ਬਾਲਪਨ (ਕਵਿਤਾ)- ਕਮਲ ਸੇਖੋਂ
ਕੀਤਾ ਨਹੀਂ ਸੀ ਭੇਦ ਭਾਵ , ਜਾਤਾਂ ਅਤੇ ਪਾਤਾਂ ਵਿੱਚ
ਪੜ੍ਹਦੇ ਸਾਂ ਜਦੋਂ ਅਸੀਂ ਕੱਚੀਆਂ ਜਮਾਤਾਂ ਵਿੱਚ ।
ਕੱਚੀ ਜਿਹੇ ਉਮਰ ਵਿੱਚ ਪੱਕੇ ਉਹ ਹਾਣੀ ਸੀ
ਕੱਚਾ ਹੀ ਉਹ ਘੜਾ ਪੀਂਦੇ ਜੀਹਦੇ ਵਿੱਚੋਂ ਪਾਣੀ ਸੀ
ਏ.ਸੀ. ਜਿੰਨੀ ਠੰਢ ਹੁੰਦੀ, ਕੱਚੀਆਂ ਸਵਾਤਾਂ ਵਿੱਚ
ਪੜ੍ਹਦੇ ਸਾਂ…
ਪੱਥਰ ‘ਤੇ ਲਕੀਰ ਹੁੰਦੀ ‘ਭੈਣ ਜੀ’ ਜੋ ਕਹਿੰਦੇ ਸੀ
ਰੱਬ ਨਾਲੋ ਪਹਿਲਾਂ ਨਾਂ ਭੈਣ ਜੀ ਦਾ ਲੈਂਦੇ ਸੀ
ਧੂਣੀ ਬਾਲ ਸੇਕਦੇ ਸਾਂ, ਠੰਢ ਦੀਆਂ ਰਾਤਾਂ ਵਿੱਚ
ਪੜ੍ਹਦੇ ਸਾਂ…
ਸੂਰਜ ਵੱਲ ਮੂੰਹ ਕਰ ਫੱਟੀ ਨੂੰ ਸੁਕਾਉਂਦੇ ਸਾਂ
ਵੀਰੇ ਕੋਲੋਂ ਸੋਹਣੇ ਸੋਹਣੇ ਪੂਰਨੇ ਪਵਾਉਂਦੇ ਸਾਂ
ਸਿਆਹੀ ਵਾਲੀ ਟਿੱਕੀ ਪਾਉਂਦੇ ਸਾਂ ਦਵਾਤਾਂ ਵਿਚ
ਪੜ੍ਹਦੇ ਸਾਂ…
‘ਕੱਠੇ ਬੈਠ ਰੋਟੀ ਅੱਧੀ ਛੁੱਟੀ ਵੇਲੇ ਖਾਂਦੇ ਸਾਂ
ਅੰਬ ਦੇ ਅਚਾਰ ਨਾਲ ਚੁਫੇਰਾ ਮਹਿਕਾਂਦੇ ਸਾਂ
ਸਭ ਤੋਂ ਪਿਆਰਾ ਬਾਲਪਨ, ਰੱਬ ਦੀਆਂ ਦਾਤਾਂ ਵਿੱਚੋਂ
ਪੜ੍ਹਦੇ ਸਾਂ… ✍️ਕਮਲ ਸੇਖੋਂ
ਆਪਣੇ ਦੋਸਤਾਂ ਨਾਲ ਸ਼ੇਅਰ ਕਰੋ
Facebook
Twitter
Email
WhatsApp
Telegram
Skype
Print
