ਆਖ਼ਰੀ ਹਾਕ- ਕਹਾਣੀਕਾਰ ਹਰਪ੍ਰੀਤ ਜਟਾਣਾ
ਬਿਸਤਰ ’ਤੇ ਨਿਢਾਲ ਪਿਆ ਮੱਘਰ ਸਿੰਘ ਕਦੇ-ਕਦੇ ਬੁੜਬੁੜਾਉਂਦਾ ਤੇ ਫਿਰ ਅੱਖਾਂ ਮੀਟ ਕੇ ਨੀਮ-ਬੇਹੋਸ਼ੀ ਵਿੱਚ ਡੁੱਬ ਜਾਂਦਾ।
ਉਮਰ ਦੇ ਅੱਠ ਦਹਾਕਿਆਂ ਤੋਂ ਪਾਰ ਲੰਘ ਚੁੱਕੀ ਦੇਹ ਹੁਣ ਜਿਵੇਂ ਜ਼ਿੰਦਗੀ ਦਾ ਬੋਝ ਚੁੱਕਦਿਆਂ ਥੱਕ ਗਈ ਸੀ। ਦੋ ਦਿਨਾਂ ਤੋਂ ਹਾਲਤ ਲਗਾਤਾਰ ਵਿਗੜ ਰਹੀ ਸੀ। ਜਾਂਚ ਕਰਦੇ ਡਾਕਟਰ ਦਾ ਬੁੱਲ੍ਹ ਮੀਚ ਕੇ ‘ਨਾ’ ਚ ਵੱਜਦਾ ਸਿਰ ਮੌਤ ਦੀ ਭਵਿੱਖਬਾਣੀ ਕਰ ਰਿਹਾ ਸੀ।
ਰਾਜਸਥਾਨ ਵਿਆਹੀ ਵੱਡੀ ਪੋਤੀ ਵੀ ਆ ਗਈ ਸੀ। ਬਾਕੀ ਪਰਿਵਾਰ ਵੀ ਇਕੱਠਾ ਹੋ ਗਿਆ ਸੀ। ਤਿੰਨੇ ਪੁੱਤਰ, ਉਹਨਾਂ ਦੀਆਂ ਵਹੁਟੀਆਂ, ਪੋਤੇ-ਪੋਤਰੀਆਂ, ਵੱਡੇ ਪੁੱਤਰ ਦੇ ਵਿਆਹੇ ਹੋਏ ਦੋਵੇਂ ਬੱਚੇ, ਸਾਲ ਕੁ ਦਾ ਪੜਪੋਤਰਾ—ਸਾਰੇ।
ਤਿੰਨੇ ਪੁੱਤਰਾਂ ਦੇ ਘਰ ਭਾਵੇਂ ਅਲੱਗ-ਅਲੱਗ ਸਨ, ਪਰ ਅੱਜ ਸਭ ਦੀਆਂ ਨਜ਼ਰਾਂ ਇੱਕੋ ਬਿਸਤਰ ’ਤੇ ਟਿਕੀਆਂ ਹੋਈਆਂ ਸਨ।
ਮੱਘਰ ਸਿੰਘ ਸਭ ਤੋਂ ਛੋਟੇ ਪੁੱਤਰ ਦੇ ਘਰ ਪਿਆ ਸੀ।
ਹੁਣ ਉਹ ਕਿਸੇ ਨੂੰ ਪਛਾਣਦਾ ਨਹੀਂ ਸੀ।
ਕਦੇ ਅੱਖਾਂ ਖੋਲ੍ਹਦਾ, ਸਾਹਮਣੇ ਬੈਠੇ ਕਿਸੇ ਬੰਦੇ ਵੱਲ ਵੇਖਦਾ ਤੇ ਫਿਰ ਨਜ਼ਰ ਕਿਤੇ ਦੂਰ ਲੈ ਜਾਂਦਾ। ਕਦੇ ਕਿਸੇ ਅਣਦਿਸਦੇ ਬੰਦੇ ਨੂੰ ਆਵਾਜ਼ ਮਾਰਦਾ। ਕੱਲ੍ਹ ਤੋਂ ਤਾਂ ਉਹ ਆਪਣੇ ਬਚਪਨ ਦੇ ਸਾਥੀਆਂ ਦੇ ਨਾਂ ਲੈ ਰਿਹਾ ਸੀ।
“ਓਏ ਕਰਮੇ… ਕਿੱਥੇ ਗਿਆ ਓਏ?”
ਕੁਝ ਦੇਰ ਬਾਅਦ—
“ਬੰਤਿਆ… ਤੂੰ ਆਇਆ ਨੀਂ?”
ਪਰ ਕਰਮਾ ਤੇ ਬੰਤਾ ਤਾਂ ਕਈ ਦਹਾਕੇ ਪਹਿਲਾਂ ਹੀ ਮਿੱਟੀ ਹੋ ਚੁੱਕੇ ਸਨ।
ਵੱਡੀ ਉਮਰ ਦੀ ਗੁਆਂਢਣ ਨੇ ਸਿਰ ਹਿਲਾਉਂਦਿਆਂ ਕਿਹਾ,
“ਹੁਣ ਤਾਂ ਭਾਈ ਹੱਡ ਛੁੱਟ ਜਾਣ ਤਾਂ ਚੰਗਾ… ਬਚਦਾ ਤਾਂ ਨੀ… ਪਤਾ ਨੀ ਕਿਹੜੀ ਕਰਾਮਾਤ ਆ ਜੋ ਜਾਨ ਨੀ ਨਿਕਲਣ ਦਿੰਦੀ।”
ਕਮਰੇ ਵਿੱਚ ਬੈਠੇ ਕਿਸੇ ਨੇ ਕੋਈ ਜਵਾਬ ਨਾ ਦਿੱਤਾ।
ਸਭ ਨੂੰ ਮੱਘਰ ਦੀਆਂ ਬਚਪਨ ਦੀਆਂ ਗੱਲਾਂ ਪਤਾ ਸਨ। ਉਹ ਪੋਤੇ-ਪੋਤੀਆਂ ਨੂੰ ਅਕਸਰ ਆਪਣੇ ਪਿੰਡ ਦੀਆਂ ਪੁਰਾਣੀਆਂ ਬਾਤਾਂ ਸੁਣਾਉਂਦਾ ਸੀ। ਕਿਸ ਖੇਤ ਵਿੱਚ ਕਿਹੜਾ ਰੁੱਖ ਹੁੰਦਾ ਸੀ, ਕਿਹੜੇ ਮੁੰਡੇ ਨੇ ਕਿਹੜੀ ਸ਼ਰਾਰਤ ਕੀਤੀ ਸੀ, ਕਿਸ ਸਾਲ ਹੜ੍ਹ ਆਇਆ ਸੀ—ਉਸਦੀ ਯਾਦ ਵਿੱਚ ਪਿੰਡ ਦਾ ਇੱਕ ਪੂਰਾ ਜ਼ਮਾਨਾ ਵੱਸਦਾ ਸੀ।
ਉਸਨੇ ਬਾਤਾਂ ਤਾਂ ਬਹੁਤ ਪਾਈਆਂ ਸਨ, ਉਹੀ ਪਾਤਰਾਂ ਦੇ ਨਾਮ ਅੱਜ ਬੇਸੁਰਤ ਮੱਘਰ ਮੂੰਹੋਂ ਨਿੱਕਲ ਰਹੇ ਸਨ।
ਅਚਾਨਕ ਮੱਘਰ ਦੇ ਸੁੱਕੇ ਬੁੱਲ੍ਹ ਹਿੱਲੇ।
“ਅੱਕੋਓਓ…”
ਕਮਰੇ ਵਿੱਚ ਜੀਵਿਤ ਹਰ ਸ਼ੈਅ ਸਾਵਧਾਨ ਹੋ ਗਈ।
ਨੂੰਹਾਂ ਨੇ ਇੱਕ-ਦੂਜੇ ਵੱਲ ਵੇਖਿਆ। ਪੋਤ-ਨੂੰਹ ਨੇ ਮੂੰਹ ਥੋੜ੍ਹਾ ਜਿਹਾ ਪਰਦੇ ਨਾਲ ਢੱਕ ਲਿਆ। ਵਿਚਕਾਰਲੀ ਨੂੰਹ ਦੇ ਬੁੱਲ੍ਹਾਂ ’ਤੇ ਹਲਕੀ ਜਿਹੀ ਮੁਸਕਰਾਹਟ ਆਈ, ਪਰ ਉਸਨੇ ਤੁਰੰਤ ਨੱਕ ਚੜ੍ਹਾ ਕੇ ਚਿਹਰਾ ਦੂਜੇ ਪਾਸੇ ਕਰ ਲਿਆ।
“ਅੱਕੋ… ਮੈਨੂੰ ਲੈ ਜਾ…”
ਕੁਝ ਪਲ ਚੁੱਪੀ ਰਹੀ।
ਫਿਰ—
“ਤੇਰਾ ਹਾਸਾ…”
ਮੱਘਰ ਦੇ ਚਿਹਰੇ ’ਤੇ ਅਜੀਬ ਜਿਹੀ ਸ਼ਾਂਤੀ ਉਤਰੀ।
“ਅੱਕੋਓਓ…”
ਇਹ ਨਾਂ ਉਸਦੇ ਪਰਿਵਾਰ ਨੇ ਪਹਿਲੀ ਵਾਰ ਸੁਣਿਆ ਸੀ।
ਮੱਘਰ ਨੇ ਕਦੇ ਕਿਸੇ ਕਹਾਣੀ ਵਿੱਚ ਅੱਕੋ ਦਾ ਜ਼ਿਕਰ ਨਹੀਂ ਕੀਤਾ ਸੀ। ਨਾ ਕਿਸੇ ਹੱਡ-ਬੀਤੀ ਵਿੱਚ। ਨਾ ਕਿਸੇ ਬਾਤ ਵਿੱਚ।
ਫਿਰ ਅੱਕੋ ਕੌਣ ਸੀ?
ਮੱਘਰ ਸਿੰਘ ਬਚਪਨ ਤੋਂ ਹੀ ਸ਼ਰਮੀਲੇ ਸੁਭਾਅ ਦਾ ਸੀ।
ਲੋਕਾਂ ਵਿੱਚ ਬੈਠਦਾ ਤਾਂ ਚੁੱਪ ਰਹਿੰਦਾ। ਕੋਈ ਪੁੱਛ ਲੈਂਦਾ—
“ਮੱਘਰਾ, ਕੀ ਹਾਲ ਐ?”
“ਠੀਕ ਆ।”
ਬੱਸ।
ਅੱਗੋਂ ਗੱਲ ਵਧਾਉਣ ਦੀ ਉਸਨੂੰ ਆਦਤ ਨਹੀਂ ਸੀ।
ਯਾਰ-ਦੋਸਤ ਵੀ ਨਾਂ-ਮਾਤਰ ਹੀ ਸਨ। ਖੇਤ, ਪਸ਼ੂ, ਘਰ ਦੇ ਕੰਮ—ਇਹੀ ਉਸਦੀ ਦੁਨੀਆ ਸੀ।
ਫਿਰ ਇੱਕ ਦਿਨ ਉਸਦੀ ਇਸ ਨੀਰਸ ਜਿਹੀ ਜ਼ਿੰਦਗੀ ਵਿੱਚ ਕੰਧ ਟੱਪ ਕੇ ਇੱਕ ਹਾਸਾ ਆ ਕੇ ਡਿੱਗਿਆ।
ਛਿਪਦੇ ਪਾਸੇ ਗੁਆਂਢੀਆਂ ਦੀ ਕੰਧ ਨਾਲ ਖੁਰਲੀ ਬਣੀ ਹੋਈ ਸੀ। ਮੱਘਰ ਮੱਝਾਂ ਨੂੰ ਪੱਠੇ ਪਾ ਰਿਹਾ ਸੀ। ਜੇਠ ਦੀ ਦੁਪਹਿਰ ਸੀ। ਹਵਾ ਵੀ ਜਿਵੇਂ ਗਰਮੀ ਤੋਂ ਡਰ ਕੇ ਕਿਤੇ ਲੁਕ ਗਈ ਸੀ।
ਅਚਾਨਕ ਉਸਨੂੰ ਕੰਧ ਦੇ ਪਾਰੋਂ ਕਿਸੇ ਕੁੜੀ ਦਾ ਉੱਚਾ ਹਾਸਾ ਸੁਣਾਈ ਦਿੱਤਾ।
ਮੱਘਰ ਦੇ ਹੱਥ ਰੁਕ ਗਏ।
ਉਸਨੇ ਪੱਠਿਆਂ ਵਾਲੀ ਟੋਕਰੀ ਇਕ ਪਾਸੇ ਰੱਖੀ ਤੇ ਖੁਰਲੀ ਉੱਤੇ ਚੜ੍ਹ ਕੇ ਕੰਧ ਤੋਂ ਪਾਰ ਵੇਖਿਆ।
ਸਾਹਮਣੇ ਸਾਂਵਲੇ ਰੰਗ ਦੀ ਲੰਮੀ-ਝੰਮੀ ਮੁਟਿਆਰ ਖੜ੍ਹੀ ਸੀ।
ਉਹ ਹੱਸ ਰਹੀ ਸੀ।
ਐਸਾ ਹਾਸਾ ਜਿਸ ਵਿੱਚ ਕੋਈ ਬਣਾਵਟ ਨਹੀਂ ਸੀ। ਜਿਵੇਂ ਹੱਸਣਾ ਉਸਦੀ ਫ਼ਿਤਰਤ ਹੋਵੇ।
ਮੱਘਰ ਉਸਨੂੰ ਵੇਖਦਾ ਹੀ ਰਹਿ ਗਿਆ।
ਕੁੜੀ ਦੀ ਨਜ਼ਰ ਅਚਾਨਕ ਉਸ ’ਤੇ ਪਈ।
ਦੋਵੇਂ ਇੱਕ ਪਲ ਲਈ ਠਹਿਰ ਗਏ।
ਫਿਰ ਦੋਵੇਂ ਨੇ ਅੱਖਾਂ ਝੁਕਾ ਲਈਆਂ।
ਮੱਘਰ ਨੂੰ ਉਸ ਦਿਨ ਪਹਿਲੀ ਵਾਰ ਸਮਝ ਆਇਆ ਕਿ ਸਵਾਦ ਇਕੱਲੇ ਰੋਟੀ ਪਾਣੀ ਦਾ ਨਹੀਂ ਹੁੰਦਾ…ਹਾਸਿਆਂ ਨਾਲ ਵੀ ਰੂਹ ਰਜਦੀ ਹੈ।
ਦੋ-ਤਿੰਨ ਦਿਨਾਂ ਵਿੱਚ ਉਸਨੂੰ ਪਤਾ ਲੱਗ ਗਿਆ—ਕੁੜੀ ਦਾ ਨਾਂ ਅੱਕੋ ਸੀ।
ਉਹ ਗੁਆਂਢੀਆਂ ਦੇ ਘਰ ਆਈ ਹੋਈ ਸੀ। ਰਿਸ਼ਤੇ ਵਿੱਚ ਨਵੀਂ ਵਿਆਹੀ ਵਹੁਟੀ ਦੀ ਮਾਸੀ ਦੀ ਕੁੜੀ ਸੀ।
ਮੱਘਰ ਲਈ ਹੁਣ ਉਸ ਘਰ ਦੀ ਕੰਧ ਪਹਿਲਾਂ ਵਰਗੀ ਕੰਧ ਨਹੀਂ ਰਹੀ ਸੀ। ਕੰਧ ਦੇ ਇਸ ਪਾਰ ਓਸਦੀ ਸੁੰਨੀ ਜ਼ਿੰਦਗੀ ਤੇ ਉਸ ਪਾਰ…….
ਉਹ ਕੰਮ ਕਰਦਾ ਹੋਇਆ ਵੀ ਕੰਨ ਉਧਰ ਰੱਖਦਾ। ਕਦੇ ਅੱਕੋ ਦੀ ਆਵਾਜ਼ ਸੁਣਾਈ ਦਿੰਦੀ, ਕਦੇ ਹਾਸਾ।
ਦਸ ਦਿਨ ਲੰਘ ਗਏ।
ਅੱਖਾਂ ਦੀ ਗੱਲ ਵਧਦੀ ਗਈ, ਪਰ ਜ਼ੁਬਾਨ ਤੱਕ ਨਾ ਪਹੁੰਚੀ।
ਮੱਘਰ ਨੇ ਸੰਗਰਾਂਦ ਦੇ ਮੇਲੇ ਤੋਂ ਇੱਕ ਰੁਮਾਲ ਖਰੀਦਿਆ।
ਹਲਕੇ ਗੁਲਾਬੀ ਰੰਗ ਦਾ ਰੁਪਾਲ। ਕਿਨਾਰੇ ’ਤੇ ਕੱਢਾਈ ਨਾਲ ਬਣਿਆ ਫੁੱਲ।
ਉਸਨੇ ਕਈ ਵਾਰ ਸੋਚਿਆ ਕਿ ਦੇਵੇ ਕਿਵੇਂ।
ਫਿਰ ਇੱਕ ਦਿਨ ਮੌਕਾ ਮਿਲ ਗਿਆ।
ਜੇਠ ਦੀ ਸੁੰਨਸਾਨ ਦੁਪਹਿਰ ਸੀ। ਗਲੀ ਵਿੱਚ ਕੋਈ ਨਹੀਂ ਸੀ। ਅੱਕੋ ਕਿਸੇ ਕੰਮ ਲਈ ਬਾਹਰ ਆਈ।
ਮੱਘਰ ਨੇ ਹਿੰਮਤ ਕਰਕੇ ਉਸਨੂੰ ਰੋਕ ਲਿਆ।
ਦੋਵਾਂ ਦੇ ਦਿਲ ਧੜਕ ਰਹੇ ਸਨ।
ਮੱਘਰ ਨੇ ਕੁਝ ਨਾ ਕਿਹਾ। ਬਸ ਰੁਮਾਲ ਉਸਦੇ ਸਾਹਮਣੇ ਕਰ ਦਿੱਤਾ।
ਅੱਕੋ ਨੇ ਰੁਮਾਲ ਵੱਲ ਵੇਖਿਆ। ਫਿਰ ਮੱਘਰ ਵੱਲ।
ਸਿਰ ਹਿਲਾ ਦਿੱਤਾ।
“ਇੰਝ ਨੀਂ।”
ਮੱਘਰ ਦਾ ਹੱਥ ਹਵਾ ਵਿੱਚ ਹੀ ਰੁਕ ਗਿਆ।
ਅੱਕੋ ਦੇ ਚਿਹਰੇ ’ਤੇ ਮੁਸਕਰਾਹਟ ਸੀ, ਪਰ ਅਗਲੇ ਪਲ ਉਹ ਗੰਭੀਰ ਹੋ ਗਈ।
“ਰਿਸ਼ਤੇ ਦੀ ਗੱਲ ਕਰ ਸਾਡੇ ਘਰ। ਜਦ ਤੇਰੀ ਘਰਵਾਲੀ ਬਣ ਗਈ ਤਾਂ ਉਦੋਂ ਲਵਾਂਗੀ ਤੇਰਾ ਰੁਮਾਲ।”
ਮੱਘਰ ਨੂੰ ਸਮਝ ਨਾ ਆਈ ਕਿ ਇਹ ਹਾਂ ਸੀ ਜਾਂ ਨਾਂਹ।
ਉਸਨੇ ਸੁੱਕਾ ਗਲਾ ਸਾਫ਼ ਕੀਤਾ।
“ਤੂੰ ਹੀ ਕਰ ਆਪਣੀ ਭੈਣ ਨਾਲ ਗੱਲ।”
ਅੱਕੋ ਨੇ ਤੁਰੰਤ ਸਿਰ ਹਿਲਾਇਆ।
“ਨਾਂਹ ਨਾਂਹ… ਮੈਂ ਆਪਣੀ ਭੈਣ ਨੂੰ ਜਾਣਦੀ ਆਂ। ਓਹਦੇ ਗੱਲ ਨੀਂ ਪੱਚਣੀ। ਇਹ ਤੂੰ ਆਪ ਸੋਚ ਕਿਵੇਂ ਕਰਨਾ। ਮੇਰੇ ਵੱਲੋਂ ਕੋਈ ਉਮੀਦ ਨਾ ਰੱਖੀਂ।”
ਮੱਘਰ ਉਸਦੇ ਚਿਹਰੇ ਵੱਲ ਵੇਖਦਾ ਰਿਹਾ।
ਅੱਕੋ ਤੁਰ ਪਈ।
ਕੁਝ ਕਦਮ ਜਾ ਕੇ ਪਿੱਛੇ ਮੁੜੀ।
“ਇਹ ਨਾ ਸਮਝੀਂ ਕਿ ਕੁੜੀ ਮੰਨਗੀ!”
ਉਹ ਹੱਸ ਪਈ।
ਉਹੀ ਹਾਸਾ।
ਮੱਘਰ ਨੂੰ ਉਸ ਦਿਨ ਉਸਦਾ ਹਾਸਾ ਵੀ ਹਾਂ ਵਰਗਾ ਲੱਗਿਆ ਤੇ ਨਾਂਹ ਵੀ।
ਕਾਲਾ ਰਿਸ਼ਤੇ ਵਿੱਚ ਮੱਘਰ ਦਾ ਸ਼ਰੀਕੇ ਵਿੱਚੋਂ ਭਰਾ ਲੱਗਦਾ ਸੀ।
ਪਰ ਕਾਲੇ ਦੀ ਆਪਣੀ ਝੇਪ ਸੀ।ਫਿਰ ਵੀ ਉਸਨੇ ਹਿੰਮਤ ਕਰਕੇ ਗੱਲ ਕਰ ਦਿੱਤੀ।
ਸਾਰੀ ਗੱਲ।
ਅੱਕੋ ਬਾਰੇ ਵੀ।
ਰੁਮਾਲ ਬਾਰੇ ਵੀ।
ਕਾਲਾ ਦੋ ਦਿਨ ਲਈ ਬਾਹਰ ਚਲਾ ਗਿਆ।
ਤੀਜੇ ਦਿਨ ਵਾਪਸ ਆਇਆ ਤਾਂ ਮੱਘਰ ਉਸਨੂੰ ਵੇਖਦਿਆਂ ਹੀ ਉੱਠ ਬੈਠਾ।
“ਕੀ ਬਣਿਆ?”
ਕਾਲੇ ਨੇ ਕੁਝ ਪਲ ਉਸ ਵੱਲ ਵੇਖਿਆ।
“ਮੱਘਰਾ…”
ਇੰਨਾ ਆਖ ਕੇ ਉਹ ਚੁੱਪ ਹੋ ਗਿਆ।
“ਬੋਲ ਵੀ।”
“ਘਰਦੇ ਨੀ ਮੰਨੇ।”
ਮੱਘਰ ਦੀਆਂ ਅੱਖਾਂ ਥੱਲੇ ਹੋ ਗਈਆਂ।
“ ਕਹਿੰਦੇ… ਜ਼ਮੀਨ ਘੱਟ ਆ।”
ਕਾਲਾ ਕੁਝ ਹੋਰ ਕਹਿਣ ਲੱਗਾ, ਫਿਰ ਰੁਕ ਗਿਆ।
“ਮੈਂ ਅੱਕੋ ਨੂੰ ਵੀ ਮਿਲਿਆ ਸੀ।”
ਮੱਘਰ ਨੇ ਪਹਿਲੀ ਵਾਰ ਉਸਦੀ ਅੱਖਾਂ ਵਿੱਚ ਵੇਖਿਆ।
“ਉਹਨੇ ਕੀ ਆਖਿਆ?”
ਕਾਲੇ ਨੇ ਹੌਲੀ ਆਵਾਜ਼ ਵਿੱਚ ਕਿਹਾ,
“ਉਹ ਆਖਦੀ ਆ… ਘਰਦਿਆਂ ਦੇ ਫੈਸਲੇ ਦੇ ਖ਼ਿਲਾਫ਼ ਉਹ ਕਦੇ ਨੀ ਜਾਊਗੀ।”
ਮੱਘਰ ਕੁਝ ਨਾ ਬੋਲਿਆ।
ਉਸ ਦਿਨ ਉਸਨੂੰ ਪਹਿਲੀ ਵਾਰ ਮੱਘਰ ਨੂੰ ਘੱਟ ਜ਼ਮੀਨ ਦੀ ਨਾਮੋਸ਼ੀ ਹੋਈ।
ਉਸ ਤੋਂ ਬਾਅਦ ਅੱਕੋ ਕਦੇ ਉਸ ਪਿੰਡ ਨਾ ਆਈ।
ਮੱਘਰ ਵੀ ਉਸਦੇ ਪਿੰਡ ਜਾਣ ਦੀ ਹਿੰਮਤ ਨਾ ਕਰ ਸਕਿਆ।
ਕੁਝ ਸਮੇਂ ਬਾਅਦ ਕਾਲੇ ਨੇ ਦੱਸਿਆ ਕਿ ਅੱਕੋ ਦਾ ਰਿਸ਼ਤਾ ਪੱਕਾ ਹੋ ਗਿਆ ਹੈ।
ਫਿਰ ਵਿਆਹ।
ਉਧਰ ਮੱਘਰ ਦਾ ਵੀ ਵਿਆਹ ਕਰ ਦਿੱਤਾ ਗਿਆ।
ਉਸਦੀ ਘਰਵਾਲੀ ਦਾ ਸੁਭਾਅ ਤਿੱਖਾ ਸੀ। ਘਰ ਚੱਲਦਾ ਰਿਹਾ, ਪਰ ਮੱਘਰ ਦੀ ਚੁੱਪ ਹੋਰ ਡੂੰਘੀ ਹੁੰਦੀ ਗਈ।
ਇੱਕ ਦਿਨ ਉਸਨੇ ਉਹੀ ਰੁਮਾਲ, ਜੋ ਅੱਕੋ ਲਈ ਖਰੀਦਿਆ ਸੀ, ਆਪਣੀ ਪਤਨੀ ਦੇ ਹੱਥ ’ਤੇ ਰੱਖ ਦਿੱਤਾ।
“ਲੈ।”
ਇੱਕ ਆਸ ਨਾਲ ਓਸਨੇ ਆਪਣੀ ਪਤਨੀ ਦੀਆਂ ਅੱਖਾਂ ਵਿੱਚ ਵੇਖਿਆ, ਉਹ ਖਾਲੀ ਸਨ – ਨਾ ਅੱਕੋ ਵਰਗੀ ਸ਼ਰਾਰਤ ਤੇ ਨਾ ਕੋਈ ਹਾਸਾ।
“ਚਿੱਟਾ ਲੈਂਦਾ ਜੇ ਪੈਸੇ ਲਾਉਣ ਹੀ ਲੱਗਿਆ ਸੀ…ਊਂ ਸੋਹਣਾ ਚਲ ”
ਮੱਘਰ ਨੇ ਇੱਕ ਪਲ ਲਈ ਉਸਨੂੰ ਵੇਖਿਆ।
ਫਿਰ ਮੂੰਹ ਮੋੜ ਲਿਆ। ਉਸ ਦਿਨ ਉਸਨੇ ਆਪਣੇ ਅੰਦਰ ਕੁਝ ਹੋਰ ਵੀ ਮੋੜ ਕੇ ਰੱਖ ਦਿੱਤਾ।
ਸਮਾਂ ਲੰਘਦਾ ਗਿਆ।
ਬੱਚੇ ਹੋਏ।
ਮੱਘਰ ਦੀਆਂ ਜ਼ਿੰਮੇਵਾਰੀਆਂ ਵਧਦੀਆਂ ਗਈਆਂ ਅਤੇ ਉਸਦੀ ਜ਼ੁਬਾਨ ’ਤੇ ਚੁੱਪ ਹੋਰ ਪੱਕੀ ਹੁੰਦੀ ਗਈ।
ਪਰ ਇੱਕ ਸਵਾਲ ਉਸਦੇ ਅੰਦਰ ਕਦੇ ਨਹੀਂ ਮਰਿਆ—
ਕਾਲੇ ਨੇ ਸੱਚਮੁੱਚ ਮੇਰਾ ਸਾਥ ਦਿੱਤਾ ਸੀ ਜਾਂ ਭਾਨੀ ਮਾਰੀ ਸੀ?
ਕਦੇ ਕਾਲਾ ਉਸਨੂੰ ਬਹੁਤ ਬੁਰਾ ਲੱਗਦਾ।
ਕਦੇ ਉਹੀ ਕਾਲਾ ਚੰਗਾ ਵੀ ਲੱਗਦਾ।
ਕਿਉਂਕਿ ਦੁਨੀਆ ਵਿੱਚ ਸਿਰਫ਼ ਇੱਕ ਬੰਦਾ ਸੀ ਜਿਸਨੂੰ ਪਤਾ ਸੀ ਕਿ ਮੱਘਰ ਦੇ ਦਿਲ ਵਿੱਚ ਅੱਕੋ ਨਾਂ ਦੀ ਕੋਈ ਥਾਂ ਵੀ ਸੀ।
ਕਾਲਾ ਅੱਕੋ ਦੀ ਗੱਲ ਕਰਦਾ ਹੀ ਨਹੀਂ ਸੀ।
ਮੱਘਰ ਦਾ ਦਿਲ ਕਰਦਾ ਕਿ ਉਹ ਬਸ ਅੱਕੋ ਬਾਰੇ ਹੀ ਗੱਲ ਕਰਦਾ ਰਹੇ।
ਪਰ ਉਹ ਕਦੇ ਪੁੱਛ ਨਾ ਸਕਿਆ।
ਇਸ ਮੁਹੱਬਤ ਦੇ ਤਿੰਨ ਹੀ ਰਾਜ਼ਦਾਰ ਸਨ—
ਮੱਘਰ।
ਅੱਕੋ।
ਤੇ ਕਾਲਾ।
ਇੱਕ ਦਿਨ ਕਾਲੇ ਦੇ ਘਰ ਚੀਕ ਵੱਜੀ…ਚੀਕ ਕਾਲੇ ਵੀ ਵਹੁਟੀ ਦੀ ਸੀ..ਚੀਕ ਵੈਣਾ ਵਿੱਚ ਬਦਲ ਗਈ…ਮੱਘਰ ਭੱਜ ਕੇ ਗਿਆ…ਹੋਰ ਗੁਆਂਢੀ ਵੀ ਪਹੁੰਚ ਗਏ ਸਨ। ਸੁਨੇਹਾ ਦੇਣ ਵਾਲਾ ਸ਼ਾਂਤ ਖੜ੍ਹਾ ਸੀ ਤੇ ਕੁੱਝ ਔਰਤਾਂ ਕਾਲੇ ਦੀ ਘਰਵਾਲੀ ਨੂੰ ਚੁੱਪ ਕਰਵਾ ਰਹੀਆਂ ਸਨ।
“ਕੀ ਭਾਣਾ ਵਰਤ ਗਿਆ ਕਾਲਾ ਸਿਆਂ” ਕਿਸੇ ਨੇ ਪੁੱਛਿਆ।
“ਮੇਰੀ ਸਾਲੀ ਚਲ ਵਸੀ….ਇਹਦੀ ਮਾਸੀ ਦੀ ਕੁੜੀ….ਸਾਡੇ ਵਿਆਹ ਤੋਂ ਥੋੜਾ ਟਾਈਮ ਬਾਦ ਖਾਸੇ ਦਿਨ ਲਾ ਕੇ ਗਈ ਸੀ ਏਥੇ ਵੀ ” ਕਾਲਾ ਜਿਵੇਂ ਚੇਤੇ ਕਰਵਾ ਰਿਹਾ ਸੀ।
ਮੱਘਰ ਦਾ ਸਿਰ ਚਕਰਾ ਗਿਆ। ਓਹਦਾ ਮਨ ਕਰੇ ਕਿ ਕਾਲੇ ਗਲ ਲੱਗ ਭੁੱਬ ਮਾਰਾਂ। ਭਰਜਾਈ ਨਾਲ ਵੈਣ ਪਾਵਾਂ …ਪਰ ‘ਉੱਚੀ ਵੈਣਾ’ ਲਈ ‘ਰਿਸ਼ਤਾ’ ਵੀ ਲਾਜ਼ਮੀ ਹੁੰਦਾ
“ਓਹੋ..ਓਹੋ…ਕਾਰਨ ਕੀ ਬਣਿਆ” ਫੇਰ ਸਵਾਲ ਉੱਠਿਆ।
“ਜਣੇਪਾ ਸੀ” ਕਾਲਾ ਬੋਲ ਰਿਹਾ ਸੀ।
ਮੱਘਰ ਘਰ ਵੱਲ ਮੁੜ ਆਇਆ।
ਉਸ ਰਾਤ ਉਹ ਬਹੁਤ ਦੇਰ ਤੱਕ ਜਾਗਦਾ ਰਿਹਾ।
ਕਮਰੇ ਵਿੱਚ ਸਭ ਸੁੱਤੇ ਪਏ ਸਨ।
ਉਸਨੇ ਪਹਿਲੀ ਵਾਰ ਹੌਲੀ ਜਿਹੀ ਆਵਾਜ਼ ਵਿੱਚ ਕਿਹਾ—
“ਅੱਕੋ…”
ਉਸਨੂੰ ਲੱਗਿਆ ਜਿਵੇਂ ਕਿਤੇ ਨੇੜੇ ਹੀ ਕੋਈ ਹੱਸਿਆ ਹੋਵੇ।
ਉਹੀ ਹਾਸਾ।
ਕੰਧ ਦੇ ਪਾਰੋਂ ਆਉਂਦਾ ਹੋਇਆ।
ਮੱਘਰ ਨੇ ਅੱਖਾਂ ਮੀਟ ਲਈਆਂ।
ਫਿਰ ਸਾਲ ਲੰਘਦੇ ਗਏ।
ਪੁੱਤਾਂ ਦੇ ਵਿਆਹ ਹੋਏ.. ਪੋਤੇ ਪੋਤੀਆਂ ਨਾਲ ਘਰ ਭਰਦਾ ਗਿਆ।
ਮੱਘਰ ਬੁੱਢਾ ਹੁੰਦਾ ਗਿਆ।
ਬੱਚਿਆਂ ਨੇ ਉਸਨੂੰ ਬਾਬਾ ਕਹਿਣਾ ਸ਼ੁਰੂ ਕਰ ਦਿੱਤਾ।
ਪੋਤੇ-ਪੋਤੀਆਂ ਉਸਦੇ ਆਲੇ-ਦੁਆਲੇ ਬੈਠ ਕੇ ਪੁਰਾਣੀਆਂ ਬਾਤਾਂ ਸੁਣਦੇ।
“ਬਾਬਾ, ਉਹ ਵੇਲੇ ਪਿੰਡ ਕਿਹੋ ਜਿਹਾ ਹੁੰਦਾ ਸੀ?”
“ਬਾਬਾ, ਤੂੰ ਬਚਪਨ ’ਚ ਕੀ ਕਰਦਾ ਸੀ?”
“ਬਾਬਾ, ਤੇਰਾ ਸਭ ਤੋਂ ਵਧੀਆ ਦੋਸਤ ਕੌਣ ਸੀ?”
ਮੱਘਰ ਹੱਸ ਕੇ ਕਰਮੇ, ਬੰਤੇ, ਜੱਗੇ ਤੇ ਹੋਰ ਕਿੰਨੇ ਹੀ ਨਾਂ ਲੈਂਦਾ।
ਪਰ ਅੱਕੋ ਦਾ ਨਾਂ ਕਦੇ ਨਹੀਂ ਲਿਆ।
ਉਸਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਸੱਚਾ ਪੰਨਾ ਕਦੇ ਕਿਸੇ ਨੂੰ ਨਹੀਂ ਪੜ੍ਹਾਇਆ।
ਅੱਜ ਉਹੀ ਮੱਘਰ ਸਿੰਘ ਆਖ਼ਰੀ ਸਾਹਾਂ ’ਤੇ ਸੀ।
ਕਮਰੇ ਵਿੱਚ ਸਾਰੇ ਖੜ੍ਹੇ ਸਨ।
ਉਸ ਦੀਆਂ ਅੱਖਾਂ ਬੰਦ ਸਨ।
ਬੁੱਲ੍ਹ ਹਿੱਲੇ।
“ਕਰਮੇ…”
ਫਿਰ ਚੁੱਪ।
“ਬੰਤਿਆ…”
ਫਿਰ ਚੁੱਪ।
ਅਚਾਨਕ ਉਸਦੇ ਚਿਹਰੇ ’ਤੇ ਹਲਕੀ ਜਿਹੀ ਮੁਸਕਰਾਹਟ ਆਈ।
“ਅੱਕੋ…”
ਸਾਰੇ ਇਕ-ਦੂਜੇ ਵੱਲ ਵੇਖਣ ਲੱਗੇ।
ਮੱਘਰ ਨੇ ਬਹੁਤ ਹੌਲੀ ਆਵਾਜ਼ ਵਿੱਚ ਕਿਹਾ—
“ਤੇਰਾ ਹਾਸਾ…”
ਫਿਰ ਉਸਦੇ ਬੁੱਲ੍ਹ ਹਿੱਲੇ।
ਇਸ ਵਾਰ ਆਵਾਜ਼ ਇੰਨੀ ਹੌਲੀ ਸੀ ਕਿ ਕਿਸੇ ਨੂੰ ਪੂਰੀ ਸੁਣਾਈ ਨਾ ਦਿੱਤੀ।
“ਮੈਨੂੰ… ਲੈ…”
ਵਾਕ ਅਧੂਰਾ ਰਹਿ ਗਿਆ।
ਕਮਰੇ ਵਿੱਚ ਇੱਕਦਮ ਡੂੰਘੀ ਚੁੱਪ ਉਤਰ ਆਈ।
ਮੱਘਰ ਦੀ ਛਾਤੀ ਇੱਕ ਵਾਰ ਉੱਠੀ।
ਫਿਰ ਹੌਲੀ ਜਿਹੀ ਥੱਲੇ ਆ ਗਈ।
ਬੱਸ।
ਵੱਡੀ ਪੋਤੀ ਨੇ ਘਬਰਾ ਕੇ ਦਾਦੇ ਦਾ ਹੱਥ ਫੜਿਆ।
“ਬਾਬਾ ਜੀ…”
ਕੋਈ ਜਵਾਬ ਨਾ ਆਇਆ।
ਨੂੰਹਾਂ ਨੇ ਮੂੰਹ ਢੱਕ ਲਏ।
ਪੋਤੇ ਚੁੱਪ ਖੜ੍ਹੇ ਰਹੇ।
ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਅੱਕੋ ਕੌਣ ਸੀ।
ਕਾਲਾ ਹੁੰਦਾ ਤਾਂ ਸ਼ਾਇਦ ਦੱਸ ਦਿੰਦਾ।
ਪਰ ਕਾਲਾ ਵੀ ਬਹੁਤ ਸਾਲ ਪਹਿਲਾਂ ਚਲਾ ਗਿਆ ਸੀ।
ਮੱਘਰ ਦੀ ਮੁੱਠੀ ਹੌਲੀ-ਹੌਲੀ ਢਿੱਲੀ ਹੋ ਗਈ।
ਉਸ ਮੁੱਠੀ ਵਿੱਚ ਕੁਝ ਨਹੀਂ ਸੀ।
ਨਾ ਕੋਈ ਰੁਮਾਲ।
ਨਾ ਕੋਈ ਚਿੱਠੀ।
ਨਾ ਕੋਈ ਤਸਵੀਰ।
ਸਿਰਫ਼ ਇੱਕ ਅਜਿਹੀ ਯਾਦ ਸੀ, ਜਿਸਨੂੰ ਉਸਨੇ ਦਹਾਕਿਆ ਤੋਂ ਕਿਸੇ ਨੂੰ ਛੂਹਣ ਨਹੀਂ ਦਿੱਤਾ ਸੀ।
ਬਾਹਰ ਕਿਤੇ ਕੋਈ ਬੱਚਾ ਹੱਸਿਆ।
ਮੱਘਰ ਦੇ ਚਿਹਰੇ ’ਤੇ ਆਖ਼ਰੀ ਵਾਰ ਉਹੀ ਹਲਕੀ ਜਿਹੀ ਮੁਸਕਰਾਹਟ ਠਹਿਰੀ ਰਹੀ।
ਜਿਵੇਂ ਕੰਧ ਦੇ ਪਾਰੋਂ ਫਿਰ ਕੋਈ ਹੱਸਿਆ ਹੋਵੇ।
ਤੇ ਇਸ ਵਾਰ—
ਮੱਘਰ ਨੇ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਵੀ ਨਾ ਕੀਤੀ।
ਕਹਾਣੀਕਾਰ:- ਹਰਪ੍ਰੀਤ ਜਟਾਣਾ
ਪਿੰਡ:- ਚੌਕੇ (ਬਠਿੰਡਾ)
ਮੋਬਾਇਲ ਨੰਬਰ 94636-37758
