ਨਹੀਂ… ਮੈਂ ਸਾਊ ਕੁੜੀ ਨਹੀਂ- ਕਹਾਣੀਕਾਰ ਹਰਪ੍ਰੀਤ ਜਟਾਣਾ
“ਮੰਮੀ… ਮੰਮੀਏ, ਮੈਂ ਬਾਹਰ ਖੇਡ ਆਵਾਂ?”
“ਨਾ ਪੁੱਤ… ਕੁੜੀਆਂ ਬਾਹਰ ਨਹੀਂ ਖੇਡਣ ਜਾਂਦੀਆਂ ਹੁੰਦੀਆਂ।”
“ਪਰ ਬੇਬੇ, ਨਿੱਕੀ ਤਾਂ ਤੈਨੂੰ ਪੁੱਛੇ ਬਿਨਾਂ ਕਦੋਂ ਦੀ ਗਈ ਆ… ਤੂੰ ਉਹਨੂੰ ਤਾਂ ਰੋਕਿਆ ਨਹੀਂ।”
ਮੈਂ ਉਲਾਮਾ ਦਿੱਤਾ।
“ਹਾਏ ਕਲਮੂਹੀ! ਉਹ ਕਦੋਂ ਤੁਰ ਗਈ? ਆਉਣ ਦੇ ਉਹਨੂੰ, ਮੈਂ ਦਿੰਨੀ ਆਂ ਪਤਾ ਆਈ ਨੂੰ। ਉਹ ਤਾਂ ਕਮਲੀ ਆ… ਤੂੰ ਮੇਰੀ ਸਿਆਣੀ ਧੀ ਐਂ… ਮੇਰਾ ਸਾਊ ਪੁੱਤ। ਆਵਦੇ ਵੀਰੇ ਨਾਲ ਖੇਡ ਲੈ ਤੂੰ… ਨਾਲੇ ਨਿੱਕੀ ਨੂੰ ਆਵਾਜ਼ ਮਾਰ। ਬਾਹਲੀ ਸਿੱਧਰੀ ਕੁੜੀ ਆ।”
ਮਾਂ ਦੇ ਬੋਲਾਂ ਵਿੱਚ ਜਦੋਂ ਮੇਰੇ ਲਈ ਪਿਆਰ ਅਤੇ ਨਿੱਕੀ ਲਈ ਗੁੱਸਾ ਹੁੰਦਾ, ਮੇਰੇ ਅੰਦਰ ਅਜੀਬ ਜਿਹਾ ਚਾਅ ਉੱਠਦਾ। ਮੈਨੂੰ ਲੱਗਦਾ, ਮੈਂ ਮਾਂ ਦੀ ਪਸੰਦ ਹਾਂ—ਸਿਆਣੀ, ਸਮਝਦਾਰ, ਸਾਊ।
ਮੈਂ ਨਿੱਕੀ ਨੂੰ ਆਵਾਜ਼ ਮਾਰਨ ਲਈ ਗੇਟ ਤੱਕ ਜਾਂਦੀ। ਉਹ ਗਲੀ ਵਿੱਚ ਕਿਤੇ ਦਿਖਾਈ ਨਾ ਦਿੰਦੀ। ਜੇ ਦਿਖ ਵੀ ਜਾਂਦੀ ਤਾਂ ਮੇਰੀ ਆਵਾਜ਼ ਨੂੰ ਇੰਝ ਅਣਗੌਲਿਆ ਕਰ ਦਿੰਦੀ, ਜਿਵੇਂ ਉਸਨੇ ਕੁਝ ਸੁਣਿਆ ਹੀ ਨਾ ਹੋਵੇ।
ਮੈਂ ਥੱਕ-ਹਾਰ ਕੇ ਵਾਪਸ ਆ ਜਾਂਦੀ ਅਤੇ ਆਪਣੇ ਛੋਟੇ ਭਰਾ ਨੂੰ ਗੋਦੀ ਵਿੱਚ ਚੁੱਕ ਕੇ ਖਿਡਾਉਣ ਲੱਗ ਪੈਂਦੀ। ਅੰਦਰੋਂ ਉਡੀਕ ਹੁੰਦੀ ਕਿ ਨਿੱਕੀ ਘਰ ਆਵੇਗੀ ਤਾਂ ਅੱਜ ਉਸਦੀ ਪੱਕੀ ਕੁੱਟ ਪਵੇਗੀ।
ਪਰ ਨਿੱਕੀ ਆਪਣੀ ਮਰਜ਼ੀ ਨਾਲ ਖੇਡ ਕੇ ਮੁੜਦੀ। ਮਾਂ ਉਸਨੂੰ ਅਵਾ-ਤਵਾ ਬੋਲਦੀ ਰਹਿੰਦੀ ਅਤੇ ਉਹ ਸਭ ਕੁਝ ਇੰਝ ਅਣਗੌਲਿਆ ਕਰ ਦਿੰਦੀ, ਜਿਵੇਂ ਇਹ ਸਾਰੀਆਂ ਗੱਲਾਂ ਉਸਦੇ ਕੰਨਾਂ ਤੱਕ ਪਹੁੰਚਦੀਆਂ ਹੀ ਨਾ ਹੋਣ।
ਅਖ਼ੀਰ ਮਾਂ ਥੱਕ ਕੇ ਆਖਦੀ,
“ਆਉਣ ਦੇ ਤੇਰੇ ਪਿਉ ਨੂੰ… ਤੇਰੀ ਪਟਵਾਊਨੀ ਆਂ ਗੁੱਤ!”
ਫਿਰ ਮੈਂ ਪਾਪਾ ਦੀ ਉਡੀਕ ਕਰਦੀ।
ਪਰ ਪਾਪਾ ਆਉਂਦੇ ਤਾਂ ਅਕਸਰ ਮੰਮੀ ਆਪਣੀ ਸ਼ਿਕਾਇਤ ਭੁੱਲ ਜਾਂਦੀ। ਕਦੇ-ਕਦੇ ਮੈਂ ਯਾਦ ਕਰਵਾ ਦਿੰਦੀ। ਪਾਪਾ ਕਦੇ ਨਿੱਕੀ ਨੂੰ ਹਲਕਾ ਜਿਹਾ ਝਿੜਕ ਦਿੰਦੇ ਤੇ ਕਦੇ ਮੰਮੀ ਦੇ ਹੀ ਉਲਟ ਪੈ ਜਾਂਦੇ—
“ਤੂੰ ਬੱਚਿਆਂ ਦਾ ਧਿਆਨ ਨਹੀਂ ਰੱਖਦੀ!”
ਫਿਰ ਦੋਹਾਂ ਦੀ ਬਹਿਸ ਸ਼ੁਰੂ ਹੋ ਜਾਂਦੀ ਅਤੇ ਨਿੱਕੀ ਦਾ ਮੁੱਦਾ ਵਿਚਕਾਰ ਹੀ ਕਿਤੇ ਗੁੰਮ ਹੋ ਜਾਂਦਾ।
ਮੇਰੀਆਂ ਉਮੀਦਾਂ ’ਤੇ ਪਾਣੀ ਫਿਰ ਜਾਂਦਾ।
ਮੈਂ ਸੋਚਦੀ ਰਹਿ ਜਾਂਦੀ—ਅੱਜ ਤਾਂ ਨਿੱਕੀ ਦੀ ਪੱਕੀ ਕੁੱਟ ਪੈਣੀ ਸੀ।
ਪਰ ਉਹ ਹਰ ਵਾਰ ਬਚ ਜਾਂਦੀ।
ਬਚਪਨ ਤੋਂ ਜਵਾਨੀ ਤੱਕ ਦਾ ਸਫ਼ਰ ਸਾਡਾ ਇਸੇ ਕਸ਼ਮਕਸ਼ ਵਿੱਚ ਬੀਤਿਆ।
ਨਿੱਕੀ ਮੇਰੇ ਤੋਂ ਦੋ ਸਾਲ ਛੋਟੀ ਸੀ, ਪਰ ਜਲਦੀ ਹੀ ਸਾਡੇ ਸੂਟਾਂ ਅਤੇ ਜੁੱਤੀਆਂ ਦਾ ਮੇਚ ਇੱਕੋ ਜਿਹਾ ਹੋ ਗਿਆ ਸੀ। ਘਰ ਕੋਈ ਸੂਟ, ਜੁੱਤੀ ਜਾਂ ਹੋਰ ਚੀਜ਼ ਸਾਡੇ ਦੋਹਾਂ ਲਈ ਆਉਂਦੀ ਤਾਂ ਚੋਣ ਕਰਨ ਦਾ ਹੱਕ ਪਹਿਲਾਂ ਨਿੱਕੀ ਨੂੰ ਮਿਲਦਾ। ਉਹ ਆਪਣੀ ਪਸੰਦ ਦੀ ਚੀਜ਼ ਚੁੱਕ ਲੈਂਦੀ ਅਤੇ ਜੋ ਬਚਦਾ, ਉਹ ਮੇਰੇ ਹਿੱਸੇ ਆਉਂਦਾ।
ਕਦੇ ਮੈਂ ਵਿਰੋਧ ਕਰਦੀ ਤਾਂ ਮਾਂ ਦਾ ਉਹੀ ਰਟਿਆ-ਰਟਾਇਆ ਜਵਾਬ ਹੁੰਦਾ—
“ਕਲੇਸ਼ ਨਾ ਕਰਿਆ ਕਰ ਪੁੱਤ… ਇਹ ਤਾਂ ਸਿੱਧਰੀ ਆ। ਤੂੰ ਤਾਂ ਸਿਆਣੀ ਐਂ ਮੇਰੀ ਧੀ… ਮੇਰਾ ਸਾਊ ਪੁੱਤ।”
ਉਸ ਵੇਲੇ ਇਹ ਸ਼ਬਦ ਮੈਨੂੰ ਪਿਆਰ ਲੱਗਦੇ ਸਨ।
ਅੱਜ ਸੋਚਦੀ ਹਾਂ ਤਾਂ ਲੱਗਦਾ ਹੈ—ਸ਼ਾਇਦ ਇਹੀ ਸ਼ਬਦ ਹੌਲੀ-ਹੌਲੀ ਮੇਰੇ ਆਲੇ-ਦੁਆਲੇ ਇੱਕ ਅਦਿੱਖ ਕੰਧ ਬਣਾਉਂਦੇ ਗਏ ਸਨ।
ਮੈਂ ਕਦੇ-ਕਦੇ ਸੋਚਦੀ, ਕੀ ਮੈਂ ਨਿੱਕੀ ਨਾਲ ਈਰਖਾ ਕਰਦੀ ਹਾਂ?
ਉਸਦੀ ਗਲਤੀ ਵੀ ਕੀ ਸੀ? ਉਹ ਆਪਣੀ ਮਰਜ਼ੀ ਨਾਲ ਜਿਉਂਦੀ ਸੀ। ਜੋ ਮਨ ਕਰਦਾ, ਕਰ ਲੈਂਦੀ। ਕਿਸੇ ਦੀ ਪਰਵਾਹ ਨਹੀਂ ਕਰਦੀ ਸੀ।
ਮੈਂ ਕਈ ਵਾਰ ਉਸ ਵਾਂਗ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਵੀ ਕੀਤੀ, ਪਰ ਸ਼ਾਇਦ ਕੁਦਰਤ ਨੇ ਮੈਨੂੰ ਉਹ ਹਿੰਮਤ ਨਹੀਂ ਦਿੱਤੀ ਸੀ।
ਜਾਂ ਸ਼ਾਇਦ ਮੈਂ ਆਪਣੇ ਅੰਦਰੋਂ ਉਹ ਹਿੰਮਤ ਕਦੇ ਪੈਦਾ ਹੀ ਨਹੀਂ ਹੋਣ ਦਿੱਤੀ।
ਕਿਉਂਕਿ ਮੈਂ ‘ਸਾਊ ਕੁੜੀ’ ਵਾਲਾ ਟੈਗ ਉਤਾਰਨਾ ਹੀ ਨਹੀਂ ਚਾਹੁੰਦੀ ਸੀ।
ਮੈਨੂੰ ਡਰ ਸੀ—ਜੇ ਮੈਂ ਵੀ ਨਿੱਕੀ ਵਰਗੀ ਹੋ ਗਈ ਤਾਂ ਮਾਂ ਦੀਆਂ ਅੱਖਾਂ ਵਿੱਚ ਮੇਰੀ ਉਹ ਖਾਸ ਥਾਂ ਕਿਤੇ ਖ਼ਤਮ ਨਾ ਹੋ ਜਾਵੇ।
ਕਾਲਜ ਵਿੱਚ ਵੀ ਸਾਡਾ ਇਹ ਫ਼ਰਕ ਕਾਇਮ ਰਿਹਾ।
ਉਹ ਮੇਰੇ ਤੋਂ ਦੋ ਸਾਲ ਜੂਨੀਅਰ ਸੀ। ਮੈਂ ਦੋ ਸਾਲਾਂ ਵਿੱਚ ਜਿੰਨਾ ਦੋਸਤਾਂ ਦਾ ਘੇਰਾ ਨਹੀਂ ਬਣਾ ਸਕੀ, ਉਸਨੇ ਕੁਝ ਮਹੀਨਿਆਂ ਵਿੱਚ ਹੀ ਬਣਾ ਲਿਆ।
ਕਈ ਮੁੰਡੇ ਉਸਦੇ ਦੀਵਾਨੇ ਸਨ। ਉਹ ਹਰ ਇੱਕ ਨਾਲ ਹੱਸ ਕੇ ਗੱਲ ਕਰਦੀ ਅਤੇ ਉਸਦੀ ਹਾਜ਼ਰਜਵਾਬੀ ਸਭ ਨੂੰ ਆਪਣੇ ਵੱਲ ਖਿੱਚ ਲੈਂਦੀ।
ਰੰਗ-ਰੂਪ ਅਤੇ ਕੱਦ-ਕਾਠ ਵੱਲੋਂ ਅਸੀਂ ਦੋਵੇਂ ਭੈਣਾਂ ਲਗਭਗ ਇੱਕੋ ਜਿਹੀਆਂ ਸਾਂ, ਪਰ ਨਿੱਕੀ ਨੇ ਆਪਣੇ ਰੂਪ ਨੂੰ ਆਪਣੇ ਅੰਦਾਜ਼ ਨਾਲ ਹੋਰ ਨਿਖਾਰ ਲਿਆ ਸੀ।
ਉਸ ਕੋਲ ਨਖਰਾ ਸੀ, ਅਦਾਵਾਂ ਸਨ ਅਤੇ ਬੇਝਿਜਕ ਹੋ ਕੇ ਗੱਲ ਕਰਨ ਦਾ ਹੁਨਰ ਸੀ।
ਮੈਂ?
ਮੈਂ ਤਾਂ ਹਮੇਸ਼ਾ ਦੱਬੂ ਜਿਹੀ ਕੁੜੀ ਬਣੀ ਰਹੀ।
ਕਈ ਵਾਰ ਆਪਣੇ ਆਪ ਨੂੰ ਨਿੱਕੀ ਨਾਲੋਂ ਵੀਹ ਸਾਲ ਵੱਡੀ ਮਹਿਸੂਸ ਕਰਦੀ। ਸਿਆਣਪ ਦਾ ਬੋਝ ਜਿਵੇਂ ਮੇਰੇ ਸਿਰ ’ਤੇ ਧਰਿਆ ਹੋਇਆ ਸੀ।
ਕਿਸੇ ਮੁੰਡੇ ਨਾਲ ਗੱਲ ਕਰਨਾ ਤਾਂ ਦੂਰ ਦੀ ਗੱਲ, ਮੈਂ ਕੁੜੀਆਂ ਨਾਲ ਵੀ ਆਪਣੀਆਂ ਕਈ ਦਿਲ ਦੀਆਂ ਗੱਲਾਂ ਸਾਂਝੀਆਂ ਨਹੀਂ ਕਰਦੀ ਸੀ।
ਜਦੋਂ ਉਹ ਕਦੇ ਨੌਨ-ਵੈੱਜ ਗੱਲਾਂ ਕਰਦੀਆਂ ਤਾਂ ਮੈਂ ਝਿੜਕ ਦਿੰਦੀ।
ਉਹ ਮੇਰੇ ’ਤੇ ਹੱਸਦੀਆਂ—
“ਐਵੇਂ ਨਾ ਵੱਡੀ ਅੰਮਾ ਬਣੀ ਰਿਹਾ ਕਰ। ਸਰਦਾ ਨੀਂ ਹੁੰਦਾ ਆਹ ਗੱਲਾਂ ਤੋਂ ਬਿਨਾਂ ਵੀ। ਤੂੰ ਤਾਂ ਸਤਯੁੱਗ ਦੀ ਸੀ, ਕਲਯੁੱਗ ਵਿੱਚ ਗਲਤੀ ਨਾਲ ਆ ਗਈ। ਤੂੰ ਤਾਂ ਬਾਹਲੀ ਸਾਊ ਐਂ!”
ਮੈਂ ਹੱਸ ਕੇ ਗੱਲ ਟਾਲ ਦਿੰਦੀ।
ਪਰ ਅੰਦਰ ਕਿਤੇ ਇੱਕ ਸਵਾਲ ਜ਼ਰੂਰ ਉੱਠਦਾ—
ਕੀ ਮੈਂ ਸੱਚਮੁੱਚ ਇੰਨੀ ਸਾਊ ਹਾਂ?
ਜਾਂ ਮੈਂ ਸਿਰਫ਼ ਆਪਣੀਆਂ ਇੱਛਾਵਾਂ ਨੂੰ ਸਿਆਣਪ ਦਾ ਨਾਮ ਦੇ ਕੇ ਦਬਾ ਰਹੀ ਹਾਂ?
ਮੇਰੇ ਅੰਦਰ ਵੀ ਤਾਂ ਉਹੀ ਜਜ਼ਬਾਤ ਸਨ।
ਮੈਂ ਵੀ ਚਾਹੁੰਦੀ ਸੀ ਕਿ ਕਾਲਜ ਦੇ ਇਹਨਾਂ ਮੁੰਡਿਆਂ ਵਿੱਚੋਂ ਕੋਈ ਮੈਨੂੰ ਪਸੰਦ ਕਰੇ।
ਕੋਈ ਮੇਰੇ ਰਾਹ ਵਿੱਚ ਖੜ੍ਹ ਕੇ ਮੇਰੇ ਲਈ ਮੁਸਕਰਾਹਟ ਦੇ ਫੁੱਲ ਬਿਖੇਰੇ।
ਕੋਈ ਮੇਰੇ ਕਹਿਣ ਤੋਂ ਪਹਿਲਾਂ ਮੇਰੇ ਮਨ ਦੀ ਗੱਲ ਸਮਝ ਲਵੇ।
ਕੋਈ ਮੈਨੂੰ ਕਹਿ ਕੇ ਸੂਟ ਪਵਾਏ।
ਕਦੇ ਮੇਰੇ ਨਾਲ ਮੈਚਿੰਗ ਕਰੇ।
ਮੈਂ ਨਖਰੇ ਕਰਾਂ, ਝੂਠ-ਮੂਠ ਦੀ ਲੜਾਈ ਕਰਾਂ ਅਤੇ ਉਹ ਮੇਰੀਆਂ ਮਿੰਨਤਾਂ ਕਰਕੇ ਮੈਨੂੰ ਮਨਾ ਲਵੇ।
ਗੀਤਾਂ ਅਤੇ ਫ਼ਿਲਮਾਂ ਵਿੱਚ ਮੈਂ ਇਹ ਸਭ ਮਹਿਸੂਸ ਕਰਦੀ।
ਅੱਖਾਂ ਬੰਦ ਕਰਦੀ ਤਾਂ ਆਪਣੀ ਹੀ ਇੱਕ ਦੁਨੀਆ ਬਣ ਜਾਂਦੀ।
ਉਸ ਦੁਨੀਆ ਵਿੱਚ ਕੋਈ ਹੁੰਦਾ…
ਅਤੇ ਉਸ ਚਿਹਰੇ ਦੀ ਥਾਂ ਹੌਲੀ-ਹੌਲੀ ਦਲਜੀਤ ਆ ਗਿਆ।
ਅੱਖਾਂ ਬੰਦ ਕਰਕੇ ਮੈਂ ਕਿਸੇ ਸੁਪਨੇ ਵਿੱਚ ਚਲੀ ਜਾਂਦੀ ਤਾਂ ਮੇਰੇ ਅੱਗੇ ਦਲਜੀਤ ਆ ਜਾਂਦਾ।
ਉਹ ਮੇਰਾ ਕਲਾਸਮੇਟ ਸੀ। ਜਦੋਂ ਅਸੀਂ ਨਵੇਂ-ਨਵੇਂ ਕਾਲਜ ਵਿੱਚ ਆਏ ਸਾਂ ਤਾਂ ਅਸੀਂ ਦੋਵੇਂ ਦੋਸਤ ਬਣ ਗਏ। ਉਹ ਸ਼ਰੀਫ਼ ਜਿਹਾ ਮੁੰਡਾ ਸੀ, ਮੇਰੇ ਵਾਂਗ ਸੰਗਾਊ ਵੀ ਬਹੁਤ ਸੀ। ਅੰਗਰੇਜ਼ੀ ਨੂੰ ਛੱਡ ਕੇ ਬਾਕੀ ਵਿਸ਼ਿਆਂ ਵਿੱਚ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ, ਜਦਕਿ ਮੈਂ ਰਾਜਨੀਤੀ ਸ਼ਾਸਤਰ ਵਿੱਚ ਕਮਜ਼ੋਰ ਸੀ। ਅਸੀਂ ਪੜ੍ਹਾਈ ਵਿੱਚ ਇੱਕ-ਦੂਜੇ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ।
ਸਾਰਾ ਦਿਨ ਪਹਿਲਾਂ ਪੜ੍ਹਾਈ ਦੀਆਂ ਗੱਲਾਂ ਹੁੰਦੀਆਂ, ਫਿਰ ਹੌਲੀ-ਹੌਲੀ ਘਰੇਲੂ ਗੱਲਾਂ ਵੀ ਸਾਂਝੀਆਂ ਕਰਨ ਲੱਗ ਪਏ। ਦਿਨ ਲੰਘਦੇ ਗਏ ਤਾਂ ਸਾਡੀਆਂ ਨਜ਼ਦੀਕੀਆਂ ਵੀ ਵਧਣ ਲੱਗੀਆਂ।
ਉਨ੍ਹਾਂ ਦਿਨਾਂ ਵਿੱਚ ਘਰ ਲੈਂਡਲਾਈਨ ਫੋਨ ਹੁੰਦਾ ਸੀ, ਪਰ ਦਲਜੀਤ ਕੋਲ ਮੋਬਾਈਲ ਫੋਨ ਸੀ। ਪਹਿਲਾਂ-ਪਹਿਲ ਮੈਂ ਇੱਕ-ਦੋ ਵਾਰ ਉਸਨੂੰ ਕਿਸੇ ਕੰਮ ਲਈ ਕਾਲ ਕੀਤੀ, ਪਰ ਬਾਅਦ ਵਿੱਚ ਇਹ ਸਿਲਸਿਲਾ ਆਮ ਹੋ ਗਿਆ।
ਦਲਜੀਤ ਨੇ ਆਪਣੀ ਮੁਹੱਬਤ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਂ ਹਮੇਸ਼ਾ ਇਹੀ ਆਖਦੀ—
“ਆਪਾਂ ਦੋਸਤ ਹਾਂ ਤੇ ਦੋਸਤ ਬਣ ਕੇ ਹੀ ਰਹਾਂਗੇ।”
ਕਦੇ-ਕਦੇ ਮੈਂ ਧਰਤੀ ਉੱਤੇ ਇੱਕ ਲਕੀਰ ਵਾਹ ਦਿੰਦੀ ਤੇ ਆਖਦੀ,
“ਇਹ ਸਾਡੀ ਦੋਸਤੀ ਦੀਆਂ ਹੱਦਾਂ ਨੇ… ਇਸ ਤੋਂ ਅੱਗੇ ਨਾ ਆਵੀਂ ਤੂੰ ਕਦੇ ਵੀ।”
“ਮੈਂ ਕਦੇ ਨਹੀਂ ਆਵਾਂਗਾ, ਪਰ ਤੇਰਾ ਇੰਤਜ਼ਾਰ ਕਰਾਂਗਾ ਕਿ ਤੂੰ ਕਦੇ ਇਹ ਲਕੀਰ ਟੱਪ ਕੇ ਆਵੇਂ।”
ਉਹ ਪੂਰੀ ਉਮੀਦ ਨਾਲ ਆਖਦਾ।
“ਉਹ ਦਿਨ ਕਦੇ ਨਹੀਂ ਆਵੇਗਾ।”
ਮੈਂ ਹਰ ਵਾਰ ਇਹੀ ਜਵਾਬ ਦਿੰਦੀ।
ਲਕੀਰ ਦੇ ਉਸ ਪਾਰੋਂ ਮੈਨੂੰ ਬੁਲਾਉਣ ਲਈ ਉਸਨੇ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਮੈਂ ਅਟੱਲ ਰਹੀ। ਇਸ ਮਸਲੇ ’ਤੇ ਕਈ ਵਾਰ ਸਾਡੀ ਲੜਾਈ ਵੀ ਹੋ ਜਾਂਦੀ।
ਉਹ ਆਖਦਾ ਕਿ ਸਾਡੀ ਦੋਸਤੀ ਸਿਰਫ਼ ਜ਼ਰੂਰਤ ਦੀ ਹੈ। ‘ਜ਼ਰੂਰਤ’ ਸ਼ਬਦ ਤੋਂ ਮੈਨੂੰ ਖਿਝ ਆਉਂਦੀ। ਮੈਂ ਦੋਸਤੀ ਦੀ ਆਪਣੀ ਪਰਿਭਾਸ਼ਾ ਦਿੰਦੀ ਅਤੇ ਉਹ ਆਪਣੀ ਫ਼ਿਲਾਸਫ਼ੀ ਲੈ ਕੇ ਬੈਠ ਜਾਂਦਾ।
ਇਸ ਕਸ਼ਮਕਸ਼ ਵਿੱਚ ਸਾਡੀ ਦੋਸਤੀ ਅਤੇ ਮੁਹੱਬਤ ਉੱਚੇ-ਨੀਵੇਂ ਪੜਾਵਾਂ ਵਿੱਚੋਂ ਹੁੰਦੀ ਹੋਈ ਆਪਣਾ ਪਹੀਆ ਰਿੜਕਦੀ ਗਈ।
ਪਰ ਅਚਾਨਕ ਇੱਕ ਘਟਨਾ ਨੇ ਇਸ ਪਹੀਏ ਨੂੰ ਰੋਕ ਦਿੱਤਾ।
ਇੱਕ ਦਿਨ ਮੈਂ ਬਿਮਾਰ ਸੀ ਅਤੇ ਕਾਲਜ ਨਹੀਂ ਗਈ ਸੀ।
ਗਿਆਰਾਂ ਕੁ ਵਜੇ ਪਾਪਾ ਗੁੱਸੇ ਵਿੱਚ ਘਬਰਾਏ ਹੋਏ ਘਰ ਆਏ। ਮੰਮੀ ਨੂੰ ਗਾਲਾਂ ਕੱਢਦੇ ਹੋਏ ਆਪਣੇ ਨਾਲ ਲੈ ਗਏ।
ਮੈਨੂੰ ਕੁਝ ਸਮਝ ਨਾ ਆਇਆ।
ਤਿੰਨ ਕੁ ਵਜੇ ਉਹ ਵਾਪਸ ਆਏ ਤਾਂ ਨਿੱਕੀ ਵੀ ਨਾਲ ਸੀ। ਉਸਦੇ ਸਿਰ ਅਤੇ ਬਾਂਹ ’ਤੇ ਪੱਟੀ ਕੀਤੀ ਹੋਈ ਸੀ।
ਜਦੋਂ ਮੈਂ ਸਾਰੀ ਗੱਲ ਸੁਣੀ ਤਾਂ ਮੇਰਾ ਰੰਗ ਪੀਲਾ ਪੈ ਗਿਆ।
ਅਸਲ ਗੱਲ ਇਹ ਸੀ ਕਿ ਮੇਰੇ ਕਾਲਜ ਨਾ ਜਾਣ ਦਾ ਨਿੱਕੀ ਨੇ ਫਾਇਦਾ ਚੁੱਕਿਆ ਸੀ। ਉਹ ਕਿਸੇ ਮੁੰਡੇ ਨਾਲ ਫ਼ਿਲਮ ਵੇਖਣ ਚਲੀ ਗਈ ਸੀ। ਮੁੰਡੇ ਨੇ ਕਿਸੇ ਦੀ ਮੋਟਰਸਾਈਕਲ ਮੰਗ ਲਈ ਅਤੇ ਦੋਵੇਂ ਚਲੇ ਗਏ।
ਗਲਤ ਸਾਈਡ ਤੋਂ ਆ ਰਹੀ ਇੱਕ ਗੱਡੀ ਨੇ ਦੋਹਾਂ ਨੂੰ ਟੱਕਰ ਮਾਰ ਦਿੱਤੀ।
ਮੁੰਡੇ ਦਾ ਸਿਰ ਡਿਵਾਈਡਰ ਦੀ ਕੰਧ ਨਾਲ ਜਾ ਵੱਜਾ ਅਤੇ ਨਿੱਕੀ ਸੜਕ ਉੱਤੇ ਜਾ ਡਿੱਗੀ। ਰਾਹ ਜਾਂਦੇ ਲੋਕਾਂ ਨੇ ਦੋਹਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਕਾਰ ਵਾਲੇ ਨੂੰ ਲੋਕਾਂ ਨੇ ਘੇਰ ਲਿਆ।
ਆਈ.ਡੀ. ਕਾਰਡ ਤੋਂ ਨੰਬਰ ਲੈ ਕੇ ਦੋਹਾਂ ਦੇ ਘਰਾਂ ਵਿੱਚ ਫੋਨ ਕਰ ਦਿੱਤੇ ਗਏ।
ਮੁੰਡੇ ਦੀ ਹਾਲਤ ਗੰਭੀਰ ਸੀ।
ਮਾਮਲਾ ਪੁਲਿਸ ਵਿੱਚ ਚਲਾ ਗਿਆ। ਮੁੰਡੇ ਦੇ ਘਰ ਵਾਲੇ ਗੱਡੀ ਵਾਲੇ ਦਾ ਕਸੂਰ ਕੱਢ ਰਹੇ ਸਨ, ਪਰ ਜਦੋਂ ਗੈਰ-ਕਾਨੂੰਨੀ ਤਰੀਕੇ ਨਾਲ ਗਏ ਮੁੰਡੇ-ਕੁੜੀ ਬਾਰੇ ਪਤਾ ਲੱਗਿਆ ਤਾਂ ਗੱਡੀ ਵਾਲਾ ਵੀ ਆਪਣੇ ਬਚਾਅ ਵਿੱਚ ਹਾਵੀ ਹੋ ਗਿਆ।
ਥਾਣੇ ਵਿੱਚ ਨਿੱਕੀ ਦੇ ਵੀ ਬਿਆਨ ਹੋਏ।
ਪਾਪਾ-ਮੰਮੀ ਨੀਵੀਂ ਪਾ ਕੇ ਬੈਠੇ ਰਹੇ।
ਘਰ ਆ ਕੇ ਪਾਪਾ ਨੇ ਪੂਰਾ ਗੁੱਸਾ ਸਾਡੇ ਉੱਤੇ ਕੱਢਿਆ। ਨਿੱਕੀ ਦੀ ਧੋਲ-ਧੱਫਾ ਵੀ ਕੀਤੀ।
ਮੰਮੀ ਉੱਤੇ ਦੋਸ਼ ਸੀ ਕਿ ਉਸਨੇ ਕੁੜੀਆਂ ਨੂੰ ਲੋੜ ਤੋਂ ਵੱਧ ਆਜ਼ਾਦੀ ਦੇ ਰੱਖੀ ਹੈ ਅਤੇ ਮੇਰੇ ਉੱਤੇ ਗੁੱਸਾ ਸੀ ਕਿ ਮੈਨੂੰ ਉਸਦੇ ਦੋਸਤ ਮੁੰਡੇ ਬਾਰੇ ਜ਼ਰੂਰ ਪਤਾ ਹੋਵੇਗਾ, ਪਰ ਮੈਂ ਘਰ ਦੱਸਿਆ ਨਹੀਂ।
ਇਹ ਸੱਚ ਵੀ ਸੀ।
ਮੈਂ ਕਈ ਵਾਰ ਨਿੱਕੀ ਨੂੰ ਵਰਜਿਆ ਸੀ, ਪਰ ਉਹ ਮੇਰੇ ਤੋਂ ਛੁਪਾ ਕੇ ਆਪਣੀਆਂ ਆਸ਼ਕੀਆਂ ਕਰਨ ਲੱਗੀ ਸੀ।
ਵਾਰਿਸ਼ ਸ਼ਾਹ ਦੀ ਗੱਲ ਯਾਦ ਆਈ—
“ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।”
ਘਟਨਾ ਭਾਵੇਂ ਨਿੱਕੀ ਨਾਲ ਜੁੜੀ ਹੋਈ ਸੀ, ਪਰ ਮੈਂ ਧੁਰ ਅੰਦਰ ਤੱਕ ਡਰ ਗਈ।
ਸਵਾਲਾਂ ਦੇ ਜਵਾਬ ਦੇਣ ਤੋਂ ਬਚਣ ਲਈ ਮੈਂ ਅਤੇ ਨਿੱਕੀ ਕਈ ਦਿਨ ਕਾਲਜ ਨਾ ਗਈਆਂ। ਮੈਂ ਦਲਜੀਤ ਨੂੰ ਵੀ ਫੋਨ ਨਾ ਕੀਤਾ।
ਮੰਮੀ ਦਾ ਸਾਡੇ ਉੱਤੇ ਸਖ਼ਤ ਪਹਿਰਾ ਸੀ।
ਇੱਕ ਦਿਨ ਸਾਡੀ ਰਿਸ਼ਤੇਦਾਰੀ ਵਿੱਚ ਅਚਾਨਕ ਮੌਤ ਹੋ ਗਈ। ਮੰਮੀ-ਪਾਪਾ ਨੂੰ ਜਾਣਾ ਪੈਣਾ ਸੀ। ਜਾਂਦਿਆਂ ਮੰਮੀ ਨੇ ਮੈਨੂੰ ਸਖ਼ਤ ਹਦਾਇਤ ਦਿੱਤੀ ਕਿ ਨਿੱਕੀ ਦਾ ਧਿਆਨ ਰੱਖਾਂ।
ਦੁਪਹਿਰ ਦਾ ਸਮਾਂ ਸੀ। ਨਿੱਕੀ ਸੌ ਗਈ।
ਮੈਂ ਦਲਜੀਤ ਨੂੰ ਫੋਨ ਕੀਤਾ।
ਉਹ ਭਰਿਆ-ਪੀਤਾ ਬੈਠਾ ਸੀ।
ਮੈਂ ਉਸਨੂੰ ਸਾਰੀ ਗੱਲ ਦੱਸੀ ਅਤੇ ਕਿਹਾ,
“ਅੱਜ ਤੋਂ ਬਾਅਦ ਮੈਂ ਤੈਨੂੰ ਫੋਨ ਨਹੀਂ ਕਰਾਂਗੀ, ਪਰ ਸਾਡੀ ਦੋਸਤੀ ਕਾਇਮ ਰਹੇਗੀ।”
ਉਹ ਮੈਨੂੰ ਸਮਝਾਉਂਦਾ ਰਿਹਾ ਕਿ ਇਸ ਘਟਨਾ ਨਾਲ ਅਸੀਂ ਫੋਨ ਕਾਲ ਕਿਉਂ ਬੰਦ ਕਰੀਏ। ਉਹ ਗੁੱਸੇ ਵੀ ਹੋਇਆ, ਪਰ ਮੈਂ ਪਰਵਾਹ ਨਾ ਕੀਤੀ।
ਮੈਨੂੰ ਸਿਰਫ਼ ਇਹ ਡਰ ਸੀ ਕਿ ਕਿਤੇ ਮੇਰੀ ਜ਼ਿੰਦਗੀ ਵੀ ਨਿੱਕੀ ਵਰਗੀ ਨਾ ਹੋ ਜਾਵੇ।
ਮਹੀਨੇ ਬਾਅਦ ਜਦੋਂ ਮੈਂ ਕਾਲਜ ਗਈ ਤਾਂ ਦਲਜੀਤ ਦੇ ਵਿਹਾਰ ਵਿੱਚ ਤਬਦੀਲੀ ਸੀ।
ਹੁਣ ਉਹ ਹੋਰ ਕੁੜੀਆਂ ਦੇ ਝੁੰਡ ਵਿੱਚ ਜਾ ਬੈਠਦਾ। ਉਹਨਾਂ ਨਾਲ ਹੱਸ-ਹੱਸ ਕੇ ਗੱਲਾਂ ਕਰਦਾ।
ਕਦੇ-ਕਦੇ ਮੇਰੇ ਮਨ ਅੰਦਰ ਗੁੱਸਾ ਫੁੱਟਦਾ, ਪਰ ਇਹ ਕਦੇ ਬਾਹਰ ਨਾ ਆਇਆ।
ਮੈਂ ਸੋਚਦੀ—
ਦਲਜੀਤ ਦੀ ਗਲਤੀ ਵੀ ਕੀ ਸੀ?
ਮੈਂ ਹੀ ਤਾਂ ਕਦੇ ਸਿਆਣਪ ਦਾ ਨਕਾਬ ਉਤਾਰ ਕੇ ਆਪਣੀ ਮੁਹੱਬਤ ਜ਼ਾਹਰ ਨਹੀਂ ਕਰ ਸਕੀ ਸੀ।
ਸਮਾਂ ਲੰਘਦਾ ਗਿਆ।
ਹੁਣ ਦਲਜੀਤ ਦਾ ਦੂਰ ਹੋਣਾ ਮੈਨੂੰ ਜ਼ਿਆਦਾ ਤੰਗ ਨਹੀਂ ਕਰਦਾ ਸੀ। ਪਰ ਉਸ ਨਾਲ ਬੀਤੇ ਪਲ ਜਿਵੇਂ ਮੇਰੇ ਅੰਦਰ ਕਿਤੇ ਰੁਕ ਗਏ ਸਨ।
ਜਦੋਂ ਕਦੇ ਉਸ ਨਾਲ ਮਿਲਦੀ-ਜੁਲਦੀ ਕੋਈ ਘਟਨਾ ਹੁੰਦੀ ਤਾਂ ਮੈਨੂੰ ਉਹ ਬਹੁਤ ਯਾਦ ਆਉਂਦਾ।
ਪਰ ਇੱਕ ਪੱਖੋਂ ਮੈਂ ਸੰਤੁਸ਼ਟ ਵੀ ਸੀ।
ਹੁਣ ਮੈਨੂੰ ਘਰ ਫੋਨ ਆਉਣ ਦਾ ਖ਼ਤਰਾ ਨਹੀਂ ਸੀ।
ਪਹਿਲਾਂ ਤਾਂ ਜਦੋਂ ਵੀ ਘੰਟੀ ਵੱਜਦੀ ਸੀ, ਮੇਰੀ ਧੜਕਣ ਤੇਜ਼ ਹੋ ਜਾਂਦੀ ਸੀ।
ਕਈ ਸਾਲ ਗੁਜ਼ਰ ਗਏ।
ਸਾਡੀ ਕਾਲਜ ਦੀ ਪੜ੍ਹਾਈ ਪੂਰੀ ਹੋ ਗਈ। ਨਿੱਕੀ ਦਾ ਰਿਸ਼ਤਾ ਘਰਦਿਆਂ ਨੇ ਮੇਰੇ ਤੋਂ ਪਹਿਲਾਂ ਕਰ ਦਿੱਤਾ। ਮੈਂ ਕਿਸੇ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਸੀ।
ਨਿੱਕੀ ਦਾ ਘਰਵਾਲਾ ਸਾਊ ਤੇ ਬੇਹੱਦ ਪਿਆਰ ਕਰਨ ਵਾਲਾ ਮੁੰਡਾ ਸੀ। ਸਾਰਾ ਦਿਨ ਉਸਦੇ ਦੁਆਲੇ ਚੱਕਰ ਕੱਢਦਾ ਰਹਿੰਦਾ। ਪਰ ਮੈਂ ਜਾਣਦੀ ਸੀ ਕਿ ਨਿੱਕੀ ਵਿੱਚੋਂ ਅਜੇ ਪੁਰਾਣੀਆਂ ਹਰਕਤਾਂ ਨਹੀਂ ਗਈਆਂ ਸਨ।
ਮੈਨੂੰ ਸਰਕਾਰੀ ਨੌਕਰੀ ਨਾ ਮਿਲੀ। ਘਰਦਿਆਂ ਨੇ ਉਡੀਕ ਕੇ ਮੇਰਾ ਵੀ ਵਿਆਹ ਕਰ ਦਿੱਤਾ।
ਮੇਰੇ ਘਰਵਾਲੇ ਦੀ ਇੱਕ ਵੱਡੇ ਹਸਪਤਾਲ ਵਿੱਚ ਲੈਬੋਰਟਰੀ ਸੀ। ਮੈਨੂੰ ਮਿੱਠਬੋਲੜਾ, ਕਮਾਊ ਤੇ ਸੋਹਣਾ ਪਤੀ ਮਿਲਿਆ ਸੀ। ਸੱਸ ਦਾ ਸੁਭਾਅ ਵੀ ਬਹੁਤ ਵਧੀਆ ਸੀ।
ਸਾਰੇ ਆਖਦੇ ਸਨ,
“ਸਾਊ ਕੁੜੀ ਸੀ… ਭਾਈ, ਰੱਬ ਨੇ ਲੁਕਾਇਆ ਵੀ ਕੁਝ ਨਹੀਂ।”
ਜ਼ਿੰਦਗੀ ਵਿੱਚ ਸਮੱਸਿਆ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ।
ਕਈ ਮਹੀਨਿਆਂ ਬਾਅਦ ਮੈਨੂੰ ਅਹਿਸਾਸ ਹੋਣ ਲੱਗਾ ਕਿ ਗੈਰੀ ਮੇਰੇ ਨਾਲ ਮਾਨਸਿਕ ਰੂਪ ਵਿੱਚ ਨਹੀਂ ਜੁੜਿਆ ਹੋਇਆ।
ਸਵੇਰੇ ਹਸਪਤਾਲ ਜਾਣ ਸਮੇਂ ਉਸਦਾ ਨਾਸ਼ਤਾ ਤਿਆਰ ਕਰਨਾ, ਨਿੱਕਾ-ਨਿੱਕਾ ਸਮਾਨ ਫੜਾਉਣਾ ਤੇ ਫਿਰ ਉਸਦਾ ਚਲਾ ਜਾਣਾ। ਸ਼ਾਮ ਨੂੰ ਉਸਦਾ ਦੇਰ ਨਾਲ ਘਰ ਆਉਣਾ। ਘਰ ਆ ਕੇ ਵੀ ਫੋਨ ਨਾਲ ਲੱਗੇ ਰਹਿਣਾ।
ਫੋਨ ਵਿੱਚ ਵੇਖ ਕੇ ਮੁਸਕਰਾਉਂਦੇ ਰਹਿਣਾ।
ਮੈਨੂੰ ਡਿਨਰ ਲਈ ਕਹਿਣਾ, ਚੁੱਪ-ਚਾਪ ਡਿਨਰ ਕਰਨਾ ਅਤੇ ਫਿਰ ਅਸੀਂ ਸੌ ਜਾਣਾ।
ਮੈਨੂੰ ਜਾਪਦਾ ਸੀ ਕਿ ਮੈਂ ਉਸਦੀ ਸਿਰਫ਼ ਜ਼ਰੂਰਤ ਹਾਂ—ਜਿਸਮਾਨੀ ਜ਼ਰੂਰਤ ਜਾਂ ਘਰੇਲੂ ਜ਼ਰੂਰਤ।
ਹੌਲੀ-ਹੌਲੀ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ।
ਗੈਰੀ ਦੇ ਹਸਪਤਾਲ ਵਿੱਚ ਹੀ ਕਿਸੇ ਨਰਸ ਨਾਲ ਸਬੰਧ ਸਨ। ਮੈਨੂੰ ਦੱਸਣ ਵਾਲੇ ਨੇ ਇਹ ਵੀ ਦੱਸਿਆ ਕਿ ਉਹ ਕਿਸੇ ਇੱਕ ਥਾਂ ਟਿਕਣ ਵਾਲਾ ਨਹੀਂ ਹੈ।
ਮੈਂ ਕਈ ਦਿਨ ਇਹ ਗੱਲ ਆਪਣੇ ਮਨ ਅੰਦਰ ਰੱਖੀ, ਪਰ ਇੱਕ ਦਿਨ ਸਬਰ ਦਾ ਬੰਨ੍ਹ ਟੁੱਟ ਗਿਆ।
ਮੈਂ ਗੈਰੀ ਨਾਲ ਗੱਲ ਕੀਤੀ ਤਾਂ ਉਹ ਅੱਗ-ਬਬੂਲਾ ਹੋ ਗਿਆ।
“ਮੈਨੂੰ ਸਬੂਤ ਦੇ… ਇਹ ਇਲਜ਼ਾਮ ਲਗਾਉਣ ਦੀ ਤੇਰੀ ਹਿੰਮਤ ਕਿਵੇਂ ਹੋਈ?”
ਮੈਂ ਡਰ ਗਈ।
ਸਬੂਤ ਮੇਰੇ ਕੋਲ ਕੋਈ ਨਹੀਂ ਸੀ।
ਉਸਨੇ ਕਈ ਦਿਨ ਮੇਰੇ ਨਾਲ ਗੱਲ ਨਾ ਕੀਤੀ। ਮੈਂ ਕਈ ਵਾਰ ਕੋਸ਼ਿਸ਼ ਕੀਤੀ ਤਾਂ ਇੱਕ ਸ਼ਰਤ ’ਤੇ ਮੰਨਿਆ—
“ਕਦੇ ਬਿਨਾਂ ਸਬੂਤ ਮੇਰੇ ’ਤੇ ਇੰਝ ਇਲਜ਼ਾਮ ਨਾ ਲਾਈਂ।”
ਦੂਜੀ ਔਪਸ਼ਨ ਉਸਨੇ ਦਿੱਤੀ—
“ਜੇ ਵਿਸ਼ਵਾਸ ਨਹੀਂ ਤਾਂ ਆਪਣੇ ਪੇਕੇ ਚਲੀ ਜਾ।”
ਮੈਂ ਸਬਰ ਦਾ ਘੁੱਟ ਭਰ ਲਿਆ।
ਗੈਰੀ ਨੂੰ ਮੈਂ ਪਿਆਰ ਬਹੁਤ ਕਰਦੀ ਸੀ, ਪਰ ਮੇਰੇ ਅੰਦਰ ਡਰ ਬੈਠ ਗਿਆ ਸੀ। ਹਰ ਗੱਲ ਕਰਨ ਵੇਲੇ ਮੇਰੇ ਅੰਦਰ ਝਿਜਕ ਪੈਦਾ ਹੋ ਜਾਂਦੀ।
ਮੈਂ ਇੱਕ ਕੈਦਣ ਵਾਂਗ ਜ਼ਿੰਦਗੀ ਬਤੀਤ ਕਰ ਰਹੀ ਸੀ।
ਇਸ ਕੋਠੜੀ ਵਿੱਚ ਮੈਂ ਤੇ ਮੇਰੀ ਸੱਸ ਬਸ।
ਕਦੇ-ਕਦੇ ਕੋਈ ਗੁਆਂਢਣ ਸਾਡੇ ਘਰ ਆ ਜਾਂਦੀ। ਮੁਹੱਲੇ ਵਾਲਿਆਂ ਦੀਆਂ ਚੁਗਲੀਆਂ ਉਹ ਮਸਾਲੇ ਲਾ ਕੇ ਕਰਦੀਆਂ। ਮੈਥੋਂ ਵੀ ਉਮੀਦ ਕਰਦੀਆਂ ਕਿ ਕੋਈ ਮਸਾਲੇਦਾਰ ਚੁਗਲੀ ਕਰਾਂ, ਪਰ ਮੇਰੀ ਕੋਈ ਦਿਲਚਸਪੀ ਨਹੀਂ ਸੀ।
ਅਖ਼ੀਰ ਜਦੋਂ ਮੈਂ ਕੁਝ ਨਾ ਬੋਲਦੀ ਤਾਂ ਕਦੇ ਮੇਰੀ ਸੱਸ ਤੇ ਕਦੇ ਕੋਈ ਗੁਆਂਢਣ ਆਪ ਹੀ ਬੋਲ ਦਿੰਦੀ,
“ਸਾਊ ਆ ਵਿਚਾਰੀ… ਜਮ੍ਹਾਂ ਗਊ।”
ਮੇਰੇ ਲਈ ਦਿਨ ਪਹਾੜ ਬਣ ਜਾਂਦਾ।
ਟੀਵੀ ਵੇਖਦੀ, ਕਦੇ ਕਿਸੇ ਨੂੰ ਫੋਨ ਮਿਲਾ ਲੈਂਦੀ ਅਤੇ ਕਦੇ ਪਾਠ ਵੀ ਕਰ ਲੈਂਦੀ। ਪਰ ਜਾਪਦਾ ਜਿਵੇਂ ਘੜੀ ਦੀਆਂ ਸੂਈਆਂ ਬਹੁਤ ਹੌਲੀਆਂ ਹੋ ਗਈਆਂ ਹੋਣ।
ਇੱਕ ਦਿਨ ਮੈਂ ਗੈਰੀ ਨੂੰ ਕਿਹਾ,
“ਜੇ ਤੁਸੀਂ ਪਰਮਿਸ਼ਨ ਦਿਓ ਤਾਂ ਮੈਂ ਕਿਸੇ ਪ੍ਰਾਈਵੇਟ ਸਕੂਲ ਵਿੱਚ ਟੀਚਰ ਲੱਗ ਜਾਵਾਂ।”
“ਕਿਉਂ? ਘਾਟ ਕੀ ਆ ਆਪਣੇ ਕੋਲ? ਪੰਜ-ਸੱਤ ਹਜ਼ਾਰ ਪਿੱਛੇ ਨੌਕਰ ਲੱਗੇਗੀ ਕਿਸੇ ਦੀ।”
ਉਸਦੇ ਸ਼ਬਦਾਂ ਵਿੱਚ ਖਿਝ ਸੀ।
“ਗੱਲ ਪੈਸੇ ਦੀ ਨਹੀਂ… ਮੈਂ ਬਹੁਤ ਬੋਰ ਹੋ ਜਾਂਨੀ ਆਂ, ਡੀਅਰ।”
ਮੈਂ ਪਿਆਰ ਨਾਲ ਉਸਦੀ ਬਾਂਹ ਫੜ ਕੇ ਸਿਰ ਉਸਦੇ ਮੋਢੇ ’ਤੇ ਟਿਕਾ ਦਿੱਤਾ।
“ਚੱਲ ਵੇਖਾਂਗੇ… ਕੋਈ ਨਾ। ਛੱਡ ਇਹ ਗੱਲ ਹੁਣ।”
ਉਸਨੇ ਬੇਪਰਵਾਹੀ ਨਾਲ ਕਿਹਾ ਅਤੇ ਫੋਨ ’ਤੇ ਉਂਗਲਾਂ ਮਾਰਨ ਲੱਗਾ।
ਮੈਂ ਜਾਣਦੀ ਸੀ ਕਿ ਇਸ ‘ਵੇਖਾਂਗੇ’ ਦਾ ਅਰਥ ‘ਨਾਂਹ’ ਹੀ ਹੈ।
ਮੈਂ ਫਿਰ ਗੱਲ ਜਾਰੀ ਰੱਖੀ,
“ਇੱਕ ਆਈਡੀਆ ਹੋਰ ਹੈ…”
“ਕੀ?”
“ਮੈਨੂੰ ਤੁਸੀਂ ਲੈਬ ’ਤੇ ਅਸਿਸਟੈਂਟ ਰੱਖ ਲਵੋ… ਮੈਂ ਆਪਣੀ ਜਾਨ ਕੋਲ…”
ਮੈਂ ਪਿਆਰ ਨਾਲ ਉਸਦਾ ਹੱਥ ਘੁੱਟਿਆ।
“ਅੱਛਾ… ਅੱਛਾ… ਹੁਣ ਸਮਝ ਗਿਆ। ਤੂੰ ਆਪਣੀ ਚਲਾਕੀ ਆਪਣੇ ਕੋਲ ਰੱਖ। ਮੇਰੇ ’ਤੇ ਸੀ.ਸੀ.ਟੀ.ਵੀ. ਬਣਨ ਦੀ ਕੋਸ਼ਿਸ਼ ਨਾ ਕਰ। ਚੁੱਪ ਕਰਕੇ ਘਰ ਦੇ ਕੰਮ ਕਰ। ਕਿਤੇ ਨਹੀਂ ਜਾਣਾ ਤੂੰ। ਹੁਣ ਬਕਵਾਸ ਨਾ ਕਰੀਂ।”
ਉਸਨੇ ਗੁੱਸੇ ਨਾਲ ਮੇਰੇ ਤੋਂ ਬਾਂਹ ਛੁਡਾ ਲਈ।
ਮੈਂ ਸਾਰੀ ਰਾਤ ਰੋਂਦੀ ਰਹੀ।
ਕੈਦਣ ਦੀ ਜ਼ਮਾਨਤ ਵਾਲੀ ਅਰਜ਼ੀ ਖ਼ਾਰਜ ਹੋ ਗਈ ਸੀ।
ਇਸ ਤੋਂ ਅੱਗੇ ਨਾ ਕੋਈ ਕੋਰਟ ਸੀ ਅਤੇ ਨਾ ਕੋਈ ਦਲੀਲ-ਅਪੀਲ।
ਮੇਰੇ ਲਈ ਘਰ ਹੀ ਹੁਣ ਮੇਰੀ ਜ਼ਿੰਦਗੀ ਸੀ।
ਕਦੇ-ਕਦੇ ਘਬਰਾਹਟ ਹੁੰਦੀ, ਪਰ ਆਪਣਾ ਮਨ ਪਰਚਾਉਣ ਦੀ ਕੋਸ਼ਿਸ਼ ਕਰਦੀ। ਕਦੇ-ਕਦੇ ਬਾਜ਼ਾਰ ਚਲੀ ਜਾਂਦੀ।
ਇੱਕ ਦਿਨ ਇੱਕ ਸਹੇਲੀ ਨੇ ਸੁਝਾਅ ਦਿੱਤਾ ਕਿ ਸੋਸ਼ਲ ਮੀਡੀਆ ਮਨੋਰੰਜਨ ਦਾ ਵਧੀਆ ਸਾਧਨ ਹੈ।
ਮੈਂ ਉਸਦੀ ਸਲਾਹ ਮੁਤਾਬਿਕ ਫੇਸਬੁੱਕ ’ਤੇ ਖਾਤਾ ਬਣਾ ਲਿਆ।
ਗੈਰੀ ਦੇ ਡਰ ਕਾਰਨ ਮੈਂ ਖਾਤਾ ਆਪਣੇ ਅਸਲੀ ਨਾਮ ’ਤੇ ਨਾ ਬਣਾਇਆ।
ਕੁਝ ਦਿਨਾਂ ਵਿੱਚ ਹੀ ਮਿੱਤਰ-ਬੇਨਤੀਆਂ ਦੇ ਢੇਰ ਲੱਗ ਗਏ। ਮੈਂ ਕਈ ਅਣਜਾਣ ਲੋਕਾਂ ਨੂੰ ਐਡ ਕਰ ਲਿਆ।
ਰੀਲਾਂ ਅਤੇ ਵੀਡੀਓ ਵੇਖਦਿਆਂ ਸਮਾਂ ਵਧੀਆ ਪਾਸ ਹੋਣ ਲੱਗਾ।
ਇੱਕ ਦਿਨ ਮੈਂ ਮੈਸੇਂਜਰ ਖੋਲ੍ਹ ਕੇ ਵੇਖਿਆ ਤਾਂ ਇਨਬਾਕਸ ਮੈਸੇਜਾਂ ਨਾਲ ਭਰਿਆ ਪਿਆ ਸੀ।
ਮੈਂ ਕਈਆਂ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਦੇ ਦਿੱਤਾ।
ਇੱਕ ਮੁੰਡੇ ਨੇ ਸ਼ਾਇਰਾਨਾ ਅੰਦਾਜ਼ ਵਿੱਚ ਮੇਰਾ ਫੇਸਬੁੱਕ ’ਤੇ ਸੁਆਗਤ ਕੀਤਾ।
ਮੈਨੂੰ ਚੰਗਾ ਲੱਗਾ ਤਾਂ ਮੈਂ ਵੀ ਮੋੜਵਾਂ ਜਵਾਬ ਦੇ ਦਿੱਤਾ।
ਇਥੋਂ ਸਾਡੀਆਂ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਅਸੀਂ ਸਾਰਾ ਦਿਨ ਚੈਟਿੰਗ ਕਰਦੇ ਰਹਿੰਦੇ। ਮੈਂ ਆਪਣੀ ਜ਼ਿੰਦਗੀ ਦਾ ਇੱਕ-ਇੱਕ ਪਲ ਉਸ ਨਾਲ ਸਾਂਝਾ ਕਰਨ ਲੱਗੀ।
ਇੱਕ ਦਿਨ ਮੈਂ ਉਸਨੂੰ ਆਪਣਾ ਅਸਲੀ ਨਾਮ ਅਤੇ ਸ਼ਹਿਰ ਦਾ ਨਾਮ ਵੀ ਦੱਸ ਦਿੱਤਾ।
ਅਣਜਾਣ ਦੋਸਤ ਨਾਲ ਦੋਸਤੀ ਗੂੜ੍ਹੀ ਹੁੰਦੀ ਗਈ।
ਇੱਕ ਦਿਨ ਉਸਨੇ ਮੈਥੋਂ ਮੇਰੀ ਅਸਲੀ ਫੋਟੋ ਮੰਗੀ। ਮੈਂ ਆਪਣੀਆਂ ਸਹੇਲੀਆਂ ਨਾਲ ਗਰੁੱਪ ਫੋਟੋ ਭੇਜ ਦਿੱਤੀ।
ਕਮਾਲ ਦੀ ਗੱਲ ਸੀ ਕਿ ਉਸਨੇ ਮੈਨੂੰ ਪਛਾਣ ਲਿਆ।
ਮੇਰੇ ਆਸਮਾਨੀ ਰੰਗ ਦੇ ਸੂਟ ਅਤੇ ਮੇਰੇ ਬਾਰੇ ਉਸਨੇ ਫੋਟੋ ’ਤੇ ਕਵਿਤਾ ਲਿਖ ਦਿੱਤੀ।
ਇਹ ਜ਼ਿੰਦਗੀ ਦਾ ਸਕੂਨ ਭਰਿਆ ਪਹਿਲਾ ਤੇ ਵਿਲੱਖਣ ਅਹਿਸਾਸ ਸੀ।
ਹੁਣ ਮੈਂ ਪਹਿਲਾਂ ਵਾਂਗ ਉਦਾਸ ਨਹੀਂ ਰਹਿੰਦੀ ਸੀ। ਮੇਰੇ ਅੰਦਰ ਇੱਕ ਨਵਾਂ ਜੋਸ਼ ਆ ਗਿਆ ਸੀ, ਜਿਵੇਂ ਮੇਰੇ ਬੂਹੇ ’ਤੇ ਜਵਾਨੀ ਦਸਤਕ ਦੇ ਰਹੀ ਹੋਵੇ।
ਘਰ ਦੇ ਕੰਮ ਕਰਦੀ ਨੂੰ ਮੈਨੂੰ ਰਿਪਲਾਈ ਕਰਨ ਦੀ ਕਾਹਲੀ ਹੁੰਦੀ ਸੀ। ਬਰਤਨ ਸਾਫ਼ ਕਰਦੀ ਵੀ ਆਪਣੀ ਇੱਕ ਉਂਗਲ ਨੂੰ ਵਾਰ-ਵਾਰ ਸਾਫ਼ ਕਰਦੀ ਤੇ ਜਵਾਬ ਦਿੰਦੀ।
ਇਸ ਦੇ ਨਾਲ ਮੈਨੂੰ ਮਾਨਸਿਕ ਟੈਨਸ਼ਨ ਵੀ ਰਹਿਣ ਲੱਗੀ ਸੀ। ਹੁਣ ਮੈਂ ਫੋਨ ਸੁੰਨਾ ਨਹੀਂ ਛੱਡ ਸਕਦੀ ਸੀ।
ਭਾਵੇਂ ਗੈਰੀ ਦੇ ਆਉਣ ਤੋਂ ਪਹਿਲਾਂ-ਪਹਿਲਾਂ ਸਭ ਕੁਝ ਡਿਲੀਟ ਕਰ ਚੁੱਕੀ ਹੁੰਦੀ, ਪਰ ਫਿਰ ਵੀ ਇੱਕ ਡਰ ਜ਼ਰੂਰ ਮੇਰੇ ਅੰਦਰ ਰਹਿੰਦਾ।
ਕਦੇ-ਕਦੇ ਅੱਧੀ ਰਾਤ ਨੂੰ ਲੱਗਦਾ ਕਿ ਗੈਰੀ ਦੇ ਹੱਥ ਮੇਰਾ ਫੋਨ ਹੈ।
ਪਰ ਇਹ ਵਹਿਮ ਹੁੰਦਾ ਸੀ।
ਉਸਦੇ ਹੱਥ ਆਪਣਾ ਹੀ ਫੋਨ ਹੁੰਦਾ ਅਤੇ ਉਸੇ ’ਤੇ ਉਸਦੀ ਚੈਟਿੰਗ ਚੱਲ ਰਹੀ ਹੁੰਦੀ।
ਜਸ਼ਨ ਪਟਿਆਲੇ ਦੇ ਨੇੜੇ ਇੱਕ ਪਿੰਡ ਦਾ ਮੁੰਡਾ ਸੀ। ਐੱਮ.ਏ. ਪਾਸ ਸੀ, ਪਰ ਖੇਤੀ ਕਰਦਾ ਸੀ। ਜ਼ਮੀਨ ਵਧੀਆ ਸੀ। ਆਪ ਕੁਝ ਨਹੀਂ ਕਰਦਾ ਸੀ, ਭਈਏ ਅਤੇ ਸੀਰੀ ਕੰਮ ਕਰਦੇ ਸਨ। ਆਪ ਸਾਰਾ ਦਿਨ ਵਿਹਲਾ ਰਹਿੰਦਾ ਸੀ।
ਇੱਕ ਦਿਨ ਉਸਨੇ ਮੇਰੇ ਨਾਲ ਇੱਕੱਠੇ ਬੈਠ ਕੇ ਚਾਹ ਪੀਣ ਦੀ ਇੱਛਾ ਜ਼ਾਹਰ ਕੀਤੀ।
ਮੈਂ ਕਈ ਦਿਨ ਨਾ ਮੰਨੀ।
ਉਸਨੇ ਹਰ ਸੰਭਵ ਤਰੀਕੇ ਨਾਲ ਮੁਲਾਕਾਤ ਲਈ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਗੈਰੀ ਦੇ ਸੁਭਾਅ ਅਤੇ ਆਪਣੇ ਹੋਰ ਡਰਾਂ ਦਾ ਵਾਸਤਾ ਪਾ ਕੇ ਉਸਨੂੰ ਰੋਕ ਦਿੰਦੀ।
ਉਹ ਕਦੇ ਗੁੱਸੇ ਵੀ ਹੋ ਜਾਂਦਾ, ਪਰ ਛੇਤੀ ਮੰਨ ਜਾਂਦਾ ਸੀ।
ਇੱਕ ਦਿਨ ਤਾਂ ਉਸਨੇ ਜ਼ਿੱਦ ਹੀ ਕਰ ਲਈ ਕਿ ਮੈਨੂੰ ਸਮਾਂ ਦੇ ਕੇ ਮਿਲਾਂ।
ਮੈਂ ਬਹੁਤ ਸਮਝਾਇਆ, ਪਰ ਉਹ ਨਾ ਮੰਨਿਆ।
ਉਸਨੇ ਸਾਡੇ ਰਿਸ਼ਤੇ ਨੂੰ ਟਾਈਮ-ਪਾਸ ਦਾ ਨਾਮ ਦਿੱਤਾ ਅਤੇ ਕਿਹਾ ਕਿ ਉਹ ਅਜਿਹਾ ਅਧੂਰਾ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ।
ਮੈਨੂੰ ਦਲਜੀਤ ਯਾਦ ਆ ਗਿਆ।
ਮੈਂ ਜਸ਼ਨ ਨੂੰ ਦਲਜੀਤ ਵਾਂਗ ਗੁਆਉਣਾ ਨਹੀਂ ਚਾਹੁੰਦੀ ਸੀ।
ਇਸ ਕਰਕੇ ਮੈਂ ਹਾਂ ਕਰ ਦਿੱਤੀ।
ਵਾਅਦੇ ਮੁਤਾਬਕ ਦਿਨ ਆ ਗਿਆ।
ਮੇਰੇ ਦਿਲ ਦੀ ਧੜਕਨ ਤੇਜ਼ ਸੀ।
ਮੈਂ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦੀ ਸੀ, ਇਸ ਕਰਕੇ ਸ਼ਹਿਰ ਦੀ ਦੂਜੀ ਸਾਈਡ ਮੈਂ ਉਸਨੂੰ ਮਿਲਣਾ ਸੀ।
ਗੈਰੀ ਦੇ ਜਾਣ ਤੋਂ ਬਾਅਦ ਮੈਂ ਸੱਸ ਨੂੰ ਸਹੇਲੀ ਨੂੰ ਮਿਲਣ ਦਾ ਬਹਾਨਾ ਲਗਾ ਕੇ ਘਰੋਂ ਨਿਕਲ ਗਈ।
ਆਟੋ ਲਿਆ ਅਤੇ ਮੁਕੱਰਰ ਕੀਤੀ ਜਗ੍ਹਾ ’ਤੇ ਪਹੁੰਚ ਗਈ।
ਜਸ਼ਨ ਲੇਟ ਸੀ।
ਮੇਰੇ ਅੰਦਰ ਇੱਕ ਕੰਬਾ ਮੁੜ-ਮੁੜ ਛਿੜ ਰਿਹਾ ਸੀ। ਦੂਰੋਂ ਆਉਂਦੀ ਹਰ ਗੱਡੀ ਗੈਰੀ ਦੀ ਲੱਗਦੀ ਸੀ। ਘਬਰਾਹਟ ਜ਼ੋਰਾਂ ’ਤੇ ਸੀ।
ਮੈਂ ਆਪਣੇ ਆਪ ਨੂੰ ਕੋਸ ਰਹੀ ਸੀ—
ਮੈਂ ਕੀ ਕਰ ਰਹੀ ਹਾਂ?
ਫਿਰ ਇੱਕ ਹਾਰਨ ਵੱਜਿਆ ਅਤੇ ਮੈਂ ਡਰ ਗਈ।
ਪਰ ਇਹ ਜਸ਼ਨ ਸੀ।
ਉਹ ਮੈਨੂੰ ਆਪਣੇ ਨਾਲ ਬੈਠਣ ਲਈ ਇਸ਼ਾਰੇ ਕਰ ਰਿਹਾ ਸੀ।
ਮੈਂ ਆਸ-ਪਾਸ ਵੇਖਿਆ ਅਤੇ ਅਣਮੰਨੇ ਢੰਗ ਨਾਲ ਉਸਦੇ ਨਾਲ ਜਾ ਕੇ ਬੈਠ ਗਈ।
ਉਸਨੇ ਮੁਸਕਰਾ ਕੇ ਮੇਰਾ ਸੁਆਗਤ ਕੀਤਾ ਅਤੇ ਮੇਰੇ ਵੱਲ ਹੱਥ ਵਧਾਇਆ।
ਪਰ ਮੇਰੇ ਪਹਿਲੇ ਸ਼ਬਦ ਸਨ—
“ਪਲੀਜ਼, ਇੱਥੋਂ ਚੱਲੋ… ਮੈਨੂੰ ਠੀਕ ਨਹੀਂ ਲੱਗ ਰਿਹਾ ਸਭ।”
“ਆਈ ਨੋ, ਮਾਈ ਡੀਅਰ… ਮੈਂ ਸਭ ਪ੍ਰਬੰਧ ਕਰਕੇ ਆਇਆਂ। ਸਾਹਮਣੇ ਮੋੜ ’ਤੇ ਇੱਕ ਹੋਟਲ ਵਿੱਚ ਰੂਮ ਬੁੱਕ ਕੀਤਾ ਹੈ ਤੇ ਆਪਾਂ ਖੁੱਲ੍ਹ ਕੇ ਗੱਲਾਂ ਕਰਾਂਗੇ ਤੇ…”
ਉਹ ਬੋਲ ਕੇ ਮੇਰੇ ਵੱਲ ਗੁੱਝਾ ਜਿਹਾ ਮੁਸਕਰਾਇਆ।
“ਨਹੀਂ… ਨਹੀਂ…”
ਮੇਰੇ ਕੰਨਾਂ ਕੋਲੋਂ ਸੇਕ ਨਿਕਲਿਆ।
“ਤੈਨੂੰ ਸਹੁੰ ਲੱਗੇ… ਬਸ ਕੁਝ ਨਹੀਂ ਬੋਲਣਾ। ਬੇਫ਼ਿਕਰ ਰਹਿ ਬਸ…”
ਉਸਨੇ ਡਰਾਈਵ ਕਰਦਿਆਂ ਮੇਰੇ ਵੱਲ ਹੱਥ ਵਧਾਇਆ। ਮੈਂ ਉਸਦਾ ਹੱਥ ਪਾਸੇ ਕਰਦੀ, ਉਸ ਤੋਂ ਪਹਿਲਾਂ ਹੀ ਉਹ ਬੋਲਿਆ,
“ਆਪਣਾ ਆਧਾਰ ਕਾਰਡ ਦੇਵੀਂ।”
ਮੈਂ ਸੁੰਨ ਦਿਮਾਗ ਨਾਲ ਆਧਾਰ ਕਾਰਡ ਵਾਲਾ ਛੋਟਾ ਪਰਸ ਉਸਨੂੰ ਫੜਾ ਦਿੱਤਾ।
ਗੱਡੀ ਹੋਟਲ ਦੇ ਸਾਹਮਣੇ ਸੀ।
ਉਸਨੇ ਆਧਾਰ ਕਾਰਡ ਕੱਢ ਕੇ ਪਰਸ ਮੇਰੀ ਬੁੱਕਲ ਵਿੱਚ ਸੁੱਟ ਦਿੱਤਾ।
“ਬਸ, ਮੈਂ ਦੋ ਮਿੰਟ ਵਿੱਚ ਆਇਆ।”
ਜਸ਼ਨ ਹੋਟਲ ਅੰਦਰ ਚਲਾ ਗਿਆ।
ਹੋਟਲ ਦੇ ਨਾਲ ਏ.ਟੀ.ਐੱਮ. ਸੀ ਅਤੇ ਉੱਥੇ ਇੱਕ ਸਕਿਉਰਿਟੀ ਗਾਰਡ ਖੜ੍ਹਾ ਸੀ।
ਖੜਵੀਆਂ ਮੁੱਛਾਂ ਵਾਲਾ ਕਾਲੇ ਰੰਗ ਦਾ ਗਾਰਡ ਮੇਰੇ ਵੱਲ ਅੱਖਾਂ ਪਾੜ-ਪਾੜ ਕੇ ਵੇਖ ਰਿਹਾ ਸੀ।
ਮੈਂ ਇੱਕ-ਦੋ ਵਾਰ ਇਗਨੋਰ ਕੀਤਾ, ਪਰ ਉਹ ਇਸ਼ਾਰੇ ਕਰ ਰਿਹਾ ਸੀ।
ਮੈਂ ਨਜ਼ਰ ਘੁਮਾ ਲਈ।
ਸੜਕ ’ਤੇ ਜਾਂਦੇ ਲੋਕ ਜਾਪਦੇ ਸਨ ਕਿ ਮੈਨੂੰ ਵੇਖ-ਵੇਖ ਕੇ ਲੰਘ ਰਹੇ ਹੋਣ।
ਮੈਨੂੰ ਸਭ ਵਿੱਚੋਂ ਗਾਰਡ ਹੀ ਵਿਖਾਈ ਦੇ ਰਿਹਾ ਸੀ—ਮੁੱਛਾਂ ਚਾੜ੍ਹਦਾ ਗਾਰਡ।
ਮੇਰੇ ਕੱਪੜਿਆਂ ਤੋਂ ਪਾਰ ਵੇਖਦਾ ਗਾਰਡ।
“ਕੀ ਕਰ ਰਹੀ ਆਂ…? ਜੇ ਗੈਰੀ ਗਲਤ ਹੈ ਤਾਂ ਤੂੰ ਵੀ…?”
ਮੇਰੇ ਅੰਦਰੋਂ ਆਵਾਜ਼ ਆਈ।
ਮੇਰੇ ਸਾਹਮਣੇ ਦ੍ਰਿਸ਼ ਘੁੰਮਣ ਲੱਗੇ।
ਨਿੱਕੀ ਵੇਲੇ ਥਾਣੇ ਤੋਂ ਮੁੜੇ ਪਾਪਾ ਦਾ ਚਿਹਰਾ ਮੇਰੇ ਸਾਹਮਣੇ ਆ ਗਿਆ।
ਘਬਰਾਹਟ ਸਿਖਰਾਂ ’ਤੇ ਸੀ।
ਗੱਡੀ ਦੇ ਚੱਲਦੇ ਏ.ਸੀ. ਵਿੱਚ ਵੀ ਮੇਰੇ ਪਸੀਨੇ ਛੁੱਟ ਰਹੇ ਸਨ।
ਬਿਨਾਂ ਸੋਚੇ ਮੈਂ ਬੁੱਕਲ ਵਿੱਚ ਪਿਆ ਪਰਸ ਚੁੱਕਿਆ, ਤਾਕੀ ਖੋਲ੍ਹੀ ਅਤੇ ਦੌੜ ਗਈ।
ਕਾਹਲੇ ਕਦਮੀਂ ਸੜਕ ’ਤੇ ਚੱਲਣਾ ਸ਼ੁਰੂ ਕੀਤਾ।
ਇੱਕ ਆਟੋ ਨੂੰ ਹੱਥ ਦਿੱਤਾ ਅਤੇ ਬਿਨਾਂ ਸੋਚੇ ਚੜ੍ਹ ਗਈ।
ਜਸ਼ਨ ਦਾ ਫੋਨ ਆਇਆ। ਮੈਂ ਕੱਟ ਦਿੱਤਾ।
ਉਸਨੇ ਫਿਰ ਕੀਤਾ ਤਾਂ ਮੈਂ ਫੋਨ ਹੀ ਸਵਿੱਚ ਆਫ਼ ਕਰ ਦਿੱਤਾ।
ਰਸਤੇ ਵਿੱਚ ਹੁਣ ਹਰ ਗੱਡੀ ਜਸ਼ਨ ਦੀ ਲੱਗ ਰਹੀ ਸੀ—ਜਿਵੇਂ ਉਹ ਮੇਰਾ ਪਿੱਛਾ ਕਰਦਾ ਆ ਰਿਹਾ ਹੋਵੇ।
ਮੈਂ ਪਾਗਲਾਂ ਵਰਗੀ ਹਾਲਤ ਵਿੱਚ ਘਰ ਪਹੁੰਚ ਗਈ।
ਘਰ ਬੈਠੀ ਗੁਆਂਢਣ ਨਾਲ ਮੇਰੀ ਸੱਸ ਗੱਲ ਕਰ ਰਹੀ ਸੀ।
ਮੈਂ ਸਾਹੋ-ਸਾਹ ਹੋਈ ਸੋਫ਼ੇ ’ਤੇ ਜਾ ਡਿੱਗੀ।
ਉਹ ਦੋਵੇਂ ਮੇਰੀ ਹਾਲਤ ਵੇਖ ਕੇ ਘਬਰਾ ਗਈਆਂ।
“ਕੀ ਹੋਇਆ… ਧੀਏ?”
ਗੁਆਂਢਣ ਨੇ ਪੁੱਛਿਆ।
“……………”
ਮੈਂ ਬੋਲ ਨਾ ਸਕੀ।
“ਘਰੋਂ ਨਿਕਲੀ ਨੀਂ ਭੈਣੇ ਕਦੇ ਵਿਚਾਰੀ… ਤਾਂਹੀ ਡਰ ਗਈ ਲੱਗਦੀ ਆ। ਬਾਹਲੀ ਸਾਊ ਕੁੜੀ ਆ ਭੈਣਜੀ।”
ਮੇਰੀ ਸੱਸ ਆਪਣੀ ਘਬਰਾਹਟ ਨੂੰ ਛੁਪਾਉਂਦਿਆਂ ਬੋਲੀ, ਜਿਵੇਂ ਕੋਈ ਸਫ਼ਾਈ ਦੇ ਰਹੀ ਹੋਵੇ।
“ਨਹੀਂ…”
ਮੇਰੇ ਅੰਦਰੋਂ ਆਵਾਜ਼ ਨਿਕਲੀ।
“ਮੈਂ ਸਾਊ ਕੁੜੀ ਨਹੀਂ…”
ਮੈਂ ਆਪਣੀ ਸੱਸ ਦੇ ਗਲ ਲੱਗ ਕੇ ਫੁੱਟ-ਫੁੱਟ ਕੇ ਰੋਣ ਲੱਗੀ।
ਕਹਾਣੀਕਾਰ ਹਰਪ੍ਰੀਤ ਜਟਾਣਾ
ਪਿੰਡ ਚੌਕੇ ( ਬਠਿੰਡਾ )
ਮੋਬਾਈਲ ਨੰਬਰ 9463637758
