ਮੇਰੀਓ ਲਾਡਲੀਓ
ਜਨਮ ਦਿਨ ਮੁਬਾਰਕ, ਮੇਰੀਓ ਲਾਡਲੀਓ!
ਤੁਹਾਡੇ ਬਾਰੇ ਮੈਂ ਕੀ ਆਖਾਂ?
ਤੁਸੀਂ ਮੇਰੀ ਇਬਾਰਤ ਦੇ ਪਹਿਲੇ ਸ਼ਬਦ,
ਮੇਰੀ ਰੂਹ ਦੀਆਂ ਖਿੜੀਆਂ ਹੋਈਆਂ ਰੁੱਤਾਂ,
ਮੇਰੀਆਂ ਅੱਖਾਂ ਦੇ ਹੁਸੀਨ ਸੁਪਨੇ,
ਮੇਰੇ ਅਸਤਿਤਵ ਨੂੰ ਬਿਆਨ ਕਰਦੀਆਂ ਖ਼ੂਬਸੂਰਤ ਸਤਰਾਂ।
ਤੁਹਾਨੂੰ ਤੱਕਿਆਂ ਮੇਰੇ ਅੰਦਰ ਕੋਈ ਸੂਰਜ ਮਘਦਾ ਹੈ। ਜਿਵੇਂ-ਜਿਵੇਂ ਤੁਹਾਡੀ ਉਮਰ ਦਾ ਹਰ ਸਾਲ ਚੜ੍ਹਦਾ ਹੈ,
ਤੁਹਾਡੀ ਸੋਚ ਵਿੱਚ ਵੀ ਡੂੰਘਾਈ ਆਉਂਦੀ ਹੈ।
ਭਵਿੱਖ ਦੀ ਲੰਮੀ ਉਡਾਣ ਦੀ ਕਲਪਨਾ ਮੇਰੀਆਂ ਅੱਖਾਂ ਵਿੱਚ ਵੀ ਨਮੀ ਲਿਆਉਂਦੀ ਹੈ।
ਕਦੇ ਸੋਚਾਂ ਤਾਂ ਲੱਗਦਾ ਹੈ, ਜਿਵੇਂ ਉਹ ਪਲ ਵੀ ਉਦੋਂ ਠਹਿਰ ਗਿਆ ਸੀ,
ਜਦੋਂ ਤੁਸੀਂ ਮੇਰੇ ਹੱਥਾਂ ਵਿੱਚ ਆਪਣਾ ਨਿੱਕਾ -ਨਿੱਕਾ ਹੱਥ ਦਿੱਤਾ ਸੀ।
ਮੇਰੀ ਬੁੱਕਲ ਦੇ ਵਿੱਚ ਨਿੱਕੀ ਜਿਹੀ ਦੁਨੀਆ,
ਤੇ ਮੇਰੀ ਕਿਸਮਤ ਵਿੱਚ ਰੱਬ ਨੇ ਪੂਰਾ ਹੀ ਅਸਮਾਨ ਰੱਖ ਦਿੱਤਾ ਸੀ।
ਉਹ ਸਮਾਂ ਹੁਣ ਸੁਪਨਿਆਂ ਦੀ ਨਵੀਂ ਪਰਵਾਜ਼ ਲਿਆਉਂਦਾ ਹੈ, ਪਰ ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਤੁਹਾਡਾ ਬੇਫ਼ਿਕਰਾ ਜਿਹਾ ਬਚਪਨ ਅੱਜ ਵੀ ਜਿਊਂਦਾ ਹੈ।
ਤੁਸੀਂ ਦੁਨੀਆ ਲਈ ਬੇਸ਼ੱਕ ਦੋ ਧੀਆਂ ਹੀ ਹੋ,
ਪਰ ਤੁਹਾਡਾ ਹਰ ਸਾਹ ਮੇਰੇ ਲਈ ਜ਼ਿੰਦਗੀ ਜਿਊਣ ਦਾ ਨਵਾਂ ਮਕਸਦ ਬਣਾਉਂਦਾ ਹੈ।
ਰੱਬਾ! ਮੇਰੀ ਨਿੱਕੀ ਜਿਹੀ ਦੁਆ ਆਪਣੇ ਚਰਨਾਂ ਵਿੱਚ ਕਬੂਲ ਰੱਖੀਂ।
ਮੇਰੀਆਂ ਧੀਆਂ ਦੀ ਕਿਸਮਤ ਵਿੱਚ ਚਾਨਣ ਅਤੇ ਉੱਡਣ ਲਈ ਸਦਾ ਖੁੱਲ੍ਹਾ ਅਸਮਾਨ ਰੱਖੀਂ।
ਆਮੀਨ!
ਡਾ. ਮਨਪ੍ਰੀਤ ਕੌਰ ਸਿੱਧੂ
