ਦੋ ਆਜੜੀ ਦੋ ਪਖਾਣੇ

ਕਹਿੰਦੇ ਨੇ ਰਾਂਝੇ ਨੂੰ ਉਸਦੀ ਭਰਜਾਈ ਨੇ ਬੋਲੀ ਮਾਰੀ , ਅਖੇ; ‘ਵੇਖਾਂਗੇ ਜਦੋਂ ਸਿਆਲਾਂ ਆਲੀ ਹੀਰ ਵਿਆਹ ਕੇ ਲਿਆਮੇਗਾ।’ ਬੋਲੀ ਵੱਜੀ ਤੋਂ ਰਾਂਝਾ ਘਰ ਛੱਡ ਕੇ ਬੇਲਿਆਂ ਵਿਚੋਂ ਦੀ ਲੰਘਦੈ ਤਾਂ ਕਿਸੇ ਬੱਕਰੀਆਂ ਚਾਰਣ ਵਾਲੇ ਨੇ ਨਾਲ ਦਿਆਂ ਨੂੰ ਕਿਹਾ,” ਆਹ ਜਾਂਦੈ ਹੀਰ ਦਾ ਭਾਲੂ।”

ਕਹਿਣ ਦਾ ਮਤਲਬ ਬੱਕਰੀਆਂ ਚਾਰਨ ਵਾਲੇ ਬੜੇ ‘ਕਾਢੂ’ ਹੁੰਦੇ ਨੇ। ਭਾਵੇਂ ਮੈਂ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਦਾਂ। ਕੁਝ ਨਾ ਕੁਝ ਹਾਂ ਵੀ। ਮੇਰੀ ਦਾਦੀ ਗੱਲ ਗੱਲ ‘ਤੇ ਪਖਾਣੇ (ਅਖਾਣ) ਵਰਤਣ ਵਾਲੀ ਸੀ।

ਮੈਂ ਉਸ ਤੋਂ ਬਹੁਤ ਬਾਤਾਂ, ਬੁਝਾਰਤਾਂ, ਸਾਖੀਆਂ ਤੇ ਪਖਾਣੇ ਸੁਣਦਾ ਵੱਡਾ ਹੋਇਆ ਹਾਂ। ਫੇਰ ਵੀ ਦੋ ਅਜਿਹੇ ਵਾਕਿਆ ਨੇ, ਜਦੋਂ ਮੈਂ ਬੱਕਰੀਆਂ ਵਾਲਿਆਂ ਦੇ ਮੂੰਹੋਂ ਅਜਿਹੇ ਪਖਾਣੇ ਸੁਣੇ ਜੋ ਮੈਂ ਕਿਤੇ ਹੋਰ ਪੜ੍ਹੇ ਜਾਂ ਸੁਣੇ ਨਹੀਂ ਸਨ।

ਪਾਣੀ ਡੂੰਘੇ ਚਲੇ ਗਏ। ਖੇਤਾਂ ‘ਚ ਲੱਗੇ ਨਲਕੇ ਪਾਣੀ ਚੱਕਣੋਂ ਹਟ ਗਏ। ਚਾਰ ਸੌ ਫੁੱਟ ਵਾਲੀ ਪੱਤਣ ਵਾਲੇ ਡੂੰਘੇ ਬੋਰਾਂ ਦਾ ਪਾਣੀ ਨਿੱਘਾ ਨਿੱਕਲਦਾ। ਉਹ ਬਕਬਕਾ ਜਿਹਾ ਹੋਣ ਕਾਰਨ ਪੀਣ ਵਾਲੇ ਨੂੰ ਚੰਗਾ ਨਹੀਂ ਲੱਗਦਾ।

ਨਾ ਹੀ ਉਸ ਨੂੰ ਪੀਣ ਨਾਲ ਪਿਆਸ ਬੁੱਝਦੀ ਹੈ। ਇਸ ਲਈ ਹਰੇਕ ਕਿਸਾਨ ਘਰੋਂ ਹੀ ਆਪਣਾ ਆਰ ਓ ਦੇ ਪਾਣੀ ਵਾਲਾ ਕੈਂਪਰ ਬਾਕੀ ਸਭ ਕਾਸੇ ਨਾਲੋਂ ਪਹਿਲਾਂ ਆਪਣੇ ਟਰੈਕਟਰ ਜਾਂ ਮੋਟਰਸਾਈਕਲ ‘ਤੇ ਰੱਖਦਾ। ਗਰਮੀਆਂ ਦੇ ਦਿਨਾਂ ਵਿੱਚ ਤਾਂ ਕਈ ਵਾਰੀ ਜਦੋਂ ਕੋਈ ਗੁਆਂਢੀ ਆਪਣੇ ਖੇਤੋਂ ਆ ਕੇ ਕੈਂਪਰ ਕੋਲ ਬਹਿੰਦਾ ਹੈ ਤਾਂ ‘ਕੈਂਪਰ ਮਾਲਕ’ ਮਨ ਹੀ ਮਨ ਪਤਾ ਨਹੀਂ ਕੀ ਕੀ ਬੋਲਦੈ!

ਕੋਈ ਕੋਈ ਤਾਂ ਇਥੋਂ ਤੱਕ ‘ਮਜਾਕ’ ਵੀ ਕਰ ਦਿੰਦੈ, ਅਖੇ; ਪਾਣੀ ਛੱਡ ਦੇ ਯਰ, ਚਾਹ ਵਾਸਤੇ ਰੱਖਿਆ ਦੁੱਧ ਭਾਵੇਂ ਪੀ ਲੈ।
ਨਰਮੇ ਦੇ ਟੀਂਡੇ ਤੋੜਨ ਮਗਰੋਂ ਮੈਂ, ਸਾਡਾ ਕਾਮਾ ਤੇ ਇੱਕ ਹੋਰ ਮਜ਼ਦੂਰ ਛਟੀਆਂ ਪੁੱਟਦੇ ਸੀ। ਨਵੰਬਰ ਦੇ ਆਖਰੀ ਹਫ਼ਤੇ ਤੱਕ ਭਾਵੇਂ ਤੇਹ ਘੱਟ ਲੱਗਣ ਲੱਗ ਜਾਂਦੀ ਹੈ, ਫੇਰ ਵੀ ਸਖ਼ਤ ਜਾਨ ਕੰਮ ਕਰਦੇ ਤਿੰਨ ਜਣਿਆਂ ਲਈ ਬਾਰਾਂ ਕੁ ਲੀਟਰ ਪਾਣੀ ਨਾਕਾਫ਼ੀ ਹੁੰਦੈ।

ਭੇਲ ਦਿੱਤੇ ਨਰਮੇ ਵਿੱਚ ਦੋ ਇੱਜੜ ਵੀ ਫਿਰਦੇ ਸੀ। ਦੋਵਾਂ ਨਾਲ ਦੋ ਦੋ ਆਜੜੀ। ਕੈਂਪਰ ਚ ਸਾਡੇ ਜੋਗਰਾ ਪੂਰਾ ਸੂਰਾ ਪਾਣੀ। ਅਸੀਂ ਕਦੇ ਕੈਂਪਰ ਵੱਲ ਦੇਖਦੇ , ਕਦੇ ਆਜੜੀਆਂ ਵੱਲ।
” ਜੇ ਚਾਰਾਂ ਨੇ ਇੱਕ ਇੱਕ ਬਾਟੀ ਵੀ ਪੀ ਲਈ ਤਾਂ ਦਿਨ ਦੇ ਛਿਪਾਅ ਤੱਕ ਆਪਾਂ ਨੂੰ ਔਖਾ ਹੋਜੂ।” ਕਾਮਾ ਬੋਲਿਆ।
” ਲੋਕ ਤਾਂ ਪਾਣੀ ਵਾਸਤੇ ਪੌਅ ਲਾ ਦਿੰਦੇ ਨੇ, ਪੁੰਨ ਦਾ ਕੰਮ ਹੁੰਦੈ। ਤੁਸੀਂ ਕੀ ਗੱਲਾਂ ਕਰੀ ਜਾਨੇ ਓਂ।” ਮਜ਼ਦੂਰ ਨੇ ਕਾਮੇ ਦੀ ਗੱਲ ਕੱਟ ਦਿੱਤੀ।

“ਇਹ ਗੱਲਾਂ ਨਹਿਰੋਂ ਪਾਰ ਜਾਂ ਸੂਏ ਆਲੇ ਖੇਤਾਂ ਵਾਲਿਆਂ ਦੀਆਂ। ਏਧਰ ਤਾਂ ਸਭ ਤੋਂ ਪਹਿਲਾਂ ਪਾਣੀ ਐ…” ਮਜਦੂਰ ਸਾਥੀ ਦੀ ਗੱਲ ਕਟਦਿਆਂ ਮੈਂ ਕਿਹਾ, “… ਬਾਵੇ ਕੀ ਮੋਟਰ ਚੱਲੀ ਜਾਂਦੀ ਐ…ਕਹਿ ਦਿਆਂ ਗੇ, ਉਥੋਂ ਪੀ ਲੈਣਗੇ। “

“ਚਲ ਦੇਖਾਂਗੇ” ਕਾਮੇ ਨੇ ਕਹਿ ਤਾਂ ਦਿੱਤਾ ਪਰ ਉਸ ਦੇ ਚਿਹਰੇ ਦੇ ਹਾਵ ਭਾਵ ਉਹਦੀ ਗੱਲ ਦੀ ਹਾਮੀ ਨਹੀਂ ਭਰ ਰਹੇ ਸਨ।

ਅਸੀਂ ਤਿੰਨੇ ਜਣੇ ਤਿੰਨ ਤਿੰਨ ਓਰੇ ਲੈ ਕੇ ਛਟੀਆਂ ਪੱਟਦੇ ਰਹੇ। ਪਰ ਸਾਡੀ ਨਿਗ੍ਹਾ ਕੈਂਪਰ ਤੋਂ ਪਾਸੇ ਨਹੀਂ ਹੋ ਰਹੀ ਸੀ। ਅਖੀਰ ਓਹੀ ਹੋਇਆ ਜਿਸ ਦਾ ਡਰ ਸੀ।ਦੂਜੇ ਪਾਸਿਓਂ ਛਟੀਆਂ ਪੱਟਦੇ ਮੁੜਦੇ ਹੋਏ ਅਸੀਂ ਹਜੇ ਦਸ ਕੁ ਕਰਮਾਂ ਪਿੱਛੇ ਹੀ ਸੀ…ਇੱਕ ਨਵੀਂ ਜਿਹੀ ਉਮਰ ਦਾ ਆਜੜੀ ਮੁੰਡਾ ਖੜੇ ਨਰਮੇ ਵਿਚੋਂ ਸਾਡੇ ਵੱਲ ਆਉਂਦਾ ਦਿਸਿਆ।

ਉਹ ਪੱਟੇ ਹੋਏ ਖੇਤ ਵਿੱਚ ਆ ਗਿਆ। ਸਾਡੇ ਕੋਲ ਦੀ ਲੰਘ ਉਹ ਸਿੱਧਾ ਕੈਂਪਰ ਵੱਲ ਨੂੰ ਹੋ ਗਿਆ।ਓਹਦੇ ਹੱਥ ਵਿੱਚ ਸੋਨੇ ਵਾਂਗ ਚਮਕਦੀ ਪਿੱਤਲ ਦੀ ਕੁੰਡਾ ਲੱਗੀ ਪਤੀਲੀ ਸੀ। ਮੁੰਡੇ ਦਾ ਰੰਗ ਐਨਾ ਕੁ ਪੱਕਾ ਸੀ ਕਿ ਗਲ਼ ‘ਚ ਪਾਈ ਕਾਲੇ ਧਾਗੇ ਦੀ ਗਾਨੀ ਘੱਟ ਹੀ ਦਿਖਾਈ ਦਿੰਦੀ ਸੀ। ਪਰ ਕਾਲੀ ਗਰਦਨ ਉਤੇ ਚਾਂਦੀ ਰੰਗੀ ਤਬੀਤੀ ਦਾ ਰੰਗ ਓਨਾ ਹੀ ਜਿਆਦਾ ਉਘੜਿਆ ਹੋਇਆ ਸੀ।

“ਕਿਮੇਂ ਆ ਬਾਈ? ” ਸਾਡੇ ਕਾਮੇ ਨੇ ਉਸ ਨੂੰ ਬੁਲਾ ਲਿਆ।
” ਜਮਾ ਬਾਗੋ-ਬਾਗ ਆਂ, ਤੂੰ ਸੁਣਾ।”
” ਹੈਧਰ ਕਿਮੇ?”
“ਪਾਣੀ ਲੈ ਕੇ ਆਉਣਾ।”
“ਕਿਥੋਂ?”
“ਔਹ ਕੈਂਪਰ ਚੋਂ।” ਕਾਲੇ ਮੁੰਡੇ ਦੇ ਦੁੱਧ ਵਰਗੇ ਦੰਦ ਚਮਕੇ।” ਨਾਂ ਯਰ, ਮਸਾਂ ਸਾਡੇ ਜੋਗਰਾ…ਔਹ ਮੋਟਰ ਚੱਲੀ ਜਾਂਦੀ ਐ। ਓਥੋਂ ਲੈ ਆ…ਤਾਜ਼ਾ।” ਕਾਮੇ ਨੇ ਬਾਵੇ ਕੀ ਮੋਟਰ ਵੱਲ ਇਸ਼ਾਰਾ ਕੀਤਾ।

“ਕਮਾਲ ਕਰਦੈਂ ਛੋਟਿਆ, ਜਿਹੜੇ ਵੈਣ ਸਕੀ ਭੈਣ ਪਾ ਦੂ…ਉਹ ਭੂਆ ਦੀ ਕੁੜੀ ਤੋਂ ਨੀਂ ਪੈਦੇ ਹੁੰਦੇ।” ਸੱਜੇ ਹੱਥ ਨੂੰ ਡਮਰੂ ਵਾਂਗ ਘੁਮਾਉਂਦਾ ਉਹ ਗੁੱਗੂ ਗਿੱਲ ਵਾਲੇ ਅੰਦਾਜ ‘ਚ ਬੋਲਿਆ।

ਮੇਰੇ ਲਈ ਇਹ ਪਖਾਣਾ ਅਸਲੋਂ ਨਵਾਂ ਸੀ। ਇੱਕ ਆਜੜੀ ਦੇ ਮੂੰਹੋਂ ਸੁਣ ਕੇ ਮੈਂ ਹੈਰਾਨ ਹੋਏ ਬਿਨਾਂ ਨਾ ਰਹਿ ਸਕਿਆ।
“ਚਲ ਕੋਈ ਨਾ ਯਰ…ਜੇ ਲੋੜ ਪਈ ਆਪਾਂ ਸਾਰ ਲਾਂ ‘ਗੇ ਬਾਵੇ ਕੀ ਮੋਟਰ ਤੋਂ।” ਮੈਂ ਮੁੰਡੇ ਨੂੰ ਪਾਣੀ ਲਿਜਾਣ ਵਾਸਤੇ ਹਾਮੀ ਭਰ ਦਿੱਤੀ।

ਦੂਜਾ ਪਖਾਣਾ ਪਾਖਰ ਤੋਂ ਸੁਣਿਆ। ਪਾਖਰ ਸਾਡੇ ਪਿੰਡ ਦਾ ਆਜੜੀ ਹੈ। ਜਵਾਨੀ ਵੇਲੇ ਉਹ ਵੱਡੇ ਜਿਮੀਂਦਾਰਾਂ ਨਾਲ ਸੀਰੀ/ਨੌਕਰ ਰਲਦਾ ਰਿਹਾ।

ਸਮੱਧਰ ਤੋਂ ਵੀ ਨੀਵੇਂ ਕੱਦ ਵਾਲਾ ਪਾਖਰ ਜਦੋਂ ਖ਼ਾਲ ਜਾਂ ਵੱਟਾਂ ਘੜਦਾ ਤਾਂ ਕਿੱਲਾ ਕਿੱਲਾ ਵਾਹੀ ਕਮਰ ਸਿੱਧੀ ਨਾ ਕਰਦਾ। ਗੁਆਂਢੀ ਖੇਤਾਂ ਵਾਲੇ ਉਸ ਦੇ ਪੱਕੇ ਹੋਏ ਸਾਹ ਦੀਆਂ ਗੱਲਾਂ ਕਰਦੇ। ਕੁਝ ਵਧਦੀ ਉਮਰ…ਕੁਝ ਜਵਾਨੀ ਪਹਿਰੇ ਕੱਲੀਆਂ ਰੋਟੀਆਂ ਸਹਾਰੇ ਕੀਤੇ ਸਖ਼ਤ ਕੰਮਾਂ ਕਾਰਨ ਉਹ ਉਮਰੋਂ ਪਹਿਲਾਂ ਬੁੜ੍ਹਾ ਹੋ ਗਿਆ।

ਸਾਡੀ ਜੀਰੀ ਵੱਢੀ ਗਈ। ਤੁਲ ਵੀ ਗਈ। ਕਣਕ ਬੀਜਣ ਦੀ ਤਿਆਰੀ ਕਰਨੀ ਸੀ। ਖੇਤ ਦੇ ਖੂੰਜਿਆਂ ਅਤੇ ਖ਼ਾਲ ‘ਤੇ ਖੜੀਆਂ ਡੇਕਾਂ ਨੂੰ ਛਾਂਗਣਾ ਸੀ। ਇਹਦੇ ਦੋ ਫਾਇਦੇ ਨੇ- ਇੱਕ ਤਾਂ ਦਸੰਬਰ-ਜਨਵਰੀ ਦੇ ਹੱਡ ਠਾਰਦੇ ਪਾਲ਼ੇ ਲਈ ਲੱਕੜ -ਬਾਲਣ ਹੋ ਜਾਂਦੈ, ਦੂਜਾ ਡੇਕਾਂ ਜ਼ਿਆਦਾ ਫੈਲ ਕੇ ਫ਼ਸਲ ਦਾ ਨੁਕਸਾਨ ਨਹੀਂ ਕਰਦੀਆਂ। ਜਦੋਂ ਅੱਧ ਫਰਵਰੀ ‘ਚ ਜਾ ਕੇ ਨਵੀਆਂ ਕਰੂੰਬਲਾਂ ਫੁੱਟਦੀਆਂ ਉਹ ਵੀ ਬਹੁਤ ਵਧੀਆ ਲਗਦੀਆਂ। ਸੋ ਇਹਨਾਂ ਡੇਕਾਂ ਨੂੰ ਛਾਂਗਣ ਲਈ ਲੰਬੇ ਬਾਂਹੇਂ ਵਾਲੇ ਢਾਂਗੇ ਦੀ ਲੋੜ ਸੀ। ਅਸੀਂ ਪਾਖਰ ਤੋਂ ਢਾਂਗਾ ਫੜਨ ਚਲੇ ਗਏ।

“ਕੀ ਕਰਣੈ?” ਉਹਨੇ ਪੁਛਿਆ।
” ਡੇਕਾਂ ਛਾਂਗਣੀਆ।”
” ਕਿਹੜੇ ਖੇਤ? ਕਿੰਨੀਆਂ ਕੁ ਆ?”
“ਨੇਝਰੇ ਆ…ਨੌਂ ਦਸ ਨੇ।”

” ਚਰਾਂਦਾ ਘਟਗੀਆਂ…ਮਾਲ ਨੂੰ ਪੂਰੀ ਲਾਂਗੀ ਮਿਲਦੀ ਨੀਂ। ਲੈ ਆਈਏ?”
“ਲੈ ਆਈਂ…ਨਾਲੇ ਸਾਡਾ ਬਾਲਣ ਹੌਲਾ ਹੋਜੂ।” ਕਾਮੇ ਨੇ ਜਬਾਵ ਦਿੱਤਾ।
ਅਸੀਂ ਦੋ ਡੇਕਾਂ ਛਾਂਗ ਲਈਆਂ ਸੀ, ਜਦੋਂ ਪਾਖਰ ਤੇ ਇੱਕ ਹੋਰ ਆਜੜੀ ਇੱਜੜ ਲੈ ਕੇ ਖੇਤ ਪੁਹੰਚੇ। ਬੱਕਰੀਆਂ ਲਾਂਗੀ ਵੱਲ ਦੂਰੋਂ ਭੱਜ ਲਈਆਂ ਜਿਵੇਂ ਅਸੀਂ ਛੁੱਟੀ ਮਿਲੀ ਤੋਂ ਸਕੂਲ ਦੇ ਗੇਟ ਵੱਲ ਭੱਜਦੇ ਹੁੰਦੇ ਸੀ।

“ਪਾਖਰਾ, ਬੋਕ ਨਾਲੋਂ ਮਸਾਂ ਪੌਣਾ ਕੁ ਫੁੱਟ ਉੱਚੈਂ!” ਕਾਮੇ ਨੇ ਪਾਖਰ ਨੂੰ ਛੇੜਿਆ।
” ਹੋਰ, ਜਿੰਨਾ ਕੁ ਮਾਲਕ ਨੇ ਬਕਸ਼ਿਆ…ਕੱਦ ਕਾਠ ‘ਤੇ ਕਾਹਦਾ ਰੋਸਾ।” ਪਾਖਰ ਦੀਆਂ ਸੰਘਣੀਆਂ ਤੇ ਲੰਬੀਆਂ ਮੁੱਛਾਂ ਤੇ ਘਸਮੈਲੀ ਦਾਹੜੀ ਵਿਚੋਂ ਕਰੇੜੇ ਦੰਦ ਹੱਸੇ। ਢਾਂਗਾ ਚਲਾਉਣ ਦਾ ਵੀ ਇੱਕ ਹੁਨਰ ਹੁੰਦਾ। ਪਾਖਰ ਦੇ ਹੱਥ ਲੱਗਣ ਨਾਲ ਮੋਟੇ ਟੰਬੇ ਵੀ ਟਾਹਣੀਆਂ ਵਾਂਗ ਕੜਕ ਕੜਕ ਟੁੱਟਣ ਲੱਗੇ।

“ਆਹ ਮੁੰਡਾ ਕੌਣ ਆ?” ਨਾਲਦੇ ਮੁੰਡੇ ਵੱਲ ਇਸ਼ਾਰਾ ਕਰ ਕੇ
ਮੈਂ ਪੁੱਛਿਆ।
“ਇੱਜੜ ਚ ਏਹਦੇ ਵੀ ਨੇ ਪੰਜ ਛੀ ਨਗ। ਮੈਥੋਂ ਘੱਟ ਤੁਰਿਆ ਜਾਂਦਾ…ਏਹ ਹਿੰਮਤ ਨਾਲ ਰਲ ਕੇ ਮਾਲ ਨੂੰ ਕਾਬੂ ਚ ਰੱਖਦੈ।”
“ਤੇਰੇ ਮੁੰਡੇ ਕੀ ਕੰਮ ਕਰਦੇ ਨੇ?”
” ਕਾਹਨੂੰ ਮਾੜਾ ਬੁਲਾਉਣੈ ਯਰ…ਜਿਮੇ ਕਹਿੰਦੇ ਹੁੰਦੇ ਨੇ, ਅਖੇ; ਰੱਬਾ ਰਿਜ਼ਕ ਨਾ ਦੇਈਂ, ਲੱਕੜਾਂ ਨੂੰ ਤੋਰਨਗੇ। ਸਾਡੇ ਆਲੇ ਤਾਂ…(ਗਾਲ ਦੇ ਕੇ) ਐਹੋ ‘ਜੇ ਨੇ…”

ਪਾਖਰ ਆਵਦੇ ਮੁੰਡਿਆਂ ਬਾਰੇ ਹੋਰ ਵੀ ਮਾੜਾ ਚੰਗਾ ਬੋਲਦਾ ਰਿਹਾ। ਪਰ ਮੇਰੀ ਸੁਰਤ ਉਸ ਵੱਲੋਂ ਪਾਏ ਪਖਾਣੇ ‘ਤੇ ਰੁਕ ਗਈ ਜਿਹੜਾ ਮੈਂ ਚਾਲੀਆਂ ਸਾਲਾਂ ਦੀ ਉਮਰ ਤੱਕ ਕਿਸੇ ਦੇ ਮੂੰਹੋਂ ਸੁਣਿਆ ਜਾਂ ਕਿਤੇ ਵੀ ਪੜ੍ਹਿਆ ਨਹੀਂ ਸੀ।

ਪੜਾਈ ਲਿਖਾਈ ਤੋਂ ਬਿਲਕੁਲ ਹੀਣੇ ਅਜਿਹੇ ਲੋਕ ਕਿਵੇਂ ਸੁਤੇਸਿੱਧ ਹੀ ਲੋਕਧਾਰਾ ਨੂੰ ਸੰਭਾਲੀ ਬੈਠੇ ਹਨ, ਸੱਚਮੁੱਚ ਮੈਂ ਉਹਨਾਂ ਨੂੰ ਨਮਨ ਕਰਦਾਂ।

ਅਮਰਜੀਤ ਸਿੰਘ ਮਾਨ
ਮੌੜ ਕਲਾਂ
ਬਠਿੰਡਾ -151509
9463445092

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
WhatsApp
Email
Telegram

Leave a Comment

Your email address will not be published. Required fields are marked *

error: Content is protected !!
Scroll to Top