ਕਵਿਤਾ -ਮੈਨੂੰ ਸਜਣਾਂ ਸੰਵਰਨਾ ਪਸੰਦ -ਕਮਲ ਸੇਖੋਂ
ਮੈਨੂੰ ਸਜਣਾਂ ਸੰਵਰਨਾ ਪਸੰਦ ਹੈ
ਪਰ ਮੈਂ ਮੇਕ ਅਪ ਨਹੀਂ ਕਰਦੀ
ਕਿਉਂਕਿ
ਮੇਰੇ ਪਤੀ ਦੇਵ ਨੂੰ ਪਸੰਦ ਨਹੀਂ…
ਮੈਨੂੰ ਗੋਭੀ ਦੀ ਸਬਜ਼ੀ
ਬਹੁਤ ਸਵਾਦ ਲੱਗਦੀ ਹੈ
ਪਰ ਮੈਂ ਬਣਾਉਂਦੀ ਨਹੀ
ਕਿਉਂਕਿ
ਮੇਰੀ ਸੱਸ ਮਾਂ ਨੂੰ ਪਸੰਦ ਨਹੀਂ…
ਮੈਨੂੰ ਗੀਤ ਗਾਉਣੇ
ਚੰਗੇ ਲੱਗਦੇ ਹਨ
ਪਰ ਮੈਂ ਨਹੀਂ ਗਾਉਂਦੀ
ਕਿਉਂਕਿ
ਮੇਰੇ ਪੁੱਤ ਨੂੰ ਪਸੰਦ ਨਹੀਂ…
ਮੈਨੂੰ ਬੇੜੀਆਂ ਪਸੰਦ ਨਹੀ
ਫਿਰ ਵੀ ਮੈਂ ਜਕੜੀ ਹੋਈ ਹਾਂ
ਨਾ ਦਿਸਣ ਵਾਲੀਆਂ
ਰਿਸ਼ਤਿਆਂ ਦੀਆਂ ਬੇੜੀਆਂ ਵਿੱਚ…
ਜਦ ਵੀ
ਮੈਂ ਇਸ ਜਕੜਨ ਵਿੱਚੋਂ
ਨਿਕਲਣ ਦੀ ਕੋਸ਼ਿਸ਼ ਕੀਤੀ
ਤਲਾਕ, ਤਲਾਕ, ਤਲਾਕ ਦੇ ਬੋਲ
ਮੇਰੇ ਕੰਨਾਂ ਵਿਚ ਵੱਜ ਕੇ
ਕੰਨਾਂ ਦੇ ਪਰਦੇ ਪਾੜਨ ਲੱਗਦੇ…
ਮੈਂ ਕੰਨਾਂ ਨੂੰ ਹੱਥਾਂ ਨਾਲ ਘੁੱਟ
ਬਾਹਰਲੀਆਂ ਆਵਾਜ਼ਾਂ ਬੰਦ ਕਰ
ਆਪਣੀਆਂ ਖਵਾਇਸ਼ਾਂ ਦਾ ਗਲ ਘੁੱਟ
ਆਪਣੇ ਕੰਮ ਵਿਚ ਲੱਗ ਜਾਂਦੀ ਹਾਂ…
ਕਿਉਂਕਿ ਮੈਂ ਇੱਕ ਅਜ਼ਾਦ ਭਾਰਤੀ ਔਰਤ ਹਾਂ…
ਕਮਲ ਸੇਖੋਂ
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
Email
WhatsApp
Telegram
Skype
Print
