ਸੂਈ ਧਾਗਾ

ਕਹਾਣੀਕਾਰ : ਹਰਪ੍ਰੀਤ ਜਟਾਣਾ
ਪੋਹ ਦੀ ਠੰਢੀ ਰਾਤ ਸੀ।
ਰਾਤ ਚੁੱਪ ਸੀ, ਪਰ ਮੇਰੇ ਅੰਦਰ ਬਹੁਤ ਕੁਝ ਬੋਲ ਰਿਹਾ ਸੀ। ਨੀਂਦ ਮੇਰੀਆਂ ਅੱਖਾਂ ਤੋਂ ਕੋਹਾਂ ਦੂਰ ਸੀ। ਮੰਜੇ ਦੇ ਇੱਕ ਪਾਸੇ ਸੱਸ ਘੂਕ ਸੁੱਤੀ ਪਈ ਸੀ। ਉਸਦੇ ਘੁਰਾੜਿਆਂ ਦੀ ਆਵਾਜ਼ ਕਦੇ ਉੱਚੀ ਹੁੰਦੀ, ਕਦੇ ਹੌਲੀ। ਦੂਜੇ ਪਾਸੇ ਮੇਰਾ ਪੁੱਤਰ ਰਜਾਈ ਵਿੱਚ ਵੜਿਆ ਪਿਆ ਸੀ। ਕਦੇ-ਕਦੇ ਪਾਸਾ ਬਦਲਦਾ ਤੇ ਫਿਰ ਗੂੜ੍ਹੀ ਨੀਂਦ ਵਿੱਚ ਡੁੱਬ ਜਾਂਦਾ।
ਮੈਨੂੰ ਲੱਗਦਾ ਸੀ, ਇਸ ਕਮਰੇ ਵਿੱਚ ਸਿਰਫ਼ ਮੈਂ ਹੀ ਜਾਗ ਰਹੀ ਹਾਂ। ਬਾਕੀ ਹਰ ਚੀਜ਼ ਸੁੱਤੀ ਪਈ ਹੈ।
ਮੈਂ ਰਜਾਈ ਨੂੰ ਸਰੀਰ ਨਾਲ ਹੋਰ ਘੁੱਟ ਕੇ ਲਾ ਲਿਆ। ਫਿਰ ਵੀ ਠੰਢੀ ਹਵਾ ਦਾ ਕੋਈ ਨਾ ਕੋਈ ਝੋਂਕਾ ਪਾਟੇ ਹੋਏ ਗਿਲਾਫ਼ ਵਿੱਚੋਂ ਰਸਤਾ ਬਣਾ ਕੇ ਅੰਦਰ ਆ ਜਾਂਦਾ।
ਮੈਂ ਸੋਚਿਆ—ਇਹ ਹਵਾ ਵੀ ਉਹਨਾਂ ਮਰਦਾਂ ਵਰਗੀ ਹੈ, ਜਿਹੜੇ ਵਿਧਵਾ ਔਰਤ ਨੂੰ ਇਕੱਲੀ ਵੇਖ ਕੇ ਉਸਦੀ ਮਜਬੂਰੀ ਵਿੱਚ ਆਪਣਾ ਰਸਤਾ ਲੱਭ ਲੈਂਦੇ ਹਨ।
ਮੇਰੀ ਨਜ਼ਰ ਰਜਾਈ ਦੇ ਪਾਟੇ ਹੋਏ ਗਿਲਾਫ਼ ’ਤੇ ਟਿਕ ਗਈ।
ਨੀਂਦ ਤਾਂ ਆਉਣੀ ਨਹੀਂ। ਸੋਚਿਆ, ਗਿਲਾਫ਼ ਹੀ ਸੀਂ ਲਵਾਂ।
ਮੈਂ ਦਰਾਜ਼ ਖੋਲ੍ਹੀ। ਅੰਦਰ ਧਾਗੇ ਦੀਆਂ ਕਈ ਰੀਲਾਂ ਪਈਆਂ ਸਨ, ਪਰ ਸੂਈ ਵਿੱਚ ਧਾਗਾ ਨਹੀਂ ਸੀ। ਮੈਂ ਸੂਈ ਚੁੱਕ ਲਈ।
ਸੂਈ ਹੱਥ ਵਿੱਚ ਆਈ ਤਾਂ ਬਚਪਨ ਦਾ ਇੱਕ ਦ੍ਰਿਸ਼ ਅੱਖਾਂ ਸਾਹਮਣੇ ਆ ਗਿਆ।
ਇੱਕ ਵਾਰ ਕੱਪੜੇ ਸਿਉਂਦਿਆਂ ਮੈਂ ਸੂਈ ਧਾਗੇ ਤੋਂ ਵੱਖ ਕਰਕੇ ਦਰਾਜ਼ ਵਿੱਚ ਰੱਖ ਦਿੱਤੀ ਸੀ। ਮਾਂ ਨੇ ਵੇਖ ਲਿਆ ਸੀ।
“ਨਾ ਧੀਏ… ਸੂਈ ਨੂੰ ਕਦੇ ਧਾਗੇ ਤੋਂ ਬਿਨਾਂ ਨਹੀਂ ਰੱਖੀਦਾ।”
ਮੈਂ ਹੱਸ ਪਈ ਸੀ।
ਮਾਂ ਨੇ ਮੇਰੇ ਹੱਥੋਂ ਸੂਈ ਲੈਂਦਿਆਂ ਕਿਹਾ ਸੀ—
“ਧਾਗੇ ਤੋਂ ਬਿਨਾਂ ਸੂਈ ਰੰਡੀ ਹੋ ਜਾਂਦੀ ਆ।”
ਉਦੋਂ ਮੈਨੂੰ ਮਾਂ ਦੀ ਗੱਲ ਸਮਝ ਨਹੀਂ ਆਈ ਸੀ। ਅੱਜ, ਇੰਨੇ ਸਾਲਾਂ ਬਾਅਦ, ਉਸ ਵਾਕ ਦਾ ਅਰਥ ਮੇਰੇ ਅੰਦਰ ਆ ਕੇ ਬੈਠ ਗਿਆ ਸੀ।
ਮੈਂ ਸੂਈ ਵੱਲ ਵੇਖਿਆ।
ਅੱਜ ਇਹ ਵੀ ਮੇਰੇ ਵਰਗੀ ਲੱਗ ਰਹੀ ਸੀ—ਇਕੱਲੀ, ਜਾਗਦੀ ਹੋਈ, ਚੁੱਪਚਾਪ ਕੁਝ ਕਹਿੰਦੀ ਹੋਈ।
ਮੈਂ ਸੂਈ ਦਰਾਜ਼ ਵਿੱਚ ਰੱਖ ਦਿੱਤੀ।
ਨੀਂਦ ਨਾ ਆਉਣ ਦਾ ਕਾਰਨ ਅੱਜ ਦੀ ਸ਼ਾਮ ਦੀ ਘਟਨਾ ਸੀ।
ਸੁੱਖਾ।
ਸੁੱਖਾ ਪਿਛਲੇ ਪੰਜ ਸਾਲਾਂ ਤੋਂ ਸਾਡੀ ਜ਼ਮੀਨ ਠੇਕੇ ’ਤੇ ਲੈਂਦਾ ਆ ਰਿਹਾ ਸੀ। ਤਿੰਨ ਭਰਾ ਸਨ ਉਹ। ਜ਼ਮੀਨ ਘੱਟ ਸੀ, ਇਸ ਲਈ ਸੁੱਖੇ ਦਾ ਵਿਆਹ ਨਹੀਂ ਹੋਇਆ ਸੀ। ਮਿਹਨਤੀ ਸੀ, ਸਾਊ ਸੀ ਅਤੇ ਆਪਣੀ ਮਿਹਨਤ ਨਾਲ ਰੋਟੀ ਕਮਾਉਣ ਵਾਲਾ ਬੰਦਾ ਸੀ।
ਮੇਰੇ ਪਤੀ ਦੀ ਮੌਤ ਤੋਂ ਬਾਅਦ ਘਰ ਦੀ ਜ਼ਮੀਨ ਦਾ ਕੰਮ ਵੀ ਇੱਕ ਵੱਡੀ ਚਿੰਤਾ ਬਣ ਗਿਆ ਸੀ। ਸਾਡੇ ਕੋਲ ਇੱਕ ਮੱਝ ਸੀ। ਜ਼ਮੀਨ ਠੇਕੇ ’ਤੇ ਦੇਣ ਵੇਲੇ ਅਸੀਂ ਸ਼ਰਤ ਰੱਖੀ ਸੀ ਕਿ ਪੱਠਿਆਂ ਦੀ ਇੱਕ ਪੰਡ ਤੇ ਕਣਕ ਸਾਡੇ ਘਰ ਜ਼ਰੂਰ ਦੇਵੇਗਾ।
ਸੁੱਖੇ ਨੇ ਕਦੇ ਸ਼ਰਤ ਨਹੀਂ ਤੋੜੀ ਸੀ।
ਪਿੰਡ ਦੀ ਜ਼ਬਾਨ ਨੇ ਜ਼ਰੂਰ ਕਈ ਵਾਰ ਆਪਣੀ ਹੱਦ ਪਾਰ ਕੀਤੀ ਸੀ।
ਇੱਕ ਦਿਨ ਗੁਆਂਢਣ ਨੇ ਆ ਕੇ ਦੱਸਿਆ ਸੀ ਕਿ ਪਿੰਡ ਵਿੱਚ ਸੁੱਖੇ ਤੇ ਮੇਰੇ ਬਾਰੇ ਗੱਲਾਂ ਹੋ ਰਹੀਆਂ ਸਨ।
ਮੈਂ ਉਸ ਦਿਨ ਬਹੁਤ ਰੋਈ ਸੀ।
ਸੁੱਖੇ ਨੇ ਕਦੇ ਮੇਰੇ ਵੱਲ ਅੱਖ ਚੁੱਕ ਕੇ ਨਹੀਂ ਵੇਖਿਆ ਸੀ। ਪੱਠਿਆਂ ਦੀ ਪੰਡ ਵਰਾਂਡੇ ਵਿੱਚ ਰੱਖਦਾ ਤੇ ਉੱਥੋਂ ਹੀ ਮੁੜ ਜਾਂਦਾ। ਜੇ ਕਦੇ ਘਰ ਅੰਦਰ ਆਉਣਾ ਵੀ ਪੈਂਦਾ ਤਾਂ ਨਜ਼ਰ ਥੱਲੇ ਰੱਖਦਾ।
ਪਰ ਮੈਂ ਉਸਨੂੰ ਕਦੇ-ਕਦੇ ਚੋਰੀ-ਚੋਰੀ ਵੇਖ ਲੈਂਦੀ।
ਮੈਨੂੰ ਉਸ ’ਤੇ ਤਰਸ ਆਉਂਦਾ।
ਸਵੇਰ ਤੋਂ ਸ਼ਾਮ ਤੱਕ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਉਸਦੀ ਆਪਣੀ ਜ਼ਮੀਨ ਘੱਟ ਸੀ, ਪਰ ਮਿਹਨਤ ਕਰਨ ਦਾ ਹੌਸਲਾ ਵੱਡਾ।
ਕੁਦਰਤ ਦੇ ਵੀ ਅਜੀਬ ਹਿਸਾਬ ਹੁੰਦੇ ਹਨ।
ਸਾਡੇ ਘਰ ਮਰਦ ਦੀ ਕਮੀ ਸੀ, ਉਸਦੇ ਘਰ ਔਰਤ ਦੀ।
ਸਾਡੀ ਜ਼ਮੀਨ ਨੂੰ ਵਾਹੁਣ ਵਾਲੇ ਹੱਥਾਂ ਦੀ ਲੋੜ ਸੀ, ਉਸਨੂੰ ਜ਼ਮੀਨ ਦੀ।
ਕਦੇ-ਕਦੇ ਮੇਰੇ ਮਨ ਵਿੱਚ ਆਉਂਦਾ ਕਿ ਆਪਣੇ ਹਿੱਸੇ ਦੀ ਜ਼ਮੀਨ ਉਸਦੇ ਨਾਮ ਕਰ ਦਿਆਂ। ਸ਼ਾਇਦ ਉਸਦਾ ਘਰ ਵੱਸ ਜਾਵੇ।
ਪਰ ਫਿਰ ਪਿੰਡ ਦੀਆਂ ਅੱਖਾਂ ਮੇਰੇ ਸਾਹਮਣੇ ਆ ਖੜ੍ਹਦੀਆਂ।
ਸਮਾਜ ਨੂੰ ਕੀ ਜਵਾਬ ਦਿੰਦੀ?
ਇੱਕ ਸਾਲ ਅਸੀਂ ਲੋਕਾਂ ਦੀਆਂ ਗੱਲਾਂ ਤੋਂ ਬਚਣ ਲਈ ਜ਼ਮੀਨ ਜੀਤੇ ਨੂੰ ਠੇਕੇ ’ਤੇ ਦੇ ਦਿੱਤੀ।
ਜਦੋਂ ਸੁੱਖੇ ਨੂੰ ਪਤਾ ਲੱਗਿਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ ਸਨ। ਉਸਨੇ ਕੁਝ ਨਹੀਂ ਕਿਹਾ। ਬੱਸ ਚੁੱਪਚਾਪ ਮੁੜ ਗਿਆ।
ਉਸ ਦਿਨ ਉਸਦਾ ਚਿਹਰਾ ਮੇਰੇ ਮਨ ਵਿੱਚ ਜਿਵੇਂ ਕਿਸੇ ਨੇ ਖੋਦ ਦਿੱਤਾ ਹੋਵੇ।
ਔਰਤਾਂ ਸ਼ਾਇਦ ਯਾਦਾਂ ਨੂੰ ਭੁੱਲਦੀਆਂ ਨਹੀਂ। ਉਹ ਉਨ੍ਹਾਂ ਨੂੰ ਆਪਣੇ ਅੰਦਰ ਕਿਸੇ ਪੁਰਾਣੇ ਸੰਦੂਕ ਵਾਂਗ ਬੰਦ ਕਰ ਲੈਂਦੀਆਂ ਹਨ। ਕਦੇ ਕੋਈ ਆਵਾਜ਼, ਕੋਈ ਖੁਸ਼ਬੂ ਜਾਂ ਕੋਈ ਚਿਹਰਾ ਉਸ ਸੰਦੂਕ ਦੀ ਕੁੰਡੀ ਖੋਲ੍ਹ ਦਿੰਦਾ ਹੈ।
ਜੀਤਾ ਦੋ ਜਵਾਕਾਂ ਦਾ ਬਾਪ ਸੀ। ਕਬੀਲਦਾਰ ਬੰਦਾ। ਪਰ ਉਸਦੀ ਕਬੀਲਦਾਰੀ ਉਸਦੇ ਚਾਲ-ਚਲਣ ਨੂੰ ਨਹੀਂ ਢੱਕ ਸਕੀ।
ਉਹ ਵਾਰ-ਵਾਰ ਸਾਡੇ ਘਰ ਗੇੜਾ ਮਾਰਨ ਲੱਗ ਪਿਆ। ਮੇਰੇ ਵੱਲ ਵੇਖ ਕੇ ਮੁੱਛਾਂ ਨੂੰ ਤਾਅ ਦਿੰਦਾ।
ਮੈਨੂੰ ਉਸ ਤੋਂ ਘਿਣ ਆਉਂਦੀ।
ਇੱਕ ਸ਼ਾਮ ਸੱਸ ਘਰ ਨਹੀਂ ਸੀ। ਮੈਂ ਰਸੋਈ ਵਿੱਚ ਰੋਟੀਆਂ ਬਣਾ ਰਹੀ ਸੀ ਕਿ ਜੀਤਾ ਦਰਵਾਜ਼ੇ ’ਤੇ ਆ ਖੜ੍ਹਾ ਹੋਇਆ।
“ਸਤਿ ਸ੍ਰੀ ਅਕਾਲ, ਭਾਬੀ ਜੀ… ਚਾਚੀ ਘਰੇ ਨਹੀਂ?”
ਉਸਦੀ ਨਜ਼ਰ ਮੇਰੇ ਚਿਹਰੇ ’ਤੇ ਨਹੀਂ, ਮੇਰੇ ਇਕੱਲੇਪਣ ’ਤੇ ਸੀ।
“ਨਾ ਵੀਰ ਜੀ… ਅਜੇ ਤਾਂ ਨਹੀਂ ਆਏ। ਤੁਸੀਂ ਕੱਲ੍ਹ ਆ ਜਾਇਓ।”
ਮੈਂ ਅੰਦਰੋਂ ਸਹਿਮ ਗਈ ਸੀ।
ਉਹ ਇੱਕ ਕਦਮ ਅੱਗੇ ਵਧਿਆ।
“ਅੱਛਾ… ਇਕੱਲੀ ਆ ਫਿਰ, ਭਰਜਾਈਏ? ਲਿਆ, ਮੈਂ ਮਦਦ ਕਰਾਂ…”
ਉਸਦੇ ਮੂੰਹ ਵਿੱਚੋਂ ਸ਼ਰਾਬ ਦੀ ਤਿੱਖੀ ਬੂ ਆ ਰਹੀ ਸੀ।
ਮੈਂ ਹੱਥ ਵਿੱਚ ਫੜਿਆ ਗਰਮ ਚਿਮਟਾ ਉਸਦੀ ਬਾਂਹ ਨਾਲ ਲਾ ਦਿੱਤਾ।
ਉਹ ਚੀਕਦਾ ਹੋਇਆ ਪਿੱਛੇ ਹਟਿਆ ਤੇ ਦੌੜ ਗਿਆ।
ਉਸ ਦਿਨ ਤੋਂ ਬਾਅਦ ਉਸਦੀ ਸ਼ਰਾਬ ਦੀ ਬੂ ਮੇਰੀ ਯਾਦ ਵਿੱਚ ਵੱਸ ਗਈ।
ਕੁਝ ਬੂਆਂ ਨੱਕ ਵਿੱਚ ਨਹੀਂ, ਮਨ ਵਿੱਚ ਵੱਸਦੀਆਂ ਹਨ।
ਅੱਜ ਸੁੱਖੇ ਨੇ ਵੀ ਸ਼ਰਾਬ ਪੀਤੀ ਹੋਈ ਸੀ।
ਪਰ ਉਸਦੇ ਕੋਲੋਂ ਆਉਂਦੀ ਬੂ ਮੈਨੂੰ ਜੀਤੇ ਵਰਗੀ ਨਹੀਂ ਲੱਗੀ।
ਸ਼ਾਇਦ ਇਸ ਲਈ ਕਿ ਮਨੁੱਖ ਦੀ ਪਛਾਣ ਸਿਰਫ਼ ਉਸਦੇ ਸਾਹਾਂ ਦੀ ਬੂ ਨਾਲ ਨਹੀਂ ਹੁੰਦੀ।
ਪਿਛਲੇ ਕੁਝ ਦਿਨਾਂ ਤੋਂ ਮੈਂ ਸੁੱਖੇ ਵਿੱਚ ਬਦਲਾਅ ਮਹਿਸੂਸ ਕਰ ਰਹੀ ਸੀ।
ਜਦੋਂ ਉਹ ਘਰ ਆਉਂਦਾ, ਉਸਦੀ ਨਜ਼ਰ ਮੇਰੇ ’ਤੇ ਠਹਿਰ ਜਾਂਦੀ। ਮੈਂ ਉਸ ਵੱਲ ਵੇਖਦੀ ਤਾਂ ਉਹ ਤੁਰੰਤ ਅੱਖਾਂ ਫੇਰ ਲੈਂਦਾ, ਜਿਵੇਂ ਉਸਨੇ ਮੈਨੂੰ ਵੇਖਿਆ ਹੀ ਨਾ ਹੋਵੇ।
ਅਜੀਬ ਗੱਲ ਸੀ—ਉਸਦਾ ਇਸ ਤਰ੍ਹਾਂ ਵੇਖਣਾ ਮੈਨੂੰ ਬੁਰਾ ਨਹੀਂ ਲੱਗਦਾ ਸੀ।
ਮੈਂ ਅੱਜਕੱਲ੍ਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੱਧ ਵੇਖਣ ਲੱਗ ਪਈ ਸੀ।
ਕਦੇ ਆਪਣੇ ਆਪ ਨੂੰ ਪੁੱਛਦੀ—
ਮੈਨੂੰ ਸੁੱਖੇ ਦੀ ਉਡੀਕ ਕਿਉਂ ਰਹਿੰਦੀ ਹੈ?
ਸ਼ਾਇਦ ਔਰਤ ਕਿਸੇ ਦੀ ਨਿਗਾਹ ਨੂੰ ਮਰਦ ਨਾਲੋਂ ਪਹਿਲਾਂ ਪਛਾਣ ਲੈਂਦੀ ਹੈ।
ਪਰ ਉਹ ਹਮੇਸ਼ਾ ਬੋਲਦੀ ਨਹੀਂ।
ਅੱਜ ਸ਼ਾਮ ਸੁੱਖੇ ਨੇ ਵਰਾਂਡੇ ਵਿੱਚੋਂ ਆਵਾਜ਼ ਮਾਰੀ—
“ਤਾਈ… ਆਹ ਸਾਗ ਲਿਆਇਆ ਖੇਤੋਂ। ਫੜਿਓ।”
ਸੱਸ ਬਿਮਾਰ ਸੀ। ਸ਼ਾਇਦ ਸੁੱਖੇ ਨੂੰ ਪਤਾ ਸੀ ਕਿ ਉਹ ਅੱਗੇ ਨਹੀਂ ਆ ਸਕਦੀ। ਸੱਸ ਨੇ ਵੀ ਮੈਨੂੰ ਹੀ ਸਾਗ ਫੜਨ ਲਈ ਭੇਜ ਦਿੱਤਾ।
ਮੈਂ ਵਰਾਂਡੇ ਵਿੱਚ ਗਈ।
ਉਸਨੇ ਸਾਗ ਮੇਰੇ ਵੱਲ ਕੀਤਾ।
ਜਿਵੇਂ ਹੀ ਮੈਂ ਫੜਿਆ, ਉਸਨੇ ਹੇਠੋਂ ਮੇਰੀ ਬਾਂਹ ਫੜ ਲਈ।
“ਭਾਬੀ… ਪਾਗਲ ਕਰ ਛੱਡਿਆ ਤੂੰ…”
ਉਸਦੇ ਸਾਹਾਂ ਵਿੱਚ ਸ਼ਰਾਬ ਦੀ ਬੂ ਸੀ।
ਮੈਂ ਇੱਕ ਝਟਕੇ ਨਾਲ ਬਾਂਹ ਛੁਡਾ ਲਈ।
ਡਰ ਮੇਰੇ ਅੰਦਰੋਂ ਲੰਘ ਗਿਆ।
ਮੈਂ ਪਿੱਛੇ ਮੁੜਨ ਲੱਗੀ।
“ਭਾਬੀ… ਗੱਲ ਸੁਣ, ਬੱਸ ਇੱਕ…”
ਉਸਦੀ ਆਵਾਜ਼ ਵਿੱਚ ਹੁਕਮ ਨਹੀਂ, ਤਰਲਾ ਸੀ।
ਮੈਂ ਰੁਕ ਗਈ।
“ਭਾਬੀ… ਮੈਂ ਐਨਾ ਅਣਜਾਣ ਨਹੀਂ। ਮੈਂ ਜਾਣਦਾ ਹਾਂ ਤੂੰ ਵੀ ਮੈਨੂੰ…”
ਉਹ ਥੋੜ੍ਹਾ ਰੁਕਿਆ।
“ਮੈਂ ਤੇਰਾ ਸਹਾਰਾ ਬਣ ਕੇ ਰਹੂੰ। ਬੱਸ ਤੇਰੀ ‘ ਹਾਂ’ ਦੀ ਲੋੜ ਆ। ਕੱਲ੍ਹ ਫੇਰ ਗਾਜਰਾਂ ਲਿਆਊਂਗਾ ਖੇਤੋਂ…”
ਮੈਂ ਕੁਝ ਨਹੀਂ ਕਿਹਾ।
ਉਹ ਵੀ ਕੁਝ ਪਲ ਚੁੱਪ ਰਿਹਾ।
ਫਿਰ ਮੈਂ ਅੰਦਰ ਆ ਗਈ।
ਉਸਦੇ ਸ਼ਬਦ ਮੇਰੇ ਪਿੱਛੇ-ਪਿੱਛੇ ਅੰਦਰ ਆ ਗਏ ਸਨ।
ਮੈਂ ਸੱਸ ਕੋਲ ਨਹੀਂ ਗਈ। ਆਪਣੇ ਕਮਰੇ ਵਿੱਚ ਬੈਠ ਗਈ।
ਮੇਰੇ ਅੰਦਰ ਇੱਕ ਅਜੀਬ ਤੂਫ਼ਾਨ ਉੱਠ ਰਿਹਾ ਸੀ।
ਕੀ ਮੈਂ ਸਾਰੀ ਉਮਰ ਇੰਝ ਹੀ ਜੀਵਾਂਗੀ?
ਇੱਕ ਪਾਸੇ ਸਮਾਜ ਦੀਆਂ ਅੱਖਾਂ ਸਨ, ਦੂਜੇ ਪਾਸੇ ਮੇਰੀ ਆਪਣੀ ਜ਼ਿੰਦਗੀ।
ਮੈਂ ਸੁੱਖੇ ਬਾਰੇ ਸੋਚਿਆ।
ਉਸਦੀ ਮਿਹਨਤ।
ਉਸਦੀ ਚੁੱਪ।
ਉਸਦਾ ਸਾਲਾਂ ਤੱਕ ਸਾਡੇ ਘਰ ਦੇ ਬੂਹੇ ਤੋਂ ਅੱਗੇ ਨਾ ਵਧਣਾ।
ਅਤੇ ਅੱਜ ਉਸਦੀ ਮੇਰੇ ਸਾਹਮਣੇ ਕੀਤੀ ਗੱਲ।
ਕੀ ਇਹ ਸਿਰਫ਼ ਇੱਕ ਮਰਦ ਦੀ ਇੱਛਾ ਸੀ?
ਜਾਂ ਸੱਚਮੁੱਚ ਕਿਸੇ ਇਕੱਲੇ ਮਨੁੱਖ ਦਾ ਦੂਜੇ ਇਕੱਲੇ ਮਨੁੱਖ ਵੱਲ ਵਧਿਆ ਹੱਥ?
ਮੈਨੂੰ ਜਵਾਬ ਨਹੀਂ ਮਿਲਿਆ।
ਪਰ ਅੰਦਰੋਂ ਇੱਕ ਆਵਾਜ਼ ਆਈ—
“ਕੱਲ੍ਹ ਗਾਜਰਾਂ ਦੇ ਵੱਟੇ ਦਿਲ ਵਟਾ ਲਵਾਂ…”
ਮੇਰੇ ਅੰਦਰ ਜਿਵੇਂ ਹਨੇਰੇ ਵਿੱਚ ਇੱਕ ਛੋਟੀ ਜਿਹੀ ਰੌਸ਼ਨੀ ਜਗ ਪਈ।
ਮੈਂ ਦਰਾਜ਼ ਖੋਲ੍ਹੀ।
ਉਹੀ ਸੂਈ ਉੱਥੇ ਪਈ ਸੀ।
ਮੈਂ ਨੇੜੇ ਪਈ ਰੀਲ ਵਿੱਚੋਂ ਧਾਗਾ ਕੱਢਿਆ ਅਤੇ ਸੂਈ ਵਿੱਚ ਪਾ ਦਿੱਤਾ।
ਸੂਈ ਅਚਾਨਕ ਮੈਨੂੰ ਚਮਕਦੀ ਹੋਈ ਲੱਗੀ।
ਜਿਵੇਂ ਉਸਦੀ ਇਕੱਲਤਾ ਮੁੱਕ ਗਈ ਹੋਵੇ।
ਮੈਂ ਹੌਲੀ ਜਿਹੀ ਮੁਸਕਰਾਈ।
ਮਾਂ ਦੀ ਗੱਲ ਫਿਰ ਯਾਦ ਆਈ—
“ਸੂਈ ਨੂੰ ਕਦੇ ਧਾਗੇ ਤੋਂ ਬਿਨਾਂ ਨਹੀਂ ਰੱਖੀਦਾ…”
ਮੈਂ ਧਾਗੇ ਵਾਲੀ ਸੂਈ ਦਰਾਜ਼ ਵਿੱਚ ਰੱਖ ਦਿੱਤੀ।
ਸ਼ਾਇਦ ਕੱਲ੍ਹ ਕੁਝ ਬਦਲ ਜਾਣਾ ਸੀ।
ਮੈਂ ਰਜਾਈ ਵਿੱਚ ਵੜਨ ਹੀ ਲੱਗੀ ਸੀ ਕਿ ਪੁੱਤਰ ਨੇ ਨੀਂਦ ਵਿੱਚ ਬੁੜਬੁੜਾਇਆ।
ਫਿਰ ਡਰ ਕੇ ਮੇਰੇ ਵੱਲ ਖਿਸਕ ਆਇਆ।
ਮੈਂ ਉਸਨੂੰ ਆਪਣੇ ਨਾਲ ਲਾ ਲਿਆ।
ਉਹ ਚੁੱਪ ਹੋ ਗਿਆ।
ਮੈਂ ਉਸਦੇ ਮੂੰਹ ਵੱਲ ਵੇਖਿਆ।
ਬਾਪ ਤੋਂ ਵਿਹੂਣਾ, ਅਣਭੋਲ ਚਿਹਰਾ।
ਮੇਰੀਆਂ ਅੱਖਾਂ ਭਰ ਆਈਆਂ।
ਕੱਲ੍ਹ ਜੇ ਮੈਂ ਕੋਈ ਫ਼ੈਸਲਾ ਕਰ ਲਿਆ ਤਾਂ ਇਸ ਬੱਚੇ ਦੀ ਜ਼ਿੰਦਗੀ ’ਤੇ ਵੀ ਤਾਂ ਉਸਦਾ ਪਰਛਾਵਾਂ ਪਵੇਗਾ।
ਪਿੰਡ ਦੀ ਜੁਬਾਨ ਨੂੰ ਤਾਂ ਮੌਕਾ ਚਾਹੀਦਾ ਹੈ। ਮੇਰਾ ਜੁਆਕ ਮੇਰੇ ਬਾਰੇ ਕੀ ਸੋਚੇਗਾ…
ਮੈਂ ਉਸਦੇ ਮੱਥੇ ਨੂੰ ਚੁੰਮਿਆ।
ਮੇਰੇ ਅੰਦਰ ਕੁਝ ਟੁੱਟਿਆ ਨਹੀਂ ਸੀ।
ਕੁਝ ਬੰਨ੍ਹਿਆ ਗਿਆ ਸੀ।
ਮੈਂ ਫਿਰ ਦਰਾਜ਼ ਖੋਲ੍ਹੀ।
ਸੂਈ ਬਾਹਰ ਕੱਢੀ।
ਧਾਗਾ ਹੌਲੀ-ਹੌਲੀ ਖਿੱਚ ਕੇ ਕੱਢ ਦਿੱਤਾ।
ਸੂਈ ਫਿਰ ਇਕੱਲੀ ਹੋ ਗਈ।
ਉਸਨੂੰ ਦਰਾਜ਼ ਵਿੱਚ ਰੱਖਦਿਆਂ ਮੇਰੀਆਂ ਉਂਗਲਾਂ ਕੰਬੀਆਂ।
ਅਜਿਹਾ ਲੱਗਿਆ, ਜਿਵੇਂ ਉਸ ਛੋਟੀ ਜਿਹੀ ਸੂਈ ਵਿੱਚੋਂ ਕੋਈ ਬਹੁਤ ਬਾਰੀਕ ਚੀਕ ਨਿਕਲੀ ਹੋਵੇ।
ਮੈਂ ਦਰਾਜ਼ ਬੰਦ ਕਰ ਦਿੱਤੀ।
ਰਜਾਈ ਆਪਣੇ ਆਲੇ-ਦੁਆਲੇ ਹੋਰ ਕੱਸ ਲਈ।
ਬਾਹਰ ਪੋਹ ਦੀ ਰਾਤ ਹੋਰ ਵੀ ਗੂੜ੍ਹੀ ਹੋ ਗਈ ਸੀ।
ਕਮਰੇ ਵਿੱਚ ਸੱਸ ਦੇ ਘੁਰਾੜੇ ਸਨ।
ਪੁੱਤਰ ਦੀਆਂ ਹੌਲੀਆਂ ਸਾਹਾਂ ਸਨ।
ਅਤੇ ਮੇਰੇ ਅੰਦਰ—
ਇੱਕ ਸੂਈ ਦੇ ਵੈਣ।
ਰਾਤ ਲੰਬੀ ਸੀ।
ਬਹੁਤ ਲੰਬੀ।
ਕਹਾਣੀਕਾਰ:- ਹਰਪ੍ਰੀਤ ਜਟਾਣਾ
ਪਿੰਡ:- ਚਾਉਕੇ (ਬਠਿੰਡਾ)
ਮੋਬਾਇਲ ਨੰਬਰ:-9463637758
Recent Posts
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
LinkedIn
WhatsApp
Skype
