ਤੀਸਰੀ ਰੇਡ
ਅੱਜ ਕਿਸੇ ਵੰਝਲ ਨੇ ਉਸਨੂੰ ਰੁਕ ਜਾਣ ਦੀ ਮੱਤ ਨਾ ਦਿੱਤੀ; ਨਾ ਹੀ ਕਿਸੇ ਨੇ ਬੱਕੀ ਦੀ ਵਾਂਗ ਫੜੀ। ਲੈਂਪ ਦੇ ਚਾਨਣ ਵਿੱਚ ਉਸਨੇ ਚਿੱਠੀ ਨੂੰ ਇੱਕ ਵਾਰ ਫੇਰ ਪੜ੍ਹਿਆ ਤੇ ਉਸਨੂੰ ਤੈਹ ਕਰਕੇ ਜੇਬ੍ਹ ਵਿਚ ਪਾ ਲਿਆ। ਬੱਕੀ ਨੂੰ ਥਾਪੀ ਦੇ ਕੇ ਪਟਿਆਲੇ ਜਾਣ ਲਈ ਸੜਕ ਜਾ ਚੜ੍ਹਿਆ। ਬੱਕੀ ਹਵਾ ਨੂੰ ਗੰਢਾ ਦਿੰਦੀ ਜਾ ਰਹੀ ।
“ਅੱਜ ਤੇਰੀ ਤੀਸਰੀ ਰੇਡ ਹੈ, ਜੀਤਿਆ! ਆਖਰੀ ਰੇਡ, ਫੈਸਲਾਕੁਨ ਰੇਡ; ਤਕੜਾ ਹੋਈਂ ਓਏ ਚਰਨੀ! ਕਬੱਡੀ ਕਬੱਡੀ” ਜੀਤਾ ਬੱਕੀ ‘ਤੇ ਬੈਠਾ ਪਾਗਲਾਂ ਵਾਂਗ ਬੋਲਦਾ ਜਾ ਰਿਹਾ ਸੀ।”
ਪਹਿਲੀ ਰੇਡ ਪਾਇਆ ਚਾਰ ਸਾਲ ਹੋ ਚੁੱਕੇ ਸਨ । ਕਾਲਜ ਦੇ ਸਟੇਡੀਅਮ ਵਿੱਚ ਉਸਨੇ ਬਹਿਜਾ ਬਹਿਜਾ ਕਰਾ ਦਿੱਤੀ ਸੀ। ਭੀਸਰੇ ਹੋਏ ਚਰਨੀ ਨੇ, ਆਪਣੀ ਟੀਮ ਦੀ ਹਾਰ ਪਿੱਛੋਂ, ਜੀਤੀ ਦੀ ਬਾਂਹ ਫੜਕੇ ਲਲਕਾਰਿਆ ਸੀ, “ਆ ਓਏ ਵੱਡਿਆ ਖਿਡਾਰੀਆ, ਆਪਾਂ ਹੀ ਤਿੰਨ ਤਿੰਨ ਰੇਡਾਂ ਪਾ ਲੈਂਦੇ ਆਂ, ਛੱਡ ਪਰ੍ਹਾਂ ਬਾਕੀਆਂ ਨੂੰ ।”
ਚਰਨੀ ਨੇ ਇਹ ਗੱਲ ਕੁੜੀਆਂ ਸਾਹਮਣੇ ਆਪਣੀ ਟੌਹਰ ਜਮਾਉਣ ਲਈ ਆਖੀ ਸੀ। ਉਸਦੇ ਚੈਂਲਜ਼ ਨੂੰ ਕਦੀ ਕਿਸੇ ਨੇ ਕਬੂਲ ਨਹੀਂ ਸੀ ਕੀਤਾ, ਪਰ ਜੀਤੀ ਆਕੜ ਬੈਠਾ, “ਤਾਂ ਫੇਰ ਤੂੰ ਹੀ ਦੱਸ ਪਹਿਲਾਂ ਰੇਡ ਤੂੰ ਪਾਵੇਂਗਾ ਜਾਂ ਮੈਂ ?”
ਚਰਨੀ ਨੂੰ ਇਸਦੀ ਉਮੀਦ ਨਹੀਂ ਸੀ, ਉਸਨੇ ਝੂਠਾ ਜਿਹਾ ਰੋਹਬ ਮਾਰਦੇ ਕਿਹਾ, “ਤੂੰ ਹੀ ਪਾ, ਪਹਿਲਾਂ ਤਿੰਨ ਰੇਡਾਂ।”
ਚਰਨੀ, ਜੀਤੀ ਦੇ ਸੱਟ ਮਾਰਨ ਦੀ ਬਦਨੀਤੀ ਲੈ ਕੇ ਗਰਾਊਂਡ ਵਿੱਚ ਆ ਖੜ੍ਹਾ । ਜੀਤੀ ਨੇ ਰੇਡ ਪਾਈ ਤਾਂ ਉਸਨੇ ਜੀਤੀ ਦੀਆਂ ਲੱਤਾਂ ਨੂੰ ਕੈਂਚੀ ਮਾਰਨੀ ਚਾਹੀ। ਜੀਤੀ ਫੁਰਤੀ ਨਾਲ ਹੇਠਾਂ ਵੱਲ ਲਿਫ਼ ਗਿਆ। ਚਰਨੀ ਦੀ ਕੈਂਚੀ ਜੀਤੀ ਦੇ ਲੱਕ ਨੂੰ ਆ ਵੱਜੀ।
ਦੁੱਧ ਦਹੀਂ ਨਾਲ ਪਲੇ ਜੀਤੀ ਨੇ, ਅਫੀਮ ਤੋਂ ਹਦਾਰ ਲਈ ਤਾਕਤ ਨਾਲ ਖੇਡਦੇ ਚਰਨੀ ਨੂੰ ਬੱਚੇ ਵਾਂਗ ਗੋਦੀ ਚੁੱਕ ਲਿਆ, ਕਬੱਡੀ ਕਬੱਡੀ ਕਰਦਿਆਂ ਪਾਲੇ ’ਤੇ ਲੈ ਆਇਆ, ਉਸੇ ਤਰ੍ਹਾਂ ਚੁੱਕੇ-ਚੁਕਾਏ ਦਾ ਮੂੰਹ ਕੁੜੀਆਂ ਵੱਲ ਕਰ ਦਿੱਤਾ।
ਕੁੜੀਆਂ ਵਿੱਚ ਹਾਸੜ ਮੱਚ ਗਿਆ। ਸ਼ਰਮਿੰਦਾ ਹੋਇਆ ਚਰਨੀ ਗੋਦੀਓਂ ਉਤਰਕੇ ਆਪਣੇ ਨਸ਼ੇੜੀ ਦੋਸਤਾਂ ਦੀ ਟੋਲੀ ਵਿੱਚ ਜਾ ਛੁਪਿਆ।
ਜੀਤੀ ਨੇ ਲਲਕਾਰਾ ਮਾਰਿਆ, “ਹਾਲੀਂ ਤਾਂ ਚਰਨਜੀਤ ਕਾਕਾ ਮੇਰੀਆਂ ਦੋ ਰੇਡਾਂ ਬਾਕੀ ਨੇ ਯਾਰ।”
ਦੂਸਰੀ ਰੇਡ ਲਈ ਜੀਤੀ ਨੂੰ ਪੂਰਾ ਸਾਲ ਭਰ ਉਡੀਕਣਾ ਪਿਆ। ਇਹ ਸਾਲ ਭਰ ਚਰਨੀ ਤੇ ਉਸਦੇ ਨਸ਼ੇੜੀ ਮਿੱਤਰਾਂ ਨੇ, ਤਾੜੀ ਪਾ ਕੇ ਹੱਸਣ ਵਾਲੀਆਂ ਕੁੜੀਆਂ ਨੂੰ ਤੰਗ ਕਰਨ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ।
ਪ੍ਰੀਤੀ ਨਾਮ ਦੀ ਕੁੜੀ ਦੇ ਤਾਂ ਚਰਨੀ ਨੇ ਨੱਕ ਵਿੱਚ ਦਮ ਕਰ ਛੱਡਿਆ ਸੀ । ਸੰਜੀਦਾ ਸੁਭਾਅ ਵਾਲੇ ਮੁੰਡੇ ਵੀ ਇਸ ਵਰਤਾਰੇ ਤੋਂ ਡਾਢੇ ਦੁਖੀ ਸਨ ।
ਉਸ ਕਾਲਜ ਵਿੱਚ ਵਿਦਿਆਰਥੀ ਯੂਨੀਅਨ, ਦੇ ਪ੍ਰਧਾਨ ਲਈ ਚੋਣ ਹੋਣੀ ਸੀ। ਪਹਿਲਾਂ ਕਈ ਸਾਲਾਂ ਤੋਂ ਚਰਨੀ ਦੇ ਮੁਕਾਬਲੇ ਕਿਸੇ ਨੇ ਖੜ੍ਹਾ ਹੋਣ ਦੀ ਹਿੰਮਤ ਨਹੀਂ ਸੀ ਕੀਤੀ।
ਇਸ ਵਾਰ ਕਾਲਜ ਸਟਾਫ਼ ਵੱਲੋਂ ਇਹੋ ਉਮੀਦ ਕੀਤੀ ਜਾ ਰਹੀ ਸੀ ਪਰ ਜੀਤੀ ਦੇ ਪਿੰਡ ਵੱਲੋਂ ਆਉਣ ਵਾਲੀ ਸੜਕ ਉੱਤੇ ਮੁੰਡੇ ਕੁੜੀਆਂ ਦੀ ਇੱਕ ਟੋਲੀ ਜੀਤੀ ਦੇ ਆਉਣ ਦੀ ਉਡੀਕ ਕਰ ਰਹੀ ਸੀ। ਸ਼ਾਇਦ ਇਹ ਕੂੰਜਾਂ ਦੀ ਉਸ ਡਾਰ ਵਾਂਗ ਹੀ ਸੀ, ਜੋ ਵਿਸਾਖ ਦੇ ਸ਼ੁਰੂ ਵਿੱਚ ਹੀ ਕਣਕ ਦੇ ਪੱਕਣ ਅਤੇ ਮੌਸਮ ਦੇ ਬਦਲਣ ਦਾ ਸੁਨੇਹਾ ਦੇ ਜਾਂਦੀਆਂ ਹਨ।
ਪ੍ਰੋਫੈਸਰ ਸਾਹਿਬ ਨੇ ਸਟੇਜ ਉੱਤੋਂ ਕਾਰਵਾਈ ਸ਼ੁਰੂ ਕਰਦੇ ਪ੍ਰਧਾਨਗੀ ਪਦ ਲਈ ਨਾਂ ਦੀ ਮੰਗ ਕੀਤੀ।
“ਮੈਂ ਇਸ ਲਈ ਚਰਨਜੀਤ ਦਾ ਨਾਂ ਪੇਸ਼ ਕਰਦਾ ਹਾਂ।” ਚਰਨੀ ਦੇ ਸਾਥੀ ਨੇ ਅੱਖਾਂ ਮਲਦਿਆਂ ਆਖਿਆ।
“ਮੈਂ ਇਸਦੀ ਤਾਈਦ ਕਰਦਾ ਹਾਂ।” ਇਕ ਹੋਰ ਨੇ ਕਹਿੰਦਿਆਂ ਲੰਮੀ ਸਾਰੀ ਉਬਾਸੀ ਲਈ।
“ਕੋਈ ਹੋਰ ਨਾਂ, ਬਈ।” ਪ੍ਰੋਫੈਸਰ ਸਾਹਿਬ ਨੇ ਕੰਮ ਨਿੱਬੜ ਗਿਆ ਸਮਝਕੇ ਰਸਮੀਂ ਤੌਰ ‘ਤੇ ਕਿਹਾ।
“ਮੈਂ ਪ੍ਰਧਾਨਗੀ ਲਈ ਜੀਤ ਦਾ ਨਾਂ ਪੇਸ਼ ਕਰਦਾ ਹਾਂ।” ਕਿਸੇ ਨੇ ਖੰਘੂਰਾ ਮਾਰਕੇ ਉੱਠਦਿਆਂ ਆਖਿਆ।
ਸਟੇਜ ‘ਤੇ ਬੈਠੇ ਮੈਂਬਰ ਹੈਰਾਨੀ ਨਾਲ ਉਸ ਪਾਸੇ ਦੇਖਣ ਲੱਗ ਪਏ। ਉਸ ਸਮੇਂ ਕੁੜੀਆਂ ਵਿੱਚੋਂ ਪ੍ਰੀਤੀ ਉੱਠੀ।
“ਮੈਂ ਇਸਦੀ ਤਾਈਦ ਕਰਦੀ ਹਾਂ।” ਉਸਨੇ ਕਿਹਾ।
ਚਰਨੀ ਤੇ ਉਸਦੀ ਜੁੰਡਲੀ ਉਸ ਪਾਸੇ ਦੇਖਕੇ ਦੰਦੀਆਂ ਪੀਸਣ ਲੱਗ ਪਈ, ਪਰ ਹੁਣ ਉਨ੍ਹਾਂ ਦੀ ਪ੍ਰਵਾਹ ਕਰਨ ਦੇ ਦਿੰਨ ਲੱਧ ਚੁੱਕੇ ਸਨ।
ਚੋਣ ਲਈ ਪਰਚੀਆਂ ਪਾਈਆਂ ਗਈਆਂ। ਨਤੀਜਾ ਸੁਣਦਿਆਂ ਹੀ ਚਰਨੀ ਦੇ ਜੁੰਡੀਦਾਰ ਹਮਦਰਦੀ ਪ੍ਰਗਟ ਕਰਨ ਦੇ ਬਹਾਨੇ, ਪੈੱਗ ਲਾਉਣ ਲਈ ਉਸਦੇ ਨਾਲ ਹੀ ਤੁਰ ਗਏ।
ਜੀਤੀ ਨੂੰ ਸਾਥੀਆਂ ਨੇ ਮੋਢਿਆਂ ‘ਤੇ ਚੁੱਕ ਲਿਆ ਤੇ ਨਾਹਰੇ ਲਾਉਂਦੇ ਗਰਾਊਂਡ ਵਿੱਚ ਚਲੇ ਗਏ। ਜੀਤੀ ਦੋਵੇਂ ਬਾਹਾਂ ਉੱਪਰ ਚੁੱਕ ਕੇ “ਕਬੱਡੀ ਕਬੱਡੀ” ਕਰ ਰਿਹਾ ਸੀ। ਦੂਸਰੀ ਰੇਡ ਵੀ ਸ਼ਾਨਦਾਰ ਰਹੀ ਸੀ।
ਪ੍ਰੀਤੀ ਨੂੰ ਤਾਂ ਪਹਿਲਾਂ ਹੀ ਕਿਸੇ ਨੇ ਜਮਾਤ ਵਿੱਚ ਹੱਸਦਿਆਂ ਨਹੀਂ ਸੀ ਦੇਖਿਆ। ਹੁਣ ਤਾਂ ਉਸਦੀ ਚੁੱਪ ਗੰਭੀਰਤਾ ਵਿੱਚ ਬਦਲ ਗਈ ਸੀ। ਕੁੜੀਆਂ ਇੱਕ ਦੂਸਰੀ ਨਾਲ ਹਾਸਾ ਠੱਠਾ ਕਰਦੀਆਂ ਪਰ ਉਹ ਨੀਵੀਂ ਪਾ ਕੇ ਕਿਤਾਬਾਂ ਨੂੰ ਫਰੋਲਦੀ ਰਹਿੰਦੀ।
ਉਨ੍ਹਾਂ ਕਿਤਾਬਾਂ ਨੂੰ ਜਿਨ੍ਹਾਂ ਵਿੱਚ ਦੁਨੀਆਂ ਦੇ ਉਹਨਾਂ ਲੋਕਾਂ ਬਾਰੇ ਲਿਖਿਆ ਹੋਇਆ ਸੀ, ਜਿਨ੍ਹਾਂ ਨੇ ਆਪਣੀ ਕਿਸਮਤ ਆਪ ਘੜਨ ਦਾ ਹੱਕ ਪ੍ਰਾਪਤ ਕਰ ਲਿਆ ਸੀ। ਜਿੱਥੇ ਬੱਚੇ ਮਾਪਿਆਂ ‘ਤੇ ਬੋਝ ਨਹੀਂ ਸਨ, ਉਨ੍ਹਾਂ ਦਾ ਪਾਲਣ ਪੋਸ਼ਣ ਤੇ ਪੜ੍ਹਾਈ-ਲਿਖਾਈ ਦੀ ਜਿੰਮੇਵਾਰੀ ਸਮੁੱਚੀ ਕੌਮ ਦੀ ਸੀ ।
ਮਿਹਨਤ ਦੇ ਜ਼ੋਰ ਕੋਈ ਕਿਤੋਂ ਤੱਕ ਵੀ ਵੱਧ ਸਕਦਾ ਹੈ। ਪੈਦਾਵਾਰੀ ਸਾਧਨਾਂ ਉੱਤੇ ਸਭ ਦਾ ਬਰਾਬਰ ਦਾ ਹੱਕ ਸੀ। ਕਿਸੇ ਦਾ ਪੈਸਾ ਜਾਂ ਸ਼ੋਹਰਤ ਦੂਜੇ ਲਈ ਰੁਕਾਵਟ ਨਹੀਂ ਸਨ ਬਣਦੇ।
ਪ੍ਰੀਤੀ ਲਈ ਕਿਤਾਬਾਂ ਵਿਚਲੀਆਂ ਇਹ ਗੱਲਾਂ ਉਸੇ ਤਰ੍ਹਾਂ ਸਨ ਜਿਵੇਂ ਪਿੰਜਰੇ ਵਿੱਚ ਬੰਦ ਤੋਤੇ ਲਈ ਵਿਸ਼ਾਲ ਆਸਮਾਨ ਨੂੰ ਦੇਖ ਲੈਣਾ। ਪਿੰਜਰੇ ਦਾ ਤਾਲਾ ਤੋੜਨ ਦੀ ਸਮਰੱਥਾ ਉਸ ਵਿੱਚ ਨਹੀਂ ਸੀ।
“ਮੇਰੀ ਜ਼ਿੰਦਗੀ ਇੱਕ ਕਬਰ ਹੈ ਤੇ ਮੈਂ ਆਪਣੇ ਅਰਮਾਨਾਂ ਸਮੇਤ ਇਸ ਵਿੱਚ ਦਫਨ ਹਾਂ।” ਪ੍ਰੀਤੀ ਨੇ ਹਾਉਕਾ ਭਰਦਿਆਂ ਜੀਤੀ ਨੂੰ ਕਿਹਾ।
ਜੀਤੀ ਉਸੇ ਸ਼ਾਮ ਹੀ ਇਸ ਕਬਰਿਸਤਾਨ ਨੂੰ ਦੇਖਣ ਚਲਾ ਆਇਆ।
ਜੀਤੀ ਸੜਕ ਦੇ ਨਾਲ ਲੱਗਦੀ ਖੂਹੀ ‘ਤੇ ਰੁਕਿਆ, ਅਰਲਾਕੋਟ ਟੱਪ ਕੇ ਬਗੀਚੀ ਵਿੱਚ ਚਲਿਆ ਗਿਆ। ਸਾਹਮਣੇ ਰੁਲੀਏ ਵਿਆਜੜੀਏ ਦਾ ਮਕਾਨ ਸੀ, ਜਿਸਦਾ ਗੇਟ ਬਗੀਚੀ ਵਿੱਚ ਖੁੱਲ੍ਹਦਾ ਸੀ।
ਬਗੀਚੀ ਦੀ ਖੱਬੀ ਬਾਹੀ ਦੇ ਵਿਚਕਾਰੋਂ ਇੱਕ ਖੱਪਾ ਇਸਨੂੰ ਝੌਂਪੜ ਪੱਟੀ ਨਾਲ ਜੋੜਦਾ ਸੀ। ਬੀਹੀ ਦੇ ਮਕਾਨ ਵਾਲੇ ਪਾਸੇ ਰੁਲੀਏ ਨੇ ਦਸ ਕੁ ਨਿੱਕੀਆਂ ਨਿੱਕੀਆਂ ਦੁਕਾਨਾ ਬਣਵਾਕੇ ਵਾਧੂ ਆਮਦਨ ਦਾ ਸਾਧਨ ਬਣਾ ਲਿਆ ਸੀ, ਉਂਝ ਉਸਦਾ ਪਿਤਾ ਪੁਰਖੀ ਕੰਮ ਪੈਸੇ ਵਿਆਜ ‘ਤੇ ਦੇਣਾ ਹੀ ਸੀ।
ਇਸਤੋਂ ਅੱਗੇ ਨਿੱਕਾ-ਮੋਟਾ ਕੰਮ ਕਰਨ ਵਾਲੇ ਗਰੀਬਾਂ ਦੇ ਝੋਂਪੜੇ ਸਨ, ਉਨ੍ਹਾਂ ਦੀਆਂ ਨਿੱਤ ਪ੍ਰਤੀ ਲੋੜਾਂ ਦਾ ਸਮਾਨ ਹੀ ਇਨ੍ਹਾਂ ਦੁਕਾਨਾਂ ਵਿੱਚ ਰੱਖਿਆ ਹੋਇਆ ਸੀ, ਬਗੀਚੀ ਵਾਲੇ ਪਾਸਿਓਂ ਪਹਿਲੀ ਦੁਕਾਨ ਵਿੱਚ ਪ੍ਰੀਤੀ ਦੇ ਬਾਪ ਦਾ ਢਾਬਾ ਸੀ ਜੋ ਰਾਤ ਪੈਣ ‘ਤੇ ਬਾਪ-ਬੇਟੀ ਲਈ ਰੈਣ-ਬਸੇਰੇ ਵਿਚ ਬਦਲ ਜਾਂਦਾ ਸੀ।
ਜਦ ਜੀਤੀ ਪਹੁੰਚਿਆ, ਉਸ ਸਮੇਂ ਰੁਲੀਆ ਲਾਠੀਮਾਰਾਂ ਦੀ ਮੱਦਦ ਨਾਲ ਕਿਰਾਇਆ ਉਗਰਾਹ ਰਿਹਾ ਸੀ, ਇਹ ਇੱਕ ਤਰ੍ਹਾਂ ਦੀ ਲੁੱਟ ਹੀ ਸੀ ਜੋ ਕਿਰਾਏ ਦੇ ਨਾਂ ‘ਤੇ ਕੀਤੀ ਜਾ ਰਹੀ ਸੀ।
ਝੌਂਪੜੀਆਂ ਵਾਲਿਆਂ ਨਾਲ ਨਿਪਟਣ ਤੋਂ ਬਾਅਦ ਉਹ ਦੁਕਾਨਾਂ ਵਿਚ ਪਹੁੰਚ ਚੁੱਕੇ ਸਨ। ਲੋਕ ਇੱਕ ਦੂਸਰੇ ਦੀ ਬਦਕਿਸਮਤੀ ਦਾ ਤਮਾਸ਼ਾ ਦੇਖਣ ਲਈ ਉਨ੍ਹਾਂ ਦੇ ਮਗਰ-ਮਗਰ ਤੁਰੇ ਆ ਰਹੇ ਸਨ। ਹਨੇਰੇ ਦਾ ਫਾਇਦਾ ਉਠਾਉਂਦਾ ਹੋਇਆ ਜੀਤੀ ਹਜ਼ੂਮ ਵਿੱਚ ਹੀ ਸ਼ਾਮਿਲ ਹੋ ਗਿਆ।
ਰੁਲੀਆ ਦੁਕਾਨਦਾਰ ਤੋਂ ਉਸ ਦਿਨ ਦਾ ਕਿਰਾਇਆ ਅਤੇ ਉਸ ਦੁਕਾਨਦਾਰ ਵੱਲੋਂ ਲਈ ਰਕਮ ਦੇ ਵਿਆਜ ਦੀ ਮੰਗ ਕਰਦਾ। ਰੁਲੀਏ ਦਾ ਪਾੜ੍ਹਾ ਮੁੰਡਾ ਚਰਨੀ ਆਪਣੇ ਬੈਗ ਵਿਚੋਂ ਕਾਪੀ ਅਤੇ ਪਰਨੋਟ ਕੱਢਕੇ ਕੁੱਲ ਰੋਕੜ ਬੋਲਦਾ।
ਜੇ ਦੁਕਾਨਦਾਰ ਨਾ ਦੇ ਸਕਦਾ ਤਾਂ ਰੁਲੀਏ ਦੇ ਗੁੰਡੇ ਅਤੇ ਚਰਨੀ ਦੇ ਨਸ਼ੇੜੀ ਯਾਰ ਦੁਕਾਨ ਵਿਚ ਚੜ੍ਹ ਜਾਂਦੇ। ਦੁਕਾਨ ਫਰੋਲਦੇ, ਗੱਲਾ ਦੇਖਦੇ ਤੇ ਜਾਮਾਂ ਤਲਾਸ਼ੀ ਕਰਦੇ, ਜੋ ਕੁਝ ਹੱਥ ਲੱਗਦਾ ਲੈ ਕੇ ਹੀ ਅੱਗੇ ਚਲਦੇ ।
ਪ੍ਰੀਤੀ ਢਾਬੇ ਦੀ ਇਕ ਨੁੱਕਰੇ ਬੈਠੀ ਕਾਪੀ ਤੇ ਕੁਝ ਲਿਖ ਰਹੀ ਸੀ, ਉਸਦਾ ਪਿਤਾ ਚਾਹ ਵਾਲਾ ਤੁੱਸਕ ਸਾਫ਼ ਕਰ ਰਿਹਾ ਸੀ, ਜਦ ਰੁਲੀਏ ਆ ਖੰਘੂਰਾ ਮਾਰਿਆ, “ਕਿਉਂ ਬਈ, ਦੇ ਅੱਜ ਕੀ ਦਿੰਨੈਂ।”
“ਬਾਪੂ ਜੀ ਇਸਨੇ ਤਾਂ ਪੂਰੇ ਹਫ਼ਤੇ ਤੋਂ ਨਾ ਕਿਰਾਇਆ ਤੇ ਨਾ ਹੀ ਰਕਮ ਦਾ ਵਿਆਜ ਕੁਝ ਨਹੀਂ ਦਿੱਤਾ। ਬੱਸ ਮੁਫ਼ਤੋ ਮੁਫ਼ਤੀ ।” ਪਿਛਲੀ ਗੱਲ ਚਰਨੀ ਨੇ ਪ੍ਰੀਤੀ ਨੂੰ ਸੁਣਾਕੇ ਜ਼ੋਰ ਨਾਲ ਕਹੀ।
“ਮੁਫ਼ਤੋ ਮੁਫ਼ਤੀ ਨੂੰ ਇੱਥੇ ਬਾਬੇ ਦਾ ਲੰਗਰ ਐ, ਕਰ ਲਓ ਓਏ ਮੁੰਡਿਓ ਵਸੂਲੀ, ਜਿਵੇਂ ਮਰਜ਼ੀ ਅੱਜ ਵਸੂਲੀ ਹੋਣੀ ਚਾਹੀਂਦੀ ਐ।” ਕਹਿੰਦਾ ਹੋਇਆ ਰੁਲੀਆ ਲਾਠੀਆਂ ਵਾਲੇ ਗੁੰਡਿਆਂ ਨੂੰ ਨਾਲ ਲੈ ਕੇ ਘਰ ਵੱਲ ਚਲਿਆ ਗਿਆ।
ਚਰਨੀ ਅਤੇ ਨਸ਼ੇੜੀ ਮੁੰਡੀਹਰ ਦੁਕਾਨ ਵਿੱਚ ਜਾ ਚੜ੍ਹੀ। ਕਿਸੇ ਨੇ ਆਂਡਿਆਂ ਵਾਲੀ ਟਰੇਅ ਵਿਚੋਂ ਆਂਡੇ ਤੁੱਸਕ ਵਿੱਚ ਪਾਕੇ ਉਬਾਲਣੇ ਸ਼ੁਰੂ ਕਰ ਦਿੱਤੇ। ਚਰਨੀ ਨੇ ਇਸ਼ਾਰਾ ਕੀਤਾ ਤਾਂ ਕਿਸੇ ਨੇ ਆਪਣੀ ਬੁੱਕਲ ਵਿੱਚੋਂ ਘਰ ਦੀ ਕੱਢੀ ਸ਼ਰਾਬ ਦੀ ਕੈਨੀ ਕੱਢੀ, ਪ੍ਰੀਤੀ ਦੇ ਪਿਤਾ ਦੇ ਮਿੰਨਤਾਂ ਕਰਦਿਆਂ ਹੀ ਮੁੰਡੀਹਰ ਨੇ ਢਾਬੇ ਦੇ ਫੱਟੇ ਆ ਮੱਲੇ।
ਦੇਖਦੇ ਹੀ ਗਲਾਸੀਆਂ ਵਿੱਚ ਪੈੱਗ ਛਲਕਣ ਲੱਗ ਪਏ। ਪ੍ਰੀਤੀ ਨੇ ਕਾਹਲੀ ਨਾਲ ਕਾਪੀ ਵਿੱਚ ਕੁਝ ਲਿਖਿਆ, ਵਰਕਾ ਪੁੱਟ ਕੇ ਤਹਿ ਕੀਤੀ, ਜੇਬ੍ਹ ਵਿੱਚ ਪਾ ਕੇ ਹਜ਼ੂਮ ਵਿੱਚ ਜਾ ਰਲੀ।
ਹਜ਼ੂਮ ਝੌਂਪੜੀਆਂ ਵੱਲ ਮੁੜ ਚੱਲਿਆ ਸੀ । ਜਦ ਦੁਕਾਨਾਂ ਦੀ ਕਤਾਰ ਖ਼ਤਮ ਹੋਈ ਤਾਂ ਵਿਚੋਂ ਹੀ ਕਿਸੇ ਨੇ ਆਵਾਜ਼ ਦਿੱਤੀ, “ਰੁਕੋ।”
ਹਜ਼ੂਮ ਰੁਕ ਗਿਆ। ਇਹ ਆਵਾਜ਼ ਇੱਕ ਨੌਜਵਾਨ ਦੀ ਸੀ ਜੋ ਬੁਕਲ ਮਾਰਕੇ’ ਉਨ੍ਹਾਂ ਦੇ ਵਿੱਚ ਹੀ ਤੁਰਿਆ ਆ ਰਿਹਾ ਸੀ। ਉਹ ਬੋਲਿਆ, “ਕੀ ਇਹ ਤਮਾਸ਼ਾ ਤੁਸੀਂ ਸਭਨੇ ਦੇਖਿਆ ਹੈ?”
“ਸਭ ਨੇ ਹੀ ਦੇਖਿਆ ਹੈ, ਹਰ ਰੋਜ ਹੀ ਦੇਖਦੇ ਹਾਂ।” ਕਿਸੇ ਨੇ ਕਿਹਾ।
“ਫਿਰ ਵੀ ਚੁੱਪ ਕਰਕੇ ਕਿਵੇਂ ਸਹਿ ਰਹੇ ਹੋ ਤੁਸੀਂ, ਕੀ ਤੁਹਾਡੀ ਜ਼ਮੀਰ ਮਰ ਚੁੱਕੀ ਹੈ? ਤੁਹਾਡੀ ਸਭ ਦੀ ?”
“ਅਸੀਂ ਆਦੀ ਹੋ ਗਏ ਹਾਂ।” ਇੱਕ ਆਵਾਜ਼ ਆਈ।
“ਨਹੀਂ ਅਸੀਂ ਮਜ਼ਬੂਰ ਹਾਂ।” ਇਹ ਦੂਸਰੀ ਆਵਾਜ਼ ਕਿਸੇ ਨੌਜਵਾਨ ਦੀ ਸੀ।
“ਕੀ ਮਜਬੂਰੀ ਹੈ ਤੁਹਾਡੀ” ਬੁੱਕਲ ਵਾਲੇ ਨੇ ਪੁੱਛਿਆ।
“ਉਹ ਪ੍ਰਨੋਟਾਂ ਦਾ ਥੱਬਾ, ਜਿਨ੍ਹਾਂ ਉੱਤੇ ਵੱਡੀਆਂ ਰਕਮਾਂ ਰੁਲੀਏ ਨੇ ਲਿਖਕੇ ਸਾਡੇ ਅੰਗੂਠੇ ਲਵਾ ਰੱਖੇ ਨੇ । ਜੋ ਕੁਝ ਲਿਐ, ਉਸਤੋਂ ਕਈ ਗੁਣਾ ਵੱਧ ਅਸੀਂ ਦੇ ਚੁੱਕੇ ਹਾਂ ਪਰ ਪ੍ਰਨੋਟਾਂ ਵਿਚਲੀ ਰਕਮ ਘਟਣ ਦੀ ਥਾਂ ਵਧਦੀ ਹੀ ਜਾਂਦੀ ਹੈ। ਤਾਰੀਖ ਰਹਿੰਦਿਆਂ ਹੀ ਅੰਗੂਠੇ ਫੇਰ ਲਵਾ ਲਏ ਜਾਂਦੇ ਨੇ, ਅਸੀਂ ਤਾਂ ਜੂੜੇ ਪਏ ਹਾਂ ਇਸ ਰੁਲੀਏ ।”
“ਪਰ ਜੇ ਇਹ ਜੂੜ ਵੱਢ ਦਿੱਤਾ ਜਾਵੇ।” ਪੁੱਛਣ ਵਾਲੇ ਨੇ ਪੁੱਛਿਆ।
“ਤਾਂ ਇਹ ਡੌਲੇ ਵੀ ਕਿਸੇ ਲਾਠੀਮਾਰ ਤੋ ਘੱਟ ਨਹੀਂ।” ਅੱਗੋਂ ਉੱਤਰ ਮਿਲਿਆ।
ਉਸਦੇ ਮਗਰ ਬਾਕੀ ਲੋਕਾਂ ਨੇ ਹਾਮੀ ਵਿੱਚ ਆਪਣੇ ਡੌਲੇ ਥਾਪੜੇ।
ਜਦ ਜੀਤੀ ਹਜ਼ੂਮ ਵਿਚੋਂ ਮੜ੍ਹਨ ਲੱਗਿਆ ਤਾਂ ਪ੍ਰੀਤੀ ਨੇ ਆਪਣੀ ਮੁੱਠੀ ਵਿੱਚ ਘੁੱਟੀ ਚਿੱਠੀ ਉਸਦੀ ਮੁੱਠੀ ਵਿਚ ਦੇ ਦਿੱਤੀ। ਪ੍ਰੀਤੀ ਨੇ ਤਾਂ ਦੁਕਾਨ ਅੱਗੇ ਜੁੜੇ ਹੋਜ਼ੂਮ ਵਿਚੋਂ ਹੀ ਬੁੱਕਲ ਮਾਰਕੇ ਖੜ੍ਹੇ ਜੀਤੀ ਨੂੰ ਪਹਿਚਾਣ ਲਿਆ ਸੀ।
ਜੀਤ ਕਾਹਲੀ ਨਾਲ ਘਰ ਮੁੜਨਾ ਚਾਹੁੰਦਾ ਸੀ। ਹਨੇਰੇ ਵਿੱਚ ਖੂਹ ਕੋਲੋਂ ਲੰਘਦਿਆਂ ਉਸਦਾ ਪੈਰ ਸੜਕ ਕੰਢਿਓਂ ਉੱਖੜੀ ਬੁਰਜੀ ਵਿੱਚ ਵੱਜਿਆ। ਉਹ ਪੈਰ ਦੀ ਪੀੜ ਨਾਲ ਇੱਕ ਪਲ ਲਈ ਰੁਕਿਆ।
ਫਿਰ ਉਸਨੇ ਬੁਰਜੀ ਨੂੰ ਚੱਕ ਕੇ ਖੂਹ ਦੀ ਮਨ ‘ਤੇ ਰੱਖ ਦਿੱਤਾ।
ਘਰ ਪਹੁੰਚ ਕੇ ਜੀਤੀ ਲੈਂਪ ਬਾਲਕੇ ਚਿੱਠੀ ਨੂੰ ਪੜ੍ਹਨ ਲੱਗ ਪਿਆ,
“ਬੜੀ ਹੀ ਦੁਖੀ ਹਾਲਤ ਵਿਚ ਬੇਸਬਰੀ ਨਾਲ, ਤੇਰੀ ਤੀਸਰੀ ਰੇਡ ਦਾ ਇੰਤਜ਼ਾਰ ਕਰ ਰਹੀ ਹਾਂ। ਪ੍ਰੀਤੀ”
…
ਉਹ ਰੁਕ ਨਾ ਸਕਿਆ, ਬੱਕੀ ਲੈ ਪਟਿਆਲੇ ਵੱਲ ਹੋ ਤੁਰਿਆ। ਆਪਣੇ ਆਪ ’ਚ ਕਬੱਡੀ-ਕਬੱਡੀ ਕਰਦਿਆਂ ਉਹ ਖੂਹੀ ਕੋਲ ਆ ਰੁਕਿਆ।
ਬੱਕੀ ਨੂੰ ਖੂਹ ਦੇ ਨੇੜੇ ਖੜ੍ਹੀ ਪੁਰਾਣੀ ਜੰਡੀ ਨਾਲ ਬੰਨ੍ਹਕੇ, ਚੁਪਕੇ ਬਗੀਚੇ ਵਿਚੋਂ ਲੰਘ ਰੁਲੀਏ ਦੇ ਘਰ ਅੱਗੇ ਉੱਗੇ ਝਾੜ ਦੀ ਓਟ ਵਿਚ ਜਾ ਖੜ੍ਹਾ।
ਸ਼ਰਾਬੀ ਮੁੰਡੀਹਰ ਦੀਆਂ ਚਾਂਘੜਾਂ ਰਾਤ ਦੀ ਦੁੱਪ ਨੂੰ ਤੋੜਦੀਆਂ ਸ਼ਾਂਤ ਵਾਤਾਵਰਣ ਨੂੰ ਪਲੀਤ ਕਰ ਰਹੀਆਂ ਸਨ। ਉਸਨੂੰ ਬਹੁਤਾ ਸਮਾਂ ਉਡੀਕ ਨਾ ਕਰਨੀ ਪਈ, ਉਸਨੇ ਚਰਨੀ ਨੂੰ ਬੈਗ ਲੈ ਕੇ ਘਰ ਵੱਲ ਨੂੰ ਆਉਂਦਿਆਂ ਵੇਖਿਆ।
ਜਦ ਚਰਨੀ ਝਾੜ ਕੋਲ ਦੀ ਲੰਘਣ ਲੱਗਿਆ ਤਾਂ ਜੀਤੀ ਨੇ ਪਿਛਲੇ ਪਾਸਿਓਂ ਦੀ ਹੋ ਕੇ ਉਸਦੀ ਗਿੱਚੀ ਵਿੱਚ ਅਜਿਹਾ ਮੁੱਕਾ ਮਾਰਿਆ ਕਿ ਉਹ ਬੇਸ਼ੁੱਧ ਹੋ ਕੇ ਡਿੱਗ ਪਿਆ।
“ਹੁਣ ਇੱਥੇ ਆਰਾਮ ਨਾਲ ਪਿਆ ਰਹਿ ਚਰਨਜੀਤ ਕਾਕਾ।” ਜੀਤੀ ਨੇ ਆਪਣੇ ਆਪ ਵਿੱਚ ਕਿਹਾ ਅਤੇ ਡਿੱਗੇ ਪਏ ਚਰਨੀਂ ਕੋਲੋਂ ਬੈਗ ਚੱਕ ਕੇ ਖੂਹ ਵੱਲ ਚੱਲ ਪਿਆ।
ਜਦ ਜੀਤੀ ਬੱਕੀ ਨੂੰ ਜੰਡੀ ਨਾਲੋਂ ਖੋਲ੍ਹ ਰਿਹਾ ਸੀ ਤਾਂ ਕਿਸੇ ਨੇ ਅੰਦਰੋਂ ਘਰ ਦਾ ਬੂਹਾ ਖੋਲ੍ਹਿਆ। ਉਸਨੇ ਡਿੱਗੇ ਪਏ ਚਰਨੀ ਨੂੰ ਦੇਖਕੇ ਰੌਲਾ ਪਾਉਣ ਸ਼ੁਰੂ ਕਰ * ਦਿੱਤਾ।
ਸ਼ਰਾਬੀ ਮੁੰਡੀਹਰ ਇੱਧਰ ਉੱਧਰ ਭੱਜਣ ਲੱਗੀ।
ਆਖਿਆ।
“ਉੱਧਰ ਖੂਹ ਵੱਲ ਕੋਈ ਲੱਗਦਾ ਹੈ।” ਕਿਸੇ ਨੇ ਉੱਚੀ ਆਵਾਜ਼ ਵਿੱਚ ਆਖਿਆ।
ਜੀਤੀ ਨੇ ਖੂਹ ਦੀ ਮਨ ‘ਤੇ ਪਈ ਬਰਜੀ ਖੂਹ ਵਿੱਚ ਸਿੱਟ ਦਿੱਤੀ ਤੇ ਆਪ ਬੱਕੀ ‘ਤੇ ਚੜ੍ਹਕੇ ਬੈਗ ਸਮੇਤ ਹਨੇਰੇ ਵਿੱਚ ਤਿੱਤਰ ਹੋ ਗਿਆ।
ਸ਼ਰਾਬੀ ਮੁੰਡੀਹਰ ਖੂਹ ਦਆਲੇ ਆ ਜੜੀ, “ਸਾਲਾ ਡਰਦਾ ਖੂਹ ਵਿੱਚ ਹੀ ਛਾਲ ਮਾਰ ਗਿਐ।” ਉਨਾਂ ਵਿਚੋਂ ਇੱਕ ਨੇ ਫੈਸਲਾ ਦਿੱਤਾ।
ਜੀਤੀ ਤੀਸਰੀ ਰੇਡ ਵਿਚੋਂ ਸਾਫ ਨਿਕਲ ਆਇਆ ਸੀ ਅਤੇ ਹੁਣ ਉਹ ਬੈਗ ਵਿਚੋਂ ਪ੍ਰਨੋਟ ਕੱਢ-ਕੱਢ ਤੰਦੂਰ ਹਵਾਲੇ ਕਰ ਰਿਹਾ ਸੀ ਤੇ ਆਪ ਮੁਹਾਰੇ “ਕਬੱਡੀ-ਕਬੱਡੀ” ਕਰੀ ਜਾ ਰਿਹਾ ਸੀ।
ਕਹਾਣੀਕਾਰ :-ਅਜਮੇਰ ਸਿੰਘ ਦੀਵਾਨਾ
ਪਿੰਡ :-ਚੌਕੇ (ਬਠਿੰਡਾ)
