ਬਚਪਨ ਦੀਆਂ ਆਦਤਾਂ – ਭਵਿੱਖ ਦੀਆਂ ਨੀਂਹਾਂ-ਜਸਵਿੰਦਰ ਸਿੰਘ ਹੇਅਰ
ਮਨੋਵਿਗਿਆਨੀਆਂ ਨੇ ਮਨੁੱਖੀ ਜੀਵਨ ਨੂੰ ਵੱਖ-ਵੱਖ ਪੜਾਵਾਂ ਵਿੱਚ ਵੰਡ ਕੇ ਉਸ ਨੂੰ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਪੜਾਵਾਂ ਵਿੱਚੋਂ ਬਚਪਨ ਜਾਂ ਬਾਲ ਅਵਸਥਾ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਮੰਨੀ ਜਾਂਦੀ ਹੈ, ਕਿਉਂਕਿ ਇਹੀ ਉਮਰ ਸੁਭਾਅ, ਆਦਤਾਂ, ਸੰਸਕਾਰਾਂ ਅਤੇ ਗੁਣਾਂ ਦੀ ਬੁਨਿਆਦ ਰੱਖਦੀ ਹੈ। ਇਸ ਲਈ ਬੱਚਿਆਂ ਦੀ ਸ਼ਖ਼ਸੀਅਤ ਅਤੇ ਭਵਿੱਖ ਦੇ ਨਿਰਮਾਣ ਵਿੱਚ ਮਾਪਿਆਂ ਦੀ ਭੂਮਿਕਾ ਸਭ ਤੋਂ ਵੱਧ ਅਹਿਮ ਹੈ।
ਅੱਜ ਅਕਸਰ ਵੇਖਣ ਵਿੱਚ ਆ ਰਿਹਾ ਹੈ ਕਿ ਬੱਚਿਆਂ ਦੇ ਸੁਭਾਅ ਵਿੱਚ ਜ਼ਿੱਦ, ਚਿੜਚਿੜਾਹਟ ਅਤੇ ਅਸਹਿਣਸ਼ੀਲਤਾ ਵਧ ਰਹੀ ਹੈ। ਉਹ ਹਾਰ ਸਹਿਣਾ ਨਹੀਂ ਚਾਹੁੰਦੇ ਅਤੇ ਛੋਟੀਆਂ-ਛੋਟੀਆਂ ਗੱਲਾਂ ’ਤੇ ਗੁੱਸੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸਰੀਰ ਕਮਜ਼ੋਰ ਹੋ ਰਹੇ ਹਨ ਅਤੇ ਮੌਸਮੀ ਬਦਲਾਅ ਝੱਲਣ ਦੀ ਸਮਰੱਥਾ ਘਟਦੀ ਜਾ ਰਹੀ ਹੈ।
ਜਿਸ ਮਿੱਟੀ ਵਿੱਚ ਖੇਡ ਕੇ, ਲਿਟ ਕੇ ਅਤੇ ਲਿੱਬੜ ਕੇ ਬੱਚੇ ਕਦੇ ਆਨੰਦ ਦੀ ਨੀਂਦ ਸੌਂਦੇ ਸਨ, ਅੱਜ ਮਾਪਿਆਂ ਨੇ ਉਸ ਮਿੱਟੀ ਵਿੱਚ ਖੇਡਣ ਦਾ ਸੁੱਖ ਖੋਹ ਕੇ ਉਨ੍ਹਾਂ ਨੂੰ ਮੋਬਾਈਲਾਂ ਅਤੇ ਵੀਡੀਓ ਗੇਮਾਂ ਦੀ ਆਦਤ ਪਾ ਦਿੱਤੀ ਹੈ। ਇਸ ਨਾਲ ਬੱਚੇ ਸਿਰਫ਼ ਸਰੀਰਕ ਹੀ ਨਹੀਂ, ਸਗੋਂ ਮਾਨਸਿਕ ਤੌਰ ’ਤੇ ਵੀ ਕਮਜ਼ੋਰ ਹੋ ਰਹੇ ਹਨ।
ਪਹਿਲਾਂ ਬੱਚਿਆਂ ਦੀ ਹਰ ਜ਼ਿੱਦ ਪੂਰੀ ਕਰਨ ਨੂੰ ਮਾਪੇ ਚਾਅ ਪੂਰੇ ਕਰਨਾ ਕਹਿੰਦੇ ਸਨ। ਚਾਅ ਪੂਰੇ ਕਰਨਾ ਮਾੜੀ ਗੱਲ ਨਹੀਂ, ਪਰ ਜਦੋਂ ਇਹ ਆਦਤ ਬਣ ਜਾਂਦੀ ਹੈ ਤਾਂ ਬੱਚਿਆਂ ਦੇ ਅੰਦਰੋਂ ਸਬਰ ਅਤੇ ਸਹਿਣਸ਼ੀਲਤਾ ਦੇ ਗੁਣ ਲਗਭਗ ਖ਼ਤਮ ਹੋ ਜਾਂਦੇ ਹਨ।
ਬੱਚਿਆਂ ਨੂੰ ਹਾਣੀਆਂ ਨਾਲ ਖੇਡਣ ਤੋਂ ਰੋਕਣਾ, ਉਨ੍ਹਾਂ ਦੀਆਂ ਛੋਟੀਆਂ-ਮੋਟੀਆਂ ਲੜਾਈਆਂ ਵਿੱਚ ਵੱਡਿਆਂ ਦਾ ਸ਼ਾਮਲ ਹੋ ਜਾਣਾ ਅਤੇ ਮਾਮੂਲੀ ਸੱਟ-ਫੇਟ ਲੱਗਣ ’ਤੇ ਵੀ ਹੌਸਲਾ ਦੇਣ ਦੀ ਬਜਾਏ ਡਰਾਉਣਾ ਜਾਂ ਹੱਦ ਤੋਂ ਵੱਧ ਝਿੜਕਣਾ—ਇਹ ਸਾਰੀਆਂ ਗੱਲਾਂ ਉਨ੍ਹਾਂ ਦੇ ਸਮਾਜਿਕ ਅਤੇ ਮਾਨਸਿਕ ਵਿਕਾਸ ਵਿੱਚ ਵੱਡੀ ਰੁਕਾਵਟ ਬਣ ਰਹੀਆਂ ਹਨ।
ਬੱਚਿਆਂ ਦੇ ਹਰ ਕੰਮ ਵਿੱਚ ਮਾਪਿਆਂ ਦੀ ਅਤਿ-ਸ਼ਮੂਲੀਅਤ ਉਨ੍ਹਾਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਹੋਣ ਤੋਂ ਰੋਕਦੀ ਹੈ। ਨਤੀਜੇ ਵਜੋਂ, ਅਜਿਹੇ ਬੱਚੇ ਵੱਡੇ ਹੋਣ ’ਤੇ ਵੀ ਹਰ ਕੰਮ ਲਈ ਸਹਾਰੇ ਦੀ ਭਾਲ ਕਰਦੇ ਹਨ। ਕਈ ਵਾਰ ਉਹ ਉਨ੍ਹਾਂ ਕੰਮਾਂ ਨੂੰ ਵੀ ਛੱਡ ਦਿੰਦੇ ਹਨ, ਜਿਨ੍ਹਾਂ ਵਿੱਚ ਬਿਨਾਂ ਸਹਾਰੇ ਅੱਗੇ ਵਧਣ ਦੀ ਲੋੜ ਹੁੰਦੀ ਹੈ।
ਬੱਚਿਆਂ ਦੇ ਸਿੱਖਣ ਦਾ ਦਾਇਰਾ ਸਿਰਫ਼ ਮਾਂ-ਪੱਖੀ ਜਾਂ ਪਿਉ-ਪੱਖੀ ਤਜਰਬਿਆਂ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਘਰ ਦੇ ਹਰ ਬਜ਼ੁਰਗ ਅਤੇ ਵੱਡੇ-ਛੋਟੇ ਤੋਂ ਸਿੱਖਣ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਬੱਚਿਆਂ ਨੂੰ ਇਹ ਸਿਖਾਉਣਾ ਲਾਜ਼ਮੀ ਹੈ ਕਿ ਉਹ ਵੱਡਿਆਂ ਦੀਆਂ ਝਿੜਕਾਂ ਜਾਂ ਹਾਣੀਆਂ ਵੱਲੋਂ ਕੀਤੇ ਮਜ਼ਾਕਾਂ ਨੂੰ ਦਿਲ ’ਤੇ ਲੈਣ ਦੀ ਬਜਾਏ ਉਨ੍ਹਾਂ ਨੂੰ ਸਹਿਜਤਾ ਨਾਲ ਲੈਣਾ ਸਿੱਖਣ। ਇਹੀ ਸਿੱਖਿਆ ਉਨ੍ਹਾਂ ਨੂੰ ਜੀਵਨ ਵਿੱਚ ਹੋਰ ਮਜ਼ਬੂਤ ਅਤੇ ਹਿੰਮਤੀ ਬਣਾਉਂਦੀ ਹੈ।
ਬਚਪਨ ਦੀਆਂ ਸਹੂਲਤਾਂ ਨਾਲੋਂ ਬਚਪਨ ਦੇ ਅਨੁਭਵ ਵਧੇਰੇ ਮਹੱਤਵਪੂਰਨ ਹਨ। ਬੱਚਿਆਂ ਨੂੰ ਜੀਵਨ ਦੀਆਂ ਛੋਟੀਆਂ-ਮੋਟੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਅਤੇ ਨਵੀਆਂ ਖੋਜਾਂ ਤੇ ਰਚਨਾਤਮਕਤਾ ਲਈ ਮੌਕੇ ਮਿਲਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਨਾਲ ਹੀ ਉਹ ਸਬਰ, ਸਹਿਣਸ਼ੀਲਤਾ, ਹਿੰਮਤ ਅਤੇ ਆਤਮਨਿਰਭਰਤਾ ਸਿੱਖਦੇ ਹਨ।
ਮਾਪਿਆਂ ਦਾ ਫ਼ਰਜ਼ ਹੈ ਕਿ ਉਹ ਬੱਚਿਆਂ ਨੂੰ ਸਿਰਫ਼ ਚਾਅ ਪੂਰੇ ਕਰਨ ਵਾਲਾ ਜੀਵਨ ਨਾ ਦੇਣ, ਸਗੋਂ ਉਨ੍ਹਾਂ ਵਿੱਚ ਮੁੱਲ, ਗੁਣ ਅਤੇ ਜੀਵਨ ਜਿਊਣ ਦੀ ਸਮਰੱਥਾ ਪੈਦਾ ਕਰਨ ਲਈ ਮਾਹੌਲ ਤਿਆਰ ਕਰਨ। ਇਸੇ ਵਿੱਚ ਬੱਚਿਆਂ ਦਾ ਭਵਿੱਖ ਅਤੇ ਸਮਾਜ ਦੀ ਭਲਾਈ ਲੁਕੀ ਹੋਈ ਹੈ।
ਜਸਵਿੰਦਰ ਸਿੰਘ ਹੇਅਰ
ਈ.ਟੀ.ਟੀ. ਅਧਿਆਪਕ
