ਘਟੀਆ ਬੰਦਾ - ਕਹਾਣੀਕਾਰ ਹਰਪ੍ਰੀਤ ਜਟਾਣਾ

ਦੋਸਤਾਂ ਦੀ ਹੱਸਦੀ-ਖੇਡਦੀ ਮਹਿਫ਼ਲ ਵਿੱਚ ਜਦੋਂ ਇੱਕ ਬਦਨਾਮ ਬਜ਼ੁਰਗ ਆ ਬੈਠਾ, ਤਾਂ ਸਭ ਦੇ ਮਨਾਂ ਵਿੱਚ ਨਫ਼ਰਤ ਜਾਗ ਪਈ। ਪਰ ਉਸ ਦੀਆਂ ਅੱਖਾਂ ਦੇ ਹੰਝੂਆਂ ਅਤੇ ਇੱਕ ਬਾਪ ਦੇ ਦਰਦ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਪੜ੍ਹੋ ਹਰਪ੍ਰੀਤ ਜਟਾਣਾ ਦੀ ਇਹ ਰੂਹ ਨੂੰ ਛੂਹ ਜਾਣ ਵਾਲੀ ਕਹਾਣੀ।

ਵਿਆਹ ਦਾ ਸਮਾਗਮ ਸੀ। ਪੈਲੇਸ ਦੇ ਖੁੱਲ੍ਹੇ ਪਾਰਕ ਵਿੱਚ ਅਸੀਂ ਸਾਰੇ ਦੋਸਤ ਇਕੱਠੇ ਬੈਠ ਗਏ ਸਾਂ। ਕਈ ਵਰ੍ਹਿਆਂ ਬਾਅਦ ਇੰਝ ਇਕੱਠੇ ਹੋਣ ਦਾ ਸਬੱਬ ਬਣਿਆ ਸੀ। ਵਿਦੇਸ਼ੀ ਧਰਤੀ ’ਤੇ ਅਜਿਹੀਆਂ ਮਹਿਫ਼ਲਾਂ ਨੂੰ ਤਰਸਦਾ ਹੀ ਮੈਂ ਵਤਨ ਪਰਤਿਆ ਸੀ।

ਜੀਤੇ ਨੇ ਵਾਅਦਾ ਕੀਤਾ ਸੀ ਕਿ ਆਪਣੇ ਭਤੀਜੇ ਦੇ ਵਿਆਹ ’ਤੇ ਦਸਵੀਂ ਜਮਾਤ ਵਿੱਚ ਪੜ੍ਹਦੇ ਸਾਰੇ ਜਮਾਤੀਆਂ ਨੂੰ ਜ਼ਰੂਰ ਬੁਲਾਵੇਗਾ। ਉਸਨੇ ਆਪਣਾ ਵਾਅਦਾ ਪੂਰਾ ਕੀਤਾ ਸੀ। ਸਾਡੇ ਕਈ ਦੋਸਤ ਅੱਜ ਇਸ ਸਮਾਗਮ ਵਿੱਚ ਇਕੱਠੇ ਹੋ ਗਏ ਸਨ।

ਡੀਜੇ ਦੀਆਂ ਕੰਨ-ਪਾੜਵੀਆਂ ਆਵਾਜ਼ਾਂ ਤੋਂ ਬਚਣ ਲਈ ਅਸੀਂ ਪਾਰਕ ਦੇ ਇੱਕ ਪਾਸੇ ਟੇਬਲ ਲਾ ਕੇ ਆਪਣੀ ਮਹਿਫ਼ਲ ਸਜਾ ਲਈ ਸੀ। ਜਿਉਂ-ਜਿਉਂ ਟੇਬਲ ’ਤੇ ਭੀੜ ਵਧਦੀ ਗਈ, ਤਿਉਂ-ਤਿਉਂ ਹਾਸਿਆਂ ਦੀ ਗੂੰਜ ਵੀ ਉੱਚੀ ਹੁੰਦੀ ਗਈ।

ਕੋਈ ਸ਼ਰਾਬ ਪੀ ਰਿਹਾ ਸੀ ਤੇ ਕੋਈ ਸੋਫ਼ੀ ਬੈਠਾ ਸੀ। ਕਦੇ ਸਕੂਲ ਵਿੱਚ ਮਾਸਟਰਾਂ ਤੋਂ ਪਈ ਕੁੱਟ ਦੀਆਂ ਗੱਲਾਂ ਛਿੜ ਪੈਂਦੀਆਂ ਤੇ ਅਸੀਂ ਠਹਾਕੇ ਮਾਰਨ ਲੱਗ ਪੈਂਦੇ। ਕਦੇ ਕੋਈ ਕਿਸੇ ਮਾਸਟਰ ਦੀ ਨਕਲ ਲਾਹ ਦਿੰਦਾ ਤਾਂ ਮਹਿਫ਼ਲ ਵਿੱਚ ਹਾਸਿਆਂ ਦੀ ਲਹਿਰ ਦੌੜ ਜਾਂਦੀ।

ਜੀਤੇ ਨੇ ਵੇਟਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ,

“ਇਸ ਟੇਬਲ ਤੋਂ ਪਾਸੇ ਨਾ ਹੋਵੀਂ। ਜੋ ਚਾਹੀਦਾ ਹੋਵੇ, ਇੱਥੇ ਹੀ ਲਿਆਈਂ।”

ਅਸੀਂ ਹੱਸਦੇ-ਖੇਡਦੇ ਆਪਣੇ ਪੁਰਾਣੇ ਦਿਨਾਂ ਵਿੱਚ ਵਾਪਸ ਜਾ ਰਹੇ ਸਾਂ ਕਿ ਅਚਾਨਕ ਟੇਬਲ ਵੱਲ ਆਉਂਦਾ ਹਾਕਮ ਸਿੰਘ ਨਜ਼ਰ ਆ ਗਿਆ।

ਜਿਵੇਂ ਕਿਸੇ ਨੇ ਮਹਿਫ਼ਲ ’ਤੇ ਅਚਾਨਕ ਚੁੱਪੀ ਦੀ ਚਾਦਰ ਪਾ ਦਿੱਤੀ ਹੋਵੇ।

ਕਈਆਂ ਦੇ ਮੱਥਿਆਂ ’ਤੇ ਤਿਊੜੀਆਂ ਉੱਭਰ ਆਈਆਂ। ਹਾਕਮ ਸਿੰਘ ਸਾਡੀ ਮਹਿਫ਼ਲ ਵਿੱਚ ਸੱਚਮੁੱਚ ਕਬਾਬ ਵਿੱਚ ਹੱਡੀ ਬਣ ਕੇ ਆ ਰਿਹਾ ਸੀ।

ਸਾਰਿਆਂ ਨੇ ਰਸਮੀ ਜਿਹੀ ਸਤਿ ਸ੍ਰੀ ਅਕਾਲ ਬੁਲਾਈ। ਦੋ-ਚਾਰ ਜਣੇ ਉਸ ਲਈ ਆਪਣੀ ਕੁਰਸੀ ਛੱਡਣ ਲੱਗੇ ਹੀ ਸਨ ਕਿ ਕੋਲ ਖੜ੍ਹੇ ਵੇਟਰ ਨੇ ਝੱਟ ਇੱਕ ਕੁਰਸੀ ਲਿਆ ਕੇ ਰੱਖ ਦਿੱਤੀ।

ਹਾਕਮ ਸਿੰਘ ਆ ਕੇ ਮੇਰੇ ਕੋਲ ਹੀ ਬੈਠ ਗਿਆ।

ਉਹ ਪੂਰਾ ਸ਼ਰਾਬੀ ਸੀ।

ਜਿਹੜੀ ਮਹਿਫ਼ਲ ਕੁਝ ਪਲ ਪਹਿਲਾਂ ਠਹਾਕਿਆਂ ਨਾਲ ਗੂੰਜ ਰਹੀ ਸੀ, ਹੁਣ ਉੱਥੇ ਚੁੱਪ ਪਸਰ ਗਈ ਸੀ। ਹਰ ਕੋਈ ਅੰਦਰੋਂ ਇਹੋ ਉਡੀਕ ਕਰ ਰਿਹਾ ਸੀ ਕਿ ਇਹ ਬੰਦਾ ਕਦੋਂ ਉੱਠ ਕੇ ਜਾਵੇ।

ਹਾਕਮ ਸਿੰਘ ਦੇ ਮੂੰਹ ’ਤੇ ਸਾਰੇ ਉਸਦੀ ਇੱਜ਼ਤ ਕਰਦੇ ਸਨ, ਪਰ ਪਿੱਠ ਪਿੱਛੇ ਉਸਨੂੰ ਘਟੀਆ ਬੰਦਾ ਆਖਦੇ ਸਨ।

ਜਵਾਨੀ ਵਿੱਚ ਕੀਤੇ ਉਸਦੇ ਕਰਮਾਂ ਨੇ ਉਸਨੂੰ ਸਮਾਜ ਵਿੱਚ ਇਹ ਨਾਂ ਦਿਵਾਇਆ ਸੀ।

ਮੈਨੂੰ ਵੀ ਉਸਦੇ ਚਿਹਰੇ ਤੋਂ ਘ੍ਰਿਣਾ ਆਉਂਦੀ ਸੀ।

ਪਿੰਡ ਵਾਲਿਆਂ ਦੇ ਮੂੰਹੋਂ ਸੁਣਦੇ ਸਾਂ ਕਿ ਉਹ ਪਹਿਲਾਂ ਅਫ਼ੀਮ ਵੇਚਦਾ ਸੀ। ਖਾੜਕੂਵਾਦ ਦੇ ਦੌਰ ਵਿੱਚ ਉਸਨੇ ਮੁਖ਼ਬਰੀ ਵੀ ਕੀਤੀ ਸੀ ਅਤੇ ਕਈ ਨਿਰਦੋਸ਼ ਲੋਕਾਂ ਦੀ ਮੌਤ ਦਾ ਕਾਰਨ ਬਣਿਆ ਸੀ। ਜ਼ਿੰਦਗੀ ਵਿੱਚ ਉਸਨੇ ਕਿੰਨੇ ਹੀ ਘਟੀਆ ਕੰਮ ਕੀਤੇ ਸਨ, ਪਰ ਹਰ ਵਾਰ ਕਿਸੇ ਨਾ ਕਿਸੇ ਤਰ੍ਹਾਂ ਬਚਦਾ ਆਇਆ ਸੀ।

ਉਸਦਾ ਇੱਕੋ-ਇੱਕ ਪੁੱਤਰ ਸੀ—ਗੁਰਵੀਰ।

ਗੁਰਵੀਰ ਸਾਡਾ ਦਸਵੀਂ ਜਮਾਤ ਦਾ ਕਲਾਸਮੇਟ ਸੀ।

ਉਸਦੀ ਅਚਾਨਕ ਮੌਤ ਹੋ ਗਈ ਸੀ।

ਉਸਦੀ ਮੌਤ ਬਾਰੇ ਵੀ ਪਿੰਡ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ। ਕੋਈ ਕਹਿੰਦਾ ਸੀ ਕਿ ਨਸ਼ਾ ਵੱਧ ਕਰਨ ਕਰਕੇ ਉਸਨੂੰ ਦੌਰਾ ਪੈ ਗਿਆ। ਕੋਈ ਆਖਦਾ ਸੀ ਕਿ ਨਸ਼ਾ ਨਾ ਮਿਲਣ ਕਾਰਨ ਉਹ ਆਪਣੇ ਪਿਉ ਨਾਲ ਲੜ ਪਿਆ ਤੇ ਆਪਣੀ ਜਾਨ ਲੈ ਲਈ। ਕੁਝ ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਹਾਕਮ ਸਿੰਘ ਨੇ ਹੀ ਉਸਨੂੰ ਮਰਵਾ ਦਿੱਤਾ ਸੀ, ਕਿਉਂਕਿ ਉਸਦੇ ਆਪਣੀ ਨੂੰਹ ਨਾਲ ਨਾਜਾਇਜ਼ ਸਬੰਧ ਸਨ।

ਜਿੰਨੇ ਮੂੰਹ, ਉਨੀਆਂ ਗੱਲਾਂ।

ਹਾਕਮ ਸਿੰਘ ਜਾਣਦਾ ਸੀ ਕਿ ਲੋਕ ਉਸਦੇ ਬਾਰੇ ਕੀ ਸੋਚਦੇ ਹਨ। ਸ਼ਾਇਦ ਇਸੇ ਕਰਕੇ ਉਹ ਆਪਣੀ ਨੂੰਹ ਅਤੇ ਪੋਤਰੇ ਨੂੰ ਲੈ ਕੇ ਸ਼ਹਿਰ ਚਲਾ ਗਿਆ ਸੀ।

“ਪੁੱਤਰੋ, ਪੈੱਗ ਪਾਓ। ਮੈਂ ਅੱਜ ਆਪਣੇ ਪੁੱਤਰਾਂ ਨਾਲ ਪੀਣੀ ਆਂ।”

ਉਸਨੇ ਬੜੇ ਮੋਹ ਨਾਲ ਕਿਹਾ।

ਪੀਣ ਵਾਲੇ ਦੋਸਤ ਇੱਕ-ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਕੋਈ ਵੀ ਪਹਿਲ ਕਰਨ ਨੂੰ ਤਿਆਰ ਨਹੀਂ ਸੀ। ਹਾਕਮ ਸਿੰਘ ਨੇ ਮੁੜ ਕਿਹਾ,

“ਪਾਓ ਯਾਰ… ਅੱਜ ਤਾਂ ਆਪਣੇ ਬੱਚਿਆਂ ਨਾਲ ਬੈਠਾ ਹਾਂ।”

ਇਸ ਵਾਰ ਕੁਝ ਦੋਸਤਾਂ ਨੇ ਝਿਜਕਦਿਆਂ ਆਪਣੇ ਗਲਾਸ ਭਰ ਲਏ।

ਹਾਕਮ ਸਿੰਘ ਨੇ ਇੱਕ-ਇੱਕ ਕਰਕੇ ਸਾਰਿਆਂ ਦਾ ਹਾਲ-ਚਾਲ ਪੁੱਛਿਆ। ਕਿਸੇ ਤੋਂ ਕੰਮਕਾਰ ਬਾਰੇ, ਕਿਸੇ ਤੋਂ ਪਰਿਵਾਰ ਬਾਰੇ ਤੇ ਕਿਸੇ ਤੋਂ ਬੱਚਿਆਂ ਬਾਰੇ।

“ਤੁਸੀਂ ਪੁੱਤਰੋ, ਗੱਲਾਂ ਕਰਨੋਂ ਹਟ ਕਿਉਂ ਗਏ?”

ਉਸਨੇ ਹੌਲੀ ਜਿਹੀ ਮੁਸਕਰਾਹਟ ਨਾਲ ਪੁੱਛਿਆ।

“ਮੈਂ ਤਾਂ ਆਪਣੇ ਬੱਚਿਆਂ ਦੀਆਂ ਗੱਲਾਂ ਸੁਣਨ ਆਇਆ ਸੀ ਯਾਰ। ਤੁਸੀਂ ਤਾਂ ਜਮਾਂ ਈ ਚੁੱਪੀ ਧਾਰ ਲਈ।”

ਕਿਸੇ ਕੋਲ ਕੋਈ ਜਵਾਬ ਨਹੀਂ ਸੀ।

ਉਸਨੇ ਆਪਣੇ ਸਾਹਮਣੇ ਦੋ ਵੱਡੇ ਪੈੱਗ ਭਰੇ ਅਤੇ ਗਟਾਗਟ ਪੀ ਗਿਆ।

ਪਹਿਲਾਂ ਹੀ ਪੀਤੀ ਹੋਈ ਸੀ। ਹੁਣ ਉਸਦੀ ਆਵਾਜ਼ ਵਿੱਚ ਹਲਕਾ ਜਿਹਾ ਕੰਬਣ ਆ ਗਿਆ ਸੀ।

ਕੁਝ ਪਲ ਉਹ ਚੁੱਪ ਬੈਠਾ ਰਿਹਾ।

ਫਿਰ ਉਸਨੇ ਮੇਰੇ ਵੱਲ ਵੇਖਿਆ।

“ਦੱਸਾਂ… ਮੈਂ ਤੁਹਾਡੀ ਬੱਚਿਆਂ ਵਾਲੀ ਮਹਿਫ਼ਲ ਵਿੱਚ ਕਿਉਂ ਆਇਆ?”

ਉਸਦੀ ਆਵਾਜ਼ ਵਿੱਚ ਅਚਾਨਕ ਭਾਰ ਆ ਗਿਆ।

ਕਿਸੇ ਨੇ ਕੁਝ ਨਾ ਕਿਹਾ।

ਉਸਨੇ ਗਲਾਸ ਮੇਜ਼ ’ਤੇ ਰੱਖਿਆ ਅਤੇ ਡੂੰਘਾ ਹੌਕਾ ਭਰਿਆ।

“ਆਪਣੇ ਗੁਰਵੀਰ ਦੀ ਘਾਟ ਪੂਰੀ ਕਰਨ…”

ਉਸਦੀ ਆਵਾਜ਼ ਟੁੱਟ ਗਈ।

“ਜੇ ਜਿਊਂਦਾ ਹੁੰਦਾ… ਤਾਂ ਉਹ ਵੀ ਤੁਹਾਡੇ ਨਾਲ ਬੈਠਾ ਹੁੰਦਾ।”

ਉਸਨੇ ਇੱਕ ਪਲ ਲਈ ਅੱਖਾਂ ਬੰਦ ਕਰ ਲਈਆਂ।

“ਤੁਹਾਨੂੰ ਹੱਸਦਾ ਵੇਖ ਕੇ ਮੈਨੂੰ ਲੱਗਿਆ… ਮੇਰਾ ਗੁਰਵੀਰ ਵੀ ਹੱਸ ਰਿਹਾ ਹੋਵੇਗਾ…”

ਉਸਨੇ ਗਲਾਸ ਚੁੱਕਿਆ।

“ਉਏ… ਮੇਰੇ ਜਿਗਰ ਦਾ ਟੁਕੜਾ…”

ਉਸਦੀ ਆਵਾਜ਼ ਵਿੱਚੋਂ ਨਿਕਲਿਆ ਇਹ ਵਾਕ ਸਿੱਧਾ ਸਾਡੇ ਅੰਦਰ ਉਤਰ ਗਿਆ।

ਮਹਿਫ਼ਲ ਦਾ ਮਾਹੌਲ ਬਦਲ ਗਿਆ ਸੀ।

ਅਸੀਂ ਸਾਰੇ ਭਾਵੁਕ ਹੋ ਗਏ ਸਾਂ।

ਉਸਨੇ ਮੁੜ ਗਲਾਸ ਭਰਿਆ। ਮੈਂ ਉਸਦਾ ਹੱਥ ਰੋਕਣ ਦੀ ਕੋਸ਼ਿਸ਼ ਕੀਤੀ।

“ਬੱਸ ਕਰੋ ਅੰਕਲ ਜੀ…”

ਪਰ ਉਹ ਨਾ ਰੁਕਿਆ।

ਗਲਾਸ ਖਾਲੀ ਕਰਕੇ ਉਸਨੇ ਕੋਲ ਖੜ੍ਹੇ ਵੇਟਰ ਵੱਲ ਵੇਖਿਆ ਅਤੇ ਹੱਥ ਦੇ ਇਸ਼ਾਰੇ ਨਾਲ ਉਸਨੂੰ ਆਪਣੇ ਕੋਲ ਬੁਲਾਇਆ।

“ਤੇਰੇ ਬੱਚੇ ਕਿੰਨੇ ਆ ਬਈ?”

“ਜੀ… ਦੋ।”

ਵੇਟਰ ਨੇ ਹੌਲੀ ਜਿਹੀ ਆਵਾਜ਼ ਵਿੱਚ ਜਵਾਬ ਦਿੱਤਾ।

“ਸ਼ਰਾਬ ਪੀਨਾਂ?”

ਵੇਟਰ ਥੋੜ੍ਹਾ ਝਿਜਕਿਆ।

“ਜੀ… ਕਦੇ-ਕਦੇ।”

ਹਾਕਮ ਸਿੰਘ ਨੇ ਉਸਨੂੰ ਕੁਝ ਪਲ ਧਿਆਨ ਨਾਲ ਵੇਖਿਆ।

“ਨਾ ਪੀਇਆ ਕਰ ਉਏ… ਬੜੀ ਮਾੜੀ ਚੀਜ਼ ਆ।”

ਉਸਨੇ ਜੇਬ ਵਿੱਚ ਹੱਥ ਪਾਇਆ ਤੇ ਪੰਜ ਸੌ ਦਾ ਨੋਟ ਕੱਢ ਕੇ ਵੇਟਰ ਵੱਲ ਵਧਾ ਦਿੱਤਾ।

“ਆਹ ਫੜ।”

ਵੇਟਰ ਝਿਜਕ ਗਿਆ।

“ਉਏ, ਫੜ ਯਾਰ…”

ਹਾਕਮ ਸਿੰਘ ਨੇ ਨੋਟ ਉਸਦੀ ਜੇਬ ਵਿੱਚ ਪਾ ਦਿੱਤਾ।

ਵੇਟਰ ਨੇ ਆਸ-ਪਾਸ ਨਜ਼ਰ ਮਾਰੀ ਤੇ ਨੋਟ ਨੂੰ ਜਿਵੇਂ ਕਿਸੇ ਗੁਪਤ ਚੀਜ਼ ਵਾਂਗ ਜੇਬ ਅੰਦਰ ਹੋਰ ਡੂੰਘਾ ਕਰ ਲਿਆ।

“ਸ਼ਾਬਾਸ਼…”

ਹਾਕਮ ਸਿੰਘ ਨੇ ਉਸਦੇ ਮੋਢੇ ’ਤੇ ਹੱਥ ਰੱਖਿਆ।

“ਗੱਲ ਸੁਣ…”

ਉਸਦੀ ਆਵਾਜ਼ ਹੁਣ ਚਿਤਾਵਨੀ ਵਰਗੀ ਨਹੀਂ, ਕਿਸੇ ਬਾਪ ਦੀ ਬੇਨਤੀ ਵਰਗੀ ਸੀ।

“ਇਹਦੀ ਸ਼ਰਾਬ ਨਾ ਪੀ ਲਵੀਂ… ਆਪਣੇ ਬੱਚਿਆਂ ਲਈ ਫਲ ਲੈ ਕੇ ਜਾਵੀਂ।”

ਵੇਟਰ ਚੁੱਪ ਖੜ੍ਹਾ ਰਿਹਾ।

ਹਾਕਮ ਸਿੰਘ ਦੀਆਂ ਅੱਖਾਂ ਭਰ ਆਈਆਂ।

“ਤੇਰੇ ਬੱਚੇ ਦਾ ਕੋਈ ਵੀ ਨਾਂ ਹੋਵੇ…”

ਉਹ ਕੁਝ ਪਲ ਰੁਕਿਆ।

“ਬਸ… ਉਸਨੂੰ ਆਖੀਂ—‘ਗੁਰਵੀਰ, ਫਲ ਖਾ… ਤੇਰੇ ਹਾਕਮ ਬਾਪੂ ਨੇ ਭੇਜੇ ਨੇ।’”

ਇੰਨਾ ਆਖਦਿਆਂ ਉਸਦਾ ਗਲਾ ਭਰ ਆਇਆ।

“ਘਟੀਆ ਬੰਦੇ ਨੇ ਭੇਜੇ ਨੇ…”

ਉਸਦੇ ਬੁੱਲ੍ਹ ਕੰਬੇ।

ਅਗਲੇ ਹੀ ਪਲ ਉਹ ਭੁੱਬਾਂ ਮਾਰ ਕੇ ਰੋ ਪਿਆ।

ਸਾਡੀ ਮਹਿਫ਼ਲ ਵਿੱਚ ਕੋਈ ਆਵਾਜ਼ ਨਹੀਂ ਸੀ।

ਡੀਜੇ ਕਿਤੇ ਦੂਰ ਵੱਜ ਰਿਹਾ ਸੀ। ਲੋਕ ਨੱਚ ਰਹੇ ਸਨ। ਵਿਆਹ ਦੀਆਂ ਰੌਸ਼ਨੀਆਂ ਚਮਕ ਰਹੀਆਂ ਸਨ। ਪਰ ਸਾਡੇ ਟੇਬਲ ’ਤੇ ਇੱਕ ਬਾਪ ਆਪਣੇ ਮਰੇ ਹੋਏ ਪੁੱਤਰ ਨੂੰ ਲੱਭ ਰਿਹਾ ਸੀ।

ਮੈਂ ਹਾਕਮ ਸਿੰਘ ਦੇ ਚਿਹਰੇ ਵੱਲ ਵੇਖਿਆ।

ਕੁਝ ਪਲ ਪਹਿਲਾਂ ਜਿਸ ਚਿਹਰੇ ਤੋਂ ਮੈਨੂੰ ਘ੍ਰਿਣਾ ਆ ਰਹੀ ਸੀ, ਉਸ ’ਤੇ ਹੁਣ ਸਿਰਫ਼ ਦਰਦ ਸੀ।

ਉਸ ਪਲ ਮੇਰੇ ਅੰਦਰੋਂ ਇੱਕ ਆਵਾਜ਼ ਆਈ—

ਘਟੀਆ ਬੰਦਾ ਨਹੀਂ…

ਗੁਰਵੀਰ ਦਾ ਬਾਪ ਰੋ ਰਿਹਾ ਸੀ।

 

ਕਹਾਣੀਕਾਰ:-ਹਰਪ੍ਰੀਤ ਜਟਾਣਾ

ਪਿੰਡ:- ਚਾਉਕੇ ( ਬਠਿੰਡਾ)

9463637758

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
LinkedIn
WhatsApp
Skype

Leave a Comment

Your email address will not be published. Required fields are marked *

error: Content is protected !!
Scroll to Top