ਸ਼ੀਸ਼ੇ ਦੀ ਦੂਜੀ ਤਸਵੀਰ (ਕਹਾਣੀ):- ਹਰਪ੍ਰੀਤ ਜਟਾਣਾ

ਸ਼ੀਸ਼ੇ ਦੀ ਦੂਜੀ ਤਸਵੀਰ 

ਕਹਾਣੀਕਾਰ : ਹਰਪ੍ਰੀਤ ਜਟਾਣਾ

ਬਦਲੀ ਹੋਣ ਕਰਕੇ ਮੈਂ ਪਰਿਵਾਰ ਸਮੇਤ ਇਸ ਨਵੇਂ ਸ਼ਹਿਰ ਵਿੱਚ ਸ਼ਿਫ਼ਟ ਹੋ ਗਿਆ। ਨਵੀਂ ਜਗ੍ਹਾ ਜੁਆਇਨ ਕਰਨ ਅਤੇ ਘਰ ਨੂੰ ਠੀਕ ਕਰਦਿਆਂ ਇੱਕ ਮਹੀਨਾ ਕਦੋਂ ਬੀਤ ਗਿਆ, ਮੈਨੂੰ ਪਤਾ ਹੀ ਨਾ ਲੱਗਾ। ਬਾਕੀ ਪੁਲਿਸ ਦੀ ਨੌਕਰੀ ਵੀ ਅਜਿਹੀ ਹੁੰਦੀ ਹੈ ਕਿ ਫ਼ੁਰਸਤ ਮਿਲੀ ਜਾਵੇ ਤਾਂ ਭਾਵੇਂ ਵਰਦੀ ਅੰਗ ਨੂੰ ਛੁਹਾ ਕੇ ਵੀ ਨਾ ਵੇਖੋ, ਪਰ ਜਦੋਂ ਹਾਲਾਤ ਵਿਗੜ ਜਾਣ ਤਾਂ ਸਾਹ ਲੈਣ ਦੀ ਵੀ ਵਿਹਲ ਨਹੀਂ ਮਿਲਦੀ।

ਫਰਵਰੀ ਮਹੀਨੇ ਦਾ ਆਖ਼ਰੀ ਹਫ਼ਤਾ ਸੀ। ਠੰਢ ਆਪਣੇ ਨਖ਼ਰੇ ਘੱਟ ਕਰ ਰਹੀ ਸੀ। ਮੈਂ ਅੱਜ ਘਰ ਸੀ। ਟੀ.ਵੀ. ਅਤੇ ਮੋਬਾਈਲ ਤੋਂ ਮਨ ਅੱਕ ਚੁੱਕਾ ਸੀ। ਕਿਤਾਬ ਚੁੱਕ ਕੇ ਪੜ੍ਹਨ ਲੱਗਾ ਤਾਂ ਅੱਖਰ ਵੀ ਜਿਵੇਂ ਮੇਰੇ ਮਨ ਦੇ ਬੰਦ ਦਰਵਾਜ਼ੇ ’ਤੇ ਦਸਤਕ ਦੇ ਕੇ ਮੁੜ ਜਾਂਦੇ ਹੋਣ।

ਇੰਨੇ ਨੂੰ ਮੇਰੀ ਸੱਤ ਸਾਲ ਦੀ ਬੇਟੀ ਗੀਤ ਮੇਰੇ ਕੋਲ ਆਈ।

“ਪਾਪਾ ਜੀ, ਮੰਮੀ ਮੈਨੂੰ ਪਾਰਕ ’ਚ ਖੇਡਣ ਨਹੀਂ ਜਾਣ ਦੇ ਰਹੇ… ਪਲੀਜ਼ ਕਹਿ ਦਿਓ ਤੁਸੀਂ।”

ਮੈਂ ਆਪਣੀ ਪਤਨੀ ਨੂੰ ਆਵਾਜ਼ ਮਾਰੀ। ਉਸਨੇ ਅੰਦਰੋਂ ਜਵਾਬ ਦਿੱਤਾ,

“ਜ਼ਮਾਨਾ ਮਾੜਾ ਤੇ ਇਕੱਲੀ ਨੂੰ ਮੈਂ ਨੀ ਜਾਣ ਦੇਣਾ।”

ਮੇਰੀ ਪਤਨੀ ਦੇ ਜਵਾਬ ’ਤੇ ਮੈਨੂੰ ਹਾਸਾ ਆਇਆ।

“ਬੱਚੀ ਲਈ ਕੀ ਜ਼ਮਾਨਾ ਮਾੜਾ ਹੋ ਗਿਆ… ਸਾਡੀ ਸੋਚ ਵੀ… ਬਸ।”

ਫਿਰ ਮੈਂ ਗੀਤ ਨੂੰ ਕਿਹਾ,

“ਚੱਲ, ਆਪਾਂ ਚਲਦੇ ਹਾਂ।”

ਪਾਰਕ ਨੇੜੇ ਹੀ ਸੀ। ਮੈਂ ਜਾ ਕੇ ਬੈਂਚ ’ਤੇ ਬੈਠ ਗਿਆ ਅਤੇ ਗੀਤ ਝੂਲਾ ਝੂਲਣ ਲੱਗੀ। ਕੁਝ ਦੇਰ ਬਾਅਦ ਉਹ ਫਿਰ ਮੇਰੇ ਕੋਲ ਆਈ।

“ਪਾਪਾ ਜੀ, ਮੈਂ ਆਪਣੀ ਫ੍ਰੈਂਡ ਨੂੰ ਬੁਲਾ ਲਵਾਂ?”

ਉਸਨੇ ਤਰਲਾ ਪਾਇਆ।

“ਕੌਣ?”

“ਮੰਨਤ… ਔਹ ਘਰ ਆ।”

ਉਸਨੇ ਮੇਰੇ ਪਿੱਛੇ ਵੱਲ ਇਸ਼ਾਰਾ ਕੀਤਾ। ਮੈਂ ਆਗਿਆ ਦੇ ਦਿੱਤੀ। ਦੋ ਮਿੰਟਾਂ ਵਿੱਚ ਹੀ ਦੋਵੇਂ ਕੁੜੀਆਂ ਦੌੜਦੀਆਂ ਹੋਈਆਂ ਪਾਰਕ ਵਿੱਚ ਆ ਗਈਆਂ।

ਮੰਨਤ ਮੇਰੀ ਬੇਟੀ ਦੇ ਹਾਣ ਦੀ ਸੀ।

ਇੰਨੇ ਨੂੰ ਮੇਰੇ ਕੰਨੀਂ ਇੱਕ ਆਵਾਜ਼ ਪਈ,

“ਬੇਟੇ ਮੰਨਤ… ਮਾਈ ਸਵੀਟ ਬੇਬੀ… ਸਵੈਟਰ ਪਹਿਨੋ… ਨਹੀਂ ਤਾਂ ਫਿਰ ਕੋਲਡ ਹੋ ਜਾਣਾ।”

ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੇ ਪਿੱਛੇ ਕੋਈ ਤੀਹ ਕੁ ਸਾਲ ਦੀ ਔਰਤ ਖੜ੍ਹੀ ਸੀ। ਨਜ਼ਰਾਂ ਮਿਲਦਿਆਂ ਹੀ ਉਸਨੇ ਮੂੰਹ ਵਿੱਚੋਂ ਸਤਿ ਸ੍ਰੀ ਅਕਾਲ ਆਖੀ।

ਮੰਨਤ ਉਸਦੇ ਕੋਲ ਆ ਗਈ ਅਤੇ ਉਹ ਉਸਨੂੰ ਸਵੈਟਰ ਪਹਿਨਾਉਣ ਲੱਗੀ।

ਉਸ ਪਲ ਮੇਰੀ ਨਿਗਾਹ ਉਸ ’ਤੇ ਠਹਿਰ ਗਈ। ਉਸਦੀ ਸ਼ਖ਼ਸੀਅਤ ਵਿੱਚ ਇੱਕ ਅਜਿਹੀ ਖਿੱਚ ਸੀ, ਜਿਸਨੂੰ ਅੱਖਾਂ ਨੇ ਪਲ ਵਿੱਚ ਪਛਾਣ ਲਿਆ, ਪਰ ਮਨ ਨੇ ਉਸਦਾ ਕੋਈ ਨਾਮ ਨਹੀਂ ਰੱਖਿਆ। ਉਸਦੀ ਮੁਸਕਰਾਹਟ ਜਿਵੇਂ ਬੰਦ ਖਿੜਕੀ ਦੀ ਵਿਰਲ ਵਿੱਚੋਂ ਆਈ ਰੌਸ਼ਨੀ ਹੋਵੇ।

ਉਹ ਚਲੀ ਗਈ, ਪਰ ਮੇਰੀ ਨਿਗਾਹ ਕੁਝ ਪਲ ਉਸਦੇ ਪਿੱਛੇ ਤੁਰਦੀ ਰਹੀ।

ਹਨੇਰਾ ਹੋਣ ਲੱਗਾ ਤਾਂ ਅਸੀਂ ਘਰ ਨੂੰ ਚੱਲ ਪਏ। ਰਾਹ ਵਿੱਚ ਮੈਂ ਗੀਤ ਨੂੰ ਪੁੱਛਿਆ,

“ਬੇਟਾ ਗੀਤ… ਮੰਨਤ ਦੇ ਪਾਪਾ ਕੀ ਕਰਦੇ ਨੇ?”

“ਉਹ ਰੱਬ ਕੋਲ ਗਏ ਨੇ… ਮੰਨਤ ਕਹਿੰਦੀ ਸੀ ਕਿ ਜਦ ਆਉਣਗੇ ਤਾਂ ਬਹੁਤ ਸਾਰੇ ਟੁਆਏਜ਼ ਲੈ ਕੇ ਆਉਣਗੇ।”

ਮੈਨੂੰ ਬੱਚੀ ਦੇ ਭੋਲੇਪਣ ’ਤੇ ਤਰਸ ਆਇਆ। ਜਦੋਂ ਮੰਮੀ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਸਕੂਲ ਅਧਿਆਪਕਾ ਹੈ।

ਹੁਣ ਜਦੋਂ ਵੀ ਮੈਂ ਸ਼ਾਮ ਨੂੰ ਘਰ ਹੁੰਦਾ ਤਾਂ ਗੀਤ ਨੂੰ ਆਪਣੇ ਨਾਲ ਪਾਰਕ ਜ਼ਰੂਰ ਲੈ ਜਾਂਦਾ। ਗੀਤ ਮੰਨਤ ਨੂੰ ਬੁਲਾ ਲੈਂਦੀ ਅਤੇ ਮੰਨਤ ਦੀ ਮੰਮੀ ਵੀ ਆ ਜਾਂਦੀ।

ਹੌਲੀ-ਹੌਲੀ ਸਾਡੀ ਬੋਲਚਾਲ ਸ਼ੁਰੂ ਹੋ ਗਈ। ਮੈਨੂੰ ਉਸਦਾ ਮੇਰੇ ਨਾਲ ਗੱਲਾਂ ਕਰਨਾ ਬੜਾ ਚੰਗਾ ਲੱਗਦਾ, ਪਰ ਜਦੋਂ ਉਹ ਗੱਲ-ਗੱਲ ’ਤੇ ‘ਭਰਾ ਜੀ’ ਕਹਿ ਦਿੰਦੀ ਤਾਂ ਮੇਰੇ ਮਨ ਤੇ ਕੋਈ ਤਿੱਖੀ ਚੀਜ਼ ਵੱਜਦੀ।

ਅਸੀਂ ਇੱਕ ਵਧੀਆ ਦੋਸਤ ਬਣ ਗਏ।

ਮੈਨੂੰ ਉਸ ਬਾਰੇ ਪਤਾ ਲੱਗਿਆ ਕਿ ਉਸਦਾ ਪਤੀ ਇਸ ਦੁਨੀਆਂ ਵਿੱਚ ਨਹੀਂ ਹੈ ਅਤੇ ਉਹ ਆਪ ਇੱਕ ਪਿੰਡ ਵਿੱਚ ਅਧਿਆਪਕਾ ਹੈ। ਉਹ ਬੱਸ ’ਤੇ ਅੱਪ-ਡਾਊਨ ਕਰਦੀ ਹੈ। ਬੋਲ ਚਾਲ ਵਿੱਚ ਖੁੱਲ੍ਹੇ ਵਿਚਾਰਾਂ ਦੀ ਮਾਲਕਿਨ ਘੁਲਣ-ਮਿਲਣ ਵਿੱਚ ਦੇਰੀ ਨਹੀਂ ਲਾਉਂਦੀ ਸੀ।

ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਕਿਹਾ,

“ਸੁਣਿਓ ਜੀ, ਆਪਣੀ ਗੀਤ ਨੂੰ ਜ਼ਰਾ ਝਿੜਕਿਆ ਕਰੋ… ਇਹ ਸਾਰਾ ਦਿਨ ਮਾਸਟਰਨੀ ਦੀ ਕੁੜੀ ਨਾਲ ਖੇਡਦੀ ਆ… ਸੁਣਿਆ ਮਾਸਟਰਨੀ ਦਾ ਹਿਸਾਬ ਕਿਤਾਬ ਜਾ ਠੀਕ ਨਹੀਂ … ਐਵੇਂ ਜਵਾਕ ’ਤੇ ਅਸਰ ਪੈਂਦਾ।”

“ਕਿਹੜੀ ਮਾਸਟਰਨੀ?”

ਮੈਨੂੰ ਉਸਦੀ ਗੱਲ ’ਤੇ ਵਿਸ਼ਵਾਸ ਨਾ ਆਇਆ।

“ਔਹੀ ਮੰਨਤ ਦੀ ਮਾਂ… ਪਾਰਕ ਕੋਲ ਆ ਘਰ… ਤੁਸੀਂ ਵੇਖੀ ਨਹੀਂ ਅਜੇ?”

ਉਸਨੇ ਸਵਾਲ ਕੀਤਾ ਪਰ ਮੈਂ ਜਾਣ-ਬੁੱਝ ਕੇ ਅਣਸੁਣਿਆ ਕਰ ਦਿੱਤਾ।

“ਕੋਈ ਨਾ… ਮੈਂ ਕਹਿ ਦੇਵਾਂਗਾ।”

ਮੈਂ ਖਹਿੜਾ ਛੁੜਾ ਲਿਆ।

ਪਰ ਉਸਦੀ ਗੱਲ ਮੇਰੇ ਅੰਦਰ ਇੱਕ ਬੀਜ ਵਾਂਗ ਡਿੱਗ ਚੁੱਕੀ ਸੀ।

ਮੈਨੂੰ ਲੱਗਿਆ—ਜਿਸ ਦਰਵਾਜ਼ੇ ਲਈ ਮੈਂ ਚਾਬੀ ਲੱਭ ਰਿਹਾ ਸੀ, ਸ਼ਾਇਦ ਓਹਦਾ ਜਿੰਦਾ ਪਹਿਲਾਂ ਹੀ ਖੁੱਲਾ ਸੀ। 

ਹੁਣ ਮੈਂ ਪਾਰਕ ਵਿੱਚ ਜ਼ਿਆਦਾ ਸਮਾਂ ਗੁਜ਼ਾਰਦਾ। ਉਸਨੂੰ ਉਡੀਕਦਾ ਅਤੇ ਉਸ ਨਾਲ ਖੂਬ ਗੱਲਾਂ ਕਰਦਾ।

ਪਰ ਜਦ ਤੱਕ ਇਸਤਰੀ ਨਾ ਚਾਹੇ, ਮਰਦ ਕਦੇ ਹਿੰਮਤ ਨਹੀਂ ਕਰ ਸਕਦਾ ਕਿ ਉਹ ਅੱਗੇ ਕਦਮ ਵਧਾ ਸਕੇ।

ਮੇਰੀਆਂ ਨਿਗਾਹਾਂ ਉਸਦੇ ਆਲੇ-ਦੁਆਲੇ ਮੰਡਰਾਉਂਦੇ ਭੌਰੇ ਵਾਂਗ ਹੋ ਗਈਆਂ ਸਨ। ਮੈਂ ਉਸਦੇ ਨੇੜੇ ਹੋਣ ਦੀ ਹਰ ਸੰਭਾਵਨਾ ਨੂੰ ਮਨ ਵਿੱਚ ਤੋਲਦਾ। ਮੇਰੇ ਅੰਦਰਲਾ ਮਰਦ ਆਪਣੀ ਹੀ ਬਣਾਈ ਹੋਈ ਪਰਿਭਾਸ਼ਾ ਵਿੱਚ ਫਸਦਾ ਜਾ ਰਿਹਾ ਸੀ।

ਮੇਰੇ ਅੰਦਰ ਇੱਕ ਤ੍ਰੇਹ ਜਾਗ ਰਹੀ ਸੀ, ਜਿਸਨੂੰ ਮੈਂ ਆਪਣੇ ਆਪ ਕੋਲ ਵੀ ਪੂਰੇ ਨਾਮ ਨਾਲ ਨਹੀਂ ਬੁਲਾਉਂਦਾ ਸੀ।

ਫਿਰ ਵੀ ਮੇਰੀਆਂ ਪੁਲਸੀਆ ਅੱਖਾਂ ਉਸਦੇ ਚਰਿੱਤਰ ਦਾ ਕੋਈ ਸੁਰਾਗ ਨਾ ਲੱਭ ਸਕੀਆਂ।

ਮੈਨੂੰ ਕਦੇ-ਕਦੇ ਆਪਣੇ ਆਪ ’ਤੇ ਸ਼ਰਮ ਆਉਂਦੀ ਕਿ ਇੱਕ ਧੀ ਦਾ ਬਾਪ ਹੋ ਕੇ ਵੀ ਮੈਂ ਇਸ ਉਮਰ ਵਿੱਚ ਦਿਲ ਦੀਆਂ ਅਜਿਹੀਆਂ ਡੋਰਾਂ ਬਾਰੇ ਸੋਚਦਾ ਹਾਂ। ਪਰ ਫਿਰ ਮੈਨੂੰ ਥਾਣੇ ਦੀ ਮਹਿਫ਼ਲ ਯਾਦ ਆ ਜਾਂਦੀ, ਜਿੱਥੇ ਪੰਜ ਦਹਾਕੇ ਪਾਰ ਕਰਨ ਤੋਂ ਬਾਅਦ ਵੀ ਮੱਘਰ ਹੌਲਦਾਰ ਜਨਾਨੀਆਂ ਦੀਆਂ ਗੱਲਾਂ ਨੂੰ ਰਸ ਲੈ ਕੇ ਸੁਣਦਾ ਅਤੇ ਕਰਦਾ।

ਉਹ ਜਦੋਂ ਆਖਦਾ,

“ਸਾਲੀ ਕੋਈ ਪੁਲਿਸ ਦੀ ਵੀ ਨੌਕਰੀ ਆ… ਜਨਾਨੀ ਨੂੰ ਤਰਸ ਜਾਂਦੇ ਆ… ਫਿਰ ਕਹਿ ਦਿੰਦੇ ਨੇ ਕਿ ਪੁਲੀਸੀਏ ਚੰਗੇ ਨੀਂ ਹੁੰਦੇ… ਸਾਰੇ ਮਹਿਕਮਿਆਂ ’ਚ ਜਨਾਨੀਆਂ ਨੇ… ਬੰਦੇ ਦਾ ਡਿਊਟੀ ’ਚ ਮਨ ਵੀ ਲੱਗਿਆ ਰਹਿੰਦਾ ਜਦੋਂ ਕੂਲੇ-ਕੂਲੇ ਬੁੱਲ੍ਹਾਂ ਨਾਲ ‘ਸਰ-ਸਰ’ ਬੋਲਦੀਆਂ… ਸਾਰੀ ਉਮਰ ਛੜਿਆਂ ਵਾਂਗੂੰ ਈ ਨੌਕਰੀ ਕਰ ਲਈ… ਆ ਹੁਣ ਸਪਾਟਣਾ ਆਈਆਂ… ਇਹ ਵੀ ਸਾਡੇ ਵੱਡੇ ਢਿੱਡ ਵਾਲਿਆਂ ਨਾਲ ਗੱਲ ਨੀਂ ਕਰਦੀਆਂ…”

ਉਸਦੀ ਗੱਲ ਸੁਣ ਕੇ ਸਾਰੇ ਹੱਸ ਪੈਂਦੇ। ਹੱਸਦਾ ਤਾਂ ਮੈਂ ਵੀ, ਪਰ ਮੈਨੂੰ ਉਹ ਬੁਰਾ ਲੱਗਦਾ ਕਿ ਆਪਣੀ ਕੁੜੀ ਦੀ ਉਮਰ ਦੀਆਂ ਸਪਾਟਣਾ ਬਾਰੇ ਉਹ ਕੀ ਬੋਲਦਾ।

ਫਿਰ ਮੈਂ ਆਪਣੇ ਆਪ ਦਾ ਮੁਲਾਂਕਣ ਕਰਦਾ।

ਮੈਨੂੰ ਆਪਣਾ ਆਪ ਉਸ ਵਰਗਾ ਹੀ ਲੱਗਦਾ। ਮੈਂ ਵੀ ਨਾਕੇ ’ਤੇ ਖੜ੍ਹਾ ਆਉਂਦੀਆਂ-ਜਾਂਦੀਆਂ ਤੀਵੀਂਆਂ ਨੂੰ ਨਿਗਾਹਾਂ ਨਾਲ ਤੋਲਦਾ ਹਾਂ। ਜਦ ਤੱਕ ਅੱਖਾਂ ਦੀ ਡੋਰ ਕਿਸੇ ਉੱਤੇ ਟਿਕੀ ਰਹਿੰਦੀ, ਮਨ ਨੂੰ ਇੱਕ ਅਜੀਬ ਜਿਹਾ ਰਸ ਮਿਲਦਾ ਰਹਿੰਦਾ।

ਫਿਰ ਮੈਂ ਆਪਣੇ ਆਪ ਨੂੰ ਸਮਝਾਉਂਦਾ—

ਇਹ ਤਾਂ ਕੁਦਰਤੀ ਵਰਤਾਰਾ ਹੈ। ਔਰਤ ਫੁੱਲ ਹੈ ਤੇ ਮਰਦ ਭੌਰਾ। ਭੌਰਾ ਫੁੱਲ ਵੱਲ ਖਿੱਚਿਆ ਜਾਂਦਾ ਹੈ।

ਪਰ ਮੈਂ ਇਹ ਨਹੀਂ ਸੋਚਦਾ ਸੀ ਕਿ ਫੁੱਲ ਦੀ ਆਪਣੀ ਮਰਜ਼ੀ ਵੀ ਹੁੰਦੀ ਹੈ।

ਅਚਾਨਕ ਮਾਸਟਰਨੀ ਦੀਆਂ ਗੱਲਾਂ ਵਿੱਚ ਅਜੀਬ ਬਦਲਾਵ ਆਇਆ। ਉਹ ਹੁਣ ਮੈਨੂੰ ਜ਼ਿਆਦਾ ਮੁਸਕਰਾਹਟਾਂ ਦਿੰਦੀ। ਉਸਨੇ ਮੈਨੂੰ ਪਤਾ ਨਹੀਂ ਕਦੋਂ ‘ਭਰਾ ਜੀ’ ਕਹਿਣਾ ਵੀ ਬੰਦ ਕਰ ਦਿੱਤਾ।

ਮੈਨੂੰ ਹਰ ਗੱਲ ’ਤੇ ਮਜ਼ਾਕ ਕਰਦੀ, ਮੇਰੇ ਨਾਲ ਵੱਧ ਤੋਂ ਵੱਧ ਗੱਲਾਂ ਕਰਦੀ। ਕਦੇ-ਕਦੇ ਵਿਹਲੇ ਪੀਰੀਅਡ ਵਿੱਚ ਮੈਨੂੰ ਫੋਨ ਵੀ ਕਰਦੀ ਪਰ ਜ਼ਿਆਦਾ ਗੱਲ ਨਾ ਕਰਦੀ।

ਬਸ ਇੰਨਾ ਪੁੱਛਦੀ,

“ਆਉਣਾ ਪਾਰਕ ’ਚ?”

ਮੈਂ ਵੀ ਕੋਸ਼ਿਸ਼ ਕਰਦਾ ਕਿ ਉਸਨੂੰ ਪਾਰਕ ਜਾ ਕੇ ਜ਼ਰੂਰ ਮਿਲਿਆ ਜਾਵੇ।

ਘਰਵਾਲੀ ਅਲੱਗ ਖੁਸ਼ ਸੀ ਕਿ ਘਰ ਬੈਠਾ ਮੈਂ ਖ਼ਬਰਾਂ ਹੀ ਸੁਣਦਾ ਰਹਿੰਦਾ। ਹੁਣ ਉਹ ਆਰਾਮ ਨਾਲ ਆਪਣੇ ਸੀਰੀਅਲ ਵੇਖ ਸਕਦੀ ਸੀ।

ਇੱਕ ਦਿਨ ਉਹ ਮੇਰੇ ਲਈ ਚੂਰੀ ਲੈ ਕੇ ਆਈ। ਉਸਨੇ ਕਿਹਾ ਕਿ ਘਰ ਪਈ ਸੀ, ਉਂਝ ਈ ਲੈ ਆਈ, ਪਰ ਮੈਨੂੰ ਲੱਗਿਆ ਜਿਵੇਂ ਉਸ ਚੂਰੀ ਵਿੱਚ ਗੁੜ ਨਾਲੋਂ ਵੱਧ ਕਿਸੇ ਅਣਕਹੀ ਡੋਰ ਦੀ ਮਿੱਠਾਸ ਘੁਲੀ ਹੋਈ ਸੀ।

ਚੂਰੀ ਖਾਣ ਤੋਂ ਬਾਅਦ ਮੈਂ ਆਸ-ਪਾਸ ਵੇਖਿਆ। ਗੀਤ ਅਤੇ ਮੰਨਤ ਦੂਰ ਸਨ ਅਤੇ ਕਿਸੇ ਦਾ ਧਿਆਨ ਸਾਡੇ ਵੱਲ ਨਹੀਂ ਸੀ।

ਮੈਂ ਉਸਦਾ ਹੱਥ ਫੜ੍ਹ ਲਿਆ ਅਤੇ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ।

ਉਹ ਡਰੀ ਨਾ। ਬਸ ਸਿਰਫ਼ ਬੋਲੀ,

“ਪਲੀਜ਼ ਏਦਾ ਨੀ… ਕੋਈ ਵੇਖ ਲਵੇਗਾ।”

ਉਸਦੇ ਇਨ੍ਹਾਂ ਸ਼ਬਦਾਂ ਵਿੱਚ ਮੈਨੂੰ ਉਸਦੀ ‘ਹਾਂ’ ਹੀ ਲੱਗੀ।

ਮੈਂ ਕਿਹਾ,

“ਹੋਰ ਫਿਰ ਕਿੱਥੇ?”

ਉਹ ਬੋਲੀ,

“ਕੋਈ ਨਾ ਵੇਖਾਂਗੇ ਕਦੇ… ਚੰਗਾ ਮੈਂ ਚਲੀ ਹੁਣ।”

ਉਹ ਤੁਰਦੀ ਹੋਈ ਬੋਲੀ,

“ਇਕ ਰਿਕੁਐਸਟ ਆ ਪਲੀਜ਼… ਮੰਨਤ ਨੂੰ ਅੰਦਰ ਤੱਕ ਛੱਡ ਜਾਣਾ… ਉਹ ਡਰਦੀ ਆ ਹਨੇਰੇ ਤੋਂ।”

ਇਹ ਕਹਿ ਕੇ ਉਹ ਮੁਸਕਰਾ ਪਈ।

ਮੈਂ ‘ਓਕੇ’ ਕਹਿ ਕੇ ਜਦੋਂ ਉਸਦੇ ਸ਼ਬਦਾਂ ਦਾ ਮਨ ਵਿੱਚ ਦੁਹਰਾਅ ਕੀਤਾ। 

ਮੈਂ ਤੇ ਗੀਤ ਮੰਨਤ ਨੂੰ ਘਰ ਛੱਡਣ ਚਲੇ ਗਏ।

ਘਰ ਉਸਦੀ ਬਜ਼ੁਰਗ ਸੱਸ ਸੀ। ਉਸਨੇ ਸਾਨੂੰ ਚਾਹ ਪੀਣ ਲਈ ਕਿਹਾ ਪਰ ਮੈਂ ਨਾਂਹ ਕਰ ਦਿੱਤੀ। ਫਿਰ ਉਹ ਕੋਲਡ ਡਰਿੰਕ ਲੈ ਆਈ।

ਬਜ਼ੁਰਗ ਸੱਸ ਅੰਦਰ ਚਲੀ ਗਈ। ਮੰਨਤ ਗੀਤ ਨੂੰ ਆਪਣਾ ਕਮਰਾ ਵਿਖਾਉਣ ਲੈ ਗਈ।

ਘਰ ਦੀਆਂ ਕੰਧਾਂ ਵਿਚਕਾਰ ਕੁਝ ਪਲਾਂ ਲਈ ਸਾਡੇ ਵਿਚਕਾਰ ਦੀ ਦੂਰੀ ਘੱਟ ਹੋਈ। ਜਿਸ ਦਹਲੀਜ਼ ਨੂੰ ਮਨ ਨੇ ਕਾਫ਼ੀ ਸਮੇਂ ਤੋਂ ਤੱਕਿਆ ਸੀ, ਅਸੀਂ ਉਸਨੂੰ ਛੂਹਿਆ ਅਤੇ ਫਿਰ ਵਾਪਸ ਆ ਗਏ।

ਹੁਣ ਮੇਰਾ ਉਸ ਘਰ ਜਾਣਾ ਆਮ ਹੋ ਗਿਆ।

ਪਰ ਗੁਆਂਢੀਆਂ ਦੀਆਂ ਤਾੜਦੀਆਂ ਨਜ਼ਰਾਂ ਮੇਰੇ ਲਈ ਕੰਧ ਬਣ ਗਈਆਂ। ਮੈਨੂੰ ਡਰ ਲੱਗਣ ਲੱਗਾ ਕਿ ਕਿਤੇ ਇਸ ਬੰਦ ਕਮਰੇ ਦੀ ਹਵਾ ਮੇਰੇ ਆਪਣੇ ਘਰ ਦੀਆਂ ਖਿੜਕੀਆਂ ਤੱਕ ਨਾ ਪਹੁੰਚ ਜਾਵੇ।

ਮੇਰੀ ਪਤਨੀ ਨੇ ਘਰ ਵਿੱਚ ਭੁਚਾਲ ਪਾ ਦੇਣਾ ਸੀ। ਜਦੋਂ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਉਸਨੂੰ ਮੇਰੀ ਕਾਲਜ ਦੀ ਸਹੇਲੀ ਬਾਰੇ ਪਤਾ ਲੱਗਿਆ ਸੀ ਤਾਂ ਉਸਨੇ ਰੋ-ਰੋ ਕੇ ਬੁਰਾ ਹਾਲ ਕਰ ਲਿਆ ਸੀ ਅਤੇ ਪੂਰਾ ਮਹੀਨਾ ਮੇਰੇ ਨਾਲ ਨਹੀਂ ਬੋਲੀ ਸੀ।

ਹੁਣ ਤਾਂ ਡਰ ਹੋਰ ਵੀ ਸੀ ਕਿ ਬੱਚੇ ਸਮਝਦਾਰ ਹੋ ਰਹੇ ਸਨ।

ਫਿਰ ਅਸੀਂ ਫੋਨ ’ਤੇ ਗੱਲਾਂ ਕਰਨ ਲੱਗੇ। ਮੈਂ ਉਸਦੇ ਅਤੀਤ ਦੇ ਪੰਨੇ ਫਰੋਲਣਾ ਚਾਹੁੰਦਾ ਸੀ।

ਉਸਨੇ ਦੱਸਿਆ,

“ਕਾਲਜ ਵਿੱਚ ਪੜ੍ਹਦਿਆਂ ਬੀ.ਐੱਡ ਤੋਂ ਬਾਅਦ ਐੱਮ.ਏ. ਕਰ ਰਹੀ ਸੀ। ਕਾਲਜ ਵਿੱਚ ਇੱਕ ਮੁੰਡਾ ਪਸੰਦ ਆ ਗਿਆ ਸੀ। ਦਿਲ ਦੀ ਡੋਰ ਘਰ ਤੱਕ ਪਹੁੰਚ ਗਈ। ਘਰਦਿਆਂ ਨੇ ਉਸਦਾ ਵਿਆਹ ਕਰ ਦਿੱਤਾ। ਇੱਕਦਮ ਵਿਆਹ ਕੀਤਾ ਕਿ ਜ਼ਮੀਨ ਹੈ, ਪਰ ਮੁੰਡਾ ਦਸਵੀਂ ਫੇਲ੍ਹ ਸੀ।

ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਨਿੱਤ ਦੀ ਸ਼ਰਾਬ ਦਾ ਆਦੀ ਹੈ। ਹਰ ਰਾਤ ਮੈਨੂੰ ਆਪਣਾ ਹੱਕ ਸਮਝ ਕੇ ਮੇਰੇ ਉੱਤੇ ਆਪਣੀ ਛਾਂ ਪਾ ਦਿੰਦਾ। ਮੈਂ ਕਿਤਾਬਾਂ ਪੜ੍ਹਨ ਦੀ ਸ਼ੌਕੀਨ ਸੀ। ਮੈਂ ਚਾਹੁੰਦੀ ਸੀ ਕਿ ਮੇਰਾ ਪਤੀ ਮੇਰੇ ਲਈ ਸ਼ਾਇਰੀ ਕਰੇ, ਰੁਮਾਂਸ ਕਰੇ। ਪਰ ਉਹ ਇਨ੍ਹਾਂ ਗੱਲਾਂ ਤੋਂ ਕੋਹਾਂ ਦੂਰ ਸੀ।

ਉਹ ਵੀ ਮੇਰੇ ਤੋਂ ਖੁਸ਼ ਨਹੀਂ ਸੀ। ਉਹ ਅਜਿਹੀ ਪਤਨੀ ਚਾਹੁੰਦਾ ਸੀ ਜਿਹੜੀ ਉਸਨੂੰ ‘ਪਤੀ-ਪਰਮੇਸ਼ਰ’ ਮੰਨੇ ਤੇ ਭੰਬੀਰੀ ਵਾਂਗ ਉਹਦੇ ਦੁਆਲੇ ਘੁੰਮਦੀ ਰਹੇ, ਪਰ ਮੈਂ ਪਤੀ ਨੂੰ ਪਰਮੇਸ਼ਰ ਨਹੀਂ, ਦੋਸਤ ਬਣਾਉਣਾ ਚਾਹੁੰਦੀ ਸੀ।

ਮੈਂ ਆਪਣੇ ਆਪ ਨੂੰ ਕੈਦ ਮਹਿਸੂਸ ਕਰਨ ਲੱਗੀ। ਮੈਂ ਪਿੰਜਰੇ ਵਿੱਚ ਬੰਦ ਪੰਛੀ ਵਾਂਗ ਫੜਫੜਾਉਂਦੀ ਸੀ।

ਫਿਰ ਮੇਰੀ ਜ਼ਿੰਦਗੀ ਵਿੱਚ ਮੰਨਤ ਆ ਗਈ। ਜ਼ਿੰਦਗੀ ਵਿੱਚ ਆਸ ਤਾਂ ਬੱਝੀ, ਪਰ ਸੁਪਨਿਆਂ ਦੀ ਜੋ ਉਮਰ ਬੀਤ ਰਹੀ ਸੀ, ਉਹ ਮੈਨੂੰ ਬੇਚੈਨ ਕਰ ਰਹੀ ਸੀ।

ਫਿਰ ਪੋਸਟਾਂ ਆਈਆਂ ਤਾਂ ਮੈਂ ਟੀਚਰ ਲੱਗ ਗਈ, ਪਰ ਮੇਰੇ ਪਤੀ ਨੂੰ ਇਹ ਪਸੰਦ ਨਹੀਂ ਸੀ। ਮੇਰੀ ਜ਼ਿੱਦ ਅੱਗੇ ਉਹ ਝੁਕ ਗਿਆ।

ਇੱਕ ਦਿਨ ਸ਼ਰਾਬੀ ਹਾਲਤ ਵਿੱਚ ਉਸਦਾ ਐਕਸੀਡੈਂਟ ਹੋ ਗਿਆ। ਉਸਦੀ ਮੌਤ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਜਿਸ ਪਤੀ ਨੂੰ ਕਦੇ ਕੁਝ ਨਹੀਂ ਸੀ ਸਮਝਦੀ, ਉਹ ਮੇਰੀ ਵੱਡੀ ਸੁਰੱਖਿਆ ਸੀ।

ਹਮਦਰਦੀ ਦੇ ਬਹਾਨੇ ਮਾਸਟਰ ਮੇਰੇ ਵੱਲ ਆਪਣੀਆਂ ਨਿਗਾਹਾਂ ਦੇ ਜਾਲ ਸੁੱਟਣ ਲੱਗ ਗਏ। ਮੈਨੂੰ ਸਕੂਲ ਜਾਣ ਤੋਂ ਵੀ ਡਰ ਲੱਗਦਾ। ਇਸ ਮਾਹੌਲ ਵਿੱਚ ਮੇਰੀਆਂ ਕੁਲੀਗ ਮੈਨੂੰ ਅਲੱਗ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗੀਆਂ।

ਸਕੂਲ ਦਾ ਇੱਕ ਕਲਰਕ ਮੈਥੋਂ ਪੰਜ ਕੁ ਸਾਲ ਵੱਡਾ ਸੀ ਤੇ ਮੈਂ ਉਸਨੂੰ ਆਪਣਾ ਦੋਸਤ ਬਣਾ ਲਿਆ…”

“ਦੋਸਤ ਹੀ… ਜਾਂ ਕੁਝ ਹੋਰ?”

ਮੈਂ ਟੋਕ ਕੇ ਸਿੱਧਾ ਸਵਾਲ ਕੀਤਾ।

“ਕੁਝ ਵੀ ਸਮਝ ਲਵੋ… ਖਾਲੀ ਥਾਂ ਨੂੰ ਭਰਨ ਵਾਲਾ ਸਾਥੀ…”

ਉਸਦਾ ਜਵਾਬ ਸੁਣ ਕੇ ਮੈਂ ਖ਼ਾਮੋਸ਼ ਹੋ ਗਿਆ।

ਕੁਝ ਦਿਨ ਬਾਅਦ ਉਸਦਾ ਫੋਨ ਆਇਆ ਕਿ ਮੈਨੂੰ ਇੱਕ ਜ਼ਰੂਰੀ ਕੰਮ ਹੈ, ਜੇ ਕਰ ਸਕੋ ਤਾਂ। ਮੈਂ ਕਿਹਾ ਕਿ ਹੁਕਮ ਕਰੋ।

ਉਸਨੇ ਦੱਸਿਆ ਕਿ ਮੇਰੇ ਸਕੂਲ ਦਾ ਕਲਰਕ ਉਸਦੇ ਭੇਤਾਂ ਨੂੰ ਹਥਿਆਰ ਬਣਾਉਣ ਲੱਗਾ ਹੈ। ਉਸਦੀ ਨਿੱਜਤਾ ਦੇ ਕੁਝ ਸਫ਼ੇ ਉਹ ਆਪਣੇ ਦੋਸਤਾਂ ਤੱਕ ਵੀ ਪਹੁੰਚਾ ਚੁੱਕਾ ਹੈ।

“ਪਲੀਜ਼, ਮੇਰਾ ਉਸ ਤੋਂ ਖਹਿੜਾ ਛੁਡਾ ਦਿਓ।”

ਉਸਦੇ ਸ਼ਬਦਾਂ ਵਿੱਚ ਡਰ ਦੀ ਇੱਕ ਲੰਮੀ ਛਾਂ ਸੀ।

ਮੈਂ ਉਸਦੀ ਸਾਰੀ ਕਹਾਣੀ ਸਮਝ ਗਿਆ।

ਛੁੱਟੀ ਦੇ ਸਮੇਂ ਮੈਂ ਸਕੂਲ ਚਲਾ ਗਿਆ। ਯੋਜਨਾ ਮੁਤਾਬਿਕ ਓਹ ਤੀਜਾ ਹਿੱਸਾ ਛੁੱਟੀ ਲੈ ਕੇ ਘਰ ਚਲੀ ਗਈ ਸੀ ਅਤੇ ਮੈਂ ਕਲਰਕ ਨੂੰ ਦੋ ਮਿੰਟ ਰੁਕਣ ਲਈ ਕਿਹਾ।

ਵਰਦੀ  ਕਰਕੇ ਸਭ ਮੇਰੇ ਵੱਲ ਅਜੀਬ ਤਰੀਕੇ ਨਾਲ ਵੇਖ ਰਹੇ ਸਨ। ਕਲਰਕ ਡਰ ਗਿਆ ਸੀ।

ਮੈਂ ਸਟਾਫ਼ ਨੂੰ ਸੁਣਾਉਂਦਿਆਂ ਕਿਹਾ ਕਿ ਮੇਰੀ ਘਰਵਾਲੀ ਟੀਚਰ ਆ। ਕਲਰਕ ਸਾਹਿਬ ਤੋਂ ਟੈਕਸ ਦੇ ਸਬੰਧਤ ਰਾਇ ਚਾਹੀਦੀ ਹੈ।

ਸਟਾਫ਼ ਚਲਾ ਗਿਆ।

ਮੈਂ ਮੁੱਛ ਨੂੰ ਮਰੋੜਦਿਆਂ ਕਿਹਾ,

“ਹਾਂ ਬਈ… ਦਿਲ ਦੀ ਤਾਰਾਂ ਜੋੜਨ ਆਉਨਾਂ ਸਕੂਲ?”

ਉਹ ਅੱਖਾਂ ਪਾੜ ਕੇ ਮੇਰੇ ਵੱਲ ਵੇਖਿਆ। ਉਹ ਸਿਰ ਤੋਂ ਪੈਰਾਂ ਤੱਕ ਕੰਬ ਗਿਆ।

“ਸਮਝ ਤਾਂ ਕਾਕਾ ਤੂੰ ਗਿਆ… ਜੇ ਹੁਣ ਮੈਡਮ ਦੇ ਪਰਛਾਵੇਂ ਵੱਲ ਵੀ ਵੇਖਣ ਦੀ ਕੋਸ਼ਿਸ਼  ਕੀਤੀ ਤਾਂ ਐਸਾ ਪੁੱਠਾ ਟੰਗੂ… ਮੇਰੀ ਰਿਸ਼ਤੇਦਾਰ ਆ ਉਹ।”

ਮੈਂ ਆਪਣਾ ਰੋਅਬ ਜਾਰੀ ਰੱਖਿਆ।

“ਮੇਰੇ ਕੋਲ ਓਹਦਾ ਬਹੁਤ ਕੁਝ ਆ ਬਾਈ ਜੀ … ਬਾਕੀ ਹੁਣ ਜੇ ਬਦ..ਲ..”

ਉਸਨੇ ਫੋਨ ਕੱਢਦਿਆਂ ਕਿਹਾ।

“ਅੱਛਾ… ਫਿਰ ਇਹ ਤੇਰੀ ਘਰਵਾਲੀ ਨਾਲ  ਇਕੱਠੇ ਵੇਖਦੇ ਹਨ।”

ਮੈਂ ਉਸਦਾ ਤੀਰ ਰੋਕਿਆ।

ਉਹ ਡਰ ਗਿਆ ਅਤੇ ਮਿੰਨਤਾਂ ਕਰਨ ਲੱਗਿਆ ਕਿ ਮੈਥੋਂ ਗਲਤੀ ਹੋ ਗਈ। ਮੈਨੂੰ ਵੀ ਤਰਸ ਆਇਆ।

ਪਰ ਅੰਤ ਉਸਨੇ ਇੱਕ ਗੱਲ ਆਖੀ,

“ਬਾਈ ਜੀ, ਉਹ ਤੀਵੀਂ ਇੱਕ ’ਤੇ ਖੜਨ ਵਾਲੀ ਨਹੀਂ…”

ਉਸਦੇ ਇਹ ਸ਼ਬਦ ਮੈਨੂੰ ਵਿਹੁ ਵਾਂਗ ਲੱਗੇ, ਪਰ ਮੈਂ ਉਥੋਂ ਆ ਗਿਆ।

ਸਾਰੀ ਘਟਨਾ ਮੈਂ ਮਾਸਟਰਨੀ ਨੂੰ ਦੱਸੀ। ਕੁਝ ਦਿਨ ਬਾਅਦ ਉਸਨੇ ਮੇਰਾ ਧੰਨਵਾਦ ਕੀਤਾ ਕਿ ਕਲਰਕ ਹੁਣ ਅੱਖ ਵਿੱਚ ਪਾਇਆ ਨਹੀਂ ਰੜਕਦਾ।

ਮੈਂ ਆਪਣੀ ਨਿਸ਼ਾਨੀ ਮੰਗੀ ਤਾਂ ਉਹ ਸਹਿਮਤ ਹੋ ਗਈ।

ਅਸੀਂ ਪਰਦਿਆਂ ਪਿੱਛੇ ਇੱਕ ਥਾਂ ਮਿਲੇ।

ਸਮਾਂ ਲੰਘਦਾ ਗਿਆ। ਰਿਸ਼ਤੇ ਵਿੱਚ ਪਹਿਲਾਂ ਵਰਗੀ ਮਿਠਾਸ ਨਾ ਰਹੀ।

ਹੁਣ ਮੈਨੂੰ ਉਸਦਾ ਫੋਨ ਕਰਨਾ ਓਨਾ ਚੰਗਾ ਨਾ ਲੱਗਦਾ ਜਿੰਨਾ ਪਹਿਲਾਂ ਲੱਗਦਾ ਸੀ। ਫੋਨ ਦਾ ਰਿਸਕ ਵੀ ਸੀ। ਬਸ ਮੇਰੀ ਚਾਹਤ ਹੁੰਦੀ ਕਿ ਉਹ ਸਿਰਫ਼ ਮੈਨੂੰ ਮੁਲਾਕਾਤ ਲਈ ਬੁਲਾਵੇ।

ਹੌਲੀ-ਹੌਲੀ ਉਹ ਵੀ ਮੇਰੇ ਵਿੱਚੋਂ ਦਿਲਚਸਪੀ ਦਿਲਚਸਪੀ ਘਟਾ ਗਈ।

ਜਿਹੜੀ ਡੋਰ ਮੈਂ ਆਪਣੇ ਹੱਥ ਵਿੱਚ ਸਮਝ ਰਿਹਾ ਸੀ, ਉਹ ਹੁਣ ਹੌਲੀ-ਹੌਲੀ ਮੇਰੀਆਂ ਉਂਗਲਾਂ ਵਿੱਚੋਂ ਖਿਸਕ ਰਹੀ ਸੀ।

ਉਸਦਾ ਪਿੱਛੇ ਹਟਣਾ ਮੈਨੂੰ ਚੁਭਿਆ। ਮੈਂ ਪੜਚੋਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਜਿਸ ਬੱਸ ’ਤੇ ਸਕੂਲੋਂ ਆਉਂਦੀ ਹੈ, ਉਸਦੇ ਕੰਡਕਟਰ ਨਾਲ ਬੜਾ ਹੱਸ-ਹੱਸ ਕੇ ਗੱਲਾਂ ਕਰਦੀ ਹੈ।

ਮੇਰੇ ਮਨ ਦੀ ਖਿੜਕੀ ’ਤੇ ਸ਼ੱਕ ਦਾ ਪਰਦਾ ਪੂਰੀ ਤਰ੍ਹਾਂ ਡਿੱਗ ਚੁੱਕਾ ਸੀ।

ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ।

ਮੈਂ ਇੱਕ ਦਿਨ ਉਸਨੂੰ ਫੋਨ ਕੀਤਾ, ਪਰ ਉਹ ਮਿਲਣ ਲਈ ਨਾ ਮੰਨੀ। ਮੈਂ ਫਿਰ ਸਕੂਲ ਵਿੱਚ ਪਹੁੰਚ ਗਿਆ।

ਉਹ ਕਸੂਤੀ ਫਸੀ। ਉਸਨੇ ਜੁਆਕਾਂ ਤੋਂ ਕੁਰਸੀ ਮੰਗਵਾਈ ਅਤੇ ਮੇਰੇ ਨਾਲ ਨਿੰਮ ਥੱਲੇ ਬੈਠ ਗਈ।

“ਮੇਰੀ ਗੱਲ ਦਾ ਸਪਸ਼ਟ ਜਵਾਬ ਦੇਵੀਂ।”

ਮੈਂ ਪੁੱਛਿਆ।

“ਹੁਣ ਤੱਕ ਤੁਸੀਂ ਮੇਰਾ ਨੇਚਰ ਹੀ ਨੀਂ ਸਮਝ ਸਕੇ… ਚਲੋ ਐਨੀਵੇ… ਪੁੱਛੋ… ਜੋ ਪੁੱਛਣਾ।”

“ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ… ਮੈਂ ਤੇਰੇ ਲਈ ਕੀ ਕੁਝ ਨਹੀਂ ਕੀਤਾ, ਪਰ ਤੂੰ ਕੀ ਨਿਕਲੀ… ਆਹ ਕੰਡਕਟਰ ਈ ਮਿਲਿਆ ਸੀ?”

ਮੈਂ ਗੁੱਸਾ ਅੰਦਰੋਂ ਕੱਢਿਆ।

ਉਹ ਮੁਸਕਰਾਈ।

“ਸੁਣੋਗੇ ਫਿਰ ਜੇ ਮੈਂ ਬੋਲਾਂ?”

“ਹਾਂ… ਹਾਂ… ਬੋਲ।”

“ਮਰਦ ਤੇ ਇਸਤਰੀ ਵਿੱਚ ਕੁਦਰਤ ਨੇ ਬਹੁਤ ਫਰਕ ਰੱਖਿਆ ਤੇ ਉਪਰੋਂ ਸਮਾਜ ਨੇ ਇਹ ਵਿਤਕਰਾ ਨੀਂ ਛੱਡਿਆ…”

“ਕਹਾਣੀਆਂ ਨਾ ਪਾ, ਸਿੱਧਾ ਬੋਲ।”

“ਸਿੱਧਾ ਸੁਣਨਾ ਹੈ ਤਾਂ ਸੁਣੋ… ਛੱਡਿਆ ਤੁਸੀਂ ਆ ਮੈਂ ਨੀ… ਮੈਂ ਮੰਨਦੀ ਹਾਂ ਕਿ ਮੈਂ ਕਈ ਸਫ਼ਰਾਂ ਵਿੱਚੋਂ ਲੰਘੀ ਹਾਂ ਪਰ ਜਦ ਮੈਨੂੰ ਉਹ ਮਿਲਦਾ ਹੀ ਨਹੀਂ ਜੋ ਮੇਰੀ ਚਾਹਤ ਹੈ ਤਾਂ ਮੈਂ ਕੀ ਕਰਾਂ?… ਪਹਿਲਾਂ ਪਤੀ ਦੇ ਪਿਆਰ ਨੂੰ ਤਰਸੀ ਪਰ ਫਿਰ ਕਲਰਕ ਦੀ ਹਮਦਰਦੀ ਵਿਚੋਂ ਪਿਆਰ ਲੱਭਣ ਲੱਗੀ ਪਰ ਦੋਵਾਂ ਦੇ ਪਿਆਰ ਵਿੱਚ ਸਿਰਫ਼ ਆਪਣੀ ਤ੍ਰੇਹ ਸੀ… ਸਮਾਜ ਨੇ ਮੇਰੇ ਉੱਤੇ ਦਾਗ਼ ਰੱਖ ਦਿੱਤਾ ਤੇ ਫਿਰ ਤੁਹਾਡਾ ਆਸਰਾ ਲਿਆ ਪਰ ਮਾਫ਼ ਕਰਨਾ ਤੁਸੀ ਵੀ ਮੈਨੂੰ ਇੱਕ ਖੁੱਲ੍ਹੀ ਕਿਤਾਬ ਤੋਂ ਵੱਧ ਕੁੱਝ ਨੀਂ ਸਮਝਿਆ… ਜਦ ਅਸੀਂ ਕਰੀਬ ਹੋਏ ਸੀ ਤਾਂ ਉਸ ਸਮੇਂ ਤੇ ਹੁਣ ਦੀਆਂ ਗੱਲਾਂ ਵਿੱਚ ਫਰਕ ਵੇਖੋ… ਤੁਸੀ ਖੁਦ ਮਹਿਸੂਸ ਕਰੋਗੇ… ਔਰਤ ਕਾਮ ਦੀ ਨਹੀਂ ਸਹਾਰੇ ਦੀ ਮੰਗ ਕਰਦੀ ਆ… ਸੱਚੇ ਪਿਆਰ ਦੀ ਮੰਗ ਕਰਦੀ ਆ।”

“ਅੱਛਾ… ਤਾਂ ਹੁਣ ਆ ਕੰਡਕਟਰ ਵਿਚੋਂ ਮਿਲ ਗਿਆ ਸੱਚਾ ਪਿਆਰ?”

ਮੈਂ ਗੁੱਸੇ ਵਿੱਚ ਕਿਹਾ।

“ਨਾਂਹ… ਸਿਰਫ਼ ਕੁੱਝ ਦਿਨ ਲਈ ਮਿਲੇਗਾ ਇਹਦਾ ਪਿਆਰ ਵੀ… ਫਿਰ ਇਹ ਵੀ ਕਲਰਕ ਤੇ ਤੁਹਾਡੇ ਵਾਂਗ…”

“…ਤੇ ਫਿਰ ਉਸਤੋਂ ਬਾਅਦ?”

ਮੈਂ ਸਵਾਲ ਕੀਤਾ।

“ਅੱਗੇ ਹੋਰ ਵੇਖਾਂਗੇ… ਮੈਂ ਹੁਣ ਸਫ਼ਰਾਂ ਦੀ ਗਿਣਤੀ ਨਹੀਂ ਕਰਦੀ… ਨਿਗਾਹਾਂ ਦੇ ਜਾਲ ਵਿੱਚ ਫਸਣ ਮਰਦਾਂ ਦੀ ਕਮੀ ਨਹੀਂ ਹੁੰਦੀ… ਜੋ ਚਾਹੇ ਉਸਨੂੰ ਮਨਾ ਸਕਦੀ ਆ ਔਰਤ, ਬਸ ਉਸਨੂੰ ਆਪਣੇ ਕੁੱਝ ਪਰਦੇ ਉਤਾਰਨੇ ਪੈਂਦੇ ਨੇ… ਮੈਂ ਮੰਨਦੀ ਹਾਂ ਕਿ ਮੇਰੇ ਪਰਦੇ ਬਹੁਤ ਹੱਦ ਤੱਕ ਉੱਠ ਚੁੱਕੇ ਨੇ ਪਰ ਉਹਨਾਂ ਮਰਦਾਂ ਤੋਂ ਮੈਂ ਵੱਧ ਦਾਗ਼ੀ ਨੀਂ ਜੋ ਮੇਰੇ ਵਰਗੀ ਦੀ ਮੁਸਕਰਾਹਟ ’ਤੇ ਆਪਣੇ ਅਸੂਲਾਂ ਨੂੰ ਵੀ ਮਿੱਟੀ ਵਿੱਚ ਮਿਲਾ ਦਿੰਦੇ ਨੇ।”

ਓਸਨੇ ਲੰਬਾ ਸਾਹ ਲਿਆ।

“ ਤੁਸੀ ਝੂਠ ਬੋਲਦੇ ਹੋ ਆਪਣੇ ਆਪ ਨੂੰ ਕਿ ਅਸੀ ਸੱਚੇ-ਸੁੱਚੇ ਹਾਂ… ਪਰ ਸੋਚ ਕਿ ਵੇਖੋ ਕਿ ਤੁਸੀਂ ਆਪਣੇ ਈਮਾਨ ਤੇ ਕਿੰਨੇ ਕੁ ਸਹੀ ਹੋ… । ਚਲੋ ਛੱਡੋ… ਹੁਣ ਪਲੀਜ਼ ਜਾਓ… ਮੈਂ ਵੀ ਪੀਰੀਅਡ ਲਾਉਣਾ।”

ਉਹ ਖੜ੍ਹੀ ਹੋ ਗਈ।

“ਪਲੀਜ਼ ਇੱਕ ਵਾਰ ਮੁੜ ਮੇਰੀ ਹੋ ਜਾ।”

ਮੈਂ ਤਰਲਾ ਕੀਤਾ।

ਉਹ ਫਿਰ ਮੁਸਕਰਾਈ।

“ਪਲੀਜ਼ ਹੁਣ ਇਹ ਗੱਲ ਛੱਡੋ… ਤੁਸੀ ਸਮਾਂ ਸੰਭਾਲ ਨੀਂ ਸਕੇ। ਔਰਤ ਦਾ ਦਿਲ ਸ਼ੀਸ਼ਾ ਹੁੰਦਾ ਜੋ ਮਨ ਸਾਹਮਣੇ ਹੋਵੇ ਉਹੀ ਦਿਲ ਵਿੱਚ ਹੁੰਦਾ; ਕੱਲ੍ਹ ਤੁਸੀ ਮਨ ਸਾਹਮਣੇ ਸੀ ਪਰ ਅੱਜ ਨੀਂ…”

“ਤੇ ਹੁਣ ਮਨ ਸਾਹਮਣੇ ਕੌਣ ਹੈ?”

ਮੈਂ ਪੁੱਛਿਆ।

“ਕੰਡਕਟਰ।”

ਉਹ ਇਹ ਆਖ ਤੁਰ ਗਈ।

ਮੇਰੇ ਮਨ ਵਿੱਚ ਇੱਕ ਕੌੜਾ ਸ਼ਬਦ ਉੱਭਰਿਆ, ਪਰ ਫਿਰ ਉਸਨੂੰ ਅੰਦਰ ਹੀ ਰੋਕ ਗਿਆ।

 ਉਸ ਪਲ ਪਹਿਲੀ ਵਾਰ ਮੇਰੇ ਸਾਹਮਣੇ ਕੋਈ ਹੋਰ ਨਹੀਂ, ਮੈਂ ਖੁਦ ਖੜ੍ਹਾ ਸੀ।

ਸ਼ਾਇਦ ਮੈਂ ਆਪਣੇ ਆਪ ਨੂੰ ਪੜਚੋਲ ਲਿਆ ਸੀ।

ਕਹਾਣੀਕਾਰ ਹਰਪ੍ਰੀਤ ਜਟਾਣਾ

 ਪਿੰਡ ਅਤੇ ਡਾਕ ਚੌਕੇ(ਬਠਿੰਡਾ)

 ਮੋਬਾਇਲ ਨੰਬਰ 9463637758

Recent Posts

ਕੀ ਅਸੀਂ ਅਸਲ ਵਿੱਚ ਓਨੇ ਹੀ ਸੱਚੇ-ਸੁੱਚੇ ਹਾਂ ਜਿੰਨੇ ਅਸੀਂ ਆਪਣੇ ਆਪ ਨੂੰ ਮੰਨਦੇ ਹਾਂ? 💭 ਮਨੁੱਖੀ ਮਨ ਦੀਆਂ ਗੁੰਝਲਾਂ, ਸਮਾਜਿਕ ਨਕਾਬਾਂ, ਨੈਤਿਕਤਾ ਦੇ ਦੋ-ਰੁਖੇਪਣ ਅਤੇ ਆਤਮ-ਪੜਚੋਲ ਦੀ ਇੱਕ ਡੂੰਘੀ ਤੇ ਸੰਜੀਦਾ ਪੇਸ਼ਕਾਰੀ — 'ਸ਼ੀਸ਼ੇ ਦੀ ਦੂਜੀ ਤਸਵੀਰ'। ਔਰਤ ਅਤੇ ਮਰਦ ਦੇ ਰਿਸ਼ਤਿਆਂ ਦੀ ਅਸਲ ਤਸਵੀਰ ਬਿਆਨ ਕਰਦੀ ਇਹ ਕਹਾਣੀ ਪੜ੍ਹ ਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
LinkedIn
WhatsApp
Skype

Leave a Comment

Your email address will not be published. Required fields are marked *

error: Content is protected !!
Scroll to Top