ਘੁੱਟਣ- ਕਹਾਣੀਕਾਰ ਹਰਪ੍ਰੀਤ ਜਟਾਣਾ

"ਕੀ ਘੁੱਟਣ ਸਿਰਫ਼ ਸਾਹਾਂ ਦੀ ਹੁੰਦੀ ਹੈ, ਜਾਂ ਆਪਣੇ ਹੀ ਅੰਦਰ ਦੱਬੇ ਹੋਏ ਅਣਕਹੇ ਸੱਚਾਂ ਅਤੇ ਗਵਾਏ ਹੱਕਾਂ ਦੀ?" 'ਘੁੱਟਣ' ਇੱਕ ਅਜਿਹੇ ਬਾਪ ਦੀ ਦਰਦਨਾਕ ਕਹਾਣੀ ਹੈ ਜੋ ਮੰਜੇ 'ਤੇ ਪਿਆ ਆਪਣੇ ਆਖ਼ਰੀ ਸਾਹ ਗਿਣ ਰਿਹਾ ਹੈ ਅਤੇ ਆਲੇ-ਦੁਆਲੇ ਖੜ੍ਹੇ ਆਪਣੇ ਹੀ ਬੱਚਿਆਂ ਦੀਆਂ ਕੜੱਤਣ ਭਰੀਆਂ ਗੱਲਾਂ ਸੁਣ ਰਿਹਾ ਹੈ। ਸਾਰੀ ਉਮਰ ਪਰਿਵਾਰ ਲਈ 'ਸਿਆਣਾ' ਬਣ ਕੇ ਆਪਣੇ ਹੱਕ ਛੱਡਣ ਵਾਲੇ ਬਹਾਦਰ ਸਿੰਘ ਦੀ ਜ਼ਿੰਦਗੀ ਵਿੱਚ ਕਿਵੇਂ ਇੱਕ ਗਲਤ ਫ਼ੈਸਲਾ, ਜ਼ਮੀਰ ਦਾ ਸਮਝੌਤਾ ਅਤੇ ਚੁੱਪ ਦਾ ਬੋਝ ਅਜਿਹੀ ਘੁੱਟਣ ਬਣ ਗਿਆ? ਜਾਣਨ ਲਈ ਪੜ੍ਹੋ ਇਹ ਰੂਹ ਨੂੰ ਝੰਜੋੜਨ ਵਾਲੀ ਪੂਰੀ ਕਹਾਣੀ...

‘ਖਰਰਰਰਰਰ… ਖਰਰਰਰਰ…’

ਮੇਰੇ ਆਪਣੇ ਹੀ ਸਾਹਾਂ ਦੀ ਇਹ ਭਾਰੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਰਹੀ ਸੀ। ਕਦੇ ਕਦੇ ਲੱਗਦਾ ਸੀ ਜਿਵੇਂ ਇਹ ਸਾਹ ਨਹੀਂ, ਮੇਰੇ ਅੰਦਰ ਸਾਲਾਂ ਤੋਂ ਜਮਿਆ ਕੋਈ ਦਰਦ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ।

“ਲੱਗਦਾ ਘੋਰੜੂ ਬੋਲਦਾ…” ਮੇਰੀ ਛੋਟੀ ਭਰਜਾਈ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ। ਫਿਰ ਥੋੜ੍ਹਾ ਰੁਕ ਕੇ ਬੋਲੀ, “ਹੁਣ ਤਾਂ ਬਿੰਦ-ਝੱਟ ਦਾ ਮਹਿਮਾਨ ਆ…”

ਉਸ ਦੇ ਬੋਲਾਂ ਵਿੱਚ ਹਮਦਰਦੀ ਘੱਟ ਤੇ ਇੱਕ ਅਜੀਬ ਜਿਹੀ ਉਡੀਕ ਜ਼ਿਆਦਾ ਸੀ।

“ਹੂੰ…”

ਕਿਸੇ ਨੇ ਹੌਲੀ ਜਿਹੀ ਹੁੰਗਾਰਾ ਭਰਿਆ। ਪਤਾ ਨਹੀਂ ਮੇਰੇ ਚਾਰੇ ਨੂੰਹਾਂ-ਪੁੱਤਾਂ ਵਿੱਚੋਂ ਕਿਸ ਦੀ ਆਵਾਜ਼ ਸੀ।

ਮੈਂ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਪਲਕਾਂ ਜਿਵੇਂ ਕਿਸੇ ਭਾਰੇ ਪੱਥਰ ਹੇਠ ਦੱਬੀਆਂ ਹੋਣ। ਸਰੀਰ ਮੇਰਾ ਸੀ, ਪਰ ਹੁਕਮ ਹੁਣ ਮੇਰਾ ਨਹੀਂ ਸੀ ਚੱਲਦਾ।

“ਚਾਚੀ… ਮੈਂ ਤਾਂ ਬਿਟੂ ਦੇ ਡੈਡੀ ਨੂੰ ਮਸਾਂ ਮਨਾਇਆ ਲਿਆਈ ਆਂ…” ਵੱਡੀ ਨੂੰਹ ਦੀ ਆਵਾਜ਼ ਆਈ, “ਮੈਂ ਆਖਿਆ ਜੇ ਬੁੱਢਾ ਮਰ ਗਿਆ ਤਾਂ ਲੋਕ ਮੂੰਹਾਂ ’ਚ ਉਂਗਲਾਂ ਪਾਉਣਗੇ। ਚਲੋ ਜੋ ਹੋਇਆ ਸੋ ਹੋਇਆ… ਰਹੂ ਤਾਂ ਆਪਣਾ ਪਿਉ ਹੀ…”

ਮੇਰੇ ਅੰਦਰ ਕੋਈ ਚੀਜ਼ ਹਿੱਲੀ।

ਆਪਣਾ ਪਿਉ।

ਇਹ ਦੋ ਸ਼ਬਦ ਕਿੰਨੇ ਅਜਨਬੀ ਲੱਗੇ ਅੱਜ।

“ਚੰਗਾ ਕੀਤਾ ਧੀਏ…” ਮੇਰੀ ਭਰਜਾਈ ਨੇ ਕਿਹਾ, “ਲੋਕਾਂ ਚੰਦਰੀਆਂ ਦਾ ਤਾਂ ਕੋਈ ਮੂੰਹ ਨਹੀਂ ਫੜ ਸਕਦਾ। ਜਿਉਂਦੇ ਜੀ ਤਾਂ ਜਿਹੋ ਜਿਹਾ ਸੀ, ਪਰ ਮਰਨ ਵੇਲੇ ਤਾਂ ਫ਼ਰਜ਼ ਨਿਭਾਉਣਾ ਪੈਂਦਾ…”

ਮੈਂ ਸੁਣ ਰਿਹਾ ਸੀ।

ਹਰ ਸ਼ਬਦ ਮੇਰੇ ਕੰਨਾਂ ਰਾਹੀਂ ਅੰਦਰ ਉਤਰ ਰਿਹਾ ਸੀ।

ਮੈਂ ਜਿਉਂਦਾ ਸੀ, ਪਰ ਮੇਰੇ ਬਾਰੇ ਗੱਲਾਂ ਇੰਝ ਹੋ ਰਹੀਆਂ ਸਨ ਜਿਵੇਂ ਮੈਂ ਪਹਿਲਾਂ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕਾ ਹੋਵਾਂ।

“ਚਾਚੀ… ਸਾਡਾ ਤਾਂ ਸ਼ਰੀਕ ਬਣ ਕੇ ਚੱਲਿਆ…” ਵੱਡੀ ਨੂੰਹ ਨੇ ਕਿਹਾ, “ਇਹਦੇ ਜੋ ਲੱਗਦੇ ਸੀ ਬਸ ਛੋਟੇ ਹੀ ਸੀ।”

ਛੋਟੀ ਨੂੰਹ ਨੇ ਸ਼ਾਇਦ ਇਹ ਗੱਲ ਆਪਣੇ ਉੱਤੇ ਲੈ ਲਈ।

“ਜਿਹੜੇ ਸਾਨੂੰ ਮੁਰੱਬੇ ਦੇ ਗਿਆ, ਉਹ ਸਾਂਭ ਲਏ ਹੁੰਦੇ…” ਉਸਦੀ ਆਵਾਜ਼ ਵਿੱਚ ਪੁਰਾਣਾ ਗਿਲਾ ਸੀ।

“ਆਹੋ… ਮੈਥੋਂ ਨਾ ਮੂੰਹ ਖੁਲਵਾ…” ਵੱਡੀ ਨੂੰਹ ਵੀ ਤਿੱਖੀ ਹੋ ਗਈ।

ਮੇਰਾ ਮਨ ਕੀਤਾ ਕਿ ਅੱਖਾਂ ਖੋਲ੍ਹਾਂ।

ਕਹਿ ਦਿਆਂ—

ਬਸ ਕਰੋ… ਮੈਂ ਅਜੇ ਮਰਿਆ ਨਹੀਂ।

ਪਰ ਮੇਰੇ ਅੰਦਰੋਂ ਨਿਕਲੀ ਹਰ ਆਵਾਜ਼ ਜਿਵੇਂ ਮੇਰੇ ਗਲੇ ਵਿੱਚ ਹੀ ਦੱਬ ਜਾਂਦੀ ਸੀ।

ਇਹ ਘੁੱਟਣ ਨਵੀਂ ਨਹੀਂ ਸੀ।

ਇਹ ਤਾਂ ਮੇਰੀ ਜ਼ਿੰਦਗੀ ਦੀ ਪੁਰਾਣੀ ਸਾਥਣ ਸੀ।

“ਤੂੰ ਚੁੱਪ ਕਰ… ਵੇਲਾ ਕੁਵੇਲਾ ਵੇਖ ਲਿਆ ਕਰੋ…” ਛੋਟੇ ਮੁੰਡੇ ਹਰਵੀਰ ਨੇ ਆਪਣੀ ਘਰਵਾਲੀ ਨੂੰ ਘੁਰਕੀ ਦਿੱਤੀ।

“ਸਿਆਣੀ ਗੱਲ ਆ ਹਰਵੀਰ ਦੀ…” ਭਰਜਾਈ ਨੇ ਕਿਹਾ, “ਚੁੱਪ ਰਹੋ ਭਾਈ।”

ਪਰ ਉਸ ਦੀ ਆਵਾਜ਼ ਵਿੱਚ ਵੀ ਮੈਨੂੰ ਇੱਕ ਅਜੀਬ ਜਿਹੀ ਤਸੱਲੀ ਮਹਿਸੂਸ ਹੋਈ। ਜਿਵੇਂ ਉਹ ਲੜਾਈ ਰੁਕਣ ਤੋਂ ਥੋੜ੍ਹੀ ਨਿਰਾਸ਼ ਹੋ ਗਈ ਹੋਵੇ।

ਕੁਝ ਪਲ ਚੁੱਪ ਰਹੇ।

ਫਿਰ ਭਰਜਾਈ ਨੇ ਡੂੰਘਾ ਸਾਹ ਲਿਆ।

“ਭਾਈ… ਮੈਂ ਆਖਦੀ ਚੰਗੀ ਤਾਂ ਨੀ ਲੱਗਦੀ… ਇਹ ਸਿਵਿਆਂ ’ਚ ਪਿਆ ਆਪ ਪਤਾ ਨੀ ਕਦ ਬੁਲਾਵਾ ਆ ਜਾਵੇ…”

ਉਹ ਥੋੜ੍ਹਾ ਰੁਕੀ।

“ਪਰ ਸੋਡਾ ਕੋਈ ਕਸੂਰ ਨਹੀਂ। ਦੋਵਾਂ ਟੱਬਰਾਂ ਦਾ ਕੋਈ ਕਸੂਰ ਨਹੀਂ… ਇਹਦੇ ਆਪਣੇ ਲੱਛਣ ਮਾੜੇ ਸੀ। ਨਾ ਪਹਿਲਾਂ ਭਰਾ ਦਾ ਬਣਿਆ, ਨਾ ਪੁੱਤਾਂ ਦਾ…”

ਮੇਰੇ ਸੀਨੇ ਵਿੱਚ ਕੁਝ ਚੁਭਿਆ।

“ਜੇ ਭਰਾ ਦਾ ਬਣਿਆ ਹੁੰਦਾ ਤਾਂ ਅੱਡ ਨਾ ਹੁੰਦੇ ਭਾਈ…”

ਉਸ ਦੇ ਸ਼ਬਦ ਮੇਰੇ ਪੁਰਾਣੇ ਜ਼ਖ਼ਮ ਖੋਲ੍ਹ ਰਹੇ ਸਨ।

“ਨਾਲੇ ਕਦੇ ਬਹਾਦਰ ਸਿਆਂ ਬਹਾਦਰ ਸਿਆਂ ਹੁੰਦੀ ਸੀ ਪਿੰਡ ’ਚ… ਅੱਜ ਵੇਖਲਾ… ਫੋਕੀ ਟੌਹਰ ਨੇ ਮਾਰਤਾ ਬਸ…”

ਬਹਾਦਰ ਸਿਆਂ…

ਇਹ ਨਾਮ ਸੁਣਦਿਆਂ ਹੀ ਮੇਰੇ ਅੰਦਰ ਕੋਈ ਪੁਰਾਣਾ ਦਰਵਾਜ਼ਾ ਖੁੱਲ੍ਹ ਗਿਆ।

ਮੇਰੇ ਦਾਦੇ ਨੇ ਰੱਖਿਆ ਸੀ ਇਹ ਨਾਮ।

ਉਹ ਕਹਿੰਦਾ ਹੁੰਦਾ ਸੀ—

“ਸ਼ੇਰਾ, ਨਾਮ ਸਿਰਫ਼ ਬੁਲਾਉਣ ਲਈ ਨਹੀਂ ਹੁੰਦਾ… ਨਾਮ ਨੂੰ ਜਿਉਣਾ ਪੈਂਦਾ।”

ਪਰ ਮੈਂ…

ਮੈਂ ਤਾਂ ਸਾਰੀ ਉਮਰ ਨਾਮ ਦਾ ਭਾਰ ਹੀ ਚੁੱਕਦਾ ਰਿਹਾ।

ਉਸ ਨੂੰ ਨਿਭਾ ਨਾ ਸਕਿਆ।

“ਵੇ ਪੁੱਤ… ਵਗ ਜੀਂ…” ਭਰਜਾਈ ਦੀ ਆਵਾਜ਼ ਨੇ ਮੇਰੇ ਖ਼ਿਆਲ ਤੋੜ ਦਿੱਤੇ।

“ਪਰ ਮੂੰਹ ’ਚ ਪਾਣੀ ਪਾਜਾ ਆਵਦੇ ਬਾਪ ਦੇ।”

ਉਸ ਨੇ ਗੁਰਵੀਰ ਵੱਲ ਪਾਣੀ ਦੀ ਗੜਵੀ ਅਤੇ ਚਮਚਾ ਵਧਾਇਆ।

ਵੱਡਾ ਪੁੱਤ।

ਮੇਰਾ ਗੁਰਵੀਰ।

ਜਿਸ ਨੂੰ ਮੈਂ ਕਦੇ ਆਪਣੀ ਛਾਤੀ ਨਾਲ ਲਾ ਕੇ ਸੁਤਾਇਆ ਸੀ।

ਜਿਸ ਦੇ ਰੋਣ ਨਾਲ ਮੇਰੀ ਨੀਂਦ ਟੁੱਟ ਜਾਂਦੀ ਸੀ।

ਜਿਸ ਲਈ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਮੈਂ ਪਾਥੀਆਂ ਦੀ ਅੱਗ ਬਾਲ ਕੇ ਦੁੱਧ ਗਰਮ ਕਰਦਾ ਸੀ।

ਅੱਜ ਉਹੀ ਪੁੱਤ…

ਮੇਰੇ ਮੂੰਹ ਵਿੱਚ ਪਾਣੀ ਪਾ ਰਿਹਾ ਸੀ।

ਫ਼ਰਜ਼ ਵਜੋਂ।

ਮੋਹ ਵਜੋਂ ਨਹੀਂ।

ਉਸ ਨੇ ਚਮਚਾ ਮੇਰੇ ਮੂੰਹ ਕੋਲ ਕੀਤਾ।

ਪਾਣੀ ਅੰਦਰ ਗਿਆ।

ਮੈਂ ਔਖਾ ਹੋਇਆ।

ਇੱਕ ਪਲ ਲਈ ਸਾਹ ਰੁਕਿਆ।

ਅੱਖਾਂ ਅੱਗੇ ਹਨੇਰਾ ਛਾ ਗਿਆ।

ਉਸ ਵੇਲੇ ਮੈਨੂੰ ਲੱਗਿਆ—

ਇਹ ਪਾਣੀ ਨਹੀਂ ਸੀ ਜੋ ਮੇਰਾ ਸਾਹ ਰੋਕ ਰਿਹਾ ਸੀ…

ਇਹ ਤਾਂ ਉਹੀ ਪੁਰਾਣੀ ਘੁੱਟਣ ਸੀ।

ਉਹ ਘੁੱਟਣ…

ਜੋ ਉਸ ਵੇਲੇ ਜੰਮੀ ਸੀ ਜਦੋਂ ਮੈਂ ਆਪਣੀ ਗੱਲ ਕਹਿਣ ਤੋਂ ਡਰਦਾ ਸੀ।

ਜਦੋਂ ਮੇਰੀ ਮਰਜ਼ੀ ਤੋਂ ਉਲਟ ਹੁੰਦਾ ਸੀ ਤੇ ਮੈਂ ਚੁੱਪ ਰਹਿ ਜਾਂਦਾ ਸੀ।

ਜਦੋਂ ਹਰ ਵਾਰ ਮੈਨੂੰ ਕਿਹਾ ਜਾਂਦਾ—

“ਤੂੰ ਤਾਂ ਸਿਆਣਾ ਐਂ… ਛੱਡ ਦੇ।“

ਅਤੇ ਮੈਂ ਹਰ ਵਾਰ ਆਪਣਾ ਹੱਕ ਛੱਡ ਦਿੰਦਾ।

ਗੁਰਵੀਰ ਦੇ ਹੱਥੋਂ ਪਾਣੀ ਦੀ ਆਖ਼ਰੀ ਬੂੰਦ ਮੇਰੇ ਹੋਠਾਂ ਤੋਂ ਹੇਠਾਂ ਉਤਰੀ ਤਾਂ ਮੇਰਾ ਸਾਹ ਕੁਝ ਪਲਾਂ ਲਈ ਅਟਕ ਗਿਆ।

ਪਰ ਇਹ ਸਾਹ ਸਿਰਫ਼ ਪਾਣੀ ਕਰਕੇ ਨਹੀਂ ਰੁਕਿਆ ਸੀ।

ਅੰਦਰ ਕਿਤੇ ਬਹੁਤ ਪੁਰਾਣੀ ਕੋਈ ਗੰਢ ਫਿਰ ਕੱਸ ਗਈ ਸੀ।

ਮੈਨੂੰ ਲੱਗਿਆ ਜਿਵੇਂ ਮੇਰੇ ਅੰਦਰੋਂ ਕੋਈ ਆਵਾਜ਼ ਆ ਰਹੀ ਹੋਵੇ—

“ਬਹਾਦਰਾ… ਤੂੰ ਅਜੇ ਵੀ ਚੁੱਪ ਐਂ?”

ਮੈਂ ਅੱਖਾਂ ਬੰਦ ਕਰ ਲਈਆਂ।

ਤੇ ਯਾਦਾਂ ਦਾ ਦਰਵਾਜ਼ਾ ਹੌਲੀ-ਹੌਲੀ ਖੁੱਲ੍ਹ ਗਿਆ।

ਗੁਰਵੀਰ…

ਮੇਰਾ ਵੱਡਾ ਪੁੱਤ।

ਅੱਜ ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਕੋਈ ਆਪਣਾਪਣ ਨਹੀਂ ਸੀ, ਪਰ ਮੈਨੂੰ ਅਜੇ ਵੀ ਉਹ ਦਿਨ ਯਾਦ ਸੀ ਜਦੋਂ ਉਹ ਦੋ ਸਾਲ ਦਾ ਸੀ।

ਉਹ ਰਾਤ ਪੋਹ ਦੀ ਸੀ।

ਬਾਹਰ ਧੁੰਦ ਪਈ ਹੋਈ ਸੀ। ਹੱਡੀਆਂ ਚੀਰਦੀ ਠੰਢ। ਕੱਚੇ ਘਰ ਦੀਆਂ ਕੰਧਾਂ ਵਿੱਚੋਂ ਹਵਾ ਸਿਉਂਕਾਂ ਮਾਰਦੀ ਅੰਦਰ ਆ ਰਹੀ ਸੀ।

ਅੱਧੀ ਰਾਤ ਨੂੰ ਗੁਰਵੀਰ ਰੋ ਪਿਆ।

ਧੰਨੋ ਨੇ ਉਸਨੂੰ ਛਾਤੀ ਨਾਲ ਲਾਇਆ, ਪਰ ਉਹ ਚੁੱਪ ਨਾ ਹੋਇਆ।

“ਲੱਗਦਾ ਭੁੱਖ ਲੱਗੀ ਆ…” ਧੰਨੋ ਨੇ ਹੌਲੀ ਜਿਹੀ ਆਖਿਆ।

ਮੈਂ ਉੱਠ ਕੇ ਬੈਠ ਗਿਆ।

“ਤੂੰ ਰਹਿਣ ਦੇ ਧੰਨੋ… ਦਿਨ ਭਰ ਥੱਕੀ ਰਹਿੰਦੀ ਐਂ। ਮੈਂ ਦੁੱਧ ਗਰਮ ਕਰ ਦਿੰਨਾ।”

“ਬਾਹਰ ਬਹੁਤ ਠੰਢ ਆ… ਤੁਸੀਂ ਵੀ ਤਾਂ ਸਾਰਾ ਦਿਨ ਖੇਤਾਂ ‘ਚ ਲੱਗੇ ਰਹਿੰਦੇ ਹੋ।”

ਉਸ ਨੇ ਰੋਕਿਆ ਸੀ।

ਪਰ ਪਿਉ ਦਾ ਦਿਲ ਕਿੱਥੇ ਰੁਕਦਾ ਹੈ?

ਮੈਂ ਚੁੱਪਚਾਪ ਉੱਠਿਆ।

ਪਾਥੀਆਂ ਵਾਲੀ ਅੱਗ ਕੋਲ ਗਿਆ। ਰਾਖ ਵਿੱਚ ਦੱਬੀ ਹੋਈ ਅੱਗ ਲੱਭੀ। ਛਟੀਆਂ ਪਾ ਕੇ ਉਸਨੂੰ ਮੁੜ ਜਗਾਇਆ।

ਕਈ ਵਾਰ ਅੱਗ ਬੁਝ ਜਾਂਦੀ।

ਮੈਂ ਫਿਰ ਬਾਲ ਲੈਂਦਾ।

ਪਰ ਗੁਰਵੀਰ ਦਾ ਰੋਣਾ ਨਹੀਂ ਸੁਣ ਸਕਦਾ ਸੀ।

ਜਦੋਂ ਦੁੱਧ ਗਰਮ ਕਰਕੇ ਵਾਪਸ ਆਇਆ ਤਾਂ ਉਹ ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਾਂ ਮੇਰੇ ਵੱਲ ਕਰ ਰਿਹਾ ਸੀ।

ਮੈਂ ਉਸਨੂੰ ਗੋਦੀ ਵਿੱਚ ਚੁੱਕ ਲਿਆ।

ਉਹ ਦੁੱਧ ਪੀਣ ਲੱਗਾ।

ਉਸ ਵੇਲੇ ਉਹ ਮੈਨੂੰ ਕਿਸੇ ਨਿੱਕੇ ਪੰਛੀ ਦੇ ਬੱਚੇ ਵਰਗਾ ਲੱਗਦਾ ਸੀ।

ਉਸ ਦੀਆਂ ਅੱਖਾਂ ਬੰਦ ਹੋ ਰਹੀਆਂ ਸਨ ਤੇ ਮੇਰੇ ਦਿਲ ਵਿੱਚ ਅਜੀਬ ਜਿਹਾ ਸਕੂਨ ਉਤਰ ਰਿਹਾ ਸੀ।

ਉਸ ਵੇਲੇ ਮੈਂ ਸੋਚਿਆ ਸੀ—

“ਮੇਰਾ ਪੁੱਤ ਵੱਡਾ ਹੋ ਕੇ ਮੇਰਾ ਸਹਾਰਾ ਬਣੇਗਾ।“

ਕਿੰਨੇ ਸੌਖੇ ਹੁੰਦੇ ਨੇ ਪਿਉ ਦੇ ਸੁਪਨੇ।

ਉਹ ਕਦੇ ਹਿਸਾਬ ਨਹੀਂ ਕਰਦੇ।

ਉਹ ਸਿਰਫ਼ ਪਿਆਰ ਕਰਦੇ ਹਨ।

“ਬਹਾਦਰਾ…”

ਇਹ ਆਵਾਜ਼ ਸੁਣ ਕੇ ਮੇਰੀ ਯਾਦ ਟੁੱਟੀ।

ਇਹ ਧੰਨੋ ਦੀ ਆਵਾਜ਼ ਸੀ।

ਮੇਰੀ ਧੰਨੋ।

ਉਹ ਮੇਰੀ ਜ਼ਿੰਦਗੀ ਦੀ ਉਹ ਇਕੱਲੀ ਇਨਸਾਨ ਸੀ ਜਿਸਦੇ ਸਾਹਮਣੇ ਮੈਂ ਕਦੇ ਆਪਣੀ ਚੁੱਪ ਦਾ ਨਾਟਕ ਨਹੀਂ ਕੀਤਾ।

ਉਹ ਜਾਣਦੀ ਸੀ ਕਿ ਮੈਂ ਬਾਹਰੋਂ ਜਿੰਨਾ ਸਖ਼ਤ ਦਿਖਦਾ ਹਾਂ, ਅੰਦਰੋਂ ਉੰਨਾ ਹੀ ਕੱਚਾ ਹਾਂ।

ਸਾਡੇ ਘਰ ਵਿੱਚ ਕਦੇ ਬਹੁਤ ਦੌਲਤ ਨਹੀਂ ਸੀ।

ਪਰ ਧੰਨੋ ਹੱਸ ਕੇ ਕਹਿੰਦੀ—

“ਗੁਰਵੀਰ ਦੇ ਬਾਪੂ, ਘਰ ਵੱਡਾ ਹੋਵੇ ਜਾਂ ਛੋਟਾ… ਜੇ ਦਿਲ ਵੱਡਾ ਹੋਵੇ ਤਾਂ ਰੱਬ ਆਪ ਥਾਂ ਬਣਾ ਦਿੰਦਾ।”

ਜਦੋਂ ਅਸੀਂ ਭਰਾਵਾਂ ਤੋਂ ਅੱਡ ਹੋਏ ਤਾਂ ਮੇਰੇ ਹਿੱਸੇ ਰੇਤਲੇ ਟਿੱਬੇ ਆਏ।

ਮੈਨੂੰ ਯਾਦ ਹੈ ਉਹ ਦਿਨ।

ਮੇਰੇ ਚਿਹਰੇ ‘ਤੇ ਹਾਰ ਸੀ।

ਮੈਨੂੰ ਲੱਗਦਾ ਸੀ ਜਿਵੇਂ ਮੈਂ ਆਪਣੀ ਜ਼ਿੰਦਗੀ ਹਾਰ ਗਿਆ ਹਾਂ।

ਪਰ ਧੰਨੋ ਨੇ ਮੇਰੇ ਮੋਢੇ ‘ਤੇ ਹੱਥ ਰੱਖ ਕੇ ਕਿਹਾ—

“ਨੀਲੀ ਛੱਤ ਵਾਲਾ ਵੇਖਦਾ ਗੁਰਵੀਰ ਦੇ ਬਾਪੂ… ਸੁੱਖ ਨਾਲ ਸੋਨੇ ਵਰਗੇ ਪੁੱਤਾਂ ਦੀ ਜੋੜੀ ਆ। ਸਵੇਰੇ ਜਵਾਨ ਹੋ ਜਾਣਗੇ। ਤਿੰਨੇ ਪਿਉ-ਪੁੱਤ ਰਲ ਕੇ ਇਹ ਟਿੱਬੇ ਵੀ ਸੋਨਾ ਕਰ ਦਿਉਗੇ।”

ਫਿਰ ਉਹ ਆਪਣੀ ਪੁਰਾਣੀ ਸ਼ਰਾਰਤ ਨਾਲ ਹੱਸ ਪਈ।

“ਜੇ ਦੋ ਘੱਟ ਪੈਂਦੇ ਆ ਤਾਂ ਇੱਕ-ਦੋ ਹੋਰ ਜੰਮ ਦਿੰਨੀ ਆਂ… ਬਸ ਤੂੰ ਖੁਸ਼ ਰਿਹਾ ਕਰ ਸਰਦਾਰਾ।”

ਉਸ ਦੀ ਹੰਸੀ ਵਿੱਚ ਅਜਿਹਾ ਜਾਦੂ ਸੀ ਕਿ ਵੱਡੀ ਤੋਂ ਵੱਡੀ ਮੁਸੀਬਤ ਵੀ ਕੁਝ ਪਲਾਂ ਲਈ ਛੋਟੀ ਲੱਗਣ ਲੱਗਦੀ।

ਧੰਨੋ…

ਤੂੰ ਹੁੰਦੀ ਤਾਂ ਸ਼ਾਇਦ ਅੱਜ ਇਹ ਮੰਜਾ ਇੰਨਾ ਸੁੰਨਾ ਨਾ ਹੁੰਦਾ।

ਤੂੰ ਹੁੰਦੀ ਤਾਂ ਸ਼ਾਇਦ ਕੋਈ ਮੇਰੇ ਕੋਲ ਬੈਠ ਕੇ ਪੁੱਛ ਲੈਂਦਾ—

“ਬਹਾਦਰਾ, ਘੁੱਟਣ ਕਿਉਂ ਹੋ ਰਹੀ ਆ?”

ਪਰ ਹੁਣ…

ਮੇਰੀ ਘੁੱਟਣ ਨੂੰ ਸਮਝਣ ਵਾਲਾ ਕੋਈ ਨਹੀਂ ਸੀ।

ਮੇਰੀ ਸੋਚ ਫਿਰ ਪਿੱਛੇ ਮੁੜ ਗਈ।

ਮੇਰੇ ਬਚਪਨ ਵੱਲ।

ਉੱਥੇ ਮੇਰਾ ਪਹਿਲਾ ਦੋਸਤ ਮੇਰਾ ਦਾਦਾ ਸੀ—

ਸਰਦਾਰ ਸੁਰਜਨ ਸਿੰਘ।

ਉਹ ਸਿਰਫ਼ ਮੇਰਾ ਦਾਦਾ ਨਹੀਂ ਸੀ।

ਉਹ ਮੇਰੇ ਲਈ ਇੱਕ ਵਿਚਾਰ ਸੀ।

ਇੱਕ ਰਾਹ ਸੀ।

ਇੱਕ ਵਿਰਾਸਤ ਸੀ।

ਉਹ ਅਕਾਲੀ ਲਹਿਰ ਨਾਲ ਜੁੜਿਆ ਹੋਇਆ ਸੀ। ਗੁਰੂਘਰਾਂ ਨੂੰ ਮਹੰਤਾਂ ਦੇ ਕਬਜ਼ਿਆਂ ਤੋਂ ਮੁਕਤ ਕਰਵਾਉਣ ਵਾਲੇ ਸੰਘਰਸ਼ਾਂ ਵਿੱਚ ਉਸਦਾ ਵੱਡਾ ਯੋਗਦਾਨ ਸੀ।

ਉਸ ਸਮੇਂ ਜਦੋਂ ਪਿੰਡਾਂ ਵਿੱਚ ਸਿੱਖਿਆ ਲਈ ਸਕੂਲ ਖੋਲ੍ਹਣ ਦੀ ਗੱਲ ਚੱਲੀ ਤਾਂ ਉਸ ਨੇ ਆਪਣੀ ਹਵੇਲੀ ਵਰਗਾ ਘਰ ਦਾਨ ਕਰ ਦਿੱਤਾ।

ਘਰ ਦੇ ਕਿਸੇ ਜੀਅ ਨਾਲ ਸਲਾਹ ਨਹੀਂ ਕੀਤੀ।

ਕਿਸੇ ਨੇ ਪੁੱਛਿਆ—

“ਸੁਰਜਨ ਸਿਆਂ, ਇੰਨੀ ਵੱਡੀ ਜਾਇਦਾਦ ਦਾ ਫੈਸਲਾ ਇਕੱਲਿਆਂ ਕਿਵੇਂ ਕਰ ਲਿਆ?”

ਉਹ ਹੱਸ ਕੇ ਕਹਿੰਦਾ—

“ਜਿਹੜੀ ਚੀਜ਼ ਲੋਕਾਂ ਦੇ ਕੰਮ ਨਾ ਆਵੇ, ਉਹ ਜਾਇਦਾਦ ਨਹੀਂ… ਬੋਝ ਹੁੰਦੀ ਆ।”

ਉਸ ਦਿਨ ਤੋਂ ਪਿੰਡ ਵਿੱਚ ਉਸਦਾ ਨਾਮ ਹੋਰ ਉੱਚਾ ਹੋ ਗਿਆ ਸੀ।

ਮੈਂ ਉਸਨੂੰ ਵੇਖ ਕੇ ਸੋਚਦਾ ਸੀ—

ਮੈਂ ਵੀ ਆਪਣੇ ਦਾਦੇ ਵਰਗਾ ਬਣਾਂਗਾ।

ਪਰ ਕਈ ਵਾਰ ਨਾਮ ਵਿਰਾਸਤ ਵਿੱਚ ਮਿਲ ਜਾਂਦੇ ਹਨ…

ਪਰ ਹਿੰਮਤ ਨਹੀਂ।

ਦਾਦਾ ਸੁਰਜਨ ਸਿੰਘ ਦੀਆਂ ਗੱਲਾਂ ਮੇਰੇ ਕੰਨਾਂ ਵਿੱਚ ਅੱਜ ਵੀ ਉਸੇ ਤਰ੍ਹਾਂ ਗੂੰਜਦੀਆਂ ਹਨ ਜਿਵੇਂ ਉਹ ਮੇਰੇ ਸਾਹਮਣੇ ਬੈਠਾ ਹੋਵੇ।

ਉਹ ਅਕਸਰ ਸ਼ਾਮ ਵੇਲੇ ਹਵੇਲੀ ਦੇ ਬਾਹਰ ਪੁਰਾਣੀ ਮੰਜੀ ਡਾਹ ਕੇ ਬੈਠ ਜਾਂਦਾ। ਹੱਥ ਵਿੱਚ ਖੂੰਡਾ ਹੁੰਦਾ ਤੇ ਨਜ਼ਰ ਦੂਰ ਖੇਤਾਂ ਵੱਲ ਟਿਕੀ ਹੁੰਦੀ।

ਮੈਂ ਉਸਦੇ ਕੋਲ ਬੈਠ ਜਾਂਦਾ।

ਉਹ ਮੇਰੇ ਸਿਰ ‘ਤੇ ਹੱਥ ਫੇਰ ਕੇ ਕਹਿੰਦਾ—

“ਸ਼ੇਰਾ… ਬੰਦਾ ਆਪਣੀ ਜ਼ਮੀਨ ਨਾਲ ਨਹੀਂ, ਆਪਣੇ ਕਰਮਾਂ ਨਾਲ ਵੱਡਾ ਹੁੰਦਾ।”

ਮੈਂ ਉਸਦੇ ਮੂੰਹ ਵੱਲ ਵੇਖਦਾ ਰਹਿੰਦਾ।

ਉਸ ਦੀ ਹਰ ਗੱਲ ਮੈਨੂੰ ਹੁਕਮ ਵਰਗੀ ਲੱਗਦੀ।

“ਸਾਡੇ ਪੁਰਖੇ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਰਹੇ ਆ। ਉਹਨਾਂ ਲੋਕਾਂ ਲਈ ਲੜਾਈਆਂ ਲੜੀਆਂ। ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨ ਦਾ ਹੱਕ ਦਿੱਤਾ ਸੀ। ਯਾਦ ਰੱਖੀਂ ਸ਼ੇਰਾ… ਜਿਹੜਾ ਮਨੁੱਖ ਲੋਕਾਂ ਦੇ ਕੰਮ ਆਉਂਦਾ, ਉਹ ਕਦੇ ਖਾਲੀ ਨਹੀਂ ਜਾਂਦਾ।”

ਫਿਰ ਉਹ ਆਪਣੀ ਪੁਰਾਣੀ ਆਦਤ ਮੁਤਾਬਕ ਆਸਮਾਨ ਵੱਲ ਵੇਖ ਕੇ ਕਹਿੰਦਾ—

“ਵਾਹਿਗੁਰੂ ਨੀਤਾਂ ਨੂੰ ਫਲ ਦਿੰਦਾ।”

ਉਸ ਵੇਲੇ ਮੈਨੂੰ ਲੱਗਦਾ ਸੀ ਕਿ ਮੇਰਾ ਦਾਦਾ ਕੋਈ ਆਮ ਮਨੁੱਖ ਨਹੀਂ।

ਉਹ ਮੇਰੇ ਲਈ ਇੱਕ ਯੁੱਗ ਸੀ।

ਇੱਕ ਸਿੱਖਿਆ ਸੀ।

ਇੱਕ ਮਾਣ ਸੀ।

ਮੈਂ ਆਪਣੇ ਆਪ ਵਿੱਚ ਉਸਦਾ ਪਰਛਾਵਾਂ ਵੇਖਣ ਲੱਗ ਪਿਆ ਸੀ।

ਪਰ ਮੇਰੇ ਅੰਦਰ ਇੱਕ ਕਮਜ਼ੋਰੀ ਸੀ।

ਮੈਂ ਉਸ ਵਾਂਗ ਸੱਚ ਲਈ ਖੜ੍ਹ ਨਹੀਂ ਸਕਿਆ।

ਮੈਂ ਉਸ ਵਾਂਗ ਫੈਸਲੇ ਨਹੀਂ ਕਰ ਸਕਿਆ।

ਮੇਰੇ ਕੋਲ ਉਸਦਾ ਨਾਮ ਤਾਂ ਸੀ…

ਪਰ ਉਸ ਵਰਗੀ ਹਿੰਮਤ ਨਹੀਂ ਸੀ।

ਬਚਪਨ ਤੋਂ ਹੀ ਮੇਰੇ ਅੰਦਰ ਇੱਕ ਆਦਤ ਪੈ ਗਈ ਸੀ।

ਚੁੱਪ ਰਹਿਣ ਦੀ।

ਜਦੋਂ ਮੈਂ ਤੇ ਮੇਰਾ ਛੋਟਾ ਭਰਾ ਕਿਸੇ ਗੱਲ ‘ਤੇ ਲੜ ਪੈਂਦੇ ਤਾਂ ਘਰ ਵਾਲੇ ਅਕਸਰ ਕਹਿ ਦਿੰਦੇ—

“ਬਹਾਦਰਾ, ਤੂੰ ਵੱਡਾ ਐਂ… ਤੂੰ ਸਿਆਣਾ ਬਣ।”

ਤੇ ਫਿਰ ਮੇਰੇ ਹੱਥੋਂ ਮੇਰਾ ਹੱਕ ਨਿਕਲ ਜਾਂਦਾ।

ਮੈਨੂੰ ਲੱਗਦਾ ਸੀ ਸ਼ਾਇਦ ਇਹੀ ਵੱਡੇ ਹੋਣ ਦੀ ਨਿਸ਼ਾਨੀ ਹੈ।

ਆਪਣਾ ਗੁੱਸਾ ਪੀ ਜਾਣਾ।

ਆਪਣੀ ਗੱਲ ਦੱਬ ਲੈਣਾ।

ਦੂਜੇ ਦੀ ਖੁਸ਼ੀ ਲਈ ਆਪਣਾ ਮਨ ਮਾਰ ਲੈਣਾ।

ਪਰ ਮੈਨੂੰ ਇਹ ਪਤਾ ਨਹੀਂ ਸੀ ਕਿ ਹਰ ਵਾਰ ਦੱਬੀ ਹੋਈ ਗੱਲ ਅੰਦਰ ਜਾ ਕੇ ਇੱਕ ਗੰਢ ਬਣ ਜਾਂਦੀ ਹੈ।

ਤੇ ਇੱਕ ਦਿਨ ਉਹੀ ਗੰਢ ਸਾਹ ਰੋਕਣ ਲੱਗ ਪੈਂਦੀ ਹੈ।

ਵਕਤ ਲੰਘਦਾ ਗਿਆ।

ਅਸੀਂ ਦੋਵੇਂ ਭਰਾ ਜਵਾਨ ਹੋ ਗਏ।

ਖੇਤ ਵਧੇ।

ਘਰ ਵਧਿਆ।

ਪਰ ਸਾਡੇ ਵਿਚਕਾਰ ਦੀਆਂ ਦੂਰੀਆਂ ਵੀ ਹੌਲੀ-ਹੌਲੀ ਵਧਣ ਲੱਗੀਆਂ।

ਮੇਰਾ ਭਰਾ ਮਾੜਾ ਨਹੀਂ ਸੀ।

ਨਾ ਹੀ ਮੈਂ ਆਪਣੇ ਆਪ ਨੂੰ ਚੰਗਾ ਸਮਝਦਾ ਸੀ।

ਪਰ ਕਈ ਵਾਰ ਘਰ ਟੁੱਟਦੇ ਨੇ ਕਿਸੇ ਇੱਕ ਵੱਡੀ ਗਲਤੀ ਨਾਲ ਨਹੀਂ…

ਛੋਟੀਆਂ-ਛੋਟੀਆਂ ਗੱਲਾਂ ਦੇ ਇਕੱਠੇ ਹੋਣ ਨਾਲ।

ਮੇਰੀ ਛੋਟੀ ਭਰਜਾਈ ਜਦੋਂ ਘਰ ਆਈ ਤਾਂ ਹੌਲੀ-ਹੌਲੀ ਗੱਲਾਂ ਬਦਲਣ ਲੱਗੀਆਂ।

ਉਹ ਮੇਰੇ ਭਰਾ ਨੂੰ ਆਖਦੀ—

“ਤੂੰ ਖੇਤਾਂ ਵਿੱਚ ਹੱਡ ਗਾਲਦਾ… ਤੇ ਭਾਈ ਜੀ ਚਿੱਟੇ ਪਾ ਕੇ ਪਿੰਡ ਵਿੱਚ ਮੋਹਤਬਰ ਬਣੇ ਫਿਰਦੇ।”

“ਕਬੀਲਦਾਰੀ ਵਿੱਚ ਆਪਣੀ ਮਰਜ਼ੀ ਚਲਾਉਂਦੇ।”

“ਜਾਇਦਾਦ ਵੀ ਆਪਣੀ ਸਮਝਦੇ।”

ਸ਼ੁਰੂ ਵਿੱਚ ਮੇਰੇ ਭਰਾ ਨੇ ਇਹ ਗੱਲਾਂ ਹੱਸ ਕੇ ਟਾਲ ਦਿੱਤੀਆਂ।

ਪਰ ਗੱਲਾਂ ਜਦੋਂ ਰੋਜ਼ ਕੰਨਾਂ ਵਿੱਚ ਪੈਣ ਤਾਂ ਪੱਥਰ ਵਿੱਚ ਵੀ ਦਰਾਰ ਪੈ ਜਾਂਦੀ ਹੈ।

ਮੈਂ ਕਈ ਵਾਰ ਮਹਿਸੂਸ ਕੀਤਾ ਕਿ ਸਾਡੇ ਵਿਚਕਾਰ ਕੁਝ ਬਦਲ ਰਿਹਾ ਹੈ।

ਪਰ ਮੈਂ ਫਿਰ ਚੁੱਪ ਰਿਹਾ।

ਮੈਂ ਸੋਚਿਆ—

“ਵੇਲਾ ਆਪ ਠੀਕ ਕਰ ਦੇਵੇਗਾ।”

ਮੈਨੂੰ ਕੀ ਪਤਾ ਸੀ ਕਿ ਕੁਝ ਵੇਲੇ ਆਪ ਨਹੀਂ ਬਦਲਦੇ…

ਉਹ ਮਨੁੱਖ ਨੂੰ ਬਦਲ ਦਿੰਦੇ ਹਨ।

ਫਿਰ ਉਹ ਦਿਨ ਆਇਆ ਜਦੋਂ ਅਸੀਂ ਅੱਡ ਹੋਣ ਦਾ ਫੈਸਲਾ ਕੀਤਾ।

ਮਾਮਾ ਪੰਚਾਇਤ ਵਿੱਚ ਬੈਠਾ ਸੀ।

ਉਹ ਜਾਣਦਾ ਸੀ ਕਿ ਸਾਡੇ ਘਰ ਦੀ ਗੱਲ ਬਾਹਰ ਨਾ ਜਾਵੇ।

ਉਸ ਨੇ ਮੇਰੇ ਵੱਲ ਵੇਖ ਕੇ ਕਿਹਾ—

“ਬਹਾਦਰ ਸਿਆਂ… ਤੂੰ ਤਾਂ ਸਿਆਣਾ ਬੰਦਾ ਐਂ। ਇੱਕ ਧਿਰ ਨੂੰ ਥੋੜ੍ਹਾ ਪਿੱਛੇ ਹਟਣਾ ਪਊ। ਘਰ ਦੀ ਗੱਲ ਘਰ ਵਿੱਚ ਹੀ ਰਹਿਣੀ ਚਾਹੀਦੀ ਆ।”

ਉਹ ਸ਼ਬਦ ਸੁਣ ਕੇ ਮੈਂ ਫਿਰ ਉਹੀ ਪੁਰਾਣਾ ਬਹਾਦਰ ਬਣ ਗਿਆ।

ਸਿਆਣਾ।

ਹਮੇਸ਼ਾ ਵਾਂਗ।

ਮੈਂ ਆਪਣੇ ਹਿੱਸੇ ਦਾ ਵਧੀਆ ਖੇਤ ਮੰਗ ਸਕਦਾ ਸੀ।

ਆਪਣਾ ਹੱਕ ਰੱਖ ਸਕਦਾ ਸੀ।

ਪਰ ਮੇਰੇ ਸਾਹਮਣੇ ਫਿਰ ਉਹੀ ਡਰ ਖੜ੍ਹਾ ਹੋ ਗਿਆ—

“ਲੋਕ ਕੀ ਕਹਿਣਗੇ?”

ਮੈਂ ਚੁੱਪ ਕਰ ਗਿਆ।

ਤੇ ਮੇਰੇ ਹਿੱਸੇ ਆ ਗਏ…

ਰੇਤਲੇ ਟਿੱਬੇ।

ਉਸ ਦਿਨ ਜਦੋਂ ਮੈਂ ਆਪਣੇ ਨਵੇਂ ਖੇਤ ਵੇਖਣ ਗਿਆ ਤਾਂ ਮੇਰੇ ਪੈਰ ਰੇਤ ਵਿੱਚ ਧੱਸ ਰਹੇ ਸਨ।

ਮੈਨੂੰ ਲੱਗਿਆ ਜਿਵੇਂ ਮੈਂ ਖੇਤ ਨਹੀਂ…

ਆਪਣੀ ਜ਼ਿੰਦਗੀ ਦੀਆਂ ਕਮਜ਼ੋਰੀਆਂ ਵੇਖ ਰਿਹਾ ਹਾਂ।

ਮੇਰੇ ਅੰਦਰ ਫਿਰ ਉਹੀ ਘੁੱਟਣ ਉੱਠੀ।

ਛਾਤੀ ਭਾਰੀ ਹੋ ਗਈ।

ਸਾਹ ਔਖਾ ਹੋ ਗਿਆ।

ਪਰ ਘਰ ਆਇਆ ਤਾਂ ਧੰਨੋ ਹੱਸ ਕੇ ਬੋਲੀ—

“ਬਹਾਦਰਾ… ਟਿੱਬੇ ਵੇਖ ਕੇ ਦਿਲ ਛੋਟਾ ਨਾ ਕਰ।”

“ਅੱਜ ਰੇਤ ਆ… ਕੱਲ੍ਹ ਇੱਥੇ ਫਸਲਾਂ ਵੀ ਉੱਗ ਸਕਦੀਆਂ।”

ਉਸ ਦੀ ਗੱਲ ਵਿੱਚ ਵਿਸ਼ਵਾਸ ਸੀ।

ਉਹ ਮਿੱਟੀ ਵਿੱਚ ਵੀ ਭਵਿੱਖ ਵੇਖ ਲੈਂਦੀ ਸੀ।

ਪਰ ਮੈਂ…

ਮੈਂ ਆਪਣੇ ਅੰਦਰ ਦੀ ਘੁੱਟਣ ਨਹੀਂ ਵੇਖ ਸਕਿਆ।

ਧੰਨੋ ਦੀਆਂ ਗੱਲਾਂ ਨੇ ਕੁਝ ਦਿਨਾਂ ਲਈ ਮੇਰੇ ਮਨ ਉੱਤੇ ਪਈ ਰੇਤ ਹਟਾ ਦਿੱਤੀ ਸੀ। ਮੈਂ ਫਿਰ ਖੇਤਾਂ ਵਿੱਚ ਜੁੱਟ ਗਿਆ। ਸਵੇਰ ਦਾ ਤਾਰਾ ਡੁੱਬਣ ਤੋਂ ਪਹਿਲਾਂ ਘਰੋਂ ਨਿਕਲਦਾ ਤੇ ਸੂਰਜ ਡੁੱਬਣ ਮਗਰੋਂ ਮੁੜਦਾ। ਰੇਤਲੇ ਟਿੱਬਿਆਂ ਨੂੰ ਸਮਤਲ ਕਰਦਿਆਂ ਹੱਥਾਂ ਵਿੱਚ ਛਾਲੇ ਪੈ ਜਾਂਦੇ, ਪਰ ਧੰਨੋ ਹਰ ਸ਼ਾਮ ਮੇਰੇ ਹੱਥਾਂ ‘ਤੇ ਸਰ੍ਹੋਂ ਦਾ ਤੇਲ ਮਲਦੀ ਤੇ ਹੱਸ ਕੇ ਕਹਿੰਦੀ,

“ਵੇਖੀਂ, ਇੱਕ ਦਿਨ ਇਹੀ ਟਿੱਬੇ ਤੇਰੀ ਮਿਹਨਤ ਅੱਗੇ ਹਾਰ ਜਾਣਗੇ।”

ਮੈਂ ਵੀ ਮੁਸਕਰਾ ਦਿੰਦਾ, ਪਰ ਅੰਦਰ ਕਿਤੇ ਇੱਕ ਸਵਾਲ ਹਮੇਸ਼ਾ ਜਿਉਂਦਾ ਰਹਿੰਦਾ—ਕੀ ਸਿਰਫ਼ ਮਿਹਨਤ ਹੀ ਕਾਫ਼ੀ ਹੁੰਦੀ ਹੈ?

ਇਸੇ ਦੌਰਾਨ ਪਿੰਡ ਵਿੱਚ ਇੱਕ ਹੋਰ ਅੱਗ ਸੁਲਗ ਰਹੀ ਸੀ।

ਦੋ ਭੈਣ-ਭਰਾਵਾਂ ਦਾ ਜ਼ਮੀਨ ਦਾ ਮੁਕੱਦਮਾ ਕਈ ਸਾਲਾਂ ਤੋਂ ਚੱਲ ਰਿਹਾ ਸੀ। ਅਦਾਲਤ ਨੇ ਆਖ਼ਰਕਾਰ ਫ਼ੈਸਲਾ ਭੈਣ ਦੇ ਹੱਕ ਵਿੱਚ ਕਰ ਦਿੱਤਾ। ਪਰ ਭੈਣ ਸਹੁਰੇ ਘਰ ਰਹਿੰਦੀ ਸੀ। ਉਸ ਨੇ ਆਪਣਾ ਹਿੱਸਾ ਜਲਦੀ ਵੇਚਣ ਦਾ ਮਨ ਬਣਾ ਲਿਆ।

ਇੱਕ ਸ਼ਾਮ ਉਸਦਾ ਭਰਾ ਮੇਰੇ ਕੋਲ ਆਇਆ।

ਉਹ ਮੇਰੀ ਬੈਠਕ ਵਿੱਚ ਨਹੀਂ ਬੈਠਿਆ।

ਸਿੱਧਾ ਮੇਰੇ ਪੈਰਾਂ ਕੋਲ ਬੈਠ ਗਿਆ।

“ਬਹਾਦਰ ਸਿਆਂ… ਮੇਰੀ ਲਾਜ ਰੱਖ ਲੈ।”

ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ।

“ਜੇ ਇਹ ਜ਼ਮੀਨ ਕਿਸੇ ਹੋਰ ਨੇ ਲੈ ਲਈ ਤਾਂ ਮੈਂ ਆਪਣੇ ਪਿਉ ਦੇ ਖੇਤਾਂ ਵਿੱਚ ਮਜ਼ਦੂਰ ਬਣ ਜਾਵਾਂਗਾ। ਤੂੰ ਪੈਸੇ ਦੇ ਦੇ… ਮੈਂ ਹੌਲੀ-ਹੌਲੀ ਮੋੜ ਦਿਆਂਗਾ।”

ਮੈਂ ਕੁਝ ਪਲ ਚੁੱਪ ਰਿਹਾ।

ਮੈਨੂੰ ਉਸਦੇ ਸ਼ਬਦਾਂ ਨਾਲੋਂ ਉਸ ਦੀਆਂ ਅੱਖਾਂ ਵੱਧ ਬੋਲਦੀਆਂ ਜਾਪੀਆਂ।

ਮੈਂ ਉਸਦੇ ਮੋਢੇ ‘ਤੇ ਹੱਥ ਰੱਖਿਆ।

“ਫ਼ਿਕਰ ਨਾ ਕਰ। ਕੱਲ੍ਹ ਸਵੇਰੇ ਪੈਸੇ ਲੈ ਜਾਈਂ।”

ਉਹ ਮੇਰੇ ਹੱਥ ਚੁੰਮਣ ਲੱਗਾ।

ਮੈਂ ਝੱਟ ਹੱਥ ਪਿੱਛੇ ਖਿੱਚ ਲਿਆ।

“ਇਹ ਨਾ ਕਰ। ਬੰਦੇ ਦੀ ਇੱਜ਼ਤ ਉਸਦੇ ਹੱਥਾਂ ਵਿੱਚ ਨਹੀਂ, ਉਸਦੇ ਭਰੋਸੇ ਵਿੱਚ ਹੁੰਦੀ ਹੈ।”

ਉਹ ਚਲਾ ਗਿਆ।

ਪਰ ਉਸਦੇ ਜਾਣ ਤੋਂ ਬਾਅਦ ਮੇਰੇ ਆਪਣੇ ਘਰ ਵਿੱਚ ਤੂਫ਼ਾਨ ਆ ਗਿਆ।

ਰਾਤ ਨੂੰ ਰੋਟੀ ਖਾਂਦੇ-ਖਾਂਦੇ ਮੈਂ ਗੱਲ ਛੇੜੀ।

“ਮੈਂ ਕੱਲ੍ਹ ਉਹਨੂੰ ਪੈਸੇ ਦੇਣੇ ਆ।”

ਮੇਰਾ ਭਰਾ ਚੁੱਪ ਰਿਹਾ।

ਪਰ ਛੋਟੀ ਭਰਜਾਈ ਨੇ ਤੁਰੰਤ ਪੁੱਛਿਆ,

“ਕਿਉਂ?”

“ਜੁਬਾਨ ਦੇ ਆਇਆ ਹਾਂ।”

“ਜੁਬਾਨ ਦੇ ਆਏ ਓ ਜਾਂ ਮੂਰਖਤਾ ਕਰ ਆਏ ਓ?”

ਉਸਦੀ ਆਵਾਜ਼ ਵਿੱਚ ਤੰਜ ਸੀ।

“ਉਹ ਜ਼ਮੀਨ ਆਪਾਂ ਲੈ ਲਈਏ। ਅੱਧੇ ਰੇਟ ਮਿਲ ਰਹੀ ਆ।”

ਮੈਂ ਸਿਰ ਹਿਲਾਇਆ।

“ਮਜਬੂਰੀ ਦਾ ਫ਼ਾਇਦਾ ਚੁੱਕਣਾ ਠੀਕ ਨਹੀਂ ਲੱਗਦਾ।”

“ਠੀਕ-ਗਲਤ ਨਾਲ ਘਰ ਨਹੀਂ ਚੱਲਦੇ, ਭਾਈ ਜੀ। ਜ਼ਮੀਨ ਮੌਕਾ ਵੇਖ ਕੇ ਲਈਦੀ ਆ।”

ਪਹਿਲੀ ਵਾਰ ਮੇਰੇ ਭਰਾ ਨੇ ਵੀ ਉਸਦੀ ਹਾਮੀ ਭਰੀ।

“ਭਾਈ… ਗੱਲ ਤਾਂ ਠੀਕ ਆ।”

ਮੈਂ ਉਸ ਵੱਲ ਵੇਖਿਆ।

ਉਹ ਨਜ਼ਰਾਂ ਚੁਰਾ ਗਿਆ।

ਮੈਨੂੰ ਲੱਗਿਆ ਜਿਵੇਂ ਸਾਡੇ ਵਿਚਕਾਰ ਕੋਈ ਬਹੁਤ ਬਰੀਕ ਦਰਾਰ ਪੈ ਗਈ ਹੋਵੇ।

ਮੈਂ ਹੌਲੀ ਜਿਹੇ ਕਿਹਾ,

“ਮੈਂ ਬਚਨ ਦੇ ਆਇਆ ਹਾਂ।”

“ਬਚਨ ਵਾਪਸ ਵੀ ਲਏ ਜਾਂਦੇ ਨੇ।”

ਛੋਟੀ ਭਰਜਾਈ ਦਾ ਜਵਾਬ ਛੁਰੀ ਵਾਂਗ ਸੀ।

ਕਮਰੇ ਵਿੱਚ ਚੁੱਪ ਛਾ ਗਈ।

ਧੰਨੋ ਸਭ ਕੁਝ ਸੁਣ ਰਹੀ ਸੀ।

ਉਸ ਨੇ ਕੁਝ ਨਹੀਂ ਕਿਹਾ।

ਸਿਰਫ਼ ਮੇਰੀ ਥਾਲੀ ਵਿੱਚ ਇੱਕ ਹੋਰ ਫੁਲਕਾ ਰੱਖ ਦਿੱਤਾ।

ਉਸ ਛੋਟੀ ਜਿਹੀ ਹਰਕਤ ਨੇ ਮੈਨੂੰ ਜਵਾਬ ਦੇ ਦਿੱਤਾ।

ਅਗਲੀ ਸਵੇਰ ਮੈਂ ਪੈਸੇ ਦੇ ਆਇਆ।

ਮੁੜ ਕੇ ਆਇਆ ਤਾਂ ਘਰ ਉਹੀ ਸੀ।

ਲੋਕ ਉਹੀ ਸਨ।

ਪਰ ਮੈਨੂੰ ਲੱਗਿਆ, ਘਰ ਦੀਆਂ ਕੰਧਾਂ ਦਾ ਰੰਗ ਬਦਲ ਗਿਆ ਹੈ।

ਉਸ ਦਿਨ ਪਹਿਲੀ ਵਾਰ ਮੈਨੂੰ ਮਹਿਸੂਸ ਹੋਇਆ ਕਿ ਰਿਸ਼ਤੇ ਇੱਕੋ ਦਿਨ ਨਹੀਂ ਟੁੱਟਦੇ; ਉਹਨਾਂ ਵਿੱਚ ਪਹਿਲਾਂ ਚੁੱਪ ਪੈਦਾ ਹੁੰਦੀ ਹੈ, ਫਿਰ ਸ਼ੱਕ, ਤੇ ਆਖ਼ਰ ਵਿੱਚ ਦੂਰੀ।

ਸ਼ਾਮ ਨੂੰ ਮੈਂ ਵਿਹੜੇ ਵਿੱਚ ਇਕੱਲਾ ਬੈਠਾ ਸੀ।

ਧੰਨੋ ਚਾਹ ਦਾ ਗਿਲਾਸ ਲੈ ਕੇ ਆਈ।

“ਮਨ ਭਾਰਾ ਹੈ?”

ਮੈਂ ਹੱਸਣ ਦੀ ਕੋਸ਼ਿਸ਼ ਕੀਤੀ।

“ਨਹੀਂ।”

ਧੰਨੋ ਨੇ ਮੇਰੇ ਚਿਹਰੇ ਵੱਲ ਵੇਖਿਆ।

“ਤੇਰੇ ‘ਨਹੀਂ’ ਤੋਂ ਵੱਧ ਸੱਚਾ ਤੇਰਾ ਚਿਹਰਾ ਹੁੰਦਾ ਹੈ, ਬਹਾਦਰਾ।”

ਮੈਂ ਪਹਿਲੀ ਵਾਰ ਉਸਦੇ ਸਾਹਮਣੇ ਹਾਰ ਗਿਆ।

“ਧੰਨੋ… ਲੱਗਦਾ ਮੇਰਾ ਆਪਣਾ ਘਰ ਮੇਰੇ ਹੱਥੋਂ ਖਿਸਕ ਰਿਹਾ ਹੈ।”

ਧੰਨੋ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਲੈ ਲਿਆ।

“ਘਰ ਕੰਧਾਂ ਨਾਲ ਨਹੀਂ ਬਣਦਾ। ਜਦ ਤੱਕ ਮਨ ਸਾਫ਼ ਹੈ, ਰੱਬ ਰਾਹ ਕੱਢ ਦਿੰਦਾ ਹੈ।”

ਮੈਂ ਉਸਦੇ ਸ਼ਬਦ ਸੁਣ ਤਾਂ ਲਏ…

ਪਰ ਨਾ ਜਾਣੇ ਕਿਉਂ, ਉਸ ਰਾਤ ਫਿਰ ਮੇਰੀ ਛਾਤੀ ਭਾਰੀ ਹੋ ਗਈ।

ਘੁੱਟਣ ਪਹਿਲਾਂ ਨਾਲੋਂ ਕੁਝ ਹੋਰ ਡੂੰਘੀ ਸੀ।

ਅਤੇ ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਤਾਂ ਅਜੇ ਸਿਰਫ਼ ਸ਼ੁਰੂਆਤ ਸੀ।

ਉਸ ਦਿਨ ਤੋਂ ਬਾਅਦ ਘਰ ਵਿੱਚ ਸਭ ਕੁਝ ਪਹਿਲਾਂ ਵਰਗਾ ਹੀ ਸੀ।

ਚੁੱਲ੍ਹਾ ਉਸੇ ਵੇਲੇ ਬਲਦਾ।

ਰੋਟੀਆਂ ਉਸੇ ਤਵੇ ਉੱਤੇ ਪੱਕਦੀਆਂ।

ਅਸੀਂ ਸਾਰੇ ਇੱਕੋ ਵਿਹੜੇ ਵਿੱਚ ਬੈਠਦੇ।

ਪਰ ਨਾ ਜਾਣੇ ਕਿਉਂ, ਮੈਨੂੰ ਲੱਗਦਾ ਸੀ ਜਿਵੇਂ ਘਰ ਦੀ ਹਵਾ ਬਦਲ ਗਈ ਹੋਵੇ।

ਪਹਿਲਾਂ ਗੱਲਾਂ ਹੁੰਦੀਆਂ ਸਨ।

ਹੁਣ ਸਿਰਫ਼ ਲੋੜਾਂ ਬੋਲਦੀਆਂ ਸਨ।

ਛੋਟੀ ਭਰਜਾਈ ਹੁਣ ਮੇਰੇ ਸਾਹਮਣੇ ਘੱਟ ਬੋਲਦੀ, ਪਰ ਜਦੋਂ ਵੀ ਬੋਲਦੀ, ਉਸਦੇ ਸ਼ਬਦ ਸਿੱਧੇ ਮੇਰੇ ਭਰਾ ਦੇ ਮਨ ਵਿੱਚ ਜਾ ਵੱਜਦੇ।

“ਵੇਖ ਲਈਂ… ਭਾਈ ਜੀ ਨੇ ਜੁਬਾਨ ਨਿਭਾ ਲਈ। ਹੁਣ ਉਹ ਬੰਦਾ ਜ਼ਮੀਨ ਦਾ ਮਾਲਕ ਬਣ ਗਿਆ, ਤੇ ਆਪਾਂ ਹੱਥ ਮਲਦੇ ਰਹਿ ਗਏ।”

ਮੇਰਾ ਭਰਾ ਕੁਝ ਨਹੀਂ ਕਹਿੰਦਾ।

ਪਰ ਉਸਦੀ ਚੁੱਪ ਹੁਣ ਪਹਿਲਾਂ ਵਾਲੀ ਚੁੱਪ ਨਹੀਂ ਸੀ।

ਉਸ ਵਿੱਚ ਸਵਾਲ ਸਨ।

ਸ਼ੱਕ ਸੀ।

ਤੇ ਸ਼ਾਇਦ ਮੇਰੇ ਪ੍ਰਤੀ ਕੋਈ ਅਣਕਹੀ ਨਾਰਾਜ਼ਗੀ ਵੀ।

ਇੱਕ ਸ਼ਾਮ ਅਸੀਂ ਦੋਵੇਂ ਖੇਤੋਂ ਮੁੜ ਰਹੇ ਸਾਂ।

ਸੂਰਜ ਢਲ ਰਿਹਾ ਸੀ।

ਸਾਡੇ ਪਰਛਾਵੇਂ ਲੰਮੇ ਹੋ ਕੇ ਰੇਤ ਉੱਤੇ ਵਿਛ ਗਏ ਸਨ।

ਕਾਫ਼ੀ ਦੇਰ ਤੱਕ ਕੋਈ ਨਾ ਬੋਲਿਆ।

ਫਿਰ ਉਹ ਅਚਾਨਕ ਰੁਕ ਗਿਆ।

“ਭਾਈ…”

ਮੈਂ ਉਸ ਵੱਲ ਵੇਖਿਆ।

“ਇੱਕ ਗੱਲ ਪੁੱਛਾਂ?”

“ਪੁੱਛ।”

“ਤੈਨੂੰ ਕਦੇ ਲੱਗਿਆ ਨਹੀਂ ਕਿ ਤੂੰ ਸਾਰਾ ਕੁਝ ਆਪਣੀ ਮਰਜ਼ੀ ਨਾਲ ਕਰਦਾ ਐਂ?”

ਉਸਦਾ ਸਵਾਲ ਸੁਣ ਕੇ ਮੈਂ ਠਿਠਕ ਗਿਆ।

“ਕੀ ਮਤਲਬ?”

“ਪਿੰਡ ਦੇ ਫ਼ੈਸਲੇ ਵੀ ਤੂੰ…

ਘਰ ਦੇ ਵੀ ਤੂੰ…

ਕਿਸੇ ਨੂੰ ਪੈਸੇ ਦੇਣੇ ਹੋਣ, ਉਹ ਵੀ ਤੂੰ…

ਸਾਨੂੰ ਪੁੱਛਣ ਦੀ ਲੋੜ ਨਹੀਂ ਸਮਝਦਾ।”

ਮੈਂ ਕੁਝ ਪਲ ਉਸ ਵੱਲ ਵੇਖਦਾ ਰਿਹਾ।

“ਮੈਂ ਕਦੇ ਆਪਣੇ ਲਈ ਕੁਝ ਨਹੀਂ ਕੀਤਾ।”

“ਪਰ ਕੀਤਾ ਤਾਂ ਤੂੰ ਹੀ।”

ਉਹ ਇੰਨਾ ਕਹਿ ਕੇ ਅੱਗੇ ਤੁਰ ਪਿਆ।

ਮੈਂ ਉਸਦੇ ਪਿੱਛੇ ਤੁਰ ਤਾਂ ਰਿਹਾ ਸੀ…

ਪਰ ਪਹਿਲੀ ਵਾਰ ਲੱਗਾ ਕਿ ਅਸੀਂ ਇੱਕੋ ਰਾਹ ‘ਤੇ ਨਹੀਂ ਤੁਰ ਰਹੇ।

ਕੁਝ ਹੀ ਮਹੀਨਿਆਂ ਵਿੱਚ ਉਹ ਹੋਇਆ ਜਿਸਦਾ ਡਰ ਮੈਨੂੰ ਕਈ ਸਾਲਾਂ ਤੋਂ ਸੀ।

ਮਾਮਾ ਆ ਗਿਆ।

ਦੋ-ਚਾਰ ਮੋਹਤਬਰ ਬੰਦੇ ਵੀ ਬੈਠ ਗਏ।

ਵਿਹੜੇ ਵਿੱਚ ਮੰਜੀਆਂ ਵਿਛ ਗਈਆਂ।

ਕਾਗਜ਼, ਸਿਆਹੀ ਤੇ ਹਿਸਾਬ-ਕਿਤਾਬ ਖੁੱਲ੍ਹ ਗਏ।

ਮਾਮੇ ਨੇ ਮੇਰੇ ਵੱਲ ਵੇਖ ਕੇ ਕਿਹਾ,

“ਬਹਾਦਰ ਸਿਆਂ… ਜੇ ਇਕੱਠੇ ਰਹਿਣਾ ਔਖਾ ਹੋ ਗਿਆ ਤਾਂ ਪਿਆਰ ਨਾਲ ਅੱਡ ਹੋ ਜਾਓ। ਲੜ ਕੇ ਟੁੱਟਣ ਨਾਲੋਂ ਰਾਜ਼ੀ-ਖੁਸ਼ੀ ਵੰਡ ਹੋ ਜਾਵੇ ਤਾਂ ਚੰਗਾ।”

ਮੈਂ ਚਾਹੁੰਦਾ ਤਾਂ ਕਹਿ ਸਕਦਾ ਸੀ—

“ਨਹੀਂ। ਅਸੀਂ ਅੱਡ ਨਹੀਂ ਹੋਣਾ।“

ਮੈਂ ਚਾਹੁੰਦਾ ਤਾਂ ਕਹਿ ਸਕਦਾ ਸੀ—

“ਜਿਸ ਘਰ ਨੂੰ ਦਾਦੇ ਨੇ ਜੋੜਿਆ ਸੀ, ਉਹ ਮੇਰੇ ਹੱਥੋਂ ਨਹੀਂ ਟੁੱਟੇਗਾ।“

ਪਰ…

ਮੇਰੀ ਜ਼ਬਾਨ ਫਿਰ ਮੇਰਾ ਸਾਥ ਨਾ ਦੇ ਸਕੀ।

ਮਾਮੇ ਨੇ ਨਕਸ਼ਾ ਖੋਲ੍ਹ ਲਿਆ।

ਖੇਤਾਂ ਦੇ ਨੰਬਰ ਪੜ੍ਹੇ ਜਾਣ ਲੱਗੇ।

ਵਧੀਆ ਜ਼ਮੀਨ…

ਮੱਧਮ ਜ਼ਮੀਨ…

ਤੇ ਆਖ਼ਰ ਵਿੱਚ…

ਰੇਤਲੇ ਟਿੱਬੇ।

ਮਾਮੇ ਨੇ ਮੇਰੇ ਵੱਲ ਵੇਖਿਆ।

“ਬਹਾਦਰ ਸਿਆਂ… ਤੂੰ ਤਾਂ ਸਿਆਣਾ ਬੰਦਾ ਐਂ। ਟਿੱਬੇ ਤੂੰ ਰੱਖ ਲੈ। ਛੋਟਾ ਹਾਲੇ ਨਿਆਣਾ ਐ।”

ਇਹ ਵਾਕ ਮੈਂ ਪਹਿਲਾਂ ਵੀ ਕਈ ਵਾਰ ਸੁਣਿਆ ਸੀ।

“ਤੂੰ ਸਿਆਣਾ ਐਂ…”

ਇਹ ਚਾਰ ਸ਼ਬਦ ਮੇਰੀ ਸਾਰੀ ਉਮਰ ਦਾ ਸਭ ਤੋਂ ਵੱਡਾ ਬੋਝ ਬਣ ਗਏ ਸਨ।

ਮੈਂ ਚੁੱਪਚਾਪ ਸਿਰ ਹਿਲਾ ਦਿੱਤਾ।

ਮੇਰੇ ਭਰਾ ਨੇ ਇੱਕ ਵਾਰ ਵੀ ਨਾ ਕਿਹਾ—

“ਨਹੀਂ ਮਾਮਾ… ਇਹ ਠੀਕ ਨਹੀਂ।”

ਉਸ ਦਿਨ ਪਹਿਲੀ ਵਾਰ ਮੈਨੂੰ ਸਮਝ ਆਈ…

ਕਈ ਵਾਰ ਇਨਸਾਨ ਨੂੰ ਆਪਣੇ ਦੁਸ਼ਮਣ ਨਹੀਂ ਹਰਾਉਂਦੇ।

ਉਸਦੇ ਆਪਣੇ ਲੋਕਾਂ ਦੀ ਚੁੱਪ ਹਰਾ ਦਿੰਦੀ ਹੈ।

ਘਰ ਮੁੜਿਆ ਤਾਂ ਧੰਨੋ ਮੇਰਾ ਚਿਹਰਾ ਵੇਖ ਕੇ ਹੀ ਸਮਝ ਗਈ।

“ਟਿੱਬੇ ਆਏ ਨੇ?”

ਮੈਂ ਹੌਲੀ ਜਿਹੀ “ਹਾਂ” ਵਿੱਚ ਸਿਰ ਹਿਲਾ ਦਿੱਤਾ।

ਉਹ ਕੁਝ ਪਲ ਚੁੱਪ ਰਹੀ।

ਫਿਰ ਮੁਸਕਰਾਈ।

“ਚਲੋ… ਚੰਗਾ ਹੋਇਆ।”

ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ।

“ਚੰਗਾ?”

“ਹਾਂ।”

“ਕਿਉਂ?”

ਉਹ ਬੋਲੀ—

“ਉਪਜਾਊ ਜ਼ਮੀਨ ਤਾਂ ਹਰ ਕੋਈ ਵਾਹ ਲੈਂਦਾ। ਸਰਦਾਰ ਉਹ ਹੁੰਦਾ ਜਿਹੜਾ ਟਿੱਬਿਆਂ ਵਿੱਚ ਵੀ ਹਰਿਆਲੀ ਉਗਾ ਦੇਵੇ।”

ਉਸ ਦੀਆਂ ਅੱਖਾਂ ਵਿੱਚ ਮੇਰੇ ਲਈ ਵਿਸ਼ਵਾਸ ਸੀ।

ਮੇਰੀਆਂ ਅੱਖਾਂ ਵਿੱਚ ਆਪਣੇ ਲਈ ਸ਼ੱਕ।

ਉਸ ਰਾਤ ਧੰਨੋ ਤਾਂ ਚੈਨ ਨਾਲ ਸੌਂ ਗਈ…

ਪਰ ਮੈਂ ਦੇਰ ਤੱਕ ਜਾਗਦਾ ਰਿਹਾ।

ਸੀਨੇ ਵਿੱਚ ਫਿਰ ਉਹੀ ਭਾਰ ਸੀ।

ਲੱਗਦਾ ਸੀ ਜਿਵੇਂ ਕੋਈ ਅਣਦਿੱਖਾ ਹੱਥ ਮੇਰੇ ਗਲੇ ਨੂੰ ਹੌਲੀ-ਹੌਲੀ ਘੁੱਟ ਰਿਹਾ ਹੋਵੇ।

ਉਸ ਰਾਤ ਮੈਨੂੰ ਪਹਿਲੀ ਵਾਰ ਸਮਝ ਆਈ—

ਘੁੱਟਣ ਸਿਰਫ਼ ਸਾਹ ਦੀ ਨਹੀਂ ਹੁੰਦੀ… ਕਈ ਵਾਰ ਆਪਣੇ ਹੀ ਹੱਕ ਨੂੰ ਆਪਣੇ ਹੱਥਾਂ ਨਾਲ ਛੱਡ ਦੇਣ ਦੀ ਵੀ ਹੁੰਦੀ ਹੈ।

ਟਿੱਬਿਆਂ ਵਾਲੀ ਜ਼ਮੀਨ ਨੇ ਮੈਨੂੰ ਹਾਰਨਾ ਨਹੀਂ ਸਿਖਾਇਆ।

ਪਹਿਲੇ ਸਾਲ ਅਸੀਂ ਤਿੰਨ ਜਣੇ—ਮੈਂ, ਧੰਨੋ ਤੇ ਗੁਰਵੀਰ—ਰੇਤ ਵਿੱਚੋਂ ਕੰਡੇ ਚੁਗਦੇ ਰਹੇ। ਹਰਵੀਰ ਹਾਲੇ ਨਿੱਕਾ ਸੀ। ਧੰਨੋ ਸਿਰ ‘ਤੇ ਟੋਕਰਾ ਚੁੱਕ ਕੇ ਕੰਡੇ ਦੂਰ ਸੁੱਟ ਆਉਂਦੀ ਤੇ ਮੁੜਦਿਆਂ ਹੱਸ ਕੇ ਕਹਿੰਦੀ,

“ਵੇਖੀਂ ਸਰਦਾਰਾ, ਇੱਕ ਦਿਨ ਇਹੀ ਧਰਤੀ ਸਾਡੇ ਪੈਰ ਚੁੰਮੇਗੀ।”

ਮੈਂ ਮੁਸਕਰਾ ਦਿੰਦਾ।

ਧੰਨੋ ਦੀਆਂ ਗੱਲਾਂ ਵਿੱਚ ਅਜੀਬ ਜਿਹਾ ਯਕੀਨ ਹੁੰਦਾ ਸੀ। ਕਈ ਵਾਰ ਮੈਂ ਸੋਚਦਾ, ਜੇ ਰੱਬ ਕਿਤੇ ਵੱਸਦਾ ਹੈ ਤਾਂ ਸ਼ਾਇਦ ਧੰਨੋ ਦੇ ਹੌਸਲੇ ਵਿੱਚ ਹੀ ਵੱਸਦਾ ਹੋਵੇ।

ਦੋ-ਤਿੰਨ ਸਾਲਾਂ ਦੀ ਮਿਹਨਤ ਮਗਰੋਂ ਟਿੱਬੇ ਕੁਝ ਸੰਭਲਣ ਲੱਗ ਪਏ।

ਫ਼ਸਲ ਤਾਂ ਹਾਲੇ ਵੀ ਹੋਰਾਂ ਨਾਲੋਂ ਘੱਟ ਹੁੰਦੀ ਸੀ, ਪਰ ਹੁਣ ਮੈਨੂੰ ਉਮੀਦ ਦਿਸਣ ਲੱਗੀ ਸੀ।

ਇਸੇ ਦੌਰਾਨ ਪਿੰਡ ਦੇ ਲੋਕ ਇੱਕ ਹੋਰ ਗੱਲ ਲਈ ਮੇਰੇ ਘਰ ਆਉਣ ਲੱਗੇ।

ਕਿਸੇ ਦਾ ਖੇਤ ਦਾ ਵੱਟਾ ਟੁੱਟ ਜਾਂਦਾ, ਕਿਸੇ ਦਾ ਪਾਣੀ ਦਾ ਵਾਰਾ ਲੜ ਪੈਂਦਾ, ਕਿਸੇ ਦੇ ਘਰ ਜਵਾਈ ਨਾਲ ਅਣਬਣ ਹੋ ਜਾਂਦੀ।

ਲੋਕ ਕਹਿੰਦੇ,

“ਬਹਾਦਰ ਸਿਆਂ ਨੂੰ ਬੁਲਾਓ। ਉਹ ਜੋ ਕਹੇਗਾ, ਮਨਜ਼ੂਰ ਹੋਵੇਗਾ।”

ਮੈਂ ਕਦੇ ਆਪਣੇ ਆਪ ਨੂੰ ਪੰਚ ਨਹੀਂ ਸਮਝਿਆ।

ਮੈਂ ਤਾਂ ਸਿਰਫ਼ ਇਹੀ ਚਾਹੁੰਦਾ ਸੀ ਕਿ ਦੋ ਬੰਦਿਆਂ ਦਾ ਝਗੜਾ ਮੁੱਕ ਜਾਵੇ।

ਪਰ ਇੱਕ ਕਮੀ ਮੇਰੇ ਵਿੱਚ ਅਜੇ ਵੀ ਸੀ।

ਮੈਂ ਸੱਚ ਬੋਲਣ ਤੋਂ ਪਹਿਲਾਂ ਇਹ ਸੋਚਦਾ ਸੀ ਕਿ ਕੌਣ ਨਾਰਾਜ਼ ਹੋ ਜਾਵੇਗਾ।

ਤੇ ਕਈ ਵਾਰ ਇਹੀ ਸੋਚ ਇਨਸਾਫ਼ ਨਾਲੋਂ ਭਾਰੀ ਪੈ ਜਾਂਦੀ।

ਪੰਚਾਇਤੀ ਚੋਣਾਂ ਆ ਗਈਆਂ।

ਪਿੰਡ ਵਿੱਚ ਕਈ ਨਾਂ ਚੱਲੇ।

ਪਰ ਆਖ਼ਰ ਇੱਕ ਸ਼ਾਮ ਪਿੰਡ ਦੇ ਮੋਹਤਬਰ ਮੇਰੇ ਘਰ ਆ ਗਏ।

“ਬਹਾਦਰ ਸਿਆਂ, ਇਸ ਵਾਰੀ ਸਰਪੰਚ ਤੂੰ ਬਣੀਂ।”

ਮੈਂ ਹੱਥ ਜੋੜ ਦਿੱਤੇ।

“ਮੇਰੇ ਵੱਸ ਦੀ ਗੱਲ ਨਹੀਂ।”

ਇੱਕ ਬਜ਼ੁਰਗ ਹੱਸ ਪਿਆ।

“ਜਿਹੜਾ ਬੰਦਾ ਕੁਰਸੀ ਪਿੱਛੇ ਨਾ ਭੱਜੇ, ਕੁਰਸੀ ਉਹਦੇ ਪਿੱਛੇ ਭੱਜਦੀ ਆ।”

ਮੈਂ ਫਿਰ ਮਨ੍ਹਾ ਕੀਤਾ।

ਪਰ ਸਾਰੇ ਇੱਕੋ ਗੱਲ ‘ਤੇ ਅੜੇ ਰਹੇ।

“ਤੂੰ ਹੀ ਬਣਨਾ।”

ਉਸ ਰਾਤ ਮੈਂ ਧੰਨੋ ਨੂੰ ਪੁੱਛਿਆ,

“ਕੀ ਕਰਾਂ?”

ਧੰਨੋ ਨੇ ਰੋਟੀ ਵੇਲਦਿਆਂ ਹੀ ਜਵਾਬ ਦਿੱਤਾ,

“ਜੇ ਲੋਕਾਂ ਨੇ ਭਰੋਸਾ ਕੀਤਾ ਹੈ ਤਾਂ ਮੁੜਾਈਂ ਨਾ। ਪਰ ਇੱਕ ਗੱਲ ਯਾਦ ਰੱਖੀਂ…”

ਉਹ ਮੇਰੇ ਕੋਲ ਆ ਕੇ ਖੜ੍ਹ ਗਈ।

“ਲੋਕਾਂ ਦਾ ਭਰੋਸਾ ਖੇਤਾਂ ਵਰਗਾ ਨਹੀਂ ਹੁੰਦਾ। ਜੇ ਇੱਕ ਵਾਰ ਉੱਜੜ ਜਾਵੇ ਤਾਂ ਮੁੜ ਹਰਾ ਹੋਣ ਵਿੱਚ ਸਾਰੀ ਉਮਰ ਲੱਗ ਜਾਂਦੀ ਹੈ।”

ਉਸ ਦੀ ਇਹ ਗੱਲ ਮੇਰੇ ਦਿਲ ਵਿੱਚ ਉਤਰ ਗਈ।

ਮੈਂ ਸਰਬਸੰਮਤੀ ਨਾਲ ਸਰਪੰਚ ਬਣ ਗਿਆ।

ਉਸ ਦਿਨ ਸਾਰਾ ਪਿੰਡ ਮੇਰੇ ਘਰ ਆਇਆ।

ਵਧਾਈਆਂ ਮਿਲੀਆਂ।

ਲੱਡੂ ਵੰਡੇ ਗਏ।

ਕਈਆਂ ਨੇ ਕਿਹਾ,

“ਹੁਣ ਪਿੰਡ ਦੇ ਦਿਨ ਬਦਲ ਜਾਣਗੇ।”

ਮੈਂ ਹਰ ਵਾਰ ਸਿਰਫ਼ ਮੁਸਕਰਾ ਦਿੰਦਾ।

ਪਰ ਉਸ ਰਾਤ ਜਦੋਂ ਸਭ ਚਲੇ ਗਏ, ਮੈਂ ਦੇਰ ਤੱਕ ਵਿਹੜੇ ਵਿੱਚ ਬੈਠਾ ਰਿਹਾ।

ਦਾਦੇ ਸੁਰਜਨ ਸਿੰਘ ਦੀ ਤਸਵੀਰ ਕੰਧ ‘ਤੇ ਟੰਗੀ ਸੀ।

ਮੈਂ ਉਸ ਵੱਲ ਵੇਖ ਕੇ ਮਨ ਹੀ ਮਨ ਕਿਹਾ,

“ਬਾਬਾ… ਲੋਕਾਂ ਨੇ ਮੇਰੇ ‘ਤੇ ਉਹੋ ਜਿਹਾ ਭਰੋਸਾ ਕੀਤਾ ਹੈ, ਜਿਵੇਂ ਕਦੇ ਤੇਰੇ ‘ਤੇ ਕੀਤਾ ਸੀ। ਮੇਰੀ ਲਾਜ ਰੱਖੀਂ।“

ਹਵਾ ਦਾ ਇੱਕ ਬੁੱਲ੍ਹਾ ਆਇਆ।

ਤਸਵੀਰ ਦੇ ਕੋਨੇ ਹੌਲੇ ਜਿਹੇ ਹਿੱਲੇ।

ਮੈਨੂੰ ਲੱਗਿਆ, ਜਿਵੇਂ ਬਾਬਾ ਮੁਸਕਰਾ ਰਿਹਾ ਹੋਵੇ।

ਮੈਨੂੰ ਕੀ ਪਤਾ ਸੀ…

ਇਹੀ ਭਰੋਸਾ ਇੱਕ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਬੋਝ ਬਣ ਜਾਵੇਗਾ।

ਤੇ ਉਸ ਬੋਝ ਹੇਠ ਦੱਬ ਕੇ…

ਮੇਰੀ ਘੁੱਟਣ ਹੋਰ ਡੂੰਘੀ ਹੋ ਜਾਵੇਗੀ।

ਸਰਪੰਚ ਬਣਨ ਤੋਂ ਬਾਅਦ ਮੇਰੇ ਘਰ ਦਾ ਦਰਵਾਜ਼ਾ ਜਿਵੇਂ ਕਦੇ ਬੰਦ ਹੀ ਨਹੀਂ ਹੁੰਦਾ ਸੀ।

ਸਵੇਰੇ ਕੋਈ ਜਨਮ ਦਾ ਸਰਟੀਫਿਕੇਟ ਲੈ ਕੇ ਆ ਜਾਂਦਾ, ਦੁਪਹਿਰੇ ਕਿਸੇ ਦੇ ਨਾਲੀ ਦਾ ਝਗੜਾ ਹੁੰਦਾ, ਸ਼ਾਮ ਨੂੰ ਕਿਸੇ ਨੂੰ ਪੈਨਸ਼ਨ ਦੇ ਕਾਗਜ਼ਾਂ ‘ਤੇ ਦਸਤਖ਼ਤ ਚਾਹੀਦੇ ਹੁੰਦੇ।

ਧੰਨੋ ਹੱਸ ਕੇ ਕਹਿੰਦੀ,

“ਲੱਗਦਾ, ਇਹ ਘਰ ਨਹੀਂ… ਪੰਚਾਇਤ ਘਰ ਬਣ ਗਿਆ।”

ਮੈਂ ਵੀ ਹੱਸ ਦਿੰਦਾ।

ਲੋਕਾਂ ਦਾ ਭਰੋਸਾ ਮੈਨੂੰ ਥਕਾਉਂਦਾ ਤਾਂ ਸੀ, ਪਰ ਮਾਣ ਵੀ ਦਿੰਦਾ ਸੀ।

ਪਿੰਡ ਤੋਂ ਬਾਹਰ, ਸੂਏ ਦੇ ਕਿਨਾਰੇ ਪੁਰਾਣਾ ਡੇਰਾ ਸੀ।

ਉੱਥੇ ਹਰ ਪੂਰਨਮਾਸ਼ੀ ਨੂੰ ਦੀਵਾਨ ਲੱਗਦਾ।

ਦੂਰ-ਦੂਰ ਦੇ ਲੋਕ ਮੱਥਾ ਟੇਕਣ ਆਉਂਦੇ।

ਸਾਲਾਂ ਤੋਂ ਗੱਲ ਚੱਲਦੀ ਸੀ ਕਿ ਡੇਰੇ ਦਾ ਲੰਗਰ ਹਾਲ ਬਣੇ, ਨਵੀਆਂ ਕੋਠੜੀਆਂ ਬਣਨ।

ਪਰ ਹਰ ਵਾਰ ਪੈਸਿਆਂ ਦੀ ਕਮੀ ਰਾਹ ਰੋਕ ਲੈਂਦੀ।

ਇਸ ਵਾਰੀ ਪਿੰਡ ਨੇ ਫ਼ੈਸਲਾ ਕੀਤਾ—

ਹਾੜੀ ਤੇ ਸਾਉਣੀ ਦੋਹਾਂ ਫ਼ਸਲਾਂ ਤੋਂ ਉਗਰਾਹੀ ਹੋਵੇਗੀ।

ਜਿੰਨਾ ਜਿਸ ਤੋਂ ਬਣੇ, ਉਹ ਦੇਵੇ।

ਕਿਸੇ ਨੇ ਦੋ ਕੁਇੰਟਲ ਕਣਕ ਦਿੱਤੀ, ਕਿਸੇ ਨੇ ਨਕਦ ਰਕਮ, ਕਿਸੇ ਨੇ ਸੀਮੈਂਟ ਦੇਣ ਦਾ ਵਾਅਦਾ ਕੀਤਾ।

ਲੋਕ ਦਿਲ ਖੋਲ੍ਹ ਕੇ ਅੱਗੇ ਆਏ।

ਉਗਰਾਹੀ ਮੁੱਕੀ ਤਾਂ ਕਮੇਟੀ ਦੀ ਮੀਟਿੰਗ ਬੁਲਾਈ ਗਈ।

ਖ਼ਜ਼ਾਨਚੀ ਬਿੰਦਰ ਨੇ ਸਾਰਾ ਹਿਸਾਬ ਪੜ੍ਹ ਕੇ ਸੁਣਾਇਆ।

ਫਿਰ ਸਾਰਿਆਂ ਦੇ ਸਾਹਮਣੇ ਕੱਪੜੇ ਦਾ ਇੱਕ ਥੈਲਾ ਮੇਰੇ ਅੱਗੇ ਰੱਖ ਦਿੱਤਾ।

“ਸਰਪੰਚ ਸਾਬ੍ਹ, ਇਹ ਪੈਸਾ ਹੁਣ ਤੁਸੀਂ ਸੰਭਾਲੋ।”

ਮੈਂ ਝਿਜਕ ਗਿਆ।

“ਨਹੀਂ ਬਿੰਦਰ, ਖ਼ਜ਼ਾਨਚੀ ਤੂੰ ਐਂ।”

“ਖ਼ਜ਼ਾਨਚੀ ਹਾਂ… ਪਰ ਲੋਕ ਸਭ ਤੋਂ ਵੱਧ ਭਰੋਸਾ ਤੁਹਾਡੇ ‘ਤੇ ਕਰਦੇ ਨੇ।”

ਕਮੇਟੀ ਦੇ ਬਾਕੀ ਮੈਂਬਰਾਂ ਨੇ ਵੀ ਸਿਰ ਹਿਲਾ ਦਿੱਤਾ।

ਮੈਂ ਇਨਕਾਰ ਨਾ ਕਰ ਸਕਿਆ।

ਥੈਲਾ ਚੁੱਕ ਕੇ ਘਰ ਲੈ ਆਇਆ।

ਉਸ ਰਾਤ ਮੈਂ ਉਹ ਪੈਸੇ ਅਲਮਾਰੀ ਵਿੱਚ ਰੱਖੇ।

ਪਰ ਨਾ ਜਾਣੇ ਕਿਉਂ…

ਉਸ ਰਾਤ ਨੀਂਦ ਨਹੀਂ ਆਈ।

ਵਾਰ-ਵਾਰ ਉੱਠ ਕੇ ਅਲਮਾਰੀ ਵੇਖਦਾ ਰਿਹਾ।

ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ—

ਲੋਕਾਂ ਦਾ ਭਰੋਸਾ ਵੀ ਕਈ ਵਾਰ ਬਹੁਤ ਭਾਰੀ ਹੁੰਦਾ ਹੈ।

ਕੁਝ ਮਹੀਨੇ ਲੰਘ ਗਏ।

ਡੇਰੇ ਦਾ ਕੰਮ ਕਿਸੇ ਨਾ ਕਿਸੇ ਕਾਰਨ ਸ਼ੁਰੂ ਨਾ ਹੋ ਸਕਿਆ।

ਇੱਕ ਦੁਪਹਿਰ ਬਿੰਦਰ ਮੇਰੇ ਘਰ ਆਇਆ।

ਉਸਦੇ ਨਾਲ ਕੋਟ-ਪੈਂਟ ਪਾਏ ਦੋ ਅਣਜਾਣ ਬੰਦੇ ਸਨ।

ਚਾਹ ਪੀਣ ਤੋਂ ਬਾਅਦ ਬਿੰਦਰ ਮੇਰੇ ਵੱਲ ਝੁਕਿਆ।

“ਬਹਾਦਰ ਸਿਆਂ… ਇੱਕ ਗੱਲ ਕਰਨੀ ਸੀ।”

“ਕਰ।”

ਉਸ ਨੇ ਉਹਨਾਂ ਬੰਦਿਆਂ ਵੱਲ ਇਸ਼ਾਰਾ ਕੀਤਾ।

“ਇਹ ਵੱਡੀ ਕੰਪਨੀ ਦੇ ਬੰਦੇ ਨੇ। ਪੈਸਾ ਦੁੱਗਣਾ ਕਰਦੇ ਨੇ। ਕਾਗਜ਼ੀ ਕੰਮ ਪੂਰਾ। ਸਰਕਾਰੀ ਰਜਿਸਟ੍ਰੇਸ਼ਨ।”

ਉਹਨਾਂ ਵਿੱਚੋਂ ਇੱਕ ਨੇ ਚਮਕਦਾਰ ਫਾਈਲ ਖੋਲ੍ਹੀ।

ਅੰਦਰ ਤਸਵੀਰਾਂ ਸਨ।

ਵੱਡੇ-ਵੱਡੇ ਆਗੂਆਂ ਨਾਲ ਖਿੱਚੀਆਂ ਫੋਟੋਆਂ।

ਵੱਡੀਆਂ ਇਮਾਰਤਾਂ।

ਮੋਹਰਾਂ ਲੱਗੇ ਕਾਗਜ਼।

ਉਹ ਲਗਾਤਾਰ ਬੋਲਦਾ ਗਿਆ।

“ਤੁਹਾਡਾ ਪੈਸਾ ਸੁਰੱਖਿਅਤ ਰਹੇਗਾ। ਉੱਤੇ ਵਿਆਜ ਵੀ ਮਿਲੇਗਾ। ਜਦੋਂ ਡੇਰੇ ਦਾ ਕੰਮ ਸ਼ੁਰੂ ਕਰਨਾ ਹੋਵੇ, ਪੈਸਾ ਵਾਪਸ।”

ਮੈਂ ਚੁੱਪਚਾਪ ਸੁਣਦਾ ਰਿਹਾ।

ਬਿੰਦਰ ਨੇ ਮੇਰੀ ਚੁੱਪ ਨੂੰ ਹਾਂ ਸਮਝ ਲਿਆ।

“ਵੇਖ ਬਹਾਦਰ ਸਿਆਂ… ਪੈਸਾ ਇੱਥੇ ਪਿਆ ਵੀ ਜੋਖ਼ਮ ‘ਚ ਆ। ਚੋਰੀ ਹੋ ਗਈ ਤਾਂ?”

“ਪਰ…”

ਮੈਂ ਪਹਿਲੀ ਵਾਰ ਬੋਲਿਆ।

“ਕਮੇਟੀ ਨਾਲ ਸਲਾਹ ਕਰ ਲਈਏ?”

ਬਿੰਦਰ ਹੌਲੀ ਜਿਹਾ ਹੱਸਿਆ।

“ਓਹ ਫਿਰ ਦਸ ਬੰਦੇ ਦਸ ਗੱਲਾਂ ਕਰਨਗੇ। ਕੰਮ ਦੀ ਗੱਲ ਕੰਮ ਵਾਲੇ ਹੀ ਕਰਦੇ ਨੇ।”

ਉਸਦੀ ਗੱਲ ਮੁੱਕੀ ਤਾਂ ਕਮਰੇ ਵਿੱਚ ਚੁੱਪ ਛਾ ਗਈ।

ਮੇਰੇ ਅੰਦਰ ਦੋ ਆਵਾਜ਼ਾਂ ਲੜ ਰਹੀਆਂ ਸਨ।

ਇੱਕ ਆਖਦੀ ਸੀ—

“ਨਹੀਂ। ਇਹ ਲੋਕਾਂ ਦੀ ਅਮਾਨਤ ਹੈ। ਇਕੱਲਿਆਂ ਫ਼ੈਸਲਾ ਨਾ ਕਰ।“

ਦੂਜੀ ਆਖਦੀ ਸੀ—

“ਬਿੰਦਰ ਵੀ ਤਾਂ ਕਮੇਟੀ ਦਾ ਬੰਦਾ ਹੈ। ਉਹਦਾ ਕੀ ਸੁਆਰਥ ਹੋਣਾ?”

ਉਸ ਵੇਲੇ ਮੈਨੂੰ ਦਾਦੇ ਦੀ ਗੱਲ ਯਾਦ ਆਈ—

“ਲੋਕਾਂ ਦੀ ਅਮਾਨਤ… ਅਮਾਨਤ ਹੀ ਰਹਿਣ ਦੇਈਂ।“

ਮੇਰਾ ਹੱਥ ਥੈਲੇ ਵੱਲ ਵਧਿਆ…

ਫਿਰ ਰੁਕ ਗਿਆ।

ਸਿਰਫ਼ ਇੱਕ ਸ਼ਬਦ ਬੋਲਣਾ ਸੀ—

“ਨਹੀਂ।“

ਸਿਰਫ਼ ਇੱਕ ਸ਼ਬਦ।

ਪਰ…

ਉਹ ਸ਼ਬਦ ਮੇਰੀ ਜ਼ਬਾਨ ਤੱਕ ਆ ਕੇ ਮੁੜ ਗਿਆ।

ਮੈਂ ਥੈਲਾ ਚੁੱਕ ਕੇ ਬਿੰਦਰ ਦੇ ਹੱਥ ਵਿੱਚ ਰੱਖ ਦਿੱਤਾ।

ਉਸ ਨੇ ਮੁਸਕਰਾ ਕੇ ਮੇਰਾ ਮੋਢਾ ਥੱਪਥਪਾਇਆ।

“ਚਿੰਤਾ ਨਾ ਕਰੀਂ ਸਰਪੰਚਾ… ਚਾਰ ਪੈਸੇ ਹੋਰ ਜੁੜ ਜਾਣਗੇ ਨਗਰ ਦੇ।”

ਉਹ ਚਲੇ ਗਏ।

ਦਰਵਾਜ਼ਾ ਬੰਦ ਹੋ ਗਿਆ।

ਘਰ ਵਿੱਚ ਉਹੀ ਚੁੱਪ ਸੀ।

ਪਰ ਇਸ ਵਾਰੀ…

ਮੇਰੇ ਅੰਦਰ ਕੁਝ ਟੁੱਟ ਗਿਆ ਸੀ।

ਉਸ ਰਾਤ ਬਹੁਤ ਦੇਰ ਤੱਕ ਮੈਂ ਵਿਹੜੇ ਵਿੱਚ ਬੈਠਾ ਰਿਹਾ।

ਧੰਨੋ ਨੇ ਪੁੱਛਿਆ,

“ਕੀ ਗੱਲ ਹੈ?”

ਮੈਂ ਸਿਰਫ਼ ਇਹਨਾ ਹੀ ਕਿਹਾ,

“ਪਤਾ ਨਹੀਂ ਕਿਉਂ… ਅੱਜ ਫਿਰ ਘੁੱਟਣ ਹੋ ਰਹੀ ਹੈ।”

ਧੰਨੋ ਨੇ ਮੇਰੇ ਵੱਲ ਧਿਆਨ ਨਾਲ ਵੇਖਿਆ।

“ਬਹਾਦਰਾ… ਕਿਤੇ ਮਨ ਦੇ ਖ਼ਿਲਾਫ਼ ਕੋਈ ਫ਼ੈਸਲਾ ਤਾਂ ਨਹੀਂ ਕਰ ਆਏ?”

ਮੈਂ ਜਵਾਬ ਨਾ ਦੇ ਸਕਿਆ।

ਕਿਉਂਕਿ…

ਉਹ ਸੱਚ ਪੁੱਛ ਰਹੀ ਸੀ।

ਬਿੰਦਰ ਥੈਲਾ ਲੈ ਕੇ ਚਲਾ ਗਿਆ।

ਦਰਵਾਜ਼ਾ ਬੰਦ ਹੋਇਆ ਤਾਂ ਲੱਗਿਆ, ਜਿਵੇਂ ਘਰ ਵਿੱਚੋਂ ਕੋਈ ਆਵਾਜ਼ ਵੀ ਨਾਲ ਹੀ ਚਲੀ ਗਈ ਹੋਵੇ।

ਮੈਂ ਕਾਫ਼ੀ ਦੇਰ ਤੱਕ ਉਸੇ ਮੰਜੀ ਉੱਤੇ ਬੈਠਾ ਰਿਹਾ।

ਧੰਨੋ ਨੇ ਦੋ ਵਾਰ ਰੋਟੀ ਲਈ ਆਵਾਜ਼ ਮਾਰੀ, ਪਰ ਮੇਰੇ ਪੈਰ ਉੱਠੇ ਹੀ ਨਾ।

ਉਹ ਆਪ ਆ ਗਈ।

“ਕੀ ਸੋਚੀ ਜਾਂਦੇ ਓ?”

ਮੈਂ ਉਸ ਵੱਲ ਵੇਖਿਆ, ਫਿਰ ਨਜ਼ਰਾਂ ਥੱਲੇ ਕਰ ਲਈਆਂ।

“ਕੁਝ ਨਹੀਂ।”

ਧੰਨੋ ਹੌਲੀ ਜਿਹੀ ਮੁਸਕਰਾਈ।

“ਜਦੋਂ ਤੂੰ ‘ਕੁਝ ਨਹੀਂ’ ਕਹਿੰਦਾ ਏਂ, ਉਦੋਂ ਹੀ ਸਭ ਤੋਂ ਵੱਧ ਕੁਝ ਹੁੰਦਾ ਹੈ।”

ਮੈਂ ਫਿਰ ਵੀ ਚੁੱਪ ਰਿਹਾ।

ਕੁਝ ਸੱਚ ਅਜਿਹੇ ਹੁੰਦੇ ਨੇ, ਜੋ ਆਪਣੇ ਆਪ ਨਾਲ ਵੀ ਬੋਲਣ ਤੋਂ ਡਰ ਲੱਗਦਾ ਹੈ।

ਦਿਨ ਲੰਘਦੇ ਗਏ।

ਡੇਰੇ ਦੀ ਇਮਾਰਤ ਦਾ ਕੰਮ ਸ਼ੁਰੂ ਨਾ ਹੋਇਆ।

ਕਮੇਟੀ ਦੀਆਂ ਮੀਟਿੰਗਾਂ ਵੀ ਘੱਟ ਹੋਣ ਲੱਗੀਆਂ।

ਜਦੋਂ ਵੀ ਕੋਈ ਪੁੱਛਦਾ—

“ਸਰਪੰਚ ਜੀ, ਕੰਮ ਕਦੋਂ ਸ਼ੁਰੂ ਹੋਣਾ?”

ਮੈਂ ਮੁਸਕਰਾ ਕੇ ਕਹਿ ਦਿੰਦਾ,

“ਬੱਸ… ਹੁਣੇ ਹੋ ਜਾਵੇਗਾ।”

ਪਰ ਇਹ ਜਵਾਬ ਮੈਂ ਲੋਕਾਂ ਨਾਲੋਂ ਵੱਧ ਆਪਣੇ ਆਪ ਨੂੰ ਦਿੰਦਾ ਸੀ।

ਹਰ ਪੰਦਰਵੇਂ-ਵੀਹਵੇਂ ਦਿਨ ਮੈਂ ਬਿੰਦਰ ਨੂੰ ਪੁੱਛਦਾ।

“ਕੀ ਬਣਿਆ?”

ਉਹ ਹਮੇਸ਼ਾ ਇੱਕੋ ਜਵਾਬ ਦਿੰਦਾ।

“ਕੰਮ ਪ੍ਰੋਸੈਸ ਵਿੱਚ ਆ… ਚਿੰਤਾ ਨਾ ਕਰ।”

ਉਸਦੀ ਬੇਫ਼ਿਕਰੀ ਮੈਨੂੰ ਬੇਚੈਨ ਕਰ ਦਿੰਦੀ।

ਇੱਕ ਰਾਤ ਮੈਨੂੰ ਅਜੀਬ ਸੁਪਨਾ ਆਇਆ।

ਮੈਂ ਤੇ ਦਾਦਾ ਸੁਰਜਨ ਸਿੰਘ ਸੂਏ ਦੀ ਪੱਟੜੀ ਉੱਤੇ ਤੁਰੇ ਜਾ ਰਹੇ ਸੀ।

ਉਸਦੇ ਸਿਰ ਉੱਤੇ ਚਿੱਟੀ ਪੱਗ ਸੀ।

ਹਵਾ ਤੇਜ਼ ਸੀ।

ਅਚਾਨਕ ਮੇਰਾ ਹੱਥ ਉਸਦੀ ਪੱਗ ਨਾਲ ਲੱਗਿਆ।

ਪੱਗ ਸਿਰ ਤੋਂ ਲੁੜਕ ਕੇ ਸੂਏ ਵਿੱਚ ਜਾ ਡਿੱਗੀ।

“ਬਾਬਾ!”

ਮੈਂ ਚੀਕਿਆ।

ਉਹ ਰੁਕ ਗਿਆ।

ਪਰ ਪਿੱਛੇ ਮੁੜਿਆ ਨਹੀਂ।

ਮੈਂ ਸੂਏ ਵਿੱਚ ਉਤਰਿਆ।

ਪਾਣੀ ਗੋਡਿਆਂ ਤੱਕ ਸੀ।

ਫਿਰ ਕਮਰ ਤੱਕ।

ਫਿਰ ਛਾਤੀ ਤੱਕ।

ਪੱਗ ਮੇਰੇ ਸਾਹਮਣੇ ਹੀ ਤੈਰ ਰਹੀ ਸੀ।

ਮੈਂ ਹੱਥ ਵਧਾਉਂਦਾ…

ਉਹ ਹੋਰ ਅੱਗੇ ਨਿਕਲ ਜਾਂਦੀ।

ਮੈਂ ਦੌੜਨਾ ਚਾਹੁੰਦਾ ਸੀ…

ਪਰ ਮੇਰੇ ਪੈਰ ਭਾਰੇ ਹੋ ਗਏ।

ਸਾਹ ਫੁੱਲਣ ਲੱਗਾ।

ਛਾਤੀ ਜਿਵੇਂ ਕਿਸੇ ਨੇ ਜਕੜ ਲਈ ਹੋਵੇ।

ਮੈਂ ਦਾਦੇ ਨੂੰ ਆਵਾਜ਼ ਮਾਰੀ—

“ਬਾਬਾ… ਰੁਕ ਜਾ… ਮੈਂ ਪੱਗ ਲੈ ਆਉਂਦਾ…”

ਪਰ ਉਸ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਾ ਵੇਖਿਆ।

ਮੇਰੀ ਅੱਖ ਖੁੱਲ੍ਹ ਗਈ।

ਮੈਂ ਪਸੀਨੇ ਨਾਲ ਭਿੱਜਿਆ ਹੋਇਆ ਸੀ।

ਧੰਨੋ ਨੇ ਘਬਰਾ ਕੇ ਪੁੱਛਿਆ,

“ਕੀ ਹੋਇਆ?”

ਮੈਂ ਪਹਿਲੀ ਵਾਰ ਉਸਨੂੰ ਸੁਪਨਾ ਦੱਸਿਆ।

ਉਹ ਕੁਝ ਵੇਲੇ ਚੁੱਪ ਰਹੀ।

ਫਿਰ ਬੋਲੀ,

“ਸੁਪਨੇ ਕਦੇ-ਕਦੇ ਮਨ ਦਾ ਡਰ ਹੁੰਦੇ ਨੇ। ਮਨ ਸਾਫ਼ ਰੱਖ… ਸਭ ਠੀਕ ਹੋ ਜਾਵੇਗਾ।”

ਮੈਂ ਸਿਰ ਤਾਂ ਹਿਲਾ ਦਿੱਤਾ…

ਪਰ ਮੇਰਾ ਮਨ ਸਾਫ਼ ਨਹੀਂ ਸੀ।

ਉਸ ਵਿੱਚ ਇੱਕ ਰਾਜ਼ ਦੱਬਿਆ ਪਿਆ ਸੀ।

ਕੁਝ ਮਹੀਨਿਆਂ ਬਾਅਦ ਡੇਰੇ ਦੀ ਕਮੇਟੀ ਨੇ ਆਖ਼ਿਰ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਕਰ ਲਿਆ।

ਇੱਟਾਂ ਆ ਗਈਆਂ।

ਰੇਤ ਆ ਗਈ।

ਮਿਸਤਰੀ ਵੀ ਆ ਗਏ।

ਹੁਣ ਪੈਸੇ ਚਾਹੀਦੇ ਸਨ।

ਮੈਂ ਉਸੇ ਦਿਨ ਬਿੰਦਰ ਦੇ ਘਰ ਗਿਆ।

“ਪੈਸੇ ਕਢਵਾ ਲੈ।”

ਬਿੰਦਰ ਪਹਿਲਾਂ ਵਾਂਗ ਹੱਸਿਆ ਨਹੀਂ।

ਉਸਦੇ ਚਿਹਰੇ ‘ਤੇ ਪਹਿਲੀ ਵਾਰ ਘਬਰਾਹਟ ਸੀ।

“ਦੋ-ਚਾਰ ਦਿਨ ਹੋਰ ਲੱਗ ਜਾਣੇ।”

“ਕਿਉਂ?”

“ਕੰਪਨੀ ਵਾਲੇ ਕਹਿੰਦੇ ਨੇ… ਕੁਝ ਕਾਗਜ਼ੀ ਕੰਮ ਬਾਕੀ ਆ।”

ਮੇਰਾ ਦਿਲ ਧੱਕ ਨਾਲ ਰਹਿ ਗਿਆ।

“ਪਰ ਤੂੰ ਤਾਂ ਕਹਿੰਦਾ ਸੀ, ਜਦੋਂ ਮੰਗਾਂਗੇ, ਉਦੋਂ ਮਿਲ ਜਾਣਗੇ।”

ਉਹ ਨਜ਼ਰਾਂ ਚੁਰਾਉਣ ਲੱਗਾ।

“ਮਿਲ ਤਾਂ ਜਾਣਗੇ…”

ਪਰ ਉਸਦੀ ਆਵਾਜ਼ ਵਿੱਚ ਪਹਿਲਾਂ ਵਾਲਾ ਯਕੀਨ ਨਹੀਂ ਸੀ।

ਉਸ ਦਿਨ ਮੈਂ ਘਰ ਵਾਪਸ ਆਇਆ ਤਾਂ ਧੰਨੋ ਨੇ ਦਰਵਾਜ਼ੇ ‘ਤੇ ਹੀ ਪੁੱਛ ਲਿਆ,

“ਕਿਉਂ ਜੀ… ਅੱਜ ਬਹੁਤ ਉਖੜੇ ਲੱਗਦੇ ਓ?”

ਮੈਂ ਥੱਕੇ ਹੋਏ ਸੁਰ ਵਿੱਚ ਕਿਹਾ,

“ਧੰਨੋ… ਮੈਨੂੰ ਡਰ ਲੱਗ ਰਿਹਾ ਹੈ।”

ਉਸ ਨੇ ਮੇਰੇ ਮੋਢੇ ‘ਤੇ ਹੱਥ ਰੱਖਿਆ।

“ਜਿਸ ਗੱਲ ਦਾ ਡਰ ਮਨ ਵਿੱਚ ਵੱਸ ਜਾਵੇ, ਉਹਨੂੰ ਲੁਕਾ ਕੇ ਨਾ ਰੱਖਿਆ ਕਰ।”

ਮੈਂ ਬੋਲਣਾ ਚਾਹੁੰਦਾ ਸੀ।

ਸਭ ਕੁਝ ਦੱਸ ਦੇਣਾ ਚਾਹੁੰਦਾ ਸੀ।

ਪਰ…

ਮੇਰੀ ਜ਼ਬਾਨ ਇੱਕ ਵਾਰ ਫਿਰ ਮੇਰੇ ਦਿਲ ਤੋਂ ਹਾਰ ਗਈ।

ਉਸ ਰਾਤ ਘੁੱਟਣ ਨੇ ਫਿਰ ਮੇਰਾ ਗਲਾ ਫੜ ਲਿਆ।

ਮੈਨੂੰ ਲੱਗ ਰਿਹਾ ਸੀ—

ਇਸ ਵਾਰੀ ਕੋਈ ਤੂਫ਼ਾਨ ਸੱਚਮੁੱਚ ਆ ਰਿਹਾ ਹੈ।

ਸਵੇਰ ਅਜੇ ਪੂਰੀ ਤਰ੍ਹਾਂ ਚੜ੍ਹੀ ਵੀ ਨਹੀਂ ਸੀ ਕਿ ਪਿੰਡ ਦੀਆਂ ਗਲੀਆਂ ਵਿੱਚ ਇੱਕੋ ਖ਼ਬਰ ਹਵਾ ਵਾਂਗ ਫੈਲ ਗਈ।

“ਕੰਪਨੀ ਭੱਜ ਗਈ…”

“ਮਾਲਕ ਨੂੰ ਪੁਲਿਸ ਫੜ ਕੇ ਲੈ ਗਈ…”

“ਲੋਕਾਂ ਦੇ ਕਰੋੜਾਂ ਰੁਪਏ ਡੁੱਬ ਗਏ…”

ਜਿਸ ਦੇ ਮੂੰਹੋਂ ਸੁਣੋ, ਉਹੀ ਇਹੀ ਗੱਲ ਕਰ ਰਿਹਾ ਸੀ।

ਮੇਰੇ ਕੰਨਾਂ ਵਿੱਚ ਜਿਵੇਂ ਕਿਸੇ ਨੇ ਪਿਘਲਿਆ ਹੋਇਆ ਸੀਸਾ ਪਾ ਦਿੱਤਾ ਹੋਵੇ।

ਮੈਂ ਬਿਨਾਂ ਕੁਝ ਕਹੇ ਘਰੋਂ ਨਿਕਲ ਪਿਆ।

ਪੈਰ ਆਪਣੇ ਆਪ ਬਿੰਦਰ ਦੇ ਘਰ ਵੱਲ ਤੁਰ ਪਏ।

ਬਿੰਦਰ ਦੇ ਘਰ ਅੱਗੇ ਭੀੜ ਲੱਗੀ ਹੋਈ ਸੀ।

ਕਿਸੇ ਦੀ ਆਵਾਜ਼ ਵਿੱਚ ਗੁੱਸਾ ਸੀ।

ਕਿਸੇ ਦੀਆਂ ਅੱਖਾਂ ਵਿੱਚ ਡਰ।

ਕਿਸੇ ਦੇ ਚਿਹਰੇ ‘ਤੇ ਪਛਤਾਵਾ।

ਮੈਨੂੰ ਵੇਖਦਿਆਂ ਹੀ ਲੋਕ ਚੁੱਪ ਹੋ ਗਏ।

ਸ਼ਾਇਦ ਅਜੇ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਡੇਰੇ ਦੀ ਉਗਰਾਹੀ ਦਾ ਪੈਸਾ ਵੀ ਉਸੇ ਕੰਪਨੀ ਵਿੱਚ ਲੱਗਾ ਹੋਇਆ ਹੈ।

ਬਿੰਦਰ ਅੰਦਰ ਬੈਠਾ ਸੀ।

ਵਾਲ ਖਿੱਲਰੇ ਹੋਏ।

ਅੱਖਾਂ ਲਾਲ।

ਮੈਨੂੰ ਵੇਖਦੇ ਹੀ ਉੱਠਿਆ।

ਉਸਦੇ ਬੁੱਲ੍ਹ ਕੰਬ ਰਹੇ ਸਨ।

“ਬਹਾਦਰ ਸਿਆਂ…”

ਇਸ ਤੋਂ ਅੱਗੇ ਉਹਦੇ ਕੋਲ ਸ਼ਬਦ ਨਹੀਂ ਸਨ।

ਮੈਂ ਪਹਿਲੀ ਵਾਰ ਉਸਦੀ ਕਮੀਜ਼ ਫੜ ਲਈ।

“ਸੱਚ ਦੱਸ…”

ਮੇਰੀ ਆਵਾਜ਼ ਕੰਬ ਰਹੀ ਸੀ।

“ਸਾਡੇ ਪੈਸੇ…?”

ਬਿੰਦਰ ਦੀਆਂ ਅੱਖਾਂ ਥੱਲੇ ਝੁਕ ਗਈਆਂ।

ਕਾਫ਼ੀ ਦੇਰ ਬਾਅਦ ਉਹ ਹੌਲੀ ਜਿਹੇ ਬੋਲਿਆ—

“ਡੁੱਬ ਗਏ…”

ਇਹ ਦੋ ਸ਼ਬਦ ਸੁਣ ਕੇ ਮੈਨੂੰ ਲੱਗਿਆ ਜਿਵੇਂ ਮੇਰੇ ਕੰਨਾਂ ਨੇ ਸੁਣਨਾ ਛੱਡ ਦਿੱਤਾ ਹੋਵੇ।

ਆਲੇ-ਦੁਆਲੇ ਖੜ੍ਹੇ ਲੋਕ ਬੋਲ ਰਹੇ ਸਨ।

ਪਰ ਮੈਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਸੀ।

ਸਿਰਫ਼ ਆਪਣੀ ਧੜਕਣ ਸੁਣਾਈ ਦੇ ਰਹੀ ਸੀ।

ਕਾਫ਼ੀ ਦੇਰ ਬਾਅਦ ਮੈਂ ਹੌਲੀ ਜਿਹੇ ਪੁੱਛਿਆ,

“ਹੁਣ…?”

ਬਿੰਦਰ ਨੇ ਆਪਣੇ ਦੋਵੇਂ ਹੱਥ ਸਿਰ ‘ਤੇ ਰੱਖ ਲਏ।

“ਹੁਣ ਕੀ…?”

“ਕੋਰਟ ਵਿੱਚ ਕੇਸ ਹੋਵੇਗਾ…”

“ਜਾਇਦਾਦ ਕੁਰਕ ਹੋਵੇਗੀ…”

“ਸਾਲ… ਦੋ ਸਾਲ… ਪੰਜ ਸਾਲ…”

“ਕਦੋਂ ਮਿਲਣੇ ਪੈਸੇ, ਕਿਸੇ ਨੂੰ ਨਹੀਂ ਪਤਾ…”

ਫਿਰ ਉਹ ਅਚਾਨਕ ਮੇਰੇ ਪੈਰਾਂ ਕੋਲ ਬੈਠ ਗਿਆ।

“ਮੇਰਾ ਵਿਸ਼ਵਾਸ ਕਰੀਂ…”

“ਮੈਂ ਇਕੱਲਾ ਨਹੀਂ ਡੁੱਬਿਆ…”

“ਮੈਂ ਵੀ ਆਪਣੀ ਸਾਰੀ ਜਮ੍ਹਾਂ-ਪੂੰਜੀ ਲਾਈ ਸੀ…”

“ਮੈਨੂੰ ਵੀ ਧੋਖਾ ਹੋਇਆ…”

ਮੈਂ ਉਸ ਵੱਲ ਵੇਖਿਆ।

ਮੈਨੂੰ ਉਹ ਝੂਠਾ ਨਹੀਂ ਲੱਗਿਆ।

ਪਰ ਉਸ ਵੇਲੇ ਇਸ ਨਾਲ ਕੋਈ ਫ਼ਰਕ ਵੀ ਨਹੀਂ ਪੈਂਦਾ ਸੀ।

ਧੋਖਾ ਕਿਸ ਨੂੰ ਹੋਇਆ ਸੀ…

ਇਹ ਗੱਲ ਛੋਟੀ ਸੀ।

ਸੱਚ ਇਹ ਸੀ ਕਿ ਲੋਕਾਂ ਦੀ ਅਮਾਨਤ ਮੇਰੇ ਹੱਥੋਂ ਚਲੀ ਗਈ ਸੀ।

ਘਰ ਵਾਪਸ ਆਉਂਦਿਆਂ ਰਾਹ ਪਹਿਲਾਂ ਨਾਲੋਂ ਕਈ ਗੁਣਾ ਲੰਮਾ ਲੱਗ ਰਿਹਾ ਸੀ।

ਹਰ ਮਿਲਣ ਵਾਲਾ ਬੰਦਾ ਆਮ ਵਾਂਗ ਹੀ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਸੀ।

ਪਰ ਮੈਨੂੰ ਲੱਗਦਾ ਸੀ…

ਜਿਵੇਂ ਹਰ ਨਜ਼ਰ ਮੇਰੇ ਅੰਦਰ ਝਾਕ ਰਹੀ ਹੋਵੇ।

ਘਰ ਪਹੁੰਚਿਆ ਤਾਂ ਧੰਨੋ ਨੇ ਦਰਵਾਜ਼ਾ ਖੋਲ੍ਹਿਆ।

ਉਸ ਨੇ ਮੇਰਾ ਚਿਹਰਾ ਵੇਖਿਆ…

ਤੇ ਬਿਨਾਂ ਕੁਝ ਪੁੱਛੇ ਸਮਝ ਗਈ ਕਿ ਕੁਝ ਟੁੱਟ ਗਿਆ ਹੈ।

“ਕੀ ਹੋਇਆ?”

ਮੈਂ ਪਹਿਲੀ ਵਾਰ ਉਸਦੇ ਸਾਹਮਣੇ ਬੈਠ ਕੇ ਸਭ ਕੁਝ ਦੱਸ ਦਿੱਤਾ।

ਸ਼ੁਰੂ ਤੋਂ ਲੈ ਕੇ ਅੰਤ ਤੱਕ।

ਇੱਕ ਵੀ ਗੱਲ ਲੁਕਾਈ ਨਹੀਂ।

ਧੰਨੋ ਚੁੱਪਚਾਪ ਸੁਣਦੀ ਰਹੀ।

ਜਦੋਂ ਮੈਂ ਬੋਲਣਾ ਮੁਕਾਇਆ ਤਾਂ ਕਾਫ਼ੀ ਦੇਰ ਤੱਕ ਉਹ ਕੁਝ ਨਾ ਬੋਲੀ।

ਫਿਰ ਹੌਲੀ ਜਿਹੇ ਕਹਿੰਦੀ ਹੈ,

“ਸਭ ਤੋਂ ਵੱਡੀ ਗਲਤੀ ਪੈਸੇ ਲਗਾਉਣ ਦੀ ਨਹੀਂ ਸੀ…”

ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ।

ਉਹ ਬੋਲੀ,

“ਸਭ ਤੋਂ ਵੱਡੀ ਗਲਤੀ ਇਹ ਸੀ ਕਿ ਤੂੰ ਇਹ ਬੋਝ ਇਕੱਲਾ ਚੁੱਕ ਲਿਆ।”

ਮੇਰੀਆਂ ਅੱਖਾਂ ਭਰ ਆਈਆਂ।

“ਹੁਣ ਕੀ ਕਰਾਂ ਧੰਨੋ?”

ਧੰਨੋ ਨੇ ਡੂੰਘਾ ਸਾਹ ਲਿਆ।

“ਜੋ ਸੱਚ ਹੈ, ਉਹ ਸੱਚ ਹੀ ਰਹੇਗਾ।”

“ਝੂਠ ਨਾਲ ਇੱਜ਼ਤ ਕੁਝ ਦਿਨ ਬਚ ਸਕਦੀ ਹੈ…”

“ਜ਼ਮੀਰ ਨਹੀਂ।”

ਮੈਂ ਜਾਣਦਾ ਸੀ…

ਉਹ ਠੀਕ ਕਹਿ ਰਹੀ ਸੀ।

ਪਰ ਮੈਂ ਇਹ ਵੀ ਜਾਣਦਾ ਸੀ…

ਕਿ ਸੱਚ ਬੋਲਣ ਦੀ ਹਿੰਮਤ ਮੇਰੇ ਵਿੱਚ ਨਹੀਂ ਸੀ।

ਉਸੇ ਰਾਤ ਫਿਰ ਉਹੀ ਸੁਪਨਾ ਆਇਆ।

ਦਾਦਾ ਸੁਰਜਨ ਸਿੰਘ ਸੂਏ ਦੇ ਕਿਨਾਰੇ ਖੜ੍ਹਾ ਸੀ।

ਇਸ ਵਾਰ ਉਸਦੇ ਸਿਰ ‘ਤੇ ਪੱਗ ਨਹੀਂ ਸੀ।

ਉਹ ਸਿਰਫ਼ ਮੇਰੇ ਵੱਲ ਵੇਖਦਾ ਰਿਹਾ।

ਉਸ ਦੀਆਂ ਅੱਖਾਂ ਵਿੱਚ ਗੁੱਸਾ ਨਹੀਂ ਸੀ…

ਨਿਰਾਸ਼ਾ ਸੀ।

ਮੈਂ ਚੀਕ ਕੇ ਕਿਹਾ—

“ਬਾਬਾ… ਮੇਰੇ ਤੋਂ ਗਲਤੀ ਹੋ ਗਈ…”

ਪਰ ਉਹ ਕੁਝ ਬੋਲੇ ਬਿਨਾਂ ਮੁੜ ਗਿਆ।

ਮੈਂ ਉਸਦੇ ਪਿੱਛੇ ਭੱਜਣਾ ਚਾਹਿਆ।

ਪਰ ਛਾਤੀ ਵਿੱਚ ਉਹੀ ਪੁਰਾਣੀ ਘੁੱਟਣ ਉੱਠੀ।

ਸਾਹ ਅੱਧ ਵਿਚਕਾਰ ਹੀ ਅਟਕ ਗਿਆ।

ਤੇ ਮੇਰੀ ਅੱਖ ਖੁੱਲ੍ਹ ਗਈ।

ਉਸ ਰਾਤ ਪਹਿਲੀ ਵਾਰ ਮੈਨੂੰ ਇਹ ਅਹਿਸਾਸ ਹੋਇਆ—

ਇਨਸਾਨ ਨੂੰ ਅਦਾਲਤ ਦੀ ਸਜ਼ਾ ਬਾਅਦ ਵਿੱਚ ਮਿਲਦੀ ਹੈ, ਆਪਣੀ ਜ਼ਮੀਰ ਦੀ ਸਜ਼ਾ ਪਹਿਲਾਂ ਮਿਲ ਜਾਂਦੀ ਹੈ।

ਚਿੱਟ ਫੰਡ ਵਾਲੀ ਖ਼ਬਰ ਨੂੰ ਕੁਝ ਹੀ ਦਿਨ ਹੋਏ ਸਨ।

ਬਾਹਰੋਂ ਸਭ ਕੁਝ ਪਹਿਲਾਂ ਵਾਂਗ ਚੱਲ ਰਿਹਾ ਸੀ।

ਲੋਕ ਖੇਤਾਂ ਨੂੰ ਜਾਂਦੇ ਸਨ।

ਚੌਪਾਲ ਵਿੱਚ ਤਾਸ਼ ਵੀ ਖੇਡੀ ਜਾਂਦੀ ਸੀ।

ਡੇਰੇ ਵਿੱਚ ਸ਼ਾਮ ਦੀ ਆਰਤੀ ਵੀ ਹੁੰਦੀ ਸੀ।

ਪਰ ਮੇਰੇ ਅੰਦਰ ਸਭ ਕੁਝ ਰੁਕ ਗਿਆ ਸੀ।

ਮੈਨੂੰ ਹਰ ਵੇਲੇ ਇਉਂ ਲੱਗਦਾ, ਜਿਵੇਂ ਮੈਂ ਕਿਸੇ ਅਜਿਹੇ ਪੁਲ ਉੱਤੇ ਖੜ੍ਹਾ ਹਾਂ ਜਿਸ ਦੇ ਹੇਠਾਂ ਦਾ ਪਾਣੀ ਹੌਲੀ-ਹੌਲੀ ਨੀਂਹ ਖੋਹ ਰਿਹਾ ਹੈ।

ਇੱਕ ਦਿਨ ਡੇਰੇ ਦੀ ਕਮੇਟੀ ਇਕੱਠੀ ਹੋਈ।

ਲੰਗਰ ਹਾਲ ਦੀਆਂ ਕੰਧਾਂ ਅੱਧੀਆਂ ਖੜ੍ਹੀਆਂ ਸਨ।

ਮਿਸਤਰੀ ਕੰਮ ਰੋਕ ਕੇ ਬੈਠੇ ਸਨ।

ਇੱਟਾਂ ਦਾ ਢੇਰ ਧੁੱਪ ਵਿੱਚ ਤਪ ਰਿਹਾ ਸੀ।

ਸਭ ਦੀਆਂ ਨਜ਼ਰਾਂ ਮੇਰੇ ਉੱਤੇ ਸਨ।

“ਸਰਪੰਚ ਜੀ…”

ਇੱਕ ਬਜ਼ੁਰਗ ਨੇ ਪੁੱਛਿਆ,

“ਹੁਣ ਕੀ ਕਰੀਏ?”

ਮੇਰੇ ਕੋਲ ਕੋਈ ਜਵਾਬ ਨਹੀਂ ਸੀ।

ਮੈਂ ਬਿੰਦਰ ਵੱਲ ਵੇਖਿਆ।

ਉਹ ਵੀ ਸਿਰ ਝੁਕਾਈ ਬੈਠਾ ਸੀ।

ਕਾਫ਼ੀ ਦੇਰ ਦੀ ਚੁੱਪ ਤੋਂ ਬਾਅਦ ਮੈਂ ਸਿਰਫ਼ ਇੰਨਾ ਕਿਹਾ,

“ਕੰਮ ਬੰਦ ਨਹੀਂ ਹੋਣਾ ਚਾਹੀਦਾ।”

“ਪਰ ਪੈਸੇ?”

ਕਿਸੇ ਨੇ ਪੁੱਛਿਆ।

ਮੇਰੇ ਮੂੰਹੋਂ ਆਪੇ ਨਿਕਲ ਗਿਆ—

“ਮੈਂ ਕਰਾਂਗਾ ਇੰਤਜ਼ਾਮ।”

ਇਹ ਸ਼ਬਦ ਨਿਕਲਦੇ ਹੀ ਮੈਨੂੰ ਲੱਗਿਆ, ਜਿਵੇਂ ਮੈਂ ਆਪਣੇ ਮੋਢਿਆਂ ਉੱਤੇ ਇੱਕ ਹੋਰ ਪਹਾੜ ਚੁੱਕ ਲਿਆ ਹੋਵੇ।

ਉਸੇ ਸ਼ਾਮ ਮੈਂ ਆੜਤੀਏ ਦੀ ਦੁਕਾਨ ‘ਤੇ ਗਿਆ।

ਉਹ ਮੈਨੂੰ ਦੇਖ ਕੇ ਮੁਸਕਰਾਇਆ।

“ਆਓ ਸਰਪੰਚਾ, ਅੱਜ ਕਿਵੇਂ?”

ਮੈਂ ਗੱਲ ਘੁਮਾ-ਫਿਰਾ ਕੇ ਨਾ ਕੀਤੀ।

“ਕੁਝ ਰੁਪਏ ਚਾਹੀਦੇ ਨੇ।”

ਉਸ ਨੇ ਮੇਰੇ ਚਿਹਰੇ ਵੱਲ ਧਿਆਨ ਨਾਲ ਵੇਖਿਆ।

“ਕਿੰਨੇ?”

ਮੈਂ ਰਕਮ ਦੱਸੀ।

ਉਸ ਨੇ ਹਿਸਾਬ ਵਾਲੀ ਕਾਪੀ ਖੋਲ੍ਹੀ।

ਕੁਝ ਪਲ ਚੁੱਪ ਰਿਹਾ।

ਫਿਰ ਬੋਲਾ,

“ਦੇ ਦਿਆਂਗਾ।”

ਮੇਰੇ ਅੰਦਰ ਜਿਵੇਂ ਕੁਝ ਹੌਲਾ ਹੋਇਆ।

ਪਰ ਉਸ ਨੇ ਅੱਗੇ ਇੱਕ ਹੋਰ ਗੱਲ ਜੋੜ ਦਿੱਤੀ।

“ਇੱਕ ਗੱਲ ਪੁੱਛਾਂ?”

“ਹਾਂ।”

“ਏ ਪੈਸੇ ਖੇਤੀ ਲਈ ਨਹੀਂ ਮੰਗੇ ਜਾ ਰਹੇ।”

ਮੈਂ ਚੁੱਪ ਰਿਹਾ।

“ਨਾ ਹੀ ਘਰ ਲਈ।”

ਉਸ ਨੇ ਕਾਪੀ ਬੰਦ ਕਰ ਦਿੱਤੀ।

“ਸਰਪੰਚਾ… ਲੋਕਾਂ ਦੀ ਇੱਜ਼ਤ ਬਚਾਉਣੀ ਬੜੀ ਮਹਿੰਗੀ ਪੈਂਦੀ ਹੈ।”

ਮੇਰੇ ਕੋਲ ਕੋਈ ਜਵਾਬ ਨਹੀਂ ਸੀ।

ਉਹ ਮੈਨੂੰ ਕਈ ਸਾਲਾਂ ਤੋਂ ਜਾਣਦਾ ਸੀ।

ਮੇਰੀ ਚੁੱਪ ਪੜ੍ਹਨੀ ਉਸ ਨੂੰ ਆਉਂਦੀ ਸੀ।

ਉਸ ਨੇ ਰਕਮ ਮੇਰੇ ਸਾਹਮਣੇ ਰੱਖ ਦਿੱਤੀ।

“ਲੇ ਜਾ।”

“ਹਿਸਾਬ ਬਾਅਦ ਵਿੱਚ ਕਰ ਲਵਾਂਗੇ।”

ਮੈਂ ਪੈਸੇ ਚੁੱਕ ਲਏ।

ਪਰ ਮੈਨੂੰ ਲੱਗਿਆ, ਮੈਂ ਰੁਪਏ ਨਹੀਂ…

ਇੱਕ ਹੋਰ ਕਰਜ਼ਾ ਚੁੱਕਿਆ ਹੈ।

ਡੇਰੇ ਦਾ ਕੰਮ ਫਿਰ ਚੱਲ ਪਿਆ।

ਮਿਸਤਰੀਆਂ ਦੀਆਂ ਛੈਣੀਆਂ ਮੁੜ ਵੱਜਣ ਲੱਗੀਆਂ।

ਲੋਕ ਖ਼ੁਸ਼ ਸਨ।

ਕਈ ਆ ਕੇ ਮੇਰੀ ਪਿੱਠ ਥੱਪਥਪਾਉਂਦੇ।

“ਸਰਪੰਚ ਜੀ, ਤੁਸੀਂ ਨਾ ਹੁੰਦੇ ਤਾਂ ਕੰਮ ਰੁਕ ਜਾਣਾ ਸੀ।”

ਮੈਂ ਹੱਸ ਦਿੰਦਾ।

ਪਰ ਹਰ ਵਾਰ ਮੇਰੀ ਹੰਸੀ ਦੇ ਪਿੱਛੇ ਇੱਕ ਝੂਠ ਲੁਕਿਆ ਹੁੰਦਾ।

ਹਰ ਇੱਟ ਨਾਲ ਮੇਰਾ ਕਰਜ਼ਾ ਵੀ ਉੱਚਾ ਹੁੰਦਾ ਜਾ ਰਿਹਾ ਸੀ।

ਘਰ ਵਿੱਚ ਧੰਨੋ ਨੇ ਇੱਕ ਦਿਨ ਪੁੱਛ ਹੀ ਲਿਆ,

“ਏਨੇ ਪੈਸੇ ਆਏ ਕਿੱਥੋਂ?”

ਮੈਂ ਪਹਿਲੀ ਵਾਰ ਉਸ ਨਾਲ ਵੀ ਅੱਧਾ ਸੱਚ ਬੋਲਿਆ।

“ਆੜਤੀਏ ਤੋਂ ਲੈ ਆਇਆ।”

“ਕਿੰਨੇ ਦਿਨਾਂ ਲਈ?”

“ਵੇਖਾਂਗੇ…”

ਧੰਨੋ ਨੇ ਮੇਰੇ ਚਿਹਰੇ ਵੱਲ ਵੇਖਿਆ।

“ਬਹਾਦਰਾ… ਕਰਜ਼ਾ ਰੁਪਏ ਦਾ ਨਹੀਂ ਹੁੰਦਾ।”

“ਫਿਰ?”

“ਕਰਜ਼ਾ ਨੀਂਦ ਦਾ ਹੁੰਦਾ ਹੈ।”

ਉਸ ਰਾਤ ਉਸ ਦੀ ਇਹ ਗੱਲ ਸੱਚ ਹੋ ਗਈ।

ਸਾਰੀ ਰਾਤ ਮੈਂ ਮੰਜੇ ਉੱਤੇ ਪਾਸੇ ਮਾਰਦਾ ਰਿਹਾ।

ਅੱਖਾਂ ਬੰਦ ਕਰਦਾ ਤਾਂ ਡੇਰੇ ਦੀਆਂ ਅਧੂਰੀਆਂ ਕੰਧਾਂ ਦਿਸਦੀਆਂ।

ਅੱਖਾਂ ਖੋਲ੍ਹਦਾ ਤਾਂ ਆੜਤੀਏ ਦੀ ਹਿਸਾਬ ਵਾਲੀ ਕਾਪੀ।

ਅਤੇ ਇਹਨਾਂ ਦੋਹਾਂ ਦੇ ਵਿਚਕਾਰ…

ਦਾਦਾ ਸੁਰਜਨ ਸਿੰਘ ਖੜ੍ਹਾ ਹੁੰਦਾ।

ਚੁੱਪ।

ਬਿਲਕੁਲ ਚੁੱਪ।

ਉਸ ਦੀ ਇਹ ਚੁੱਪ ਹੁਣ ਮੇਰੇ ਲਈ ਕਿਸੇ ਡਾਂਟ ਨਾਲੋਂ ਵੀ ਵੱਧ ਭਾਰੀ ਸੀ।

ਕੁਝ ਦਿਨਾਂ ਬਾਅਦ ਆੜਤੀਆ ਫਿਰ ਮਿਲਿਆ।

ਉਸ ਨੇ ਹੱਸਦਿਆਂ ਕਿਹਾ,

“ਸਰਪੰਚਾ… ਹਿਸਾਬ ਵਧਦਾ ਜਾ ਰਿਹਾ।”

ਮੈਂ ਸਿਰ ਹਿਲਾ ਦਿੱਤਾ।

ਉਸ ਨੇ ਮੇਰੇ ਮੋਢੇ ‘ਤੇ ਹੱਥ ਰੱਖਿਆ।

“ਫਿਕਰ ਨਾ ਕਰ।”

“ਜ਼ਮੀਨ ਵਾਲਾ ਬੰਦਾ ਕਦੇ ਗਰੀਬ ਨਹੀਂ ਹੁੰਦਾ…”

ਮੈਨੂੰ ਨਾ ਜਾਣੇ ਕਿਉਂ…

ਉਸਦੇ ਇਸ ਵਾਕ ਵਿੱਚ ਦਿਲਾਸਾ ਘੱਟ ਤੇ ਇਸ਼ਾਰਾ ਵੱਧ ਲੱਗਿਆ।

ਮੈਂ ਉਸ ਦੀਆਂ ਅੱਖਾਂ ਵਿੱਚ ਵੇਖਿਆ।

ਉਹ ਮੁਸਕਰਾ ਰਿਹਾ ਸੀ।

ਪਰ ਉਸ ਮੁਸਕਰਾਹਟ ਦੇ ਪਿੱਛੇ ਇੱਕ ਹਿਸਾਬ ਬੈਠਾ ਸੀ।

ਅਤੇ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ—

ਮੇਰੀ ਘੁੱਟਣ ਹੁਣ ਸਿਰਫ਼ ਮੇਰੇ ਅੰਦਰ ਨਹੀਂ ਸੀ…

ਉਹ ਹੌਲੀ-ਹੌਲੀ ਮੇਰੀ ਜ਼ਮੀਨ ਤੱਕ ਪਹੁੰਚ ਰਹੀ ਸੀ।

ਕਰਜ਼ਾ ਕਦੇ ਇਕੱਲਾ ਨਹੀਂ ਆਉਂਦਾ।

ਉਹ ਆਪਣੇ ਨਾਲ ਚਿੰਤਾ, ਬੇਚੈਨੀ ਅਤੇ ਬੇਇੱਜ਼ਤੀ ਦਾ ਡਰ ਵੀ ਲਿਆਉਂਦਾ ਹੈ।

ਆੜਤੀਏ ਦੀ ਬਹੀ ਵਿੱਚ ਮੇਰਾ ਹਿਸਾਬ ਹਰ ਮਹੀਨੇ ਲੰਮਾ ਹੁੰਦਾ ਜਾ ਰਿਹਾ ਸੀ।

ਉਧਰ ਡੇਰੇ ਦਾ ਕੰਮ ਮੁੱਕਣ ਦਾ ਨਾਂ ਨਹੀਂ ਲੈਂਦਾ ਸੀ।

ਮੈਂ ਦਿਨ ਵਿੱਚ ਲੋਕਾਂ ਅੱਗੇ ਸਰਪੰਚ ਸੀ…

ਪਰ ਰਾਤ ਨੂੰ ਆਪਣੇ ਹੀ ਮਨ ਦਾ ਮੁਲਜ਼ਮ ਬਣ ਜਾਂਦਾ।

ਇਸੇ ਵਿਚਕਾਰ ਧੰਨੋ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ।

ਪਹਿਲਾਂ ਉਹ ਆਖਦੀ,

“ਬਸ… ਥੋੜ੍ਹੀ ਥਕਾਵਟ ਹੈ।”

ਫਿਰ ਇੱਕ ਦਿਨ ਖੇਤੋਂ ਮੁੜਦਿਆਂ ਉਸਨੂੰ ਚੱਕਰ ਆ ਗਿਆ।

ਮੈਂ ਦੌੜ ਕੇ ਉਸਨੂੰ ਸੰਭਾਲਿਆ।

ਉਸਦੇ ਮੱਥੇ ‘ਤੇ ਹੱਥ ਰੱਖਿਆ।

ਸਰੀਰ ਤਪ ਰਿਹਾ ਸੀ।

“ਚੱਲ… ਡਾਕਟਰ ਕੋਲ ਚੱਲੀਏ।”

ਉਹ ਮੁਸਕਰਾਈ।

“ਐਨੀ ਵੀ ਕੀ ਗੱਲ ਹੋ ਗਈ? ਦੋ ਗੋਲੀਆਂ ਖਾ ਲਵਾਂਗੀ, ਠੀਕ ਹੋ ਜਾਵਾਂਗੀ।”

ਪਰ ਉਹ ਠੀਕ ਨਾ ਹੋਈ।

ਜਾਂਚਾਂ ਹੋਈਆਂ।

ਸ਼ਹਿਰ ਦੇ ਹਸਪਤਾਲ ਦੇ ਕਈ ਚੱਕਰ ਲੱਗੇ।

ਇੱਕ ਦਿਨ ਡਾਕਟਰ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾ ਲਿਆ।

ਉਸ ਨੇ ਹੌਲੀ ਜਿਹੇ ਕਿਹਾ,

“ਇਲਾਜ ਲੰਮਾ ਚੱਲੇਗਾ…”

“ਖ਼ਰਚਾ ਵੀ…”

ਬਾਕੀ ਸ਼ਬਦ ਮੇਰੇ ਕੰਨਾਂ ਤੱਕ ਪਹੁੰਚੇ ਹੀ ਨਹੀਂ।

ਮੈਂ ਸਿਰਫ਼ ਧੰਨੋ ਦਾ ਚਿਹਰਾ ਵੇਖ ਰਿਹਾ ਸੀ।

ਉਹ ਬਾਹਰ ਬੈਂਚ ‘ਤੇ ਬੈਠੀ ਮੁਸਕਰਾ ਰਹੀ ਸੀ।

ਜਿਵੇਂ ਉਸਨੂੰ ਕੁਝ ਹੋਇਆ ਹੀ ਨਾ ਹੋਵੇ।

ਘਰ ਮੁੜਦਿਆਂ ਉਸ ਨੇ ਮੇਰਾ ਹੱਥ ਫੜ ਲਿਆ।

“ਡਾਕਟਰ ਨੇ ਕੀ ਕਿਹਾ?”

ਮੈਂ ਝੂਠ ਬੋਲਿਆ।

“ਕੁਝ ਨਹੀਂ… ਦਵਾਈਆਂ ਨਾਲ ਠੀਕ ਹੋ ਜਾਵੇਂਗੀ।”

ਉਹ ਮੇਰੇ ਵੱਲ ਵੇਖ ਕੇ ਹੱਸ ਪਈ।

“ਝੂਠ ਬੋਲਣਾ ਨਹੀਂ ਆਉਂਦਾ ਤੈਨੂੰ, ਬਹਾਦਰਾ।”

ਮੇਰੀਆਂ ਅੱਖਾਂ ਝੁਕ ਗਈਆਂ।

ਉਸ ਨੇ ਮੇਰਾ ਹੱਥ ਘੁੱਟ ਕੇ ਫੜਿਆ।

“ਜਿੰਨਾ ਲਿਖਿਆ, ਓਨਾ ਹੀ ਜੀਵਾਂਗੀ। ਪਰ ਤੂੰ ਟੁੱਟੀਂ ਨਾ।”

ਉਸ ਦਿਨ ਮੈਨੂੰ ਪਹਿਲੀ ਵਾਰ ਲੱਗਿਆ…

ਘਰ ਦੀ ਸਭ ਤੋਂ ਮਜ਼ਬੂਤ ਕੰਧ ਮੈਂ ਨਹੀਂ,

ਧੰਨੋ ਸੀ।

ਇਲਾਜ ਦੇ ਨਾਲ ਖ਼ਰਚਾ ਵੀ ਵਧਦਾ ਗਿਆ।

ਆੜਤੀਏ ਕੋਲ ਮੇਰੇ ਗੇੜੇ ਵਧ ਗਏ।

ਇੱਕ ਦਿਨ ਉਸ ਨੇ ਬਹੀ ਬੰਦ ਕਰ ਦਿੱਤੀ।

“ਸਰਪੰਚਾ…”

ਉਸਦੀ ਆਵਾਜ਼ ਪਹਿਲਾਂ ਨਾਲੋਂ ਗੰਭੀਰ ਸੀ।

“ਹੁਣ ਮੇਰੇ ਲਈ ਵੀ ਔਖਾ ਹੋ ਰਿਹਾ।”

ਮੈਂ ਚੁੱਪਚਾਪ ਬੈਠਾ ਰਿਹਾ।

“ਕੁਝ ਜ਼ਮੀਨ ਗਹਿਣੇ ਰੱਖ ਦੇ।”

ਮੇਰੇ ਅੰਦਰ ਕੁਝ ਹਿੱਲਿਆ।

ਦਾਦੇ ਦੀ ਆਵਾਜ਼ ਜਿਵੇਂ ਕਿਤੇ ਦੂਰੋਂ ਸੁਣਾਈ ਦਿੱਤੀ—

“ਜ਼ਮੀਨ ਸਿਰਫ਼ ਮਿੱਟੀ ਨਹੀਂ ਹੁੰਦੀ, ਸ਼ੇਰਾ… ਇਹ ਪੁਰਖਿਆਂ ਦੀ ਅਮਾਨਤ ਹੁੰਦੀ ਹੈ।“

ਮੈਂ ਆੜਤੀਏ ਵੱਲ ਵੇਖਿਆ।

“ਹੋਰ ਕੋਈ ਰਾਹ ਨਹੀਂ?”

ਉਹ ਕੁਝ ਪਲ ਚੁੱਪ ਰਿਹਾ।

ਫਿਰ ਕੁਰਸੀ ਤੋਂ ਥੋੜ੍ਹਾ ਅੱਗੇ ਹੋਇਆ।

“ਰਾਹ ਤਾਂ ਹੁੰਦੇ ਨੇ…”

ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ।

“ਪਰ ਹਰ ਬੰਦਾ ਤੁਰ ਨਹੀਂ ਸਕਦਾ।”

ਮੈਂ ਉਸਦਾ ਮਤਲਬ ਸਮਝ ਨਾ ਸਕਿਆ।

ਜਾਂ ਸ਼ਾਇਦ…

ਸਮਝ ਕੇ ਵੀ ਸਮਝਣਾ ਨਹੀਂ ਚਾਹੁੰਦਾ ਸੀ।

ਕੁਝ ਦਿਨਾਂ ਬਾਅਦ ਮੈਂ ਫਿਰ ਉਸਦੀ ਦੁਕਾਨ ‘ਤੇ ਗਿਆ।

ਉਸ ਨੇ ਦੁਕਾਨ ਦਾ ਪਰਦਾ ਅੱਧਾ ਕਰ ਦਿੱਤਾ।

ਚਾਹ ਮੰਗਵਾਈ।

ਫਿਰ ਹੌਲੀ ਜਿਹੇ ਬੋਲਿਆ—

“ਸਰਪੰਚਾ…”

“ਤੂੰ ਤਾਂ ਸੋਨੇ ਦੀਆਂ ਕੰਧਾਂ ਬਣਾ ਲਵੇਂ… ਜੇ ਹਿੰਮਤ ਕਰੇਂ।”

ਮੈਂ ਉਸ ਵੱਲ ਵੇਖਿਆ।

“ਕਿਵੇਂ?”

ਉਹ ਮੁਸਕਰਾਇਆ।

“ਪਿੰਡ ਨੂੰ ਕਿੰਨੀਆਂ ਗ੍ਰਾਂਟਾਂ ਆਉਂਦੀਆਂ ਨੇ…”

“ਕੰਮ ਤਾਂ ਹੋਣਾ ਹੀ ਹੁੰਦਾ…”

“ਥੋੜ੍ਹਾ ਉੱਪਰ… ਥੋੜ੍ਹਾ ਹੇਠਾਂ…”

“ਹਿਸਾਬ ਕੋਈ ਨਹੀਂ ਪੁੱਛਦਾ।”

ਮੇਰੇ ਕੰਨਾਂ ਵਿੱਚ ਜਿਵੇਂ ਧਮਾਕਾ ਹੋਇਆ।

ਮੈਂ ਕੁਰਸੀ ਤੋਂ ਸਿੱਧਾ ਹੋ ਕੇ ਬੈਠ ਗਿਆ।

“ਤੂੰ ਮੈਨੂੰ ਚੋਰੀ ਕਰਨ ਲਈ ਕਹਿ ਰਿਹਾ?”

ਉਹ ਹੱਸ ਪਿਆ।

“ਚੋਰੀ?”

“ਨਹੀਂ ਸਰਪੰਚਾ… ਇਹਨੂੰ ਦੁਨੀਆ ਸਿਆਣਪ ਕਹਿੰਦੀ ਹੈ।”

ਮੈਨੂੰ ਉਸ ਵੇਲੇ ਗੁੱਸਾ ਆਇਆ।

ਇੰਨਾ ਗੁੱਸਾ ਕਿ ਮਨ ਕੀਤਾ, ਉੱਠ ਕੇ ਉਸਦੇ ਮੂੰਹ ‘ਤੇ ਦੋ ਚਪੇੜਾਂ ਮਾਰਾਂ।

ਉਸਨੂੰ ਕਹਾਂ—

“ਮੇਰੇ ਦਾਦੇ ਨੇ ਲੋਕਾਂ ਲਈ ਘਰ ਦਾਨ ਕੀਤਾ ਸੀ… ਤੇ ਤੂੰ ਮੈਨੂੰ ਲੋਕਾਂ ਦਾ ਪੈਸਾ ਖਾਣਾ ਸਿਖਾ ਰਿਹਾ ਏਂ?”

ਪਰ…

ਮੈਂ ਕੁਝ ਨਾ ਕਿਹਾ।

ਹਮੇਸ਼ਾਂ ਵਾਂਗ।

ਮੈਂ ਸਿਰਫ਼ ਉੱਠਿਆ…

ਅਤੇ ਦੁਕਾਨ ਤੋਂ ਬਾਹਰ ਆ ਗਿਆ।

ਰਸਤੇ ਭਰ ਮੇਰੀ ਛਾਤੀ ਭਾਰੀ ਰਹੀ।

ਸਾਹ ਵਾਰ-ਵਾਰ ਅਟਕਦਾ ਰਿਹਾ।

ਘੁੱਟਣ ਫਿਰ ਵਾਪਸ ਆ ਗਈ ਸੀ।

ਪਰ ਇਸ ਵਾਰੀ ਉਸਦਾ ਕਾਰਨ ਗਰੀਬੀ ਨਹੀਂ ਸੀ…

ਸਗੋਂ ਇਹ ਡਰ ਸੀ ਕਿ ਕਿਤੇ ਇੱਕ ਦਿਨ ਮੇਰੀ ਮਜਬੂਰੀ ਮੇਰੀ ਇਮਾਨਦਾਰੀ ਤੋਂ ਵੱਡੀ ਨਾ ਹੋ ਜਾਵੇ।

ਘਰ ਪਹੁੰਚਿਆ ਤਾਂ ਧੰਨੋ ਨੇ ਪੁੱਛਿਆ,

“ਕੀ ਹੋਇਆ?”

ਮੈਂ ਉਸ ਦੀਆਂ ਅੱਖਾਂ ਵਿੱਚ ਵੇਖਿਆ।

ਬਹੁਤ ਚਿਰ ਬਾਅਦ ਮੇਰੇ ਮੂੰਹੋਂ ਇੱਕ ਸੱਚ ਨਿਕਲਿਆ—

“ਧੰਨੋ… ਅੱਜ ਪਹਿਲੀ ਵਾਰ ਮੈਨੂੰ ਆਪਣੇ ਆਪ ਤੋਂ ਡਰ ਲੱਗਿਆ ਹੈ।”

ਧੰਨੋ ਨੇ ਮੇਰਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ।

“ਜਿਸ ਦਿਨ ਇਨਸਾਨ ਨੂੰ ਆਪਣੇ ਆਪ ਤੋਂ ਡਰ ਲੱਗਣਾ ਮੁੱਕ ਜਾਵੇ…

ਉਸ ਦਿਨ ਉਹ ਸੱਚਮੁੱਚ ਡਿੱਗ ਜਾਂਦਾ ਹੈ।”

ਉਸਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਿਆ।

ਪਰ ਮੈਨੂੰ ਪਤਾ ਨਹੀਂ ਸੀ…

ਮੇਰੀ ਸਭ ਤੋਂ ਔਖੀ ਪਰਖ ਅਜੇ ਆਉਣੀ ਬਾਕੀ ਸੀ।

ਆੜਤੀਏ ਦੀ ਦੁਕਾਨ ਤੋਂ ਮੁੜਦਿਆਂ ਮੈਨੂੰ ਲੱਗ ਰਿਹਾ ਸੀ ਜਿਵੇਂ ਮੈਂ ਆਪਣੇ ਪੈਰਾਂ ਨਾਲ ਨਹੀਂ, ਕਿਸੇ ਅਦਿੱਖੇ ਬੋਝ ਨਾਲ ਤੁਰ ਰਿਹਾ ਹਾਂ।

ਉਸ ਦਿਨ ਮੈਂ ਸਿੱਧਾ ਘਰ ਨਾ ਗਿਆ।

ਪਿੰਡ ਤੋਂ ਬਾਹਰ ਸੂਏ ਦੀ ਪੱਟੜੀ ਉੱਤੇ ਜਾ ਬੈਠਾ।

ਸ਼ਾਮ ਢਲ ਰਹੀ ਸੀ।

ਪਾਣੀ ਆਪਣੇ ਹੀ ਵੇਗ ਨਾਲ ਵਗ ਰਿਹਾ ਸੀ।

ਮੈਂ ਸੋਚ ਰਿਹਾ ਸੀ—

“ਪਾਣੀ ਕਿੰਨਾ ਭਾਗਾਂ ਵਾਲਾ ਹੈ। ਇਹਨੂੰ ਆਪਣਾ ਰਾਹ ਬਦਲਣ ਲਈ ਕਿਸੇ ਦੀ ਇਜਾਜ਼ਤ ਨਹੀਂ ਲੈਣੀ ਪੈਂਦੀ।“

ਤੇ ਮੈਂ…

ਸਾਰੀ ਉਮਰ ਦੂਜਿਆਂ ਦੀ ਰਜ਼ਾਮੰਦੀ ਵਿੱਚ ਆਪਣਾ ਰਾਹ ਲੱਭਦਾ ਰਿਹਾ।

ਧੰਨੋ ਦੀ ਬਿਮਾਰੀ ਵਧਦੀ ਜਾ ਰਹੀ ਸੀ।

ਸ਼ਹਿਰ ਦੇ ਹਸਪਤਾਲਾਂ ਦੇ ਚੱਕਰ ਹੁਣ ਰੁਟੀਨ ਬਣ ਗਏ ਸਨ।

ਹਰ ਵਾਰ ਨਵੀਂ ਜਾਂਚ।

ਨਵੀਂ ਦਵਾਈ।

ਨਵਾਂ ਖ਼ਰਚਾ।

ਮੈਂ ਬਹੀ ਵਿੱਚ ਕਰਜ਼ਾ ਵਧਦਾ ਵੇਖਦਾ ਤੇ ਧੰਨੋ ਦੇ ਚਿਹਰੇ ਤੋਂ ਘਟਦੀ ਰੌਣਕ।

ਇੱਕ ਦਿਨ ਹਸਪਤਾਲ ਤੋਂ ਵਾਪਸ ਆਉਂਦਿਆਂ ਉਸ ਨੇ ਕਿਹਾ,

“ਬਹਾਦਰਾ… ਜੇ ਮੇਰੇ ਇਲਾਜ ਲਈ ਜ਼ਮੀਨ ਵੇਚਣੀ ਪੈ ਜਾਵੇ ਤਾਂ ਨਾ ਵੇਚੀਂ।”

ਮੈਂ ਉਸ ਵੱਲ ਹੈਰਾਨ ਹੋ ਕੇ ਵੇਖਿਆ।

“ਤੂੰ ਕੀ ਕਹਿ ਰਹੀ ਐਂ?”

ਉਹ ਮੁਸਕਰਾਈ।

“ਮੈਂ ਚਲੀ ਵੀ ਗਈ ਤਾਂ ਦੁੱਖ ਹੋਵੇਗਾ… ਪਰ ਜ਼ਮੀਨ ਗਈ ਤਾਂ ਤੇਰੀਆਂ ਅੱਖਾਂ ਦਾ ਨੂਰ ਵੀ ਚਲਾ ਜਾਵੇਗਾ।”

ਮੈਂ ਉਸਨੂੰ ਟੋਕ ਦਿੱਤਾ।

“ਐਹੋ ਜਿਹੀਆਂ ਗੱਲਾਂ ਨਾ ਕਰ।”

ਉਸ ਨੇ ਗੱਲ ਬਦਲ ਦਿੱਤੀ।

ਪਰ ਉਸਦੇ ਸ਼ਬਦ ਮੇਰੇ ਅੰਦਰ ਉਤਰ ਗਏ।

ਉਧਰ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ।

ਅਚਾਨਕ ਪਿੰਡ ਵਿੱਚ ਵਿਕਾਸ ਦੀਆਂ ਗੱਲਾਂ ਸ਼ੁਰੂ ਹੋ ਗਈਆਂ।

ਗਲੀਆਂ ਲਈ ਗ੍ਰਾਂਟ।

ਨਾਲੀਆਂ ਲਈ ਗ੍ਰਾਂਟ।

ਧਰਮਸ਼ਾਲਾ ਲਈ ਗ੍ਰਾਂਟ।

ਪੰਚਾਇਤ ਦੇ ਦਫ਼ਤਰ ਵਿੱਚ ਫ਼ਾਈਲਾਂ ਦੇ ਢੇਰ ਲੱਗ ਗਏ।

ਪਿੰਡ ਦਾ ਸੈਕਟਰੀ ਹੁਣ ਪਹਿਲਾਂ ਨਾਲੋਂ ਕਈ ਵਾਰ ਆਉਣ ਲੱਗਾ।

ਇੱਕ ਦਿਨ ਉਹ ਸਿੱਧਾ ਆੜਤੀਏ ਦੀ ਦੁਕਾਨ ‘ਤੇ ਮੈਨੂੰ ਮਿਲਿਆ।

“ਸਰਪੰਚ ਸਾਹਿਬ, ਜ਼ਰਾ ਬੈਠੋ।”

ਉਸਦੀ ਆਵਾਜ਼ ਵਿੱਚ ਰਸਮੀਅਤ ਘੱਟ, ਆਪਣਾਪਣ ਵੱਧ ਸੀ।

ਆੜਤੀਏ ਨੇ ਚਾਹ ਮੰਗਵਾ ਲਈ।

ਕੁਝ ਵੇਲੇ ਇਧਰ-ਉਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ।

ਫਿਰ ਸੈਕਟਰੀ ਨੇ ਹੌਲੀ ਜਿਹੇ ਕਿਹਾ,

“ਇਸ ਵਾਰ ਕੰਮ ਬਹੁਤ ਆਉਣਾ।”

“ਹਾਂ, ਚੰਗੀ ਗੱਲ ਹੈ।”

ਮੈਂ ਸਿੱਧਾ ਜਵਾਬ ਦਿੱਤਾ।

ਉਹ ਹੱਸ ਪਿਆ।

“ਤੁਸੀਂ ਅਜੇ ਵੀ ਬਹੁਤ ਸਿੱਧੇ ਓ, ਸਰਪੰਚ ਸਾਹਿਬ।”

ਮੈਂ ਕੁਝ ਸਮਝਿਆ ਨਹੀਂ।

ਉਸ ਨੇ ਮੇਜ਼ ਉੱਤੇ ਪਈ ਪੈਂਸਿਲ ਚੁੱਕੀ ਅਤੇ ਬਹੀ ਦੇ ਖਾਲੀ ਸਫ਼ੇ ਉੱਤੇ ਦੋ ਲਾਈਨਾਂ ਖਿੱਚ ਦਿੱਤੀਆਂ।

“ਸਰਕਾਰ ਇੱਕ ਲਾਈਨ ਬਣਾਉਂਦੀ ਹੈ…”

ਫਿਰ ਦੂਜੀ ਲਾਈਨ ਖਿੱਚੀ।

“…ਤੇ ਅਸੀਂ ਦੂਜੀ।”

ਉਹ ਮੇਰੇ ਵੱਲ ਵੇਖ ਕੇ ਮੁਸਕਰਾਇਆ।

“ਦੋਹਾਂ ਲਾਈਨਾਂ ਦੇ ਵਿਚਕਾਰ ਹੀ ਲੋਕ ਆਪਣਾ ਘਰ ਬਣਾ ਲੈਂਦੇ ਨੇ।”

ਮੈਨੂੰ ਹੁਣ ਉਸਦੀ ਗੱਲ ਸਮਝ ਆ ਗਈ ਸੀ।

ਮੈਂ ਤੁਰੰਤ ਕਿਹਾ,

“ਮੇਰੇ ਕੋਲੋਂ ਇਹ ਨਹੀਂ ਹੋਣਾ।”

ਸੈਕਟਰੀ ਨੇ ਆੜਤੀਏ ਵੱਲ ਵੇਖਿਆ।

ਦੋਵੇਂ ਹੱਸ ਪਏ।

ਆੜਤੀਏ ਨੇ ਹੌਲੀ ਜਿਹੇ ਕਿਹਾ,

“ਕੋਈ ਗੱਲ ਨਹੀਂ ਸਰਪੰਚਾ… ਅੱਜ ਨਹੀਂ ਤਾਂ ਕੱਲ੍ਹ ਸਮਝ ਆ ਜਾਊ।”

ਦਿਨ ਲੰਘਦੇ ਗਏ।

ਧੰਨੋ ਦਾ ਇਲਾਜ…

ਡੇਰੇ ਦਾ ਕਰਜ਼ਾ…

ਆੜਤੀਏ ਦਾ ਹਿਸਾਬ…

ਸਭ ਕੁਝ ਇੱਕੋ ਵਾਰ ਮੇਰੇ ਮੋਢਿਆਂ ਉੱਤੇ ਸੀ।

ਰਾਤ ਨੂੰ ਨੀਂਦ ਨਹੀਂ ਆਉਂਦੀ ਸੀ।

ਦਿਨ ਨੂੰ ਚੈਨ ਨਹੀਂ ਆਉਂਦਾ ਸੀ।

ਇੱਕ ਸ਼ਾਮ ਆੜਤੀਆ ਫਿਰ ਆ ਗਿਆ।

ਇਸ ਵਾਰ ਉਹ ਇਕੱਲਾ ਨਹੀਂ ਸੀ।

ਸੈਕਟਰੀ ਵੀ ਨਾਲ ਸੀ।

ਉਹਨਾਂ ਨੇ ਕੋਈ ਲੰਬੀ ਗੱਲ ਨਾ ਕੀਤੀ।

ਸੈਕਟਰੀ ਨੇ ਸਿਰਫ਼ ਇੱਕ ਫ਼ਾਈਲ ਮੇਰੇ ਸਾਹਮਣੇ ਰੱਖੀ।

“ਇਹ ਪਹਿਲੇ ਕੰਮ ਦਾ ਬਿੱਲ ਹੈ।”

ਮੈਂ ਕਾਗਜ਼ ਵੇਖਿਆ।

ਰਕਮ ਅਸਲ ਕੰਮ ਨਾਲੋਂ ਕਾਫ਼ੀ ਵੱਧ ਸੀ।

ਮੇਰੇ ਹੱਥ ਕੰਬ ਗਏ।

“ਇਹ ਤਾਂ…”

ਸੈਕਟਰੀ ਨੇ ਮੇਰੀ ਗੱਲ ਵਿਚਕਾਰ ਹੀ ਕੱਟ ਦਿੱਤੀ।

“ਤੁਹਾਡੇ ਹਿੱਸੇ ਦਾ ਹਿਸਾਬ ਵੱਖਰਾ ਹੈ।”

ਮੈਂ ਫ਼ਾਈਲ ਬੰਦ ਕਰ ਦਿੱਤੀ।

“ਨਹੀਂ।”

ਇਹ ਸ਼ਬਦ ਮੇਰੇ ਮੂੰਹੋਂ ਨਿਕਲ ਤਾਂ ਗਿਆ…

ਪਰ ਪਹਿਲੀ ਵਾਰ ਨਿਕਲਿਆ ਸੀ।

ਸੈਕਟਰੀ ਨੇ ਕੁਰਸੀ ਪਿੱਛੇ ਧੱਕੀ।

“ਠੀਕ ਹੈ।”

ਉਹ ਉੱਠ ਖੜ੍ਹਾ ਹੋਇਆ।

“ਪਰ ਜਦੋਂ ਆੜਤੀਏ ਦਾ ਕਰਜ਼ਾ ਮੰਗੇਗਾ…

ਹਸਪਤਾਲ ਵਾਲੇ ਪੈਸੇ ਮੰਗਣਗੇ…

ਤੇ ਡੇਰੇ ਦੀ ਕਮੇਟੀ ਹਿਸਾਬ ਮੰਗੇਗੀ…

ਉਦੋਂ ਫਿਰ ਸੋਚ ਲਈਂ।”

ਦੋਵੇਂ ਚਲੇ ਗਏ।

ਮੈਂ ਕਾਫ਼ੀ ਦੇਰ ਤੱਕ ਫ਼ਾਈਲ ਵੱਲ ਵੇਖਦਾ ਰਿਹਾ।

ਉਸ ਦਿਨ ਮੈਂ ਪਹਿਲੀ ਵਾਰ “ਨਹੀਂ” ਤਾਂ ਕਹਿ ਦਿੱਤਾ ਸੀ…

ਪਰ ਮੇਰੇ ਅੰਦਰੋਂ ਇੱਕ ਆਵਾਜ਼ ਆ ਰਹੀ ਸੀ—

“ਕਿੰਨੇ ਦਿਨ?”

ਮੈਂ ਜਾਣਦਾ ਸੀ…

ਇਹ ਲੜਾਈ ਹੁਣ ਬਾਹਰਲੇ ਲੋਕਾਂ ਨਾਲ ਨਹੀਂ…

ਆਪਣੀ ਮਜਬੂਰੀ ਨਾਲ ਸੀ।

ਉਸੇ ਰਾਤ ਧੰਨੋ ਨੂੰ ਤੇਜ਼ ਦਰਦ ਚੜ੍ਹ ਗਿਆ।

ਮੈਂ ਉਸਨੂੰ ਲੈ ਕੇ ਹਸਪਤਾਲ ਵੱਲ ਦੌੜਿਆ।

ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਵਿੱਚ ਮੈਨੂੰ ਇੱਕੋ ਗੱਲ ਸੁਣਾਈ ਦੇ ਰਹੀ ਸੀ—

ਕਈ ਵਾਰ ਇਨਸਾਨ ਆਪਣਾ ਜ਼ਮੀਰ ਵੇਚਣਾ ਨਹੀਂ ਚਾਹੁੰਦਾ… ਪਰ ਹਾਲਾਤ ਉਸਨੂੰ ਹਰ ਰੋਜ਼ ਉਸਦੀ ਕੀਮਤ ਦੱਸਦੇ ਰਹਿੰਦੇ ਹਨ।

ਹਸਪਤਾਲ ਦੇ ਵਾਰਡ ਦੀ ਖਿੜਕੀ ਵਿਚੋਂ ਬਾਹਰ ਵੇਖਦਿਆਂ ਮੈਨੂੰ ਲੱਗਦਾ ਸੀ, ਜਿਵੇਂ ਦੁਨੀਆ ਪਹਿਲਾਂ ਵਾਂਗ ਹੀ ਚੱਲ ਰਹੀ ਹੈ।

ਲੋਕ ਆਉਂਦੇ।

ਲੋਕ ਜਾਂਦੇ।

ਕੋਈ ਹੱਸਦਾ।

ਕੋਈ ਰੋਂਦਾ।

ਪਰ ਮੇਰੀ ਦੁਨੀਆ ਉਸ ਮੰਜੇ ਤੱਕ ਸਿਮਟ ਗਈ ਸੀ, ਜਿਸ ਉੱਤੇ ਧੰਨੋ ਪਈ ਸੀ।

ਉਸਦਾ ਸਰੀਰ ਦਿਨੋਂ-ਦਿਨ ਸੁੱਕਦਾ ਜਾ ਰਿਹਾ ਸੀ, ਪਰ ਚਿਹਰੇ ਦੀ ਸ਼ਾਂਤੀ ਅਜੇ ਵੀ ਉਹੀ ਸੀ।

ਕਈ ਵਾਰ ਮੈਨੂੰ ਲੱਗਦਾ, ਬਿਮਾਰੀ ਮੇਰੇ ਸਰੀਰ ਨੂੰ ਹੋਣੀ ਚਾਹੀਦੀ ਸੀ।

ਦੁੱਖ ਤਾਂ ਮੈਂ ਪਹਿਲਾਂ ਹੀ ਝੱਲ ਰਿਹਾ ਸੀ।

ਡਾਕਟਰ ਨੇ ਮੈਨੂੰ ਕਮਰੇ ਵਿੱਚ ਬੁਲਾਇਆ।

“ਇਲਾਜ ਜਾਰੀ ਰੱਖਣਾ ਪਵੇਗਾ।”

ਉਸਨੇ ਫ਼ਾਈਲ ਮੇਰੇ ਹੱਥ ਵਿੱਚ ਦਿੱਤੀ।

“ਇਹ ਦਵਾਈਆਂ ਅੱਜ ਹੀ ਲੈ ਆਓ।”

ਮੈਂ ਪਰਚੀ ਵੇਖੀ।

ਰਕਮ ਪੜ੍ਹਦਿਆਂ ਹੀ ਮੇਰੀਆਂ ਉਂਗਲਾਂ ਢਿੱਲੀਆਂ ਪੈ ਗਈਆਂ।

ਮੇਰੀ ਜੇਬ ਵਿੱਚ ਉਸਦਾ ਅੱਧਾ ਵੀ ਨਹੀਂ ਸੀ।

ਮੈਂ ਹੌਲੀ ਜਿਹੇ ਪੁੱਛਿਆ,

“ਡਾਕਟਰ ਸਾਹਿਬ… ਦੋ-ਚਾਰ ਦਿਨ…”

ਉਸਨੇ ਮੇਰੀ ਗੱਲ ਵਿਚਕਾਰ ਹੀ ਕੱਟ ਦਿੱਤੀ।

“ਬਿਮਾਰੀ ਦਿਨ ਨਹੀਂ ਵੇਖਦੀ, ਸਰਦਾਰ ਜੀ।”

ਮੈਂ ਚੁੱਪਚਾਪ ਬਾਹਰ ਆ ਗਿਆ।

ਹਸਪਤਾਲ ਦੇ ਬਾਹਰ ਆੜਤੀਆ ਖੜ੍ਹਾ ਸੀ।

ਮੈਨੂੰ ਹੈਰਾਨੀ ਹੋਈ।

ਉਹ ਮੇਰੇ ਕੋਲ ਆਇਆ।

“ਕਿਵੇਂ ਆ ਧੰਨੋ ਭਾਬੀ?”

ਮੈਂ ਸਿਰਫ਼ ਸਿਰ ਹਿਲਾ ਦਿੱਤਾ।

ਉਸਨੇ ਮੇਰੇ ਹੱਥ ਵਿੱਚ ਪਰਚੀ ਵੇਖ ਲਈ।

ਕੁਝ ਪਲ ਚੁੱਪ ਰਿਹਾ।

ਫਿਰ ਬੋਲਿਆ,

“ਚੱਲ, ਦਵਾਈਆਂ ਲੈ ਲੈ।”

ਮੈਂ ਇਨਕਾਰ ਕੀਤਾ।

“ਨਹੀਂ… ਮੈਂ ਦੇਖ ਲਵਾਂਗਾ।”

ਉਹ ਹੌਲੀ ਜਿਹੇ ਹੱਸਿਆ।

“ਕਦੋਂ ਤੱਕ ਇਕੱਲਾ ਦੇਖੇਂਗਾ?”

ਉਸਨੇ ਜੇਬ ਵਿਚੋਂ ਪੈਸੇ ਕੱਢ ਕੇ ਮੇਰੇ ਹੱਥ ਵਿੱਚ ਰੱਖ ਦਿੱਤੇ।

ਮੈਂ ਵਾਪਸ ਕਰਨ ਲੱਗਾ।

ਉਸਨੇ ਮੇਰਾ ਹੱਥ ਫੜ ਲਿਆ।

“ਇਸ ਵੇਲੇ ਹਿਸਾਬ ਨਾ ਕਰ।”

“ਜਾਨ ਬਚਾ ਲੈ ਪਹਿਲਾਂ।”

ਉਸ ਵੇਲੇ ਮੈਂ ਹਾਰ ਗਿਆ।

ਪੈਸਿਆਂ ਤੋਂ ਨਹੀਂ…

ਆਪਣੀ ਮਜਬੂਰੀ ਤੋਂ।

ਕੁਝ ਦਿਨਾਂ ਬਾਅਦ ਧੰਨੋ ਘਰ ਆ ਗਈ।

ਉਹ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਸੀ।

ਇੱਕ ਸ਼ਾਮ ਉਸਨੇ ਮੈਨੂੰ ਕੋਲ ਬਿਠਾਇਆ।

“ਬਹਾਦਰਾ…”

“ਹਾਂ।”

“ਇੱਕ ਗੱਲ ਪੁੱਛਾਂ?”

“ਪੁੱਛ।”

“ਤੂੰ ਬਹੁਤ ਬਦਲ ਗਿਆ ਏਂ।”

ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ।

ਉਹ ਹੌਲੀ ਜਿਹੇ ਬੋਲੀ,

“ਪਹਿਲਾਂ ਤੇਰੇ ਚਿਹਰੇ ‘ਤੇ ਫਿਕਰ ਹੁੰਦੀ ਸੀ…”

“ਹੁਣ ਡਰ ਰਹਿੰਦਾ ਹੈ।”

ਮੇਰੇ ਕੋਲ ਜਵਾਬ ਨਹੀਂ ਸੀ।

ਉਹ ਮੁਸਕਰਾਈ।

“ਕਦੇ ਆਪਣੇ ਆਪ ਨੂੰ ਨਾ ਹਾਰੀਂ।”

ਮੈਂ ਉਸਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ।

ਪਰ ਮੈਨੂੰ ਅੰਦਰੋਂ ਮਹਿਸੂਸ ਹੋ ਰਿਹਾ ਸੀ…

ਕਿ ਮੈਂ ਹਾਰ ਦੀ ਦਹਿਲੀਜ਼ ਤੱਕ ਪਹੁੰਚ ਚੁੱਕਾ ਹਾਂ।

ਕੁਝ ਦਿਨਾਂ ਬਾਅਦ ਸੈਕਟਰੀ ਫਿਰ ਆਇਆ।

ਇਸ ਵਾਰ ਉਹ ਪੰਚਾਇਤ ਘਰ ਨਹੀਂ ਗਿਆ।

ਸਿੱਧਾ ਮੇਰੇ ਘਰ ਆ ਗਿਆ।

ਚਾਹ ਪੀਂਦਿਆਂ ਉਸਨੇ ਕਿਹਾ,

“ਪਹਿਲਾ ਬਿੱਲ ਅਜੇ ਵੀ ਪਿਆ।”

ਮੈਂ ਕੋਈ ਜਵਾਬ ਨਾ ਦਿੱਤਾ।

ਉਹ ਹੌਲੀ ਜਿਹੇ ਬੋਲਿਆ,

“ਸਰਪੰਚ ਸਾਹਿਬ…”

“ਤੁਸੀਂ ਇਮਾਨਦਾਰ ਹੋ, ਇਹ ਪਿੰਡ ਜਾਣਦਾ।”

“ਪਰ ਇਮਾਨਦਾਰੀ ਨਾਲ ਦਵਾਈ ਨਹੀਂ ਆਉਂਦੀ।”

ਇਹ ਵਾਕ ਮੇਰੇ ਸੀਨੇ ਵਿੱਚ ਤੀਰ ਵਾਂਗ ਲੱਗਾ।

ਉਸਨੇ ਫ਼ਾਈਲ ਮੇਰੇ ਸਾਹਮਣੇ ਰੱਖ ਦਿੱਤੀ।

“ਕੰਮ ਹੋਇਆ ਵੀ ਹੈ।”

“ਥੋੜ੍ਹਾ ਜਿਹਾ ਹਿਸਾਬ ਉੱਪਰ-ਥੱਲੇ ਹੈ।”

“ਕੱਲ੍ਹ ਹੋਰ ਕੰਮਾਂ ਵਿੱਚ ਪੂਰਾ ਹੋ ਜਾਵੇਗਾ।”

ਮੈਂ ਕਾਗਜ਼ਾਂ ਵੱਲ ਵੇਖਿਆ।

ਫਿਰ ਧੰਨੋ ਦੇ ਕਮਰੇ ਵੱਲ।

ਉਹ ਸੁੱਤੀ ਹੋਈ ਸੀ।

ਉਸਦੇ ਸਿਰਹਾਣੇ ਦਵਾਈਆਂ ਦੀਆਂ ਸ਼ੀਸ਼ੀਆਂ ਪਈਆਂ ਸਨ।

ਮੈਂ ਅੱਖਾਂ ਬੰਦ ਕਰ ਲਈਆਂ।

ਦਾਦਾ ਸੁਰਜਨ ਸਿੰਘ ਦਾ ਚਿਹਰਾ ਸਾਹਮਣੇ ਆ ਗਿਆ।

ਉਸਦੀ ਆਵਾਜ਼ ਗੂੰਜੀ—

“ਸ਼ੇਰਾ… ਨੀਅਤ ਦਾ ਰਾਹ ਔਖਾ ਹੁੰਦਾ ਹੈ।“

ਉਸੇ ਵੇਲੇ ਧੰਨੋ ਦੀ ਖੰਘ ਦੀ ਆਵਾਜ਼ ਆਈ।

ਮੈਂ ਅੱਖਾਂ ਖੋਲ੍ਹੀਆਂ।

ਸੈਕਟਰੀ ਮੇਰੇ ਜਵਾਬ ਦੀ ਉਡੀਕ ਕਰ ਰਿਹਾ ਸੀ।

ਮੇਰੇ ਹੱਥ ਕੰਬ ਰਹੇ ਸਨ।

ਕਲਮ ਮੇਰੇ ਸਾਹਮਣੇ ਪਈ ਸੀ।

ਮੈਂ ਉਸਨੂੰ ਚੁੱਕ ਲਿਆ।

ਕੁਝ ਪਲ ਉਸਨੂੰ ਤੱਕਦਾ ਰਿਹਾ।

ਫਿਰ…

ਆਪਣੇ ਨਾਮ ਦੇ ਹੇਠਾਂ ਦਸਤਖ਼ਤ ਕਰ ਦਿੱਤੇ।

ਉਸ ਇੱਕ ਦਸਤਖ਼ਤ ਨਾਲ ਕਾਗਜ਼ ਹੀ ਨਹੀਂ ਭਰਿਆ ਸੀ…

ਮੇਰੇ ਅੰਦਰ ਵੀ ਕੁਝ ਟੁੱਟ ਗਿਆ ਸੀ।

ਸੈਕਟਰੀ ਨੇ ਫ਼ਾਈਲ ਬੰਦ ਕੀਤੀ।

ਆੜਤੀਆ ਹੌਲੀ ਜਿਹਾ ਮੁਸਕਰਾਇਆ।

ਦੋਵੇਂ ਚਲੇ ਗਏ।

ਮੈਂ ਇਕੱਲਾ ਬੈਠਾ ਰਿਹਾ।

ਉਸ ਦਿਨ ਮੈਨੂੰ ਘੁੱਟਣ ਨਹੀਂ ਹੋਈ।

ਅਜੀਬ ਗੱਲ ਸੀ।

ਜਿਵੇਂ ਦਰਦ ਇੰਨਾ ਵੱਡਾ ਹੋ ਗਿਆ ਹੋਵੇ ਕਿ ਸਰੀਰ ਵੀ ਉਸਨੂੰ ਮਹਿਸੂਸ ਕਰਨਾ ਭੁੱਲ ਗਿਆ ਹੋਵੇ।

ਰਾਤ ਨੂੰ ਸੌਣ ਲੱਗਾ ਤਾਂ ਪਹਿਲੀ ਵਾਰ ਸੁਪਨੇ ਵਿੱਚ ਦਾਦਾ ਸੁਰਜਨ ਸਿੰਘ ਨਹੀਂ ਆਇਆ।

ਸਿਰਫ਼ ਇੱਕ ਚਿੱਟੀ ਪੱਗ ਸੀ…

ਜੋ ਸੂਏ ਦੇ ਪਾਣੀ ਵਿੱਚ ਹੌਲੀ-ਹੌਲੀ ਵਹਿੰਦੀ ਦੂਰ ਜਾਂਦੀ ਰਹੀ।

ਅਤੇ ਮੈਂ…

ਕਿਨਾਰੇ ਖੜ੍ਹਾ ਵੇਖਦਾ ਰਿਹਾ।

ਪਹਿਲਾ ਦਸਤਖ਼ਤ ਕਰਨਾ ਸਭ ਤੋਂ ਔਖਾ ਸੀ।

ਉਸ ਤੋਂ ਬਾਅਦ ਹਰ ਦਸਤਖ਼ਤ ਥੋੜ੍ਹਾ ਆਸਾਨ ਹੁੰਦਾ ਗਿਆ।

ਪਹਿਲਾਂ ਮੈਂ ਹਰ ਬਿੱਲ ਧਿਆਨ ਨਾਲ ਪੜ੍ਹਦਾ।

ਫਿਰ ਸਿਰਫ਼ ਅੰਕ ਵੇਖਦਾ।

ਅੰਤ ਵਿੱਚ ਤਾਂ ਸੈਕਟਰੀ ਜਿੱਥੇ ਉਂਗਲ ਰੱਖ ਦਿੰਦਾ, ਮੈਂ ਉੱਥੇ ਹੀ ਦਸਤਖ਼ਤ ਕਰ ਦਿੰਦਾ।

ਹਰ ਵਾਰ ਆਪਣੇ ਆਪ ਨੂੰ ਇੱਕੋ ਤਸੱਲੀ ਦਿੰਦਾ—

“ਇਹ ਪੈਸਾ ਮੈਂ ਆਪਣੇ ਲਈ ਨਹੀਂ ਲੈ ਰਿਹਾ। ਡੇਰੇ ਦਾ ਕਰਜ਼ਾ ਉਤਾਰਨਾ ਹੈ। ਧੰਨੋ ਦਾ ਇਲਾਜ ਕਰਵਾਉਣਾ ਹੈ। ਲੋਕਾਂ ਦੀ ਅਮਾਨਤ ਵਾਪਸ ਕਰਨੀ ਹੈ।“

ਪਰ ਜ਼ਮੀਰ ਤਸੱਲੀਆਂ ਨਹੀਂ ਮੰਨਦਾ।

ਉਹ ਸਿਰਫ਼ ਸੱਚ ਜਾਣਦਾ ਹੈ।

ਕੁਝ ਮਹੀਨਿਆਂ ਵਿੱਚ ਮੇਰੇ ਸਿਰ ਦਾ ਕਾਫ਼ੀ ਕਰਜ਼ਾ ਉਤਰ ਗਿਆ।

ਡੇਰੇ ਦਾ ਕੰਮ ਵੀ ਮੁੱਕ ਗਿਆ।

ਲੰਗਰ ਹਾਲ ਵਿੱਚ ਪਹਿਲਾ ਦੀਵਾਨ ਲੱਗਾ।

ਸੰਗਤ ਨੇ ਮੇਰੀ ਬੜੀ ਵਡਿਆਈ ਕੀਤੀ।

ਕਿਸੇ ਨੇ ਕਿਹਾ,

“ਸਰਪੰਚ ਨੇ ਕਮਾਲ ਕਰ ਦਿੱਤਾ।”

ਕਿਸੇ ਨੇ ਆਖਿਆ,

“ਬਹਾਦਰ ਸਿੰਘ ਵਰਗਾ ਬੰਦਾ ਹਰ ਪਿੰਡ ਨੂੰ ਮਿਲੇ।”

ਮੈਂ ਸਿਰ ਝੁਕਾ ਲਿਆ।

ਉਹਨਾਂ ਦੇ ਹਰ ਸਤਿਕਾਰ ਨਾਲ ਮੇਰੇ ਅੰਦਰ ਇੱਕ ਨਵਾਂ ਦੋਸ਼ ਜਨਮ ਲੈਂਦਾ।

ਜਿਸ ਇੱਜ਼ਤ ਲਈ ਮੈਂ ਸਭ ਕੁਝ ਕੀਤਾ ਸੀ…

ਹੁਣ ਉਹੀ ਇੱਜ਼ਤ ਮੈਨੂੰ ਚੁਭਣ ਲੱਗ ਪਈ ਸੀ।

ਧੰਨੋ ਦੀ ਬਿਮਾਰੀ ਹੁਣ ਆਖ਼ਰੀ ਪੜਾਅ ਵਿੱਚ ਸੀ।

ਉਹ ਪਹਿਲਾਂ ਵਾਂਗ ਘਰ ਦਾ ਕੰਮ ਨਹੀਂ ਕਰ ਸਕਦੀ ਸੀ।

ਪਰ ਇੱਕ ਆਦਤ ਉਸਨੇ ਨਹੀਂ ਛੱਡੀ।

ਜਦੋਂ ਵੀ ਮੈਂ ਬਾਹਰੋਂ ਘਰ ਆਉਂਦਾ, ਉਹ ਮੇਰੇ ਚਿਹਰੇ ਵੱਲ ਜ਼ਰੂਰ ਵੇਖਦੀ।

ਸ਼ਾਇਦ ਉਹ ਮੇਰੇ ਮਨ ਦਾ ਹਾਲ ਪੜ੍ਹਦੀ ਸੀ।

ਇੱਕ ਰਾਤ ਉਹ ਬੋਲੀ,

“ਬਹਾਦਰਾ…”

“ਹਾਂ।”

“ਤੂੰ ਹੁਣ ਪਹਿਲਾਂ ਵਾਂਗ ਹੱਸਦਾ ਨਹੀਂ।”

ਮੈਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ।

ਉਹ ਹੌਲੀ ਜਿਹੀ ਬੋਲੀ,

“ਝੂਠੀ ਹੰਸੀ ਅੱਖਾਂ ਵਿੱਚ ਫੜੀ ਜਾਂਦੀ ਹੈ।”

ਮੈਂ ਉਸ ਵੱਲ ਵੇਖਿਆ।

ਉਹ ਬਿਮਾਰ ਸੀ…

ਪਰ ਅਜੇ ਵੀ ਮੈਨੂੰ ਮੇਰੇ ਨਾਲੋਂ ਵੱਧ ਜਾਣਦੀ ਸੀ।

ਇਸੇ ਦੌਰਾਨ ਸਰਕਾਰ ਨੇ ਪੰਚਾਇਤਾਂ ਦੇ ਵਿਕਾਸ ਕੰਮਾਂ ਦੀ ਜਾਂਚ ਦਾ ਹੁਕਮ ਦੇ ਦਿੱਤਾ।

ਪਹਿਲਾਂ ਕਿਸੇ ਨੇ ਗੰਭੀਰਤਾ ਨਾਲ ਨਾ ਲਿਆ।

ਸੋਚਿਆ—

ਰਸਮੀ ਕਾਰਵਾਈ ਹੋਵੇਗੀ।

ਪਰ ਕੁਝ ਹੀ ਦਿਨਾਂ ਬਾਅਦ ਖ਼ਬਰ ਆਈ ਕਿ ਕਈ ਪਿੰਡਾਂ ਵਿੱਚ ਕੇਸ ਦਰਜ ਹੋ ਗਏ ਹਨ।

ਸੈਕਟਰੀ ਪਹਿਲੀ ਵਾਰ ਘਬਰਾਇਆ ਹੋਇਆ ਲੱਗਿਆ।

ਉਹ ਮੇਰੇ ਘਰ ਆਇਆ।

ਦਰਵਾਜ਼ਾ ਬੰਦ ਕਰਕੇ ਬੋਲਿਆ,

“ਕਾਗਜ਼ ਠੀਕ ਕਰ ਲਵਾਂਗੇ।”

“ਫਿਕਰ ਨਾ ਕਰੋ।”

ਮੈਂ ਪੁੱਛਿਆ,

“ਜੇ ਜਾਂਚ ਸੱਚਮੁੱਚ ਹੋ ਗਈ ਤਾਂ?”

ਉਹ ਹੱਸਣ ਦੀ ਕੋਸ਼ਿਸ਼ ਕਰਦਾ ਬੋਲਿਆ,

“ਸਾਰੇ ਹੀ ਕਰਦੇ ਨੇ।”

ਪਰ ਉਸਦੀ ਹੰਸੀ ਵਿੱਚ ਭਰੋਸਾ ਨਹੀਂ ਸੀ।

ਉਸ ਰਾਤ ਮੈਂ ਫਿਰ ਉਹੀ ਸੁਪਨਾ ਵੇਖਿਆ।

ਦਾਦਾ ਸੁਰਜਨ ਸਿੰਘ ਸੂਏ ਦੇ ਕੰਢੇ ਖੜ੍ਹਾ ਸੀ।

ਇਸ ਵਾਰ ਉਸਦੇ ਹੱਥ ਵਿੱਚ ਖੁੰਡਾ ਵੀ ਨਹੀਂ ਸੀ।

ਸਿਰ ਵੀ ਨੰਗਾ ਸੀ।

ਉਹ ਕੁਝ ਨਹੀਂ ਬੋਲਿਆ।

ਸਿਰਫ਼ ਮੇਰੇ ਵੱਲ ਵੇਖਦਾ ਰਿਹਾ।

ਉਸਦੀਆਂ ਅੱਖਾਂ ਵਿੱਚ ਇੱਕ ਸਵਾਲ ਸੀ—

“ਸ਼ੇਰਾ… ਪੱਗ ਤਾਂ ਮੈਂ ਨਹੀਂ ਸੁੱਟੀ ਸੀ…”

ਮੈਂ ਘਬਰਾ ਕੇ ਉੱਠ ਬੈਠਾ।

ਛਾਤੀ ਵਿੱਚ ਫਿਰ ਉਹੀ ਪੁਰਾਣੀ ਘੁੱਟਣ ਸੀ।

ਮੈਂ ਕਈ ਮਹੀਨਿਆਂ ਬਾਅਦ ਪਹਿਲੀ ਵਾਰ ਖੁੱਲ੍ਹ ਕੇ ਰੋਇਆ।

ਪਰ ਰੋਣ ਨਾਲ ਵੀ ਬੋਝ ਹੌਲਾ ਨਾ ਹੋਇਆ।

ਕੁਝ ਦਿਨਾਂ ਬਾਅਦ ਜਾਂਚ ਟੀਮ ਸਾਡੇ ਪਿੰਡ ਵੀ ਆ ਗਈ।

ਫ਼ਾਈਲਾਂ ਖੁੱਲ੍ਹੀਆਂ।

ਮਾਪ ਹੋਏ।

ਬਿੱਲ ਵੇਖੇ ਗਏ।

ਸੈਕਟਰੀ ਦਾ ਚਿਹਰਾ ਉਤਰਿਆ ਹੋਇਆ ਸੀ।

ਮੇਰੇ ਹੱਥ ਠੰਢੇ ਪੈ ਗਏ ਸਨ।

ਪਿੰਡ ਦੇ ਲੋਕ ਅਜੇ ਵੀ ਮੇਰੇ ਹੱਕ ਵਿੱਚ ਬੋਲ ਰਹੇ ਸਨ।

“ਸਾਡਾ ਸਰਪੰਚ ਐਦਾਂ ਦਾ ਨਹੀਂ ਹੋ ਸਕਦਾ।”

“ਬਹਾਦਰ ਸਿੰਘ ‘ਤੇ ਸ਼ੱਕ ਨਾ ਕਰੋ।”

ਉਹਨਾਂ ਦੇ ਇਹ ਸ਼ਬਦ ਸੁਣ ਕੇ ਮੇਰਾ ਸਿਰ ਹੋਰ ਝੁਕ ਗਿਆ।

ਕਈ ਵਾਰ ਬੰਦਾ ਸਜ਼ਾ ਨਾਲ ਨਹੀਂ…

ਵਿਸ਼ਵਾਸ ਨਾਲ ਟੁੱਟਦਾ ਹੈ।

ਅਤੇ ਮੈਂ…

ਉਸ ਦਿਨ ਅੰਦਰੋਂ ਪਹਿਲੀ ਵਾਰ ਪੂਰੀ ਤਰ੍ਹਾਂ ਟੁੱਟ ਗਿਆ।

ਜਾਂਚ ਦੀਆਂ ਤਾਰੀਖ਼ਾਂ ਸ਼ੁਰੂ ਹੋ ਗਈਆਂ।

ਕਦੇ ਬਲਾਕ ਦਫ਼ਤਰ।

ਕਦੇ ਜ਼ਿਲ੍ਹਾ ਦਫ਼ਤਰ।

ਕਦੇ ਇੰਜੀਨੀਅਰ ਦੀ ਰਿਪੋਰਟ।

ਕਦੇ ਹਿਸਾਬ-ਕਿਤਾਬ ਦੀ ਪੜਤਾਲ।

ਮੈਂ ਸਵੇਰੇ ਘਰੋਂ ਨਿਕਲਦਾ ਤਾਂ ਸ਼ਾਮ ਨੂੰ ਥੱਕਿਆ-ਹਾਰਿਆ ਮੁੜਦਾ। ਹਰ ਵਾਰ ਮਨ ਵਿੱਚ ਇੱਕੋ ਸਵਾਲ ਹੁੰਦਾ—“ਅੱਜ ਬਚ ਗਿਆ… ਪਰ ਕੱਲ੍ਹ?”

ਸੈਕਟਰੀ ਹਰ ਵਾਰ ਇੱਕੋ ਗੱਲ ਕਹਿੰਦਾ,

“ਫਿਕਰ ਨਾ ਕਰੋ ਸਰਪੰਚ ਸਾਹਿਬ, ਸਭ ਠੀਕ ਹੋ ਜਾਵੇਗਾ।”

ਪਰ ਮੈਂ ਜਾਣਦਾ ਸੀ, ਜਿਸ ਇਮਾਰਤ ਦੀ ਨੀਂਹ ਹੀ ਝੂਠ ਉੱਤੇ ਹੋਵੇ, ਉਹ ਇੱਕ ਦਿਨ ਜ਼ਰੂਰ ਡਿੱਗਦੀ ਹੈ।

ਇਸੇ ਵਿਚਕਾਰ ਧੰਨੋ ਦੀ ਬਿਮਾਰੀ ਨੇ ਅਚਾਨਕ ਜ਼ੋਰ ਫੜ ਲਿਆ।

ਹੁਣ ਉਹ ਜ਼ਿਆਦਾਤਰ ਮੰਜੇ ‘ਤੇ ਹੀ ਰਹਿੰਦੀ ਸੀ।

ਇੱਕ ਸ਼ਾਮ ਮੈਂ ਉਸਦੇ ਕੋਲ ਬੈਠਾ ਸੀ।

ਉਸਨੇ ਮੇਰਾ ਹੱਥ ਫੜ ਕੇ ਪੁੱਛਿਆ,

“ਅੱਜ ਫਿਰ ਤਰੀਕ ਸੀ?”

“ਹਾਂ।”

“ਕੀ ਬਣਿਆ?”

ਮੈਂ ਪਹਿਲਾਂ ਵਾਂਗ ਹੀ ਕਿਹਾ,

“ਕੁਝ ਨਹੀਂ… ਹਾਲੇ ਸਮਾਂ ਲੱਗਣਾ।”

ਉਹ ਕੁਝ ਪਲ ਚੁੱਪ ਰਹੀ।

ਫਿਰ ਬੋਲੀ,

“ਬਹਾਦਰਾ… ਇੱਕ ਗੱਲ ਯਾਦ ਰੱਖੀਂ।”

“ਕੀ?”

“ਬੰਦਾ ਹਾਰ ਕੇ ਵੀ ਜਿੱਤ ਸਕਦਾ… ਪਰ ਝੂਠ ਨਾਲ ਜਿੱਤ ਕੇ ਵੀ ਹਾਰ ਜਾਂਦਾ।”

ਮੇਰੇ ਕੋਲ ਕੋਈ ਜਵਾਬ ਨਹੀਂ ਸੀ।

ਮੈਂ ਸਿਰਫ਼ ਉਸਦਾ ਹੱਥ ਫੜਿਆ ਰੱਖਿਆ।

ਉਹ ਹੱਥ ਪਹਿਲਾਂ ਨਾਲੋਂ ਕਿੰਨਾ ਹਲਕਾ ਹੋ ਗਿਆ ਸੀ।

ਦੋਵੇਂ ਮੁੰਡੇ ਵੀ ਹੁਣ ਜਵਾਨ ਹੋ ਚੁੱਕੇ ਸਨ।

ਘਰ ਦਾ ਮਾਹੌਲ ਪਹਿਲਾਂ ਵਰਗਾ ਨਹੀਂ ਰਿਹਾ ਸੀ।

ਗੁਰਵੀਰ ਕਦੇ-ਕਦੇ ਗੁੱਸੇ ਵਿੱਚ ਕਹਿ ਦਿੰਦਾ,

“ਜੇ ਪਹਿਲਾਂ ਖੇਤੀ ਵੱਲ ਧਿਆਨ ਦਿੱਤਾ ਹੁੰਦਾ ਤਾਂ ਅੱਜ ਇਹ ਦਿਨ ਨਾ ਵੇਖਣੇ ਪੈਂਦੇ।”

ਹਰਵੀਰ ਚੁੱਪ ਰਹਿੰਦਾ, ਪਰ ਉਸਦੀ ਚੁੱਪ ਵਿੱਚ ਵੀ ਇਲਜ਼ਾਮ ਹੁੰਦਾ।

ਮੈਂ ਉਹਨਾਂ ਨੂੰ ਸਮਝਾਉਣਾ ਚਾਹੁੰਦਾ ਸੀ।

ਦੱਸਣਾ ਚਾਹੁੰਦਾ ਸੀ ਕਿ ਮੈਂ ਜੋ ਵੀ ਕੀਤਾ, ਉਹਨਾਂ ਲਈ ਹੀ ਕੀਤਾ।

ਪਰ…

ਮੇਰੀ ਸਾਰੀ ਉਮਰ ਦੀ ਆਦਤ ਫਿਰ ਵਿਚਕਾਰ ਆ ਗਈ।

ਮੈਂ ਚੁੱਪ ਰਿਹਾ।

ਉਹ ਚੁੱਪੀ ਹੁਣ ਮੇਰੀ ਢਾਲ ਨਹੀਂ…

ਮੇਰੀ ਸਜ਼ਾ ਬਣ ਗਈ ਸੀ।

ਇੱਕ ਸਵੇਰ ਧੰਨੋ ਦੀ ਤਬੀਅਤ ਬਹੁਤ ਵਿਗੜ ਗਈ।

ਡਾਕਟਰ ਨੂੰ ਬੁਲਾਇਆ ਗਿਆ।

ਉਸਨੇ ਜਾਂਚ ਕਰਕੇ ਮੇਰੇ ਮੋਢੇ ‘ਤੇ ਹੱਥ ਰੱਖਿਆ।

ਮੈਂ ਸਭ ਸਮਝ ਗਿਆ।

ਮੈਂ ਧੰਨੋ ਦੇ ਸਿਰਹਾਣੇ ਬੈਠ ਗਿਆ।

ਉਸਨੇ ਹੌਲੀ-ਹੌਲੀ ਅੱਖਾਂ ਖੋਲ੍ਹੀਆਂ।

ਮੈਨੂੰ ਵੇਖ ਕੇ ਮੁਸਕਰਾਈ।

“ਰੋਈਂ ਨਾ…”

ਮੈਂ ਤਾਂ ਅਜੇ ਰੋਇਆ ਵੀ ਨਹੀਂ ਸੀ।

ਪਰ ਸ਼ਾਇਦ ਉਹ ਮੇਰੀਆਂ ਅੱਖਾਂ ਪੜ੍ਹ ਗਈ ਸੀ।

ਉਸਨੇ ਟੁੱਟਦੇ ਸਾਹਾਂ ਵਿੱਚ ਕਿਹਾ,

“ਮੁੰਡਿਆਂ ਨੂੰ… ਇਕੱਠੇ ਰੱਖੀਂ…”

“ਤੇ…”

ਉਹ ਰੁਕ ਗਈ।

ਮੈਂ ਉਸਦਾ ਹੱਥ ਹੋਰ ਜ਼ੋਰ ਨਾਲ ਫੜ ਲਿਆ।

“ਤੇ ਆਪਣੇ ਆਪ ਨੂੰ… ਮਾਫ਼ ਕਰ ਦੇਈਂ…”

ਇਹ ਉਸਦੇ ਆਖ਼ਰੀ ਸ਼ਬਦ ਸਨ।

ਉਸਦਾ ਹੱਥ ਹੌਲੀ-ਹੌਲੀ ਮੇਰੀ ਪਕੜ ਵਿੱਚੋਂ ਢਿੱਲਾ ਹੋ ਗਿਆ।

ਮੈਨੂੰ ਲੱਗਿਆ…

ਜਿਵੇਂ ਮੇਰੇ ਘਰ ਦੀ ਆਖ਼ਰੀ ਰੌਸ਼ਨੀ ਵੀ ਬੁੱਝ ਗਈ ਹੋਵੇ।

ਧੰਨੋ ਦੇ ਜਾਣ ਤੋਂ ਬਾਅਦ ਘਰ ਘਰ ਨਹੀਂ ਰਿਹਾ।

ਸਿਰਫ਼ ਕੰਧਾਂ ਰਹਿ ਗਈਆਂ।

ਰਸੋਈ ਵਿੱਚ ਧੂੰਆਂ ਉੱਠਦਾ ਸੀ…

ਪਰ ਰੋਟੀ ਵਿੱਚ ਉਹ ਸੁਆਦ ਨਹੀਂ ਸੀ।

ਵਿਹੜੇ ਵਿੱਚ ਲੋਕ ਬੈਠਦੇ ਸਨ…

ਪਰ ਘਰ ਵਿੱਚ ਉਹ ਨਿੱਘ ਨਹੀਂ ਸੀ।

ਮੈਂ ਅਕਸਰ ਉਸਦੀ ਖਾਲੀ ਮੰਜੀ ਵੱਲ ਵੇਖਦਾ ਰਹਿੰਦਾ।

ਲੱਗਦਾ, ਹੁਣੇ ਉੱਠ ਕੇ ਕਹੇਗੀ—

“ਸਰਦਾਰਾ… ਐਨੀ ਫਿਕਰ ਨਾ ਕਰਿਆ ਕਰ।“

ਪਰ ਹੁਣ ਕੋਈ ਆਵਾਜ਼ ਨਹੀਂ ਆਉਂਦੀ ਸੀ।

ਮੈਨੂੰ ਆਪਣੇ ਭਵਿੱਖ ਨਾਲੋਂ ਵੱਧ ਮੁੰਡਿਆਂ ਦੇ ਭਵਿੱਖ ਦੀ ਚਿੰਤਾ ਹੋਣ ਲੱਗੀ।

ਮੈਂ ਜਲਦੀ-ਜਲਦੀ ਦੋਹਾਂ ਦੇ ਵਿਆਹ ਕਰ ਦਿੱਤੇ।

ਮੈਂ ਸੋਚਿਆ ਸੀ—

ਸ਼ਾਇਦ ਘਰ ਵਿੱਚ ਨਵੇਂ ਜੀਅ ਆਉਣਗੇ ਤਾਂ ਸੁੰਨਾਪਾ ਘੱਟ ਹੋ ਜਾਵੇਗਾ।

ਪਰ ਮੈਂ ਗਲਤ ਸੀ।

ਜਿਸ ਘਰ ਦੀ ਨੀਂਹ ਹੀ ਹਿੱਲ ਚੁੱਕੀ ਹੋਵੇ, ਉੱਥੇ ਨਵੇਂ ਕਮਰੇ ਬਣਾਉਣ ਨਾਲ ਘਰ ਮਜ਼ਬੂਤ ਨਹੀਂ ਹੁੰਦਾ।

ਉਧਰ ਜਾਂਚ ਦਾ ਘੇਰਾ ਹੋਰ ਤੰਗ ਹੋ ਰਿਹਾ ਸੀ।

ਇਧਰ ਘਰ ਦੇ ਖ਼ਰਚੇ ਵਧ ਰਹੇ ਸਨ।

ਕਰਜ਼ਾ ਅਜੇ ਵੀ ਪੂਰਾ ਨਹੀਂ ਮੁੱਕਿਆ ਸੀ।

ਮੈਂ ਰਾਤ ਨੂੰ ਵਿਹੜੇ ਵਿੱਚ ਇਕੱਲਾ ਬੈਠਾ ਅਸਮਾਨ ਵੱਲ ਵੇਖਦਾ।

ਬਹੁਤ ਸਾਲਾਂ ਬਾਅਦ ਮੈਨੂੰ ਦਾਦਾ ਸੁਰਜਨ ਸਿੰਘ ਦੀ ਇੱਕ ਗੱਲ ਸਮਝ ਆਈ—

“ਜ਼ਮੀਨ ਵੇਚਣ ਨਾਲੋਂ ਔਖਾ ਕੰਮ ਆਪਣੇ ਆਪ ਨੂੰ ਵੇਚਣ ਤੋਂ ਬਚਾਉਣਾ ਹੁੰਦਾ ਹੈ।“

ਮੈਂ ਜ਼ਮੀਨ ਤਾਂ ਅਜੇ ਸੰਭਾਲੀ ਹੋਈ ਸੀ…

ਪਰ ਆਪਣੇ ਆਪ ਨੂੰ ਕਿੰਨਾ ਸੰਭਾਲਿਆ ਸੀ—

ਇਸਦਾ ਜਵਾਬ ਮੇਰੇ ਕੋਲ ਨਹੀਂ ਸੀ।

ਧੰਨੋ ਦੇ ਜਾਣ ਤੋਂ ਬਾਅਦ ਮੇਰੇ ਅੰਦਰ ਜਿਵੇਂ ਕੁਝ ਬਚਿਆ ਹੀ ਨਹੀਂ ਸੀ।

ਸਵੇਰ ਹੁੰਦੀ।

ਸ਼ਾਮ ਢਲਦੀ।

ਦਿਨ ਲੰਘਦੇ ਜਾਂਦੇ।

ਪਰ ਸਮਾਂ ਹੁਣ ਮੇਰੇ ਲਈ ਨਹੀਂ ਤੁਰਦਾ ਸੀ।

ਉਹ ਸਿਰਫ਼ ਮੇਰੇ ਆਲੇ-ਦੁਆਲੇ ਲੰਘ ਜਾਂਦਾ ਸੀ।

ਜਾਂਚ ਦੀਆਂ ਤਰੀਕਾਂ ਅਜੇ ਵੀ ਜਾਰੀ ਸਨ।

ਆੜਤੀਏ ਦਾ ਹਿਸਾਬ ਅਜੇ ਵੀ ਪੂਰਾ ਨਹੀਂ ਸੀ।

ਡੇਰੇ ਦੀ ਅਮਾਨਤ ਤਾਂ ਮੁੱਕ ਗਈ ਸੀ, ਪਰ ਉਸਦਾ ਬੋਝ ਮੇਰੀ ਛਾਤੀ ਵਿੱਚ ਅਜੇ ਵੀ ਜਿਉਂਦਾ ਸੀ।

ਇੱਕ ਰਾਤ ਮੈਂ ਬਹੁਤ ਦੇਰ ਤੱਕ ਬੈਠਾ ਰਿਹਾ।

ਮੇਰੇ ਸਾਹਮਣੇ ਦਾਦੇ ਸੁਰਜਨ ਸਿੰਘ ਦੀ ਤਸਵੀਰ ਪਈ ਸੀ।

ਪਹਿਲੀ ਵਾਰ ਮੈਂ ਉਸ ਨਾਲ ਗੱਲ ਕੀਤੀ।

“ਬਾਬਾ… ਮੈਂ ਹਾਰ ਗਿਆ।”

ਘਰ ਵਿੱਚ ਕੋਈ ਨਹੀਂ ਸੀ।

ਪਰ ਮੈਨੂੰ ਲੱਗਿਆ, ਜਿਵੇਂ ਦਾਦਾ ਚੁੱਪਚਾਪ ਸੁਣ ਰਿਹਾ ਹੋਵੇ।

ਉਸੇ ਵੇਲੇ ਮੇਰੇ ਮਨ ਵਿੱਚ ਇੱਕ ਫ਼ੈਸਲਾ ਜੰਮਿਆ।

ਉਹੀ ਫ਼ੈਸਲਾ, ਜੋ ਮੇਰੀ ਸਾਰੀ ਉਮਰ ਦਾ ਸਭ ਤੋਂ ਔਖਾ ਫ਼ੈਸਲਾ ਸੀ।

ਦੂਜੇ ਦਿਨ ਮੈਂ ਇਕੱਲਾ ਹੀ ਸ਼ਹਿਰ ਚਲਾ ਗਿਆ।

ਜ਼ਮੀਨ ਦਾ ਸੌਦਾ ਕਰ ਆਇਆ।

ਨਾ ਗੁਰਵੀਰ ਨੂੰ ਦੱਸਿਆ।

ਨਾ ਹਰਵੀਰ ਨੂੰ।

ਨਾ ਨੂੰਹਾਂ ਨੂੰ।

ਜਿਵੇਂ ਕਦੇ ਮੇਰੇ ਦਾਦੇ ਨੇ ਪੰਜ ਮਿੰਟਾਂ ਵਿੱਚ ਆਪਣਾ ਘਰ ਸਕੂਲ ਲਈ ਦਾਨ ਕਰ ਦਿੱਤਾ ਸੀ…

ਉਵੇਂ ਹੀ ਮੈਂ ਵੀ ਇੱਕ ਦਸਤਖ਼ਤ ਨਾਲ ਆਪਣੀ ਜ਼ਮੀਨ ਦਾ ਹਿੱਸਾ ਵੇਚ ਦਿੱਤਾ।

ਫ਼ਰਕ ਸਿਰਫ਼ ਇਹ ਸੀ—

ਉਸਨੇ ਲੋਕਾਂ ਦਾ ਭਵਿੱਖ ਬਣਾਉਣ ਲਈ ਜ਼ਮੀਨ ਛੱਡੀ ਸੀ।

ਮੈਂ ਆਪਣੀਆਂ ਗ਼ਲਤੀਆਂ ਦਾ ਕਰਜ਼ਾ ਚੁਕਾਉਣ ਲਈ।

ਉਸਦੇ ਫ਼ੈਸਲੇ ਵਿੱਚ ਮਾਣ ਸੀ।

ਮੇਰੇ ਫ਼ੈਸਲੇ ਵਿੱਚ ਚੁੱਪ ਸੀ।

ਸੌਦੇ ਤੋਂ ਮਿਲਿਆ ਹਰ ਰੁਪਇਆ ਮੈਂ ਹਿਸਾਬ ਨਾਲ ਖਰਚਿਆ।

ਸਭ ਤੋਂ ਪਹਿਲਾਂ ਆੜਤੀਏ ਦਾ ਕਰਜ਼ਾ ਚੁਕਾਇਆ।

ਫਿਰ ਪੰਚਾਇਤ ਦੇ ਬਾਕੀ ਹਿਸਾਬ ਨਿਬੇੜੇ।

ਜਿਸ-ਜਿਸ ਦਾ ਦੇਣਾ ਸੀ, ਉਸਦੇ ਦਰਵਾਜ਼ੇ ਆਪ ਗਿਆ।

ਕਿਸੇ ਦਾ ਇੱਕ ਰੁਪਇਆ ਵੀ ਆਪਣੇ ਸਿਰ ਨਾ ਰਹਿਣ ਦਿੱਤਾ।

ਜਦੋਂ ਆਖ਼ਰੀ ਹਿਸਾਬ ਮੁੱਕਿਆ ਤਾਂ ਕਈ ਸਾਲਾਂ ਬਾਅਦ ਮੈਨੂੰ ਲੱਗਿਆ ਕਿ ਛਾਤੀ ਕੁਝ ਹਲਕੀ ਹੋਈ ਹੈ।

ਪਰ ਉਸੇ ਸ਼ਾਮ ਘਰ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ।

ਗੁਰਵੀਰ ਨੂੰ ਸੌਦੇ ਦਾ ਪਤਾ ਲੱਗ ਗਿਆ ਸੀ।

ਉਹ ਘਰ ਅੰਦਰ ਵੜਦਿਆਂ ਹੀ ਗੱਜਿਆ—

“ਤੁਸੀਂ ਜ਼ਮੀਨ ਵੇਚ ਦਿੱਤੀ?”

ਮੈਂ ਸ਼ਾਂਤ ਆਵਾਜ਼ ਵਿੱਚ ਕਿਹਾ,

“ਹਾਂ।”

“ਸਾਨੂੰ ਪੁੱਛਿਆ ਵੀ ਨਹੀਂ?”

ਮੈਂ ਚੁੱਪ ਰਿਹਾ।

ਉਹ ਹੋਰ ਭੜਕ ਗਿਆ।

“ਸਾਰੀ ਉਮਰ ਆਪਣੀ ਮਰਜ਼ੀ ਕਰਦੇ ਰਹੇ!”

“ਪਹਿਲਾਂ ਲੋਕਾਂ ਲਈ ਘਰ ਉਜਾੜਿਆ… ਹੁਣ ਸਾਡਾ ਹਿੱਸਾ ਵੀ ਵੇਚ ਦਿੱਤਾ!”

ਹਰਵੀਰ ਵੀ ਉਸਦੇ ਨਾਲ ਖੜ੍ਹਾ ਸੀ।

ਉਸਨੇ ਕੁਝ ਨਹੀਂ ਕਿਹਾ।

ਪਰ ਉਸਦੀ ਚੁੱਪ ਵਿੱਚ ਸਹਿਮਤੀ ਸੀ।

ਮੈਂ ਪਹਿਲੀ ਵਾਰ ਚਾਹਿਆ ਕਿ ਸਭ ਕੁਝ ਦੱਸ ਦਿਆਂ।

ਡੇਰੇ ਦੇ ਪੈਸੇ…

ਚਿੱਟ ਫੰਡ…

ਗ੍ਰਾਂਟਾਂ…

ਆੜਤੀਏ ਦਾ ਕਰਜ਼ਾ…

ਸਭ ਕੁਝ।

ਪਰ ਫਿਰ ਸੋਚਿਆ—

ਹੁਣ ਇਹ ਸੱਚ ਉਹਨਾਂ ਨੂੰ ਮੇਰੇ ਨੇੜੇ ਨਹੀਂ ਲਿਆਵੇਗਾ।

ਸਿਰਫ਼ ਮੇਰੀ ਨਜ਼ਰ ਵਿੱਚ ਹੋਰ ਡਿਗਾ ਦੇਵੇਗਾ।

ਮੈਂ ਫਿਰ ਚੁੱਪ ਰਹਿ ਗਿਆ।

ਉਹੀ ਚੁੱਪ…

ਜਿਸਨੇ ਮੇਰੀ ਸਾਰੀ ਉਮਰ ਮੇਰਾ ਪਿੱਛਾ ਕੀਤਾ ਸੀ।

ਉਸ ਦਿਨ ਤੋਂ ਬਾਅਦ ਘਰ ਵਿੱਚ ਮੇਰੇ ਲਈ ਆਦਰ ਨਹੀਂ ਰਿਹਾ।

ਗੱਲ-ਗੱਲ ‘ਤੇ ਤਾਅਨੇ।

ਕਦੇ ਗੁਰਵੀਰ ਦੇ ਮੂੰਹੋਂ।

ਕਦੇ ਹਰਵੀਰ ਦੇ।

ਕਦੇ ਨੂੰਹਾਂ ਦੇ।

ਮੈਂ ਕਿਸੇ ਨਾਲ ਬਹਿਸ ਨਹੀਂ ਕੀਤੀ।

ਸ਼ਾਇਦ ਮੇਰੇ ਅੰਦਰ ਬਹਿਸ ਕਰਨ ਦੀ ਤਾਕਤ ਹੀ ਨਹੀਂ ਬਚੀ ਸੀ।

ਇੱਕ ਦਿਨ ਵਿਹੜੇ ਵਿੱਚ ਦੋਵੇਂ ਨੂੰਹਾਂ ਦੀ ਤਿੱਖੀ ਬਹਿਸ ਹੋ ਗਈ।

ਰਸੋਈ ਤੋਂ ਸ਼ੁਰੂ ਹੋਈ ਗੱਲ ਜ਼ਮੀਨ ਤੱਕ ਪਹੁੰਚ ਗਈ।

ਫਿਰ ਹਿੱਸਿਆਂ ਤੱਕ।

ਫਿਰ ਇਲਜ਼ਾਮਾਂ ਤੱਕ।

ਮੈਂ ਮੰਜੀ ‘ਤੇ ਬੈਠਾ ਸਭ ਸੁਣਦਾ ਰਿਹਾ।

ਮੈਨੂੰ ਅਚਾਨਕ ਧੰਨੋ ਦੀ ਉਹ ਗੱਲ ਯਾਦ ਆਈ—

“ਮੁੰਡਿਆਂ ਨੂੰ ਇਕੱਠੇ ਰੱਖੀਂ…”

ਮੈਂ ਹੌਲੀ ਜਿਹੀ ਆਵਾਜ਼ ਮਾਰੀ,

“ਪੁੱਤਰੋ…”

ਪਰ ਮੇਰੀ ਆਵਾਜ਼ ਕਿਸੇ ਨੇ ਨਾ ਸੁਣੀ।

ਸ਼ਾਇਦ ਸੁਣਨੀ ਹੀ ਨਹੀਂ ਚਾਹੀ।

ਕੁਝ ਦਿਨਾਂ ਬਾਅਦ ਦੋਵੇਂ ਭਰਾ ਅੱਡ ਹੋ ਗਏ।

ਵਿਹੜੇ ਵਿੱਚ ਕੰਧ ਖਿੱਚ ਦਿੱਤੀ ਗਈ।

ਚੁੱਲ੍ਹੇ ਵੱਖ ਹੋ ਗਏ।

ਹਿਸਾਬ ਵੱਖ ਹੋ ਗਏ।

ਰਾਹ ਵੱਖ ਹੋ ਗਏ।

ਮੈਂ ਬੈਠਕ ਵਿੱਚ ਬੈਠਾ ਉਸ ਕੰਧ ਨੂੰ ਵੇਖਦਾ ਰਿਹਾ।

ਮੈਨੂੰ ਲੱਗਿਆ…

ਘਰ ਦੇ ਵਿਚਕਾਰ ਨਹੀਂ,

ਮੇਰੀ ਛਾਤੀ ਦੇ ਵਿਚਕਾਰ ਕੰਧ ਖੜ੍ਹੀ ਹੋਈ ਹੈ।

ਉਸ ਦਿਨ ਤੋਂ ਬਾਅਦ ਮੇਰੀ ਘੁੱਟਣ ਕਦੇ ਪੂਰੀ ਤਰ੍ਹਾਂ ਖ਼ਤਮ ਨਾ ਹੋਈ।

ਉਹ ਮੇਰੇ ਸਾਹਾਂ ਨਾਲ ਰਹਿਣ ਲੱਗ ਪਈ।

ਕਦੇ ਹੌਲੀ…

ਕਦੇ ਤਿੱਖੀ…

ਪਰ ਹਰ ਵੇਲੇ।

ਹੁਣ ਮੈਂ ਬੈਠਕ ਦੇ ਉਸੇ ਮੰਜੇ ਨਾਲ ਜੁੜ ਗਿਆ ਸੀ।

ਬੈਠਕ ਛੋਟੇ ਮੁੰਡੇ ਹਰਵੀਰ ਦੇ ਹਿੱਸੇ ਆਈ ਸੀ, ਪਰ ਹੁਣ ਉਹ ਵੀ ਮੇਰੀ ਨਹੀਂ ਸੀ। ਮੈਂ ਸਿਰਫ਼ ਇੱਕ ਮੰਜੇ ਜਿੰਨੀ ਥਾਂ ਦਾ ਮਾਲਕ ਰਹਿ ਗਿਆ ਸੀ।

ਸਵੇਰ ਨੂੰ ਕੋਈ ਚਾਹ ਰੱਖ ਜਾਂਦਾ।

ਦੁਪਹਿਰ ਨੂੰ ਕੋਈ ਰੋਟੀ।

ਰਾਤ ਨੂੰ ਕੋਈ ਦਵਾਈ।

ਹਰ ਕੋਈ ਆਪਣਾ ਫ਼ਰਜ਼ ਨਿਭਾ ਰਿਹਾ ਸੀ।

ਪਰ ਫ਼ਰਜ਼ ਅਤੇ ਆਪਣਾਪਣ ਵਿੱਚ ਕਿੰਨਾ ਫ਼ਰਕ ਹੁੰਦਾ ਹੈ, ਇਹ ਮੈਨੂੰ ਹੁਣ ਸਮਝ ਆਇਆ ਸੀ।

ਕਈ ਵਾਰ ਪੋਤੇ ਬਾਹਰ ਖੇਡਦੇ।

ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਜੀ ਕਰਦਾ, ਉਹਨਾਂ ਨੂੰ ਕੋਲ ਬੁਲਾਵਾਂ।

ਪਰ ਨੂੰਹਾਂ ਦੀ ਆਵਾਜ਼ ਪਹਿਲਾਂ ਆ ਜਾਂਦੀ—

“ਉੱਧਰ ਨਾ ਜਾਈਓ… ਦਾਦਾ ਬਿਮਾਰ ਹੈ।”

ਮੈਂ ਹੱਥ ਵਾਪਸ ਖਿੱਚ ਲੈਂਦਾ।

ਜ਼ਿੰਦਗੀ ਭਰ ਮੈਂ ਆਪਣੇ ਬੱਚਿਆਂ ਦਾ ਹੱਥ ਫੜਿਆ ਸੀ।

ਅੱਜ ਆਪਣੇ ਪੋਤਿਆਂ ਦਾ ਹੱਥ ਫੜਨ ਤੋਂ ਵੀ ਵਾਂਝਾ ਸੀ।

ਘੁੱਟਣ ਹੁਣ ਮੇਰੇ ਸਰੀਰ ਦਾ ਹਿੱਸਾ ਬਣ ਚੁੱਕੀ ਸੀ।

ਡਾਕਟਰ ਇਸਨੂੰ ਬਿਮਾਰੀ ਕਹਿੰਦੇ ਸਨ।

ਪਰ ਮੈਂ ਜਾਣਦਾ ਸੀ…

ਇਹ ਫੇਫੜਿਆਂ ਵਿੱਚ ਨਹੀਂ, ਜ਼ਮੀਰ ਵਿੱਚ ਵੱਸਦੀ ਹੈ।

ਜਦੋਂ ਵੀ ਅੱਖ ਲੱਗਦੀ, ਸੁਪਨੇ ਵਿੱਚ ਉਹੀ ਸੂਆ ਆ ਜਾਂਦਾ।

ਉਹੀ ਵਗਦਾ ਪਾਣੀ।

ਉਹੀ ਦਾਦਾ ਸੁਰਜਨ ਸਿੰਘ।

ਉਹੀ ਪੱਗ।

ਫ਼ਰਕ ਸਿਰਫ਼ ਇਹ ਸੀ ਕਿ ਹੁਣ ਮੈਂ ਪੱਗ ਦੇ ਪਿੱਛੇ ਨਹੀਂ ਦੌੜਦਾ ਸੀ।

ਮੈਂ ਥੱਕ ਗਿਆ ਸੀ।

ਉਸ ਸਵੇਰ ਸਾਹ ਕੁਝ ਜ਼ਿਆਦਾ ਹੀ ਭਾਰਾ ਸੀ।

ਬਾਹਰੋਂ ਆਵਾਜ਼ਾਂ ਆ ਰਹੀਆਂ ਸਨ।

ਨੂੰਹਾਂ ਦੀਆਂ।

ਭਰਜਾਈ ਦੀਆਂ।

ਮੁੰਡਿਆਂ ਦੀਆਂ।

ਕੋਈ ਮੇਰੀ ਮੌਤ ਦੀ ਉਡੀਕ ਨਹੀਂ ਕਰ ਰਿਹਾ ਸੀ…

ਪਰ ਕੋਈ ਮੇਰੀ ਜ਼ਿੰਦਗੀ ਨਾਲ ਵੀ ਨਹੀਂ ਜੁੜਿਆ ਹੋਇਆ ਸੀ।

ਮੇਰੀਆਂ ਅੱਖਾਂ ਬੰਦ ਹੋਣ ਲੱਗੀਆਂ।

ਅਚਾਨਕ ਮੈਨੂੰ ਲੱਗਿਆ, ਮੈਂ ਫਿਰ ਉਸੇ ਸੂਏ ਦੀ ਪੱਟੜੀ ਉੱਤੇ ਖੜ੍ਹਾ ਹਾਂ।

ਪਰ ਇਸ ਵਾਰ ਮੈਂ ਇਕੱਲਾ ਨਹੀਂ ਸੀ।

ਦਾਦਾ ਸੁਰਜਨ ਸਿੰਘ ਮੇਰੇ ਸਾਹਮਣੇ ਖੜ੍ਹਾ ਸੀ।

ਉਸਦੇ ਸਿਰ ‘ਤੇ ਅਜੇ ਵੀ ਪੱਗ ਨਹੀਂ ਸੀ।

ਮੈਂ ਹੱਥ ਵਿੱਚ ਫੜੀ ਪੱਗ ਉਸਦੇ ਅੱਗੇ ਕਰ ਦਿੱਤੀ।

“ਬਾਬਾ… ਇਸ ਵਾਰੀ ਨਹੀਂ ਡਿੱਗਣ ਦਿਆਂਗਾ।”

ਦਾਦੇ ਨੇ ਪੱਗ ਮੇਰੇ ਹੱਥੋਂ ਲੈ ਲਈ।

ਉਸਨੇ ਉਸਨੂੰ ਝਾੜਿਆ।

ਸੂਏ ਦਾ ਪਾਣੀ ਉਸ ਵਿੱਚੋਂ ਟਪਕਿਆ।

ਫਿਰ ਉਸਨੇ ਪੱਗ ਮੇਰੇ ਹੀ ਸਿਰ ਉੱਤੇ ਰੱਖ ਦਿੱਤੀ।

ਮੈਂ ਹੈਰਾਨ ਹੋ ਕੇ ਉਸ ਵੱਲ ਵੇਖਿਆ।

ਉਹ ਪਹਿਲੀ ਵਾਰ ਮੁਸਕਰਾਇਆ।

“ਸ਼ੇਰਾ…”

“ਪੱਗ ਬਚਾਉਣ ਵਾਲਾ ਉਹ ਨਹੀਂ ਹੁੰਦਾ ਜੋ ਕਦੇ ਡਿੱਗੇ ਹੀ ਨਾ…”

“ਪੱਗ ਬਚਾਉਣ ਵਾਲਾ ਉਹ ਹੁੰਦਾ ਹੈ ਜੋ ਡਿੱਗ ਕੇ ਵੀ ਆਪਣੀ ਗਲਤੀ ਦਾ ਭਾਰ ਚੁੱਕ ਲਵੇ।”

ਮੇਰੀਆਂ ਅੱਖਾਂ ਭਰ ਆਈਆਂ।

“ਪਰ ਮੈਂ ਤਾਂ ਸਭ ਕੁਝ ਗਵਾ ਦਿੱਤਾ, ਬਾਬਾ।”

ਦਾਦੇ ਨੇ ਮੇਰੇ ਮੋਢੇ ‘ਤੇ ਹੱਥ ਰੱਖਿਆ।

“ਜ਼ਮੀਨ ਗਈ…”

“ਇੱਜ਼ਤ ਵੀ ਗਈ…”

“ਘਰ ਵੀ ਟੁੱਟ ਗਿਆ…”

“ਪਰ ਤੂੰ ਆਖ਼ਰ ਆਪਣੇ ਸਿਰ ਦਾ ਕਰਜ਼ਾ ਤਾਂ ਉਤਾਰਿਆ।”

“ਜਿਹੜਾ ਮਨੁੱਖ ਆਪਣਾ ਪਾਪ ਮੰਨ ਲੈਂਦਾ ਹੈ, ਉਹ ਪਾਪ ਨਾਲੋਂ ਵੱਡਾ ਹੋ ਜਾਂਦਾ ਹੈ।”

ਮੈਂ ਚੁੱਪਚਾਪ ਉਸਦੇ ਪਿੱਛੇ ਤੁਰ ਪਿਆ।

ਸੂਏ ਦਾ ਕੰਢਾ ਹੁਣ ਡਰਾਉਣਾ ਨਹੀਂ ਸੀ।

ਪਾਣੀ ਸ਼ਾਂਤ ਸੀ।

ਹਵਾ ਵੀ।

ਮੇਰੀ ਛਾਤੀ ਵੀ।

ਸਾਲਾਂ ਬਾਅਦ ਪਹਿਲੀ ਵਾਰ…

ਮੈਨੂੰ ਕੋਈ ਘੁੱਟਣ ਨਹੀਂ ਸੀ।

ਉਸੇ ਵੇਲੇ ਬਾਹਰੋਂ ਆਵਾਜ਼ ਆਈ—

“ਭਾਈ ਜੀ…”

ਕਿਸੇ ਨੇ ਮੇਰੀ ਬਾਂਹ ਹਿਲਾਈ।

ਕੋਈ ਬੋਲਿਆ—

“ਪਾਣੀ ਪਾਓ…”

ਪਰ ਹੁਣ ਪਾਣੀ ਦੀ ਕੋਈ ਲੋੜ ਨਹੀਂ ਸੀ।

ਮੈਂ ਬਹੁਤ ਦੂਰ ਨਿਕਲ ਚੁੱਕਿਆ ਸੀ।

ਬੈਠਕ ਵਿੱਚ ਕੁਝ ਪਲਾਂ ਦੀ ਚੁੱਪ ਛਾ ਗਈ।

ਫਿਰ ਭਰਜਾਈ ਦੀ ਆਵਾਜ਼ ਆਈ—

“ਭਾਈ ਜੀ… ਪੂਰੇ ਹੋ ਗਏ… ਵਿਚਾਰਾ…”

ਕਿਸੇ ਨੇ ਮੇਰੇ ਚਿਹਰੇ ‘ਤੇ ਚਾਦਰ ਪਾ ਦਿੱਤੀ।

ਬਾਹਰ ਸੂਰਜ ਚੜ੍ਹ ਰਿਹਾ ਸੀ।

ਅੰਦਰ ਮੇਰੀ ਸਾਰੀ ਉਮਰ ਦੀ ਘੁੱਟਣ ਆਖ਼ਰਕਾਰ ਮੁੱਕ ਗਈ ਸੀ।

ਕਹਾਣੀਕਾਰ:- ਹਰਪ੍ਰੀਤ ਜਟਾਣਾ

 ਪਿੰਡ ਅਤੇ ਡਾਕ:-  ਚਾਉਕੇ (ਬਠਿੰਡਾ)

 ਮੋਬਾਇਲ ਨੰਬਰ:- 94636-37758

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
LinkedIn
WhatsApp
Skype

Leave a Comment

Your email address will not be published. Required fields are marked *

error: Content is protected !!
Scroll to Top