ਮੁਸਕਾਨ ਬਣੀ ਰਹੇ-ਗੁਰਵਿੰਦਰ ਸਿੰਘ ਸਿੱਧੂ
*ਮੁਸਕਾਨ ਬਣੀ ਰਹੇ*
ਚਾਹੁੰਦਾ ਹਾਂ ਕਿ ਸਭਨਾਂ ਦੀ ਮੁਸਕਾਨ ਬਣੀ ਰਹੇ
ਖੁਸ਼ੀ ਵੀ ਹਰ ਇੱਕ ਵਿਹੜੇ ਦੀ ਮਹਿਮਾਨ ਬਣੀ ਰਹੇ।
ਢਿੱਡ ਬੰਨ੍ਹ ਕੇ ਹੀ ਆਖ਼ਰ ਨੂੰ ਸੌਣਾ ਪਏ ਗਰੀਬ ਨੂੰ
ਰੋਟੀ ਕੁੱਤਿਆਂ ਨੂੰ ਪਾ ਦੁਨੀਆਂ ਲੱਖ ਧਨਵਾਨ ਬਣੀ ਰਹੇ।
ਹੋਣ ਖੁਸ਼ੀਆਂ ਖੇੜੇ ਹਰ ਘਰੀਂ ਚਿਰਾਗ਼ ਵੀ ਰੌਸ਼ਨ
ਪੁੱਤ ਸਰਵਣ ਵਰਗੀ ਦੁਨੀਆਂ ‘ਤੇ ਹਰ ਸੰਤਾਨ ਬਣੀ ਰਹੇ।
ਉੱਤਮ ਕਲਾਕਾਰ ਤੂੰ ਤਰਾਸ਼ੀ ਦੁਨੀਆਂ ਏ ਜਿਸਨੇ
ਜਿਊਂਦੇ ਬੁੱਤ ਘੜਨ ਦੀ ਕਲਾ ਵੇ ਤਰਖਾਣ ਬਣੀ ਰਹੇ।
ਵੰਡੇ ਜੋ ਪਿਆਰ ਤੇ ਸਤਿਕਾਰ ਦੇ ਖਜ਼ਾਨੇ ਹਰ ਇੱਕ ਨੂੰ
ਓਸ ਪਾਕ ਰੂਹ ਦੀ ਸਦੀਆਂ ਤੱਕ ਉੱਚੀ ਸ਼ਾਨ ਬਣੀ ਰਹੇ।
ਲੰਗੜ੍ਹੇ ਹੋਏ ਇਨਸਾਫ਼ ਨੂੰ ਦੇਈਂ ਹਿੰਮਤ ਦੀਆਂ ਫਹੁੜੀਆਂ
ਫ਼ਤਿਹ ਸੱਚ ਦੀ ਬਦੀ ‘ਤੇ ਹਰ ਮੈਦਾਨ ਬਣੀ ਰਹੇ।
ਲੋੜਵੰਦ ਦੀ ਸੇਵਾ ਤੇ ਭੁੱਖੇ ਬੱਚਿਆਂ ਨੂੰ ਅੰਨ-ਜਲ
ਕਰਨਾ ਨੇਕੀ ਹੀ ਸਾਡੀ ਸਦਾ ਪਹਿਚਾਣ ਬਣੀ ਰਹੇ।
ਆਪਣੇ ਚਰਨਾਂ ਦੀ ਛੋਹ ਸਦਾ ਬਖ਼ਸ਼ੀਂ ਮੇਰੇ ਦਾਤਾ
ਰਜ਼ਾ ਹਰ ਤੇਰੀ ‘ਸਿੱਧੂ’ ਲਈ ਫ਼ੁਰਮਾਨ ਬਣੀ ਰਹੇ।
ਗੁਰਵਿੰਦਰ ਸਿੰਘ ਸਿੱਧੂ
ਪ੍ਰੋਜੈਕਟ ਜਨਰਲ ਸਕੱਤਰ
ਪੰਜਾਬ ਭਵਨ ਸਰੀ ਕੈਨੇਡਾ
‘ਨਵੀਆਂ ਕਲਮਾਂ ਨਵੀਂ ਉਡਾਣ’
ਸੰਪਰਕ 98154-86225
