ਧੀਆਂ ਦਾ ਸ਼ੁਕਰਾਨਾ
ਇੱਕ ਪਿੰਡ ਵਿੱਚ ਬਲਵਿੰਦਰ ਸਿੰਘ ਨਾਮ ਦਾ ਗਰੀਬ ਆਦਮੀ ਰਹਿੰਦਾ ਹੈ, ਜਿਸ ਦੀ ਪਤਨੀ ਦਾ ਨਾਮ ਜਸਵੀਰ ਕੌਰ ਹੈ। ਉਸ ਦੀਆਂ ਸਿਰਫ਼ ਦੋ ਹੀ ਧੀਆਂ ਹਨ। ਇੱਕ ਦਾ ਨਾਮ ਸਤਿੰਦਰ ਕੌਰ ਤੇ ਇੱਕ ਦਾ ਨਾਮ ਸਤਵੀਰ ਕੌਰ ਹੈ। ਉਹਨਾਂ ਦੋਵਾਂ ਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ। ਉਹ ਦੋਵੇਂ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਨ।
ਕਹਿੰਦੇ ਨੇ, ਜਦੋਂ ਕਿਸੇ ਨੂੰ ਕਿਸੇ ਕੰਮ ਦਾ ਸ਼ੌਂਕ ਹੁੰਦਾ ਹੈ ਤਾਂ ਉਹ ਸ਼ੌਂਕ ਪੂਰਾ ਕਰਨ ਦੀ ਥਾਂ ਉਸ ਤੋਂ ਹੋਰ ਖੋਹਿਆ ਜਾਂਦਾ ਹੈ। ਇਸ ਤਰ੍ਹਾਂ ਹੀ ਸਤਿੰਦਰ ਤੇ ਸਤਵੀਰ ਨਾਲ ਹੁੰਦਾ ਹੈ।
ਉਹਨਾਂ ਦਾ ਪਿਓ ਬਲਵਿੰਦਰ ਸਿੰਘ ਕੁੜੀਆਂ ਨੂੰ ਸਿਰਫ਼ ਇੱਕ ਬੋਝ ਸਮਝਦਾ ਹੈ। ਉਸ ਦਾ ਮੰਨਣਾ ਇਹ ਸੀ ਕਿ ਕੁੜੀਆਂ ਸਿਰਫ਼ ਘਰ ਦਾ ਕੰਮ ਕਰਨ ਲਈ ਤੇ ਨਿਆਣੇ ਜੰਮਣ ਲਈ ਹੀ ਹੁੰਦੀਆਂ ਹਨ। ਉਹਨਾਂ ਦੀ ਅਸਲ ਜਗ੍ਹਾ ਉਹਨਾਂ ਦੇ ਸਹੁਰੇ ਘਰ ਹੁੰਦੀ ਹੈ, ਨਾ ਕਿ ਪੇਕੇ ਘਰ।
ਉਹ ਜਲਦੀ ਤੋਂ ਜਲਦੀ ਆਪਣੀਆਂ ਧੀਆਂ ਦੇ ਹੱਥ ਪੀਲੇ ਕਰਨਾ ਚਾਹੁੰਦਾ ਸੀ ਤੇ ਉਹ ਕਰਦਾ ਵੀ ਇਸ ਤਰ੍ਹਾਂ ਹੀ ਹੈ। ਫਿਰ ਉਹ ਦੋ ਚੰਗੇ ਘਰ ਲੱਭ ਕੇ ਆਪਣੀਆਂ ਧੀਆਂ ਦਾ ਰਿਸ਼ਤਾ ਕਰ ਦਿੰਦਾ ਹੈ। ਉਸ ਦੀ ਪਤਨੀ ਉਸ ਨੂੰ ਬਹੁਤ ਸਮਝਾਉਂਦੀ ਹੈ ਕਿ ਅਜੇ ਸਾਨੂੰ ਉਹਨਾਂ ਨੂੰ ਪੜ੍ਹਨ ਦੇਣਾ ਚਾਹੀਦਾ ਹੈ, ਪਰ ਉਹ ਕਿਸੇ ਦੀ ਵੀ ਨਹੀਂ ਸੁਣਦਾ ਤੇ ਆਪਣੀਆਂ ਕੁੜੀਆਂ ਦਾ ਵਿਆਹ ਕਰ ਹੀ ਦਿੰਦਾ ਹੈ।
ਉਹ ਵਾਰ-ਵਾਰ ਖ਼ਰਚਾ ਕਰਨ ਤੋਂ ਬਚਣ ਲਈ ਦੋਵਾਂ ਕੁੜੀਆਂ ਦਾ ਵਿਆਹ ਇਕੱਠਾ ਹੀ ਕਰ ਦਿੰਦਾ ਹੈ। ਉਹ ਦੋਵਾਂ ਦੇ ਵਿਆਹ ਲਈ ਕਰਜ਼ਾ ਚੁੱਕ ਲੈਂਦਾ ਹੈ ਤੇ ਆਪਣੀਆਂ ਕੁੜੀਆਂ ਦਾ ਵਿਆਹ ਕਰ ਦਿੰਦਾ ਹੈ।
ਵਿਆਹ ਹੋ ਜਾਂਦਾ ਹੈ। ਕੁੜੀਆਂ ਆਪਣੇ-ਆਪਣੇ ਸਹੁਰੇ ਘਰ ਚਲੀਆਂ ਜਾਂਦੀਆਂ ਹਨ।
ਹੁਣ ਬਲਵਿੰਦਰ ਸਿੰਘ ਦੇ ਦਿਮਾਗ ਉੱਤੇ ਇੱਕ ਹੀ ਭੂਤ ਸਵਾਰ ਸੀ ਕਿ ਉਹ ਕਿਸ ਤਰ੍ਹਾਂ ਚੁੱਕਿਆ ਕਰਜ਼ਾ ਲਾਹਵੇ? ਉਹ ਦਿਨ-ਰਾਤ ਇਹੀ ਸੋਚਦਾ ਰਹਿੰਦਾ ਸੀ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਉਸ ਦਾ ਕਰਜ਼ਾ ਕੌਣ ਲਾਹੇਗਾ?
ਇੱਕ ਦਿਨ ਉਹ ਪਿਆ ਇਹੀ ਸੋਚ ਰਿਹਾ ਸੀ ਕਿ ਉਹ ਕਰਜ਼ਾ ਕਿਵੇਂ ਲਾਹੇ। ਓਦੋਂ ਹੀ ਉਸ ਦੀ ਪਤਨੀ ਆਉਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਉਹ ਉਸ ਦੇ ਵਿਆਹ ਵਾਲਾ ਹਾਰ ਗਹਿਣੇ ਰੱਖ ਦੇਵੇ ਤੇ ਪੈਸੇ ਲੈ ਕੇ ਕੋਈ ਕਾਰੋਬਾਰ ਕਰ ਲਵੇ। ਪਰ ਉਹ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਉਹ ਹਾਰ ਉਸ ਦੀ ਮਾਂ ਦੀ ਆਖਰੀ ਨਿਸ਼ਾਨੀ ਹੈ। ਉਹ ਇਸ ਨੂੰ ਕਿਵੇਂ ਵੇਚ ਸਕਦਾ ਹੈ?
ਉਸ ਦੇ ਅਜਿਹਾ ਕਹਿਣ ’ਤੇ ਉਸ ਦੀ ਪਤਨੀ ਕਹਿੰਦੀ ਹੈ ਕਿ ਉਹ ਉਸ ਹਾਰ ਦੇ ਵੇਚਣ ਦੀ ਨਹੀਂ, ਗਹਿਣੇ ਰੱਖਣ ਦੀ ਗੱਲ ਕਰ ਰਹੀ ਹੈ। ਉਸ ਦੀ ਇਸ ਗੱਲ ’ਤੇ ਜ਼ੋਰ ਪਾਉਣ ਨਾਲ ਉਹ ਉਸ ਦੀ ਗੱਲ ਮੰਨ ਲੈਂਦਾ ਹੈ ਤੇ ਹਾਰ ਗਹਿਣੇ ਰੱਖ ਕੇ ਦੋ ਮੱਝਾਂ ਲੈ ਲੈਂਦਾ ਹੈ।
ਉਹ ਉਹਨਾਂ ਮੱਝਾਂ ਦਾ ਦੁੱਧ ਵੇਚ ਕੇ ਥੋੜ੍ਹਾ-ਥੋੜ੍ਹਾ ਕਰ ਕੇ ਆਪਣਾ ਕਰਜ਼ਾ ਲਾਹੁਣ ਲੱਗਾ, ਪਰ ਕਰਜ਼ਾ ਜ਼ਿਆਦਾ ਹੋਣ ਕਾਰਨ ਉਹ ਕਰਜ਼ਾ ਨਾ ਲਾਹ ਸਕਿਆ ਤੇ ਉਸ ਨੇ ਦੁੱਧ ਵਿੱਚ ਪਾਣੀ ਮਿਲਾਉਣਾ ਸ਼ੁਰੂ ਕਰ ਦਿੱਤਾ।
ਜਿਸ ਕਾਰਨ ਉਸ ਨੂੰ ਪਹਿਲਾਂ ਨਾਲੋਂ ਥੋੜ੍ਹਾ ਜ਼ਿਆਦਾ ਮੁਨਾਫ਼ਾ ਹੋਣ ਲੱਗਾ, ਪਰ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਉਸ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਤੇ ਉਸ ਦਾ ਧੰਦਾ ਠੱਪ ਹੋ ਗਿਆ।
ਉਸ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਉਸ ਦਾ ਕਰਜ਼ਾ ਘਟਣ ਦੀ ਥਾਂ ਹੋਰ ਵੱਧਦਾ ਹੀ ਜਾ ਰਿਹਾ ਸੀ। ਫਿਰ ਉਸ ਨੇ ਆਪਣੀਆਂ ਦੋ ਮੱਝਾਂ ਵੇਚ ਕੇ ਆਪਣਾ ਕਰਜ਼ਾ ਲਾਹ ਦਿੱਤਾ, ਪਰ ਉਸ ਦੀ ਪਤਨੀ ਦਾ ਹਾਰ ਅਜੇ ਵੀ ਗਹਿਣੇ ਰੱਖਿਆ ਹੋਇਆ ਸੀ।
ਜਦੋਂ ਆਪਣੇ ਪਿਓ ਦੀ ਇਸ ਹਾਲਤ ਬਾਰੇ ਉਸ ਦੀਆਂ ਕੁੜੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਪਤੀਆਂ ਤੋਂ ਥੋੜ੍ਹੇ-ਥੋੜ੍ਹੇ ਪੈਸੇ ਲਏ ਤੇ ਕੁਝ ਆਪਣੀ ਬੱਚਤ ਵਿੱਚੋਂ ਵੀ ਲੈ ਲਏ। ਉਹਨਾਂ ਨੇ ਇੱਕ ਮੱਝ ਖ਼ਰੀਦ ਕੇ ਆਪਣੇ ਪਿਓ ਦੇ ਘਰ ਭੇਜ ਦਿੱਤੀ ਤੇ ਨਾਲ ਹੀ ਉਹ ਆਪ ਵੀ ਚਲੀਆਂ ਗਈਆਂ।
ਉਹਨਾਂ ਨੂੰ ਦੇਖ ਕੇ ਉਹਨਾਂ ਦਾ ਪਿਓ ਕੁਝ ਜ਼ਿਆਦਾ ਖੁਸ਼ ਨਹੀਂ ਸੀ। ਜਦੋਂ ਉਹਨਾਂ ਨੇ ਕਿਹਾ ਕਿ ਇਹ ਮੱਝ ਉਹਨਾਂ ਨੇ ਤੁਹਾਨੂੰ ਦੇਣ ਲਈ ਖ਼ਰੀਦੀ ਹੈ। ਹੁਣ ਤੁਸੀਂ ਇਸ ਮੱਝ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਨਾ, ਪਰ ਕਦੇ ਵੀ ਦੁੱਧ ਵਿੱਚ ਮਿਲਾਵਟ ਨਾ ਕਰਨਾ।
ਇਹ ਸਭ ਕੁਝ ਸੁਣ ਕੇ ਉਹਨਾਂ ਦੇ ਪਿਓ ਦੀਆਂ ਅੱਖਾਂ ਭਿੱਜ ਗਈਆਂ ਤੇ ਉਸ ਨੇ ਆਪਣੀਆਂ ਧੀਆਂ ਨੂੰ ਗਲ਼ ਲਾ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਜਿਨ੍ਹਾਂ ਧੀਆਂ ਨੂੰ ਉਸ ਨੇ ਹਮੇਸ਼ਾਂ ਇੱਕ ਬੋਝ ਸਮਝਿਆ ਹੈ, ਅੱਜ ਉਹਨਾਂ ਧੀਆਂ ਨੇ ਹੀ ਉਸ ਦੇ ਮਾੜੇ ਸਮੇਂ ਵਿੱਚ ਉਸ ਦੀ ਮਦਦ ਕੀਤੀ ਹੈ।
ਉਸ ਨੇ ਇਸ ਤੋਂ ਬਾਅਦ ਕਦੇ ਵੀ ਦੁੱਧ ਵਿੱਚ ਮਿਲਾਵਟ ਨਾ ਕੀਤੀ, ਜਿਸ ਨਾਲ ਹੌਲੀ-ਹੌਲੀ ਉਸ ਨੇ ਆਪਣੀ ਪਤਨੀ ਦਾ ਹਾਰ ਛੁਡਵਾ ਲਿਆ ਤੇ ਉਸ ਦਾ ਕੰਮ ਵੀ ਵਧੀਆ ਚੱਲਣ ਲੱਗ ਗਿਆ।
ਗਗਨਦੀਪ ਕੌਰ
ਪੁੱਤਰੀ ਸ਼੍ਰੀ ਰਾਜਕੁਮਾਰ ਸਿੰਘ
ਸਰਕਾਰੀ ਹਾਈ ਸਕੂਲ ਕੋਠੇ ਨੱਥਾ ਸਿੰਘ, ਜ਼ਿਲ੍ਹਾ ਬਠਿੰਡਾ
ਗਾਈਡ ਅਧਿਆਪਕ: ਸ਼੍ਰੀਮਤੀ ਪਰਵਿੰਦਰ ਕੌਰ, ਪੰਜਾਬੀ ਮਿਸਟ੍ਰੈਸ
