਕੋਈ ਉਹਨਾਂ ਨੂੰ ਸਵੀਕਾਰ ਕਰਕੇ ਆਪਣੀ ਮੰਜ਼ਿਲ ਵੱਲ ਤੁਰ ਪੈਂਦਾ ਹੈ।
ਝੀਲ ਦੇ ਪਾਣੀ ਉੱਤੇ ਸ਼ਾਮ ਦਾ ਆਖ਼ਰੀ ਰੰਗ ਵੀ ਮਿਟ ਗਿਆ।
ਪਰ ਦਰਿਆ ਹਾਲੇ ਵੀ ਵਹਿ ਰਿਹਾ ਸੀ…
ਉਹ ਦਰਿਆ ਦੇ ਨਾਲ-ਨਾਲ ਬਣੀ ਸੜਕ ਉੱਤੇ ਹੌਲੇ-ਹੌਲੇ ਤੁਰ ਪਿਆ।
ਹੁਣ ਉਸ ਨੂੰ ਸਮਝ ਆ ਚੁੱਕੀ ਸੀ—
ਸਮਾਂ ਕਦੇ ਪਿੱਛੇ ਨਹੀਂ ਮੁੜਦਾ; ਮੁੜਨਾ ਤਾਂ ਸਿਰਫ਼ ਮਨੁੱਖ ਨੂੰ ਪੈਂਦਾ ਹੈ।

ਕਹਾਣੀਕਾਰ ਹਰਪ੍ਰੀਤ ਜਟਾਣਾ
ਪਿੰਡ ਤੇ ਡਾਕ ਚੌਕੇ (ਬਠਿੰਡਾ)
ਮੋਬਾਇਲ ਨੰਬਰ:- 94636-37758

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
WhatsApp
Telegram
Twitter
Print

Leave a Comment

Your email address will not be published. Required fields are marked *

error: Content is protected !!
Scroll to Top