ਕੰਧ ( ਕਹਾਣੀ )- ਕਮਲ ਸੇਖੋਂ

ਫਲਰਟ ਕਰਨ ਵਾਲਿਆਂ ਨਾਲ ਤਾਂ ਸ਼ੋਸ਼ਲ ਮੀਡੀਆ ਭਰਿਆ ਪਿਆ ਆ। ਘਰ ਦੀ ਔਰਤ ਲਈ ਚਾਹੇ ਟਾਈਮ ਕੱਢਣ ਨਾ ਕੱਢਣ ਪਰ ਫੇਸਬੁੱਕ ਵਾਲੀ ਨਾਲ ਚੈਂਟਿੰਗ ਲਈ ਟਾਈਮ ਹੀ ਟਾਈਮ ਆ ਇਨ੍ਹਾਂ ਕੋਲ। ਪੁੱਛਣ ਵਾਲਾ ਹੋਵੇ ਬਈ ਜੋ ਘਰੇ ਵਿਆਹ ਕੇ ਲਿਆਂਦੀ ਆ , ਉਹਦੇ ਨਾਲ ਲਈਆਂ ਲਾਵਾਂ / ਫੇਰਿਆ ਦਾ ਮਾਣ ਹੀ ਰੱਖ ਲਓ , ਖ਼ੈਰ … ।

ਮਿਲਿਆ ਤਾਂ ਉਹ ਵੀ ਮੈਨੂੰ ਫੇਸਬੁੱਕ ਰਾਹੀ ਹੀ ਸੀ ਪਰ ਸਾਡੇ ਦੋਨਾਂ ਦੇ ਇੱਕੋਂ ਸ਼ੌਕ ਨੇ ਸਾਨੂੰ ਇੱਕ ਦੂਜੇ ਨਾਲ ਜੋੜ ਦਿੱਤਾ । ਦੋਵੇ ਕਵਿਤਾਵਾਂ ਲਿਖਦੇ ਹਾਂ । ਮੈਂ ਮੁਹੱਬਤ ਦੀ ਕਵਿਤਾ ਲਿਖਦੀ ਹਾਂ ਤੇ ਉਹ ਕ੍ਰਾਂਤੀਕਾਰੀ ਕਵੀ ਹੈ । ਅੰਮ੍ਰਿਤਾ ਪ੍ਰੀਤਮ ਲਿਖਦੀ ਹੈ –

“ਜ਼ਿੰਦਗੀ ਤੁਹਾਡੇ ਉਸ ਗੁਣ ਦਾ ਇਮਤਿਹਾਨ ਲੈਂਦੀ ਏ

ਜਿਹੜਾ ਤੁਹਾਡੇ ਧੁਰ ਅੰਦਰ ਮੌਜੂਦ ਹੁੰਦਾ ਹੈ

ਮੇਰੇ ਅੰਦਰ ਮੁਹੱਬਤ ਸੀ ।”

ਮੈਂ ਵੀ ਮੁਹੱਬਤ ਨਾਲ ਭਰੀ ਪਈ ਹਾਂ । ਮੁਹੱਬਤ ਨੂੰ ਕਾਗਜ਼ਾਂ ‘ਤੇ ਕਵਿਤਾ ਬਣਾ ਉਤਾਰ ਲੈਂਦੀ ਹਾਂ । ਮਨ ਦੀ ਭਟਕਣ ਨੂੰ ਸ਼ਾਤ ਕਰਨ ਦਾ ਇਹ ਸੋਹਣਾ ਢੰਗ ਹੈ । ਕਵਿਤਾ ਲਿਖ ਫੇਸਬੁੱਕ ਤੇ ਪੋਸਟ ਕਰਦੀ ਹਾਂ ਤਾਂ ਸੰਕਿਟਾਂ ਵਿੱਚ ਲਾਈਕ ਤੇ ਕੁਮੈਂਟਾਂ ਦੇ ਢੇਰ ਲੱਗ ਜਾਂਦੇ ਹਨ । ਜਿਸ ਦਿਨ ਨਵੀਂ ਕਵਿਤਾ ਪੋਸਟ ਕਰਦੀ ਹਾਂ ਤਾਂ ਸਾਰਾ ਦਿਨ ਸੋਹਣਾ ਲੰਘ ਜਾਂਦਾ ਹੈ । ਵਾਰੀ – ਵਾਰੀ ਫੇਸਬੁੱਕ ਖੋਲ੍ਹ ਲਾਈਕ ਤੇ ਕੁਮੈਂਟ ਦੇਖ ਕੇ ਮਨ ਪਰਚਾਉਂਦੀ ਰਹਿੰਦੀ ਹਾਂ ।

ਮੇਰਾ ਪਤੀ ਸ਼ਹਿਰ ਦਾ ਮੰਨਿਆ ਪ੍ਰਮੰਨਿਆਂ ਬਿਜਨਸਮੈਨ ਆ। ਮੇਰੇ ਲਈ ਉਹਦੇ ਕੋਲ ਸਭ ਕੁਝ ਆ । ਬਰੈਂਡਡ ਕੱਪੜੇ , ਗਹਿਣੇ , ਕੋਠੀਆਂ , ਕਾਰਾਂ , ਨੌਕਰ – ਚਾਕਰ ,ਬਸ ਨਹੀਂ ਆ ਤਾਂ ਟਾਈਮ ਨਹੀਂ ਆ । ਉਹਨੂੰ ਪਤਾ ਨਹੀਂ ਕਿ ਮੇਰੇ ਲਈ ਹੋਰ ਕੁਝ ਵੀ ਮੈਟਰ ਨਹੀਂ ਕਰਦਾ ਬਸ ਟਾਈਮ ਚਾਹੀਦਾ ਜੋ ਉਸ ਕੋਲ ਹੈ ਨਹੀਂ ।

ਸ਼ਾਨਦਾਰ ਕੋਠੀ ਮੈਨੂੰ ਜੇਲ੍ਹ ਲੱਗਦੀ । ਚੱਪੇ ਚੱਪੇ ‘ਤੇ ਕੈਮਰੇ ਦੀਆਂ ਨਜ਼ਰਾਂ , ਜੇਲ੍ਹਰ ਵਾਂਗ ਮੇਰੀ ਹਰ ਹਰਕਤ ‘ਤੇ ਨਜ਼ਰ ਰੱਖਦੀਆਂ । ਮੈਨੂੰ ਘੁੱਟਣ ਹੋਣ ਲੱਗਦੀ । ਨੌਕਰ ਚਾਕਰਾਂ ਦੀ ਭੀੜ ਵਿਚ ਇੱਕ ਪਾਣੀ ਦਾ ਗਲਾਸ ਵੀ ਚੁੱਕ ਕੇ ਨਹੀਂ ਪੀਣਾ ਹੁੰਦਾ । ਕੋਈ ਵੀ ਆਮ ਔਰਤ ਇਹੀ ਤਾਂ ਚਾਹੇਗੀ , ਰਾਣੀਆਂ ਵਰਗੀ ਜ਼ਿੰਦਗੀ ਪਰ ਮੈਂ ਇਸ ਸਭ ਤੋਂ ਖੁਸ਼ ਨਹੀਂ ਆ ।

ਮੈਂ ਜ਼ਿੰਦਗੀ ਨੂੰ ਜਿਊਣਾ ਚਾਹੁੰਦੀ ਆ । ਜਿੱਥੇ ਜੀਅ ਕਰੇ, ਜਾ ਸਕਾਂ। ਰੇਹੜੀ ‘ਤੇ ਖੜ੍ਹ ਕੇ ਗੋਲ਼-ਗੱਪੇ ਖਾ ਸਕਾਂ । ਅਫ਼ਸੋਸ , ਮੈਂ ਇਹ ਸਭ ਚਾਹ ਕੇ ਵੀ ਨਹੀ ਕਰ ਸਕਦੀ ਕਿਉਂਕਿ ਮੇਰੇ ਪਤੀ ਰੁਪਿੰਦਰ ਦਾ ਸਟੇਟਸ ਵਿਚ ਆ ਜਾਂਦਾ ਹੈ।

ਮੈਂ ਹੈਰਾਨ ਹਾਂ ਕਿ ਰੁਪਿੰਦਰ ਏਨਾ ਵੱਡਾ ਬਿਜਨਸ ਕਿੱਦਾਂ ਸਾਂਭ ਲੈਂਦਾ ਜਦੋਂ ਕਿ ਉਹਨੂੰ ਕੁਝ ਵੀ ਯਾਦ ਨਹੀ ਰਹਿੰਦਾ । ਬਰਥ ਡੇ , ਮੈਰਿਜ ਐਨਵਰਸਰੀ ਮੈਂ ਹੀ ਯਾਦ ਕਰਾਉਂਦੀ ਆ । ਐਨਵਰਸਰੀ ‘ਤੇ ਡਾਈਮੈਡ ਦੀ ਜਿਵੈਲਰੀ ਗਿਫਟ ਕਰ ਸਕਦਾ ਹੈ ਪਰ ‘ਕੱਲੀ ਨੂੰ ਟਾਈਮ ਨਹੀ ਦੇ ਸਕਦਾ । ਉਹ ਮੇਰੇ ਬਰਥ ਡੇ ‘ਤੇ ਸ਼ਹਿਰ ਦੇ ਸਭ ਤੋ ਵੱਡੇ ਹੋਟਲ ਵਿੱਚ ਪਾਰਟੀ ਤਾਂ ਦੇ ਸਕਦਾ ਏ ਪਰ ਇੱਕ ਵਾਰੀ ਮੇਰਾ ਮੱਥਾ ਚੁੰਮ ਕੇ ਵਿਸ਼ ਨਹੀ ਕਰ ਸਕਦਾ । ਬੋਰ ਹੋਈ ਪਈ ਆ ਮੈਂ ਇਸ ਜ਼ਿੰਦਗੀ ਤੋਂ । ਜੀਅ ਕਰਦਾ ਕਿਤੇ ਦੂਰ ਚਲੀ ਜਾਵਾਂ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ ।

ਸਾਰਾ ਦਿਨ ‘ਕੱਲੀ ਬੋਰ ਹੁੰਦੀ ਹਾਂ ਤਾਂ ਲਿਖ ਪੜ੍ਹ ਲੈਂਦੀ ਹਾਂ। ਇਹ ਸ਼ੌਕ ਮੈਨੂੰ ਸਕੂਲ ਪੜ੍ਹਦਿਆਂ ਤੋਂ ਹੀ ਆ। ਇਕ ਵਾਰੀ ਪੰਜਾਬੀ ਦੀ ਕਾਪੀ ਪਿੱਛੇ ਕੁਝ ਲਿਖਿਆ। ਪੇਜ਼ ਪਾੜਨਾ ਭੁੱਲ ਗਈ। ਸਰ ਕਾਪੀਆਂ ਚੈੱਕ ਕਰਨ ਲਈ ਸਟਾਫ ਰੂਮ ਵਿੱਚ ਲੈ ਗਏ। ਕਲਾਸ ਵਿੱਚ ਆ ਕੇ ਸਰ ਨੇ ਸਭ ਦੀਆਂ ਕਾਪੀਆਂ ਦੇ ਦਿੱਤੀਆਂ। ਮੇਰੀ ਵਾਰੀ ਲਾਸਟ ਵਿੱਚ ਆਈ ।

“ਇਹ ਤੂੰ ਲਿਖਿਆ ਏ ? “ ਸਰ ਨੇ ਕਾਪੀ ਦਾ ਲਾਸਟ ਪੇਜ ਕੱਢ ਕੇ ਮੇਰੇ ਮੂਹਰੇ ਕਰ ਪੁੱਛਿਆ ।

ਡਰਦੀ ਨੇ ‘ਹਾਂ’ ਵਿੱਚ ਸਿਰ ਹਿਲਾ ਦਿੱਤਾ ।

“ ਤੈਨੂੰ ਪਤੈ ਇਹ ਕੀ ਆ ?”

ਮੈਂ ਡਰ ਨਾਲ ਸਿਰ ਤੋਂ ਪੈਰਾਂ ਤੀਕ ਕੰਬ ਗਈ । ਜਵਾਬ ਦੇਣ ਦੀ ਬਜਾਏ ਮੈਂ ਨੀਵੀਂ ਪਾ ਲਈ ।

“ਝੱਲੀਏ , ਇਹ ਕਵਿਤਾ ਆ ।” ਸਰ ਨੇ ਕਾਪੀ ਮੈਨੂੰ ਫੜਾਉਂਦਿਆਂ ਕਿਹਾ ।

“ ਸੋਹਣੀ ਲਿਖੀ ਆ , ਸਕੂਲ ਦੇ ਮੈਗਜ਼ੀਨ ਲਈ ਦੇ ਦੇਈ ਮੈਨੂੰ ।” ਸਰ ਨੇ ਮੁਸਕਰਾ ਕੇ ਕਿਹਾ ।

ਸੋ ਇਸ ਤਰ੍ਹਾ ਮੇਰੀ ਲਿਖਣ ਦੀ ਸ਼ੁਰੂਆਤ ਹੋ ਗਈ । ਅਖਬਾਰਾਂ , ਮੈਗਜ਼ੀਨਾਂ ਵਿੱਚ ਛਪਣ ਕਰ ਕੇ ਲੇਖਕਾਂ ਵਿੱਚ ਪਹਿਚਾਣ ਬਣ ਗਈ। ਕਾਲਜ ਦੀ ਸਟੇਜ ‘ਤੇ ਬੋਲੀ ਕਵਿਤਾ ਤੇ ਤਾੜੀਆਂ ਦੀ ਗੂੰਜ ਨੇ ਸੁਫ਼ਨਿਆਂ ਨੂੰ ਖੰਭ ਲਾ ਦਿੱਤੇ ।

ਮੈਂ ਮਿਡਲ ਫੈਮਲੀ ਤੋ ਆ । ਪਾਪਾ ਰੇਲਵੇ ਵਿੱਚ ਕਲਰਕ ਨੇ। ਅਸੀਂ ਦੋ ਭੈਣ ਭਰਾ ਆਂ। ਭਰਾ ਛੋਟਾ ਆਂ। ਮੈਂ ਬਚਪਨ ਤੋ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਰੱਬ ਨੇ ਸੁਹੱਪਣ ਵੱਲੋਂ ਵੀ ਕੋਈ ਘਾਟ ਨਾ ਰੱਖੀ। ਬਲੌਰੀ ਅੱਖਾਂ ਕਰ ਕੇ ਸਹੇਲੀਆਂ ਬਿੱਲੋ ਕਹਿ ਕੇ ਛੇੜਦੀਆਂ। ਕੁਝ ਕੱਦ ਵੇਖ ਲੰਬੋਂ ਕਹਿ ਦਿੰਦੀਆਂ। ਗੋਰਾ ਰੰਗ ਧੁੱਪ ਵਿੱਚ ਗੁਲਾਬੀ ਹੋ ਜਾਂਦਾ ਤਾਂ ਉਹ ਗੁਲਾਬੋ ਵੀ ਕਹਿ ਛੱਡਦੀਆਂ । ਹੁਸ਼ਿਆਰ ਤੇ ਸੋਹਣੀ ਹੋਣ ਕਰਕੇ ਸਹੇਲੀਆਂ ਵਿੱਚ ਮੇਰੀ ਵੱਖਰੀ ਹੀ ਟੌਹਰ ਸੀ ।

ਬੀ.ਏ , ਬੀ.ਐਡ ਤੋ ਬਾਅਦ ਐਮ.ਏ ਕਰਨ ਬਾਰੇ ਸੋਚ ਹੀ ਰਹੀ ਸੀ ਕਿ ਰੁਪਿੰਦਰ ਦਾ ਰਿਸ਼ਤਾ ਆ ਗਿਆ । ਰੁਪਿੰਦਰ ਸ਼ਹਿਰ ਦੇ ਕਹਿੰਦੇ ਕਹਾਉਂਦੇ ਬਿਜਨਸਮੈਨ ਸਰਦਾਰ ਚੰਦਨ ਸਿੰਘ ਸਿੱਧੂ ਦਾ ਬੇਟਾ ਏ। ਉਸਦੀ ਮਾਂ ਪਹਿਲਾ ਹੀ ਗੁਜ਼ਰ ਚੁੱਕੀ ਹੈ ਤੇ ਹੁਣ ਚੰਦਨ ਸਿੰਘ ਹਰਟ ਅਟੈਕ ਨਾਲ ‘ਤੁਰ’ ਗਏ। ਉਹਨਾਂ ਦਾ ਸਾਰਾ ਬਿਜਨਸ ਉਹਨਾਂ ਦਾ ਇਕਲੌਤਾ ਬੇਟਾ ਰੁਪਿੰਦਰ ਦੇਖਦਾ ਆ। ਘਰ ਬੈਠੇ ਬਿਠਾਏ ਏਨੇ ਤਕੜੇ ਘਰ ਦਾ ਰਿਸ਼ਤਾ ਆਇਆ ਤਾਂ ਮਮਾ ਪਾਪਾ ਦੇ ਪੈਰ ਧਰਤੀ ‘ਤੇ ਨਾ ਲੱਗਣ । ਰੁਪਿੰਦਰ ਨੂੰ ਸਿਰਫ ਕੁੜੀ ਸੋਹਣੀ ਤੇ ਸਿਆਣੀ ਚਾਹੀਂਦੀ ਸੀ। ਪਹਿਲੀ ਨਜ਼ਰ ਵਿੱਚ ਹੀ ਉਸ ਦੀਆਂ ਅੱਖਾਂ ਵਿੱਚੋਂ ‘ਹਾਂ’ ਮੈਂ ਪੜ੍ਹ ਲਈ। ਬਸ ਫਿਰ ਕੀ , ਛੇਤੀ ਹੀ ਮੈਂ ਮਿਸਿਜ਼ ਰੁਪਿੰਦਰ ਸਿੰਘ ਸਿੱਧੂ ਬਣ ਗਈ ।

ਮੈਂ ਤੇ ਰੁਪਿੰਦਰ ਦੋਵੇ ਅੱਡ – ਅੱਡ ਸੁਭਾਅ ਦੇ ਆ । ਰੁਪਿੰਦਰ ਬੜੇ ਰਿਜ਼ਰਵ ਜਿਹੇ ਨੇਚਰ ਦਾ ਹੈ ਤੇ ਮੈਂ ਹੱਸਣ ਖੇਡਣ ਵਾਲੀ । ਵਿਆਹ ਤੋ ਪਹਿਲਾ ਆਪਣੇ ਜੀਵਨ ਸਾਥੀ ਵਾਲੇ ਦੇਖੇ ਸੁਫਨੇ ਨਾਲ ਰੁਪਿੰਦਰ ਬਿਲਕੁਲ ਮੇਲ ਨਹੀਂ ਖਾਂਦਾ । ਉਹ ਮੇਰੇ ਸੁਫ਼ਨਿਆਂ ਦੇ ਰਾਜਕੁਮਾਰ ਵਰਗਾ ਤਾਂ ਬਿਲਕੁਲ ਵੀ ਨਹੀਂ ਆ। ਮੈਂ ਕਦੇ ਉਹਨੂੰ ਹੱਸਦਿਆਂ ਨਹੀ ਦੇਖਿਆ। ਮੈਂ ਜਿੰਨਾ ਮਰਜ਼ੀ ਸੱਜ ਫੱਬ ਕੇ ਬਹਿ ਜਾਵਾ ਉਹਦੇ ਮੂੰਹੋਂ ਕਦੇ ਦੋ ਬੋਲ ਤਾਰੀਫ਼ ਦੇ ਨਹੀ ਨਿਕਲੇ । ਕਦੇ ਉਹਨੇ ਸ਼ੀਸ਼ੇ ਮੂਹਰੇ ਖੜੀ ਨੂੰ ਪਿੱਛੋਂ ਗਲ਼ਵੱਕੜੀ ਪਾ ਕੇ ਪਿਆਰ ਨਹੀ ਜਿਤਾਇਆ । ਮੈਂ ਚਾਹੁੰਦੀ ਆ ਉਹ ਮੇਰੇ ਨਾਲ ਲਾਡ ਕਰੇ , ਲੜੇ , ਰੁੱਸੇ ਤੇ ਕਦੇ ਰੁੱਸੀ ਨੂੰ ਮਨਾਵੇ ਪਰ ਉਹ ਏਦਾਂ ਦਾ ਕੁਝ ਵੀ ਨਹੀ ਕਰਦਾ । ਉਹਨੂੰ ਤਾਂ ਬਸ ਬਿਜਨਸ , ਬਿਜਨਸ ਦੀ ਪਈ ਰਹਿੰਦੀ ਆ ਪਿਆਰ ਕਰਨਾ ਤਾਂ ਉਸਨੂੰ ਆਉਂਦਾ ਈ ਨਹੀਂ ।

“ ਅੱਜ ਮੂਵੀ ਦੇਖਣ ਚੱਲੀਏ?” ਮੇਰਾ ਦਿਲ ਫਿਲਮ ਦੇਖਣ ਨੂੰ ਕਰਦਾ। ਮੈਂ ਬੜੀ ਵਾਰ ਰੁਪਿੰਦਰ ਨੂੰ ਨਾਲ ਜਾਣ ਲਈ ਕਹਿੰਦੀ ਹਾਂ ਤਾਂ ਉਹ “ਮੈਂ ਨ੍ਹੀਂ ਜਾ ਸਕਦਾ, ਮੇਰੀ ਬਿਜ਼ਨਸ ਮੀਟਿੰਗ ਆਂ।” ਕਹਿ ਕੇ ਟਾਲ ਦਿੰਦਾ ਹੈ। ਉਹ ਹਰ ਵਾਰ ਏਦਾਂ ਹੀ ਕੋਈ ਬਹਾਨਾ ਮਾਰ ਦਿੰਦਾ ਹੈ। ਉਹਦੇ

ਇਹ ਰੁੱਖੇ ਜਿਹੇ ਜਵਾਬ ਮੇਰਾ ਦਿਲ ਤੋੜ ਦਿੰਦੇ ਹਨ। ਮੈਂ ਮਨ ਮਸੋਸ ਕੇ ਬਹਿ ਜਾਂਦੀ। ਮੈਨੂੰ ਗੁੱਸਾ ਲੱਗਦਾ। ਮੈਂ ਰੁੱਸ ਕੇ ਬਹਿ ਜਾਨੀ ਆ, ਉਹ ਮੈਨੂੰ ਮਨਾਉਂਦਾ ਹੀ ਨਹੀਂ ਜਾਂ ਉਹਨੂੰ ਪਤਾ ਈ ਨਹੀਂ ਲੱਗਦਾ ਕੋ ਮੈਂ ਰੁੱਸੀ ਹੋਈ ਹਾਂ।

ਮੈਂ ਉੱਪਰੋਂ ਚਾਹੇ ਹੱਸਦੀ ਰਹਿੰਦੀ ਹਾਂ ਪਰ ਅੰਦਰੋਂ ਬਹੁਤ ਉਦਾਸ ਹਾਂ। ਇਹ ਉਦਾਸੀ ਹੀ ਸ਼ਾਇਦ ਮੇਰੇ ਅੰਦਰ ਔਲਾਦ ਵਾਲਾ ਬੂਟਾ ਨਹੀਂ ਫੁੱਟਣ ਦਿੰਦੀ। ਡਾਕਟਰ ਨੇ ਸਾਰੇ ਟੈਸਟ ਕਰਾਏ। ਨੁਕਸ ਮੇਰੇ ਵਿੱਚ ਹੀ ਨਿਕਲਿਆ। ਰੁਪਿੰਦਰ ਦੀ ਇਹ ਸਿਫ਼ਤ ਆ ਕਿ ਉਹਨੇ ਕਦੇ ਮੈਨੂੰ ਇਸ ਗੱਲ ਦਾ ਤਾਅਨਾ ਨਹੀਂ ਮਾਰਿਆ।

ਉਦਾਸ ਮਨ ਨੂੰ ਪ੍ਰਚਾਉਣ ਲਈ ਸਭਾਵਾਂ ਵਿੱਚ ਜਾਣ ਲੱਗੀ। ਪਹਿਚਾਣ ਬਣਨ ਲੱਗੀ। ਫੇਸਬੁੱਕ ‘ਤੇ ਵੀ ਦੋਸਤਾਂ ਵਿੱਚ ਇਜਾਫਾ ਹੋਇਆ । ਕਈ ਵੱਡੇ ਛੋਟੇ ਲੇਖਕ ਲੇਖਿਕਾਵਾਂ ਮੇਰੀ ਫ਼੍ਰੈਂਡ ਲਿਸਟ ਵਿੱਚ ਸ਼ਾਮਿਲ ਹੋ ਗਏ । ਮੈਂ ਫ਼ੋਨ ਨੰਬਰ ਕਿਸੇ ਨੂੰ ਨਾ ਦਿੱਤਾ ਬਸ ਮੇਸੈਜਰ ‘ਤੇ ਹੀ ਸਭਾਵਾਂ ਵਾਲੇ ਇੰਨਵੀਟੇਸ਼ਨ ਭੇਜ ਦਿੰਦੇ। ਲੇਖਕਾਂ ਜਾਂ ਪਾਠਕਾਂ ਦੇ ਮੈਸਿਜ ਆਉਂਦੇ ਹਨ। ਇੱਕ ਦੋ ਦੇਖ ਕੇ ਬਾਕੀ ਮੈਂ ਇੰਗਨੌਰ ਕਰ ਦਿੰਦੀ ।

ਉਸਦਾ ਮੈਸਿਜ ਵੀ ਮੈਸੇਜਰ ‘ਤੇ ਆਇਆ ਸੀ । ਉਹਨੇ ਮੇਰੀ ਕਵਿਤਾ ਦੀ ਤਾਰੀਫ਼ ਕੀਤੀ ਸੋ ਚੰਗਾ ਲੱਗਾ । ਵੈਸੇ ਤਾਂ ਮੈਂ ਕਿਸੇ ਵੀ ਮੈਸਿਜ ਦਾ ਰਿਪਲਾਈ ਨਹੀਂ ਕਰਦੀ ਫਿਰ ਪਤਾ ਨਹੀਂ ਕਿਉਂ ਮੈਂ ਉਸਦੇ ਮੈਸਿਜ ਦੇ ਰਿਪਲਾਈ ਵਿੱਚ ‘ਸ਼ੁਕਰੀਆ’ ਲਿਖ ਦਿੱਤਾ।

ਮੈਸੇਜਰ ‘ਤੇ ਰੋਜ ਹੀ ਗੱਲ-ਬਾਤ ਹੋਣ ਲੱਗੀ । ਮੈਂ ਆਪਣੇ ਬਾਰੇ ਤੇ ਉਹਨੇ ਆਪਣੇ ਬਾਰੇ ਦੱਸਿਆ। ਉਹ ਨੇੜਲੇ ਕਸਬੇ ਦਾ ਸੀ। ਸਾਡੇ ਫ਼ੋਨ ਨੰਬਰ ਐਕਸਚੇਂਜ ਹੋਏ। ਉਹ ਪੇਸ਼ੇ ਵਜੋਂ ਡਾਕਟਰ ਸੀ। ਹੁਣ ਅਸੀਂ ਦੋਵੇਂ ਫ਼ੋਨ ‘ਤੇ ਚੰਗੇ ਦੋਸਤ ਬਣ ਗਏ। ਕਵਿਤਾਵਾਂ ਬਾਰੇ ਗੱਲਾਂ ਹੋਣ ਲੱਗੀਆਂ । ਉਸ ਨਾਲ ਗੱਲ ਕਰ ਕੇ ਬਹੁਤ ਚੰਗਾ ਲੱਗਦਾ । ਜਿਸ ਦਿਨ ਉਹਦਾ ਮੈਸਿਜ ਜਾਂ ਕਾਲ ਨਾ ਆਉਂਦੀ ਤਾਂ ਮੇਰਾ ਮਨ ਖਿਝਿਆ ਖਿਝਿਆ ਰਹਿੰਦਾ । ਅਜੀਬ ਜਿਹਾ ਬਦਲਾਅ ਮਹਿਸੂਸ ਕਰਨ ਲੱਗੀ ਸੀ ਮੈਂ ਆਪਣੇ ਆਪ ‘ਚ । ਉਹ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਲੱਗਾ ।

ਮੇਰਾ ਦਿਲ ਉਹਨੂੰ ਮਿਲਣ ਨੂੰ ਕਰਨ ਲੱਗਾ । ਆਹਮੋ ਸਾਹਮਣੇ ਬਹਿ ਕੇ ਗੱਲਾਂ ਕਰਨ ਨੂੰ ਕਰਨ ਲੱਗਾ ਪਰ ਮੇਰੇ ਚੰਗੇ ਸੰਸਕਾਰ ਮੈਨੂੰ ਪਹਿਲ ਕਰਨ ਤੋ ਰੋਕਦੇ । ਇਕ ਦਿਨ ਰੱਬ ਨੇ ਮੇਰੀ ਸੁਣ ਲਈ ।

“ਆਪਾਂ ਮਿਲੀਏ ?” ਆਖ ਜਿਵੇਂ ਉਹਨੇ ਮੇਰੇ ਮਨ ਦੀ ਗੱਲ ਬੁੱਝ ਲਈ ਸੀ ।

ਦਿਲ ਅੰਦਰੋ -ਅੰਦਰੀ ਖੁਸ਼ ਹੋਈ ਜਾਵੇ ਪਰ ਮੈਂ ਉਤਲੇ ਮਨੋਂ ਨਾਂਹ ਨੁੱਕਰ ਜਿਹੀ ਕਰੀ ਜਾਵਾਂ । ਵਿਚੋ ਵਿੱਚ ਡਰੀ ਵੀ ਜਾਵਾਂ ਕਿ ਉਹ ਕਿਤੇ ਬੁਰਾ ਈ ਨਾ ਮੰਨ ਜਾਵੇ । ਤਿੰਨ ਕੁ ਵਾਰ ‘ਨਾਂਹ’ ਕਰਨ ਤੋ ਬਾਅਦ ਮੇਰੇ ਬੁੱਲਾ ਨੇ ਮੁਸਕਰਾਉਂਦਿਆ ‘ਹਾਂ’ ਕਰ ਦਿੱਤੀ ।

“ ਮੈਂ ਉੱਥੇ ਡਾਕਟਰ ਨਹੀਂ , ਦੋਸਤ ਬਣ ਕੇ ਆਉਣਾ , ਬਸ ਇਹ ਯਾਦ ਰੱਖੀ ।” ਉਹਨੇ ਹਿਦਾਇਤ ਕੀਤੀ ।

“ ਜੀ ।” ਆਖ ਮੈਂ ਸਹਿਮਤੀ ਪ੍ਰਗਟਾਈ ।

ਉਸ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਉਸ ਨੂੰ ਵੀ ਮੇਰੇ ਨਾਲ ਲਗਾਵ ਜਿਹਾ ਹੋ ਗਿਆ ਏ । ਦੂਜੇ ਦਿਨ ਅਸੀ ਮਿਲਣਾ ਸੀ । ਏਨੀਆ ਬਰੈਂਡਡ ਡਰੈਂਸਿਜ ਨੇ ਮੇਰੇ ਕੋਲ ਪਰ ਉਸ ਦਿਨ ਪਾ ਕੇ ਜਾਣ ਵਾਸਤੇ ਕੋਈ ਚੰਗੀ ਨਾ ਲੱਗੀ । ਸਾਰੀ ਅਲਮਾਰੀ ਫਰੋਲ ਮਾਰੀ ਕੁਝ ਪਸੰਦ ਨਾ ਆਵੇ। ਦਰਅਸਲ ਮੈਂ ਕੋਈ ਪਿਆਰਾ ਜਿਹਾ ਸੂਟ ਪਾ ਕੇ ਜਾਣਾ ਚਾਹੁੰਦੀ ਸਾਂ।ਫਿਰ ਯਾਦ ਆਇਆ ਉਹ ਪਿੰਕ ਸੂਟ ਜੋ ਬੜੀ ਰੀਝ ਨਾਲ ਖ਼ਰੀਦਿਆ ਸੀ ਪਰ ਪਾਇਆ ਇੱਕ ਵਾਰ ਵੀ ਨਹੀਂ ਸੀ । ਪਿੰਕ ਤੇ ਹਾਟ ਪਿੰਕ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਲੱਗ ਰਿਹਾ ਸੀ ਉੱਪਰ ਸੀਕਵਿਨਸ ਦਾ ਕੰਮ ਹੋਇਆ ਸੀ । ਉਹ ਸੂਟ ਪਾ ਕੇ ਸ਼ੀਸ਼ੇ ਵਿੱਚ ਵੇਖਣ ਲੱਗੀ ਤਾਂ ਆਪਣੇ ਆਪ ‘ਤੇ ਪਿਆਰ ਜਿਹਾ ਆਇਆ । ਹਲਕਾ ਜਿਹਾ ਮੇਕਅਪ ਕਰ ਨਾਲ ਮੈਚਿੰਗ ਜਵੈਲਰੀ ਪਾ ਕੇ ਕਾਰ ਨੂੰ ਮਿਥੀ ਥਾਂ ਵਾਲੇ ਰਾਹ ‘ਤੇ ਪਾ ਲਿਆ।

ਦਸ ਮਿੰਟ ਦਾ ਤਾਂ ਰਾਹ ਸੀ ਸਾਰਾ । ਕਾਰ ਸਾਇਡ ‘ਤੇ ਲਾ ਕੇ ਮੈਂ ਉਹਦਾ ਫ਼ੋਨ ਮਿਲਾਇਆ । ਉਹਨੂੰ ਹਾਲੇ ਪੰਜ ਕੁ ਮਿੰਟ ਲੱਗਣੇ ਸੀ । ਮੇਰੇ ਕੋਲ਼ੋਂ ਉਡੀਕ ਨਹੀਂ ਹੋ ਰਹੀ । ਉਹਨੂੰ ਵੇਖਣ ਲਈ ਦਿਲ ਕਾਹਲ਼ਾ ਪਿਆ ਹੋਇਆ ਸੀ । ਅੱਜ ਉਸਨੇ ਤਸਵੀਰ ‘ਚੋ ਨਿਕਲ ਕੇ ਮੇਰੇ ਸਾਹਮਣੇ ਹੋਣਾ ਸੀ । ਮੇਰਾ ਝੱਲਾ ਜਿਹਾ ਦਿਲ ਵਾਰੀ ਵਾਰੀ ਫ਼ੋਨ ‘ਤੇ ਟਾਈਮ ਦੇਖ ਰਿਹਾ ਸੀ । ਇੱਕ ਇੱਕ ਪਲ ਵਰ੍ਹੇ ਵਾਂਗ ਲੱਗ ਰਿਹਾ ਸੀ ।

ਫੋਟੋਆਂ ਦੇਖੀਆਂ ਹੋਣ ਕਰਕੇ ਦੋਵਾਂ ਨੇ ਇੱਕ ਦੂਜੇ ਨੂੰ ਝੱਟ ਹੀ ਪਹਿਚਾਣ ਲਿਆ ।

“ ਤੂੰ ਫੋਟੋਆਂ ਨਾਲ਼ੋਂ ਕਿਤੇ ਵੱਧ ਸੋਹਣੀ ਏ ।” ਉਸਨੇ ਮਿਲਦਿਆਂ ਹੀ ਮੁਸਕਰਾ ਕੇ ਕਿਹਾ ।

ਇਹੋ ਜਿਹੇ ਸ਼ਬਦ ਮੈਂ ਰੁਪਿੰਦਰ ਦੇ ਮੂੰਹੋਂ ਸੁਣਨ ਨੂੰ ਤਰਸਦੀ ਰਹੀ ।

‘ਸ਼ੁਕਰੀਆ’ ਆਖ ਮੇਰੇ ਨੈਣ ਸ਼ਰਮ ਨਾਲ ਝੁਕ ਗਏ । ਅਸੀਂ ਦੋਵੇਂ ਰੈਸਟੋਰੈਟ ਦੇ ਅੰਦਰ ਚਲੇ ਗਏ । ਕੌਫੀ ਆਰਡਰ ਕਰਕੇ ਆਹਮੋ ਸਾਹਮਣੀਆ ਕੁਰਸੀਆਂ ‘ਤੇ ਚੁੱਪ ਕਰ ਕੇ ਬਹਿ ਗਏ ।

“ ਕੁਝ ਬੋਲ ਤਾਂ ਜੋ ਅਹਿਸਾਸਾਂ ਦਾ ਪਤਾ ਲੱਗੇ ।” ਉਸ ਕੇ ਚੁੱਪ ਤੋੜੀ।

“ ਮੈਂ ਕੀ ਬੋਲਾਂ , ਤੁਸੀ ਸੁਣਾਓ ।” ਮੈਨੂੰ ਹੋਰ ਕੋਈ ਗੱਲ ਸੁੱਝੀ ਨਾ।

“ ਤੇਰਾ ਸੱਚ ਜੋ ਸਿਰਫ ਤੂੰ ਜਾਣਦੀ ਏ ।” ਉਹ ਮੇਰੇ ਬਾਰੇ ਜਾਣਨ ਲਈ ਕਾਹਲ਼ਾ ਸੀ ।

ਮੈਂ ਆਪਣਾ ਲਿਖਿਆ ਇੱਕ ਸ਼ਿਅਰ ਸੁਣਾਉਂਦੀ ਹਾਂ ।

“ ਇਹ ਤਾਂ ਬਹੁਤ ਇਸ਼ਾਰੇ ਕਰ ਰਿਹਾ ਏ , ਕੀ ਸਮਝੀਏ ?” ਸ਼ਿਅਰ ਸੁਣ ਕੇ ਉਹ ਤੁਰੰਤ ਬੋਲਿਆ ।

“ ਕੁਝ ਵੀ ਨਈ , ਇਹ ਤਾਂ ਸਿਰਫ ਕਾਗ਼ਜ਼ ‘ਤੇ ਝਰੀਟਾਂ ਨੇ ।” ਮੈਂ ਆਪਣੇ ਜਜ਼ਬਾਤ ਲਕੋਣ ਦੀ ਕੋਸ਼ਿਸ਼ ਕੀਤੀ ।

“ ਝਰੀਟਾਂ ਨਿਸ਼ਾਨ ਪਾਉਂਦੀਆਂ ਨੇ ।” ਉਹਨੇ ਮੇਰੇ ਚਿਹਰੇ ‘ਤੇ ਨਜ਼ਰਾਂ ਗੱਡ ਲਈਆਂ । ਜਿਵੇਂ ਕੁਝ ਪੜ੍ਹ ਰਿਹਾ ਹੋਵੇ ।

“ ਹੁਣ ਇਸ ਸਭ ਦੀ ਨਾ ਉਮਰ ਏ ਤੇ ਨਾ ਹੀ ਹਿੰਮਤ ।” ਮੇਰੇ ਅੰਦਰੋ ਹਾਉਂਕਾ ਜਿਹਾ ਨਿਕਲਿਆ ।

“ ਤੇਰੇ ਸ਼ਿਅਰ ਬੋਲ ਰਹੇ ਆ ।” ਜਿਵੇਂ ਉਹ ਮੇਰੇ ਚਿਹਰੇ ਤੋਂ ਕੁਝ ਪੜ੍ਹ ਰਿਹਾ ਹੋਵੇ ।

“ ਉਹ ਤਾਂ ਮੇਰੇ ਅੰਦਰ ਬੈਠੀ ਕਵਿੱਤਰੀ ਦੇ ਨੇ ।”

“ ਫਿਰ ਉਹ ਤਾਂ ਚਾਹੁੰਦੀ ਏ ਨਾ ?” ਉਹ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਦਾ ਹੈ ।

“ ਚਾਹੀ ਜਾਏ ।” ਮੈਂ ਨਜ਼ਰਾਂ ਚੁਰਾਂ ਲੈੰਦੀ ਹਾਂ ।

“ ਨਾ ਮਾਰ ਉਹਦੀਆਂ ਖਵਾਇਸ਼ਾ ਨੂੰ ।” ਉਸ ਦੀ ਅਵਾਜ਼ ਵਿੱਚ ਤਰਲਾ ਜਿਹਾ ਹੈ।

“ ਉਹਦੀ ਮਰਜ਼ੀ ।”

“ ਮਰਜ਼ੀ ਤੇਰਾ ਸਾਥ ਭਾਲ ਰਹੀ ਏ , ਇੱਕ ਜ਼ਰੀਏ ਵਾਂਗ ।” ਉਹਨੇ ਹੋਲੀ ਜਿਹੇ ਕਿਹਾ।

“ ਹੁਣ ਤਾਂ ਰੁੱਤਾਂ ਬਦਲ ਗਈਆਂ , ਸ਼ਾਮਾਂ ਪੈ ਗਈਆਂ ।” ਮੇਰੇ ਅੰਦਰੋਂ ਹਾਉਂਕਾ ਨਿਕਲਿਆ ।

“ ਸ਼ਾਮਾਂ ਚਾਨਣੀਆਂ ਵੀ ਹੁੰਦੀਆਂ , ਧੁੱਪ ਦਾ ਸੇਕ ਨਹੀ ਲੱਗਦਾ ।” ਉਹ ਮੁਸਕਰਾਇਆ ।

“ ਵਾਹ ! ਬਹੁਤ ਸੋਹਣੀ ਗੱਲ ਆ , ਚੰਗੇ ਸ਼ਾਇਰ ਹੋ ਤੁਸੀ ।” ਮੈਂ ਗੱਲ ਬਦਲਣੀ ਚਾਹੀਂ ।

“ ਸਿਰਫ ਗੱਲ ਸੋਹਣੀ ਤੀਕ ਸੀਮਿਤ ਕਰਨਾ?” ਉਹ ਗੁੱਝਾ ਜਿਹਾ ਮੁਸਕਰਾਇਆ ।

“ ਗੱਲਾ ਬਹੁਤ ਆਉਂਦੀਆਂ ਨੇ ਤੁਹਾਨੂੰ ।” ਆਖ ਕੇ ਮੈਂ ਮੁਸਕਰਾ ਪਈ।

“ ਨਹੀਂ ਪਸੰਦ ਤਾਂ ਬੰਦ ਕਰ ਦਿੰਦੇ ਆ ।” ਉਹ ਇੱਕਦਮ ਬੋਲਿਆ।

“ ਨਹੀਂ , ਨਹੀਂ … ਸੋਹਣੀਆਂ ਨੇ ਕਰੋ । ਸ਼ਾਇਦ ਇਸ ‘ਚੋਂ ਕੋਈ ਕਹਾਣੀ ਜਨਮ ਲੈ ਲਵੇ ।” ਮੈਨੂੰ ਉਸਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸੀ ।

“ ਕਹਾਣੀ ਨਹੀਂ , ਹਕੀਕਤ ਹੋਵੇ ਬਸ । ਮੈਂ ਤੈਨੂੰ ਪੜ੍ਹਨਾ ਚਾਹੁੰਦਾ ਆ ।” ਉਹ ਇਕ ਟੱਕ ਮੇਰੇ ਚਿਹਰੇ ਵੱਲ ਦੇਖਣ ਲੱਗਾ।

“ ਔਖੀ ਆ , ਡਾਕਟਰੀ ਨਾਲ਼ੋਂ ।”

“ਕੋਈ ਨਾ ,ਚਲ ਦੱਸ ਤੇਰਾ ਕਿਸ ਚੀਜ਼ ਵਿੱਚ ਵਿਸ਼ਵਾਸ ਆ ?” ਉਹ ਸਵਾਲਾਂ ਦੀ ਲੜੀ ਟੁੱਟਣ ਨਹੀਂ ਦੇ ਰਿਹਾ ਸੀ।

“ ਖੂਨ ਦੇ ਰਿਸ਼ਤਿਆਂ ‘ਚ , ਥੋੜ੍ਹਾ ਜਿਹਾ ਦੋਸਤੀ ਵਿੱਚ ਵੀ।”

“ ਤੇ ਮੁਹੱਬਤ ..?” ਉਸ ਨੇ ਹੈਰਾਨ ਜਿਹਾ ਹੋ ਕੇ ਪੁੱਛਿਆ।

“ ਉੱਕਾ ਵੀ ਨਹੀਂ ।” ਮੈਂ ਝੂਠ ਬੋਲ ਦਿੰਦੀ ਹਾਂ ।

“ ਕਵਿੱਤਰੀ ਆ ਜੋ ?” ਉਹ ਸਵਾਲ ‘ਤੇ ਸਵਾਲ ਕਰੀ ਜਾਂਦਾ ਸੀ।

“ ਉਹ ਮੇਰੇ ਅੰਦਰ ਆ ਜਾਂ ਫਿਰ ਕਾਗਜ਼ਾਂ ‘ਤੇ … ਉਹ ਕਲਪਨਾ ਵਿੱਚ ਹੀ ਜਿਉਂਦੀ ਏ ।” ਮੈਂ ਬੜੇ ਠਰ੍ਹੰਮੇ ਨਾਲ ਉਸਦੇ ਸਵਾਲਾਂ ਦੇ ਜਵਾਬ ਦੇ ਰਹੀ ਸੀ।

“ ਮੈਂ ਕਵਿੱਤਰੀ ਨੂੰ ਮਿਲਣਾ ਏ ।” ਉਹਨੇ ਹੁਕਮ ਦੇਣ ਵਾਲੇ ਲਹਿਜੇ ਵਿਚ ਕਿਹਾ।

“ ਉਹ ਬਾਹਰ ਨਹੀਂ ਆਉਣਾ ਚਾਹੁੰਦੀ , ਡਰਪੋਕ ਆ ।”

“ ਚਾਹੁੰਦੀ ਆ , ਤੂੰ ਬੰਨ੍ਹ ਰੱਖੀ ਆ। … ਕੋਈ ਨਾ , ਮੈਂ ਸਨਮਾਨ ਨਾਲ ਬਾਹਰ ਲੈ ਕੇ ਆਵਾਂਗਾ ।”

“ ਦੇਖਦੇ ਆ ।” ਆਖ ਮੈਂ ਮੁਸਕਰਾ ਪਈ ।

“ ਅੱਛਾ ਦੱਸ , ਲੇਖਕ ਕਿਹੜੇ – ਕਿਹੜੇ ਪਸੰਦ ਨੇ ।”

“ ਸ਼ਿਵ ਕੁਮਾਰ ਬਟਾਲਵੀ ‘ਤੇ ਫ਼ਿਦਾ ਸੀ ਕਿਸੇ ਟਾਈਮ ਪਰ ਅਫ਼ਸੋਸ ਉਹ ਮੇਰੇ ਜੰਮਣ ਤੋ ਪਹਿਲਾ ਹੀ ਤੁਰ ਗਿਆ ।”

“ ਕੋਈ ਟੁੱਟਿਆ ਭੱਜਿਆ ਲੇਖਕ ਵੀ ਪਸੰਦ ਆ ਮੇਰੇ ਵਰਗਾ ।” ਉਹ ਨੇ ਆਪਣੇ ਆਪ ਵੱਲ ਹੱਥ ਕਰਕੇ ਆਖਿਆ ।

“ ਲੇਖਕ ਤਾਂ ਟੁੱਟ ਭੱਜੇ ਹੀ ਹੁੰਦੇ ਆ , ਸਾਬਤ ਬੰਦਾ ਤਾਂ ਲਿਖਦਾ ਰਹੀ ਨਹੀਂ ਕੁਝ ।”

ਕੁਝ ਦੇਰ ਦੋਵਾਂ ਵਿਚਾਲੇ ਚੁੱਪ ਛਾ ਗਈ । ਏਨੇ ਨੂੰ ਵੇਟਰ ਕੌਫੀ ਲੈ ਆਇਆ ।

“ ਬੋਲੋ ਕੁਝ ।” ਕੌਫੀ ਦੀ ਘੁੱਟ ਭਰਦਿਆਂ ਮੈਂ ਉਹਨੂੰ ਕਿਹਾ ।

“ ਤੂੰ ਉਹ ਆ ਜੀਹਨੇ ਮੇਰੇ ਸ਼ਬਦ ਖਤਮ ਕਰ ਦਿੱਤੇ ।” ਕੁਝ ਦੇਰ ਚੁੱਪ ਰਹਿਣ ਪਿੱਛੋਂ ਉਹ ਬੋਲਿਆ ।

“ ਕਮਾਲ ਆ , ਮੈਂ ਤਾਂ ਸੁਣਿਆ ਸੀ ਕਿ ਕੁੜੀਆਂ ਸ਼ਬਦ ਵੰਡਦੀਆ ਨੇ । ਸੰਪੂਰਨ ਕਵਿਤਾ ਹੁੰਦੀਆਂ ਨੇ ਕੁੜੀਆਂ ।” ਅੱਜ ਮੈਨੂੰ ਵੀ ਪਤਾ ਨਹੀਂ ਕਿੱਥੋਂ ਗੱਲਾਂ ਆਈ ਜਾਂਦੀਆਂ ਸੀ।

“ ਅਪਣਾ ਰਿਹਾ ਆ ਕਵਿਤਾ ਨੂੰ , ਕਵਿਤਾ ਸਮਝੇ ਤਾਂ ਈ ਆ ।” ਉਹ ਮੇਰੀਆਂ ਅੱਖਾਂ ਵਿਚ ਝਾਕਿਆ ।

ਉਹਨੂੰ ਮਿੱਠਾ ਪਸੰਦ ਹੈ ਤਾਂ ਹੀ ਉਹ ਕੌਫੀ ਵਿੱਚ ਹੋਰ ਸ਼ੂਗਰ ਮਿਲਾਉਣ ਲੱਗਾ ।

“ ਕੁਝ ਮਹਿਸੂਸ ਹੋ ਰਿਹਾ ਏ ?” ਮੈਨੂੰ ਲੱਗਾ ਉਹ ਮੇਰੇ ਅੰਦਰ ਹੋਈ ਹਲਚਲ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਏ ।

“ ਦੋਸਤੀ ।”

“ ਇੱਕ ਸ਼ਬਦ ਵਿੱਚ ਹੀ ਸਮੇਟਣਾ ਸਭ ਕੁਝ ?” ਸ਼ਾਇਦ ਉਹ ਮੇਰੇ ਮੂੰਹੋਂ ਕੁਝ ਹੋਰ ਸੁਣਨਾ ਚਾਹੁੰਦਾ ਸੀ ।

“ ਸ਼ਬਦ ਚਾਹੇ ਇੱਕ ਆ ਪਰ ਬਹੁਤ ਕੁਝ ਸਮੇਟ ਲੈਂਦਾ ਇਹ ਆਪਣੇ ਅੰਦਰ ।”

“ ਦੋਸਤੀ ਕਬੂਲ ਆ ?” ਉਹਨੇ ਆਪਣਾ ਸੱਜਾ ਹੱਥ ਮੇਰੇ ਵੱਲ ਵਧਾਉਂਦਿਆਂ ਪੁੱਛਿਆ ।

“ ਕਬੂਲ ਆ ।” ਉਹਦੇ ਹੱਥ ‘ਤੇ ਮੈਂ ਆਪਣਾ ਹੱਥ ਧਰਦਿਆਂ ਕਿਹਾ ।

ਉਹਨੇ ਹਲਕਾ ਜਿਹਾ ਹੱਥ ਘੁੱਟਿਆ ਤਾਂ ਮੇਰੇ ਅੰਦਰ ਇੱਕ ਕਰੰਟ ਜਿਹਾ ਫਿਰ ਗਿਆ ।

ਮੇਰੀ ਉਮੀਦ ਤੋ ਉਲਟ ਜਦੋਂ ਦਾ ਉਹਨੇ ਮੇਰਾ ਹੱਥ ਫੜ ਕੇ ਘੁੱਟਿਆ ਉਦੋਂ ਦੀ ਮੈਂ ਸਹਿਜ ਨਹੀਂ ਸਾਂ ।

“ ਚੱਲੀਏ ?” ਕੌਫੀ ਖਤਮ ਕਰਦਿਆਂ ਹੀ ਮੈਂ ਪੁੱਛਿਆ ।

“ ਡਰ ਲੱਗਦੈ ?”

“ ਨਹੀਂ ਤਾਂ ।”

“ ਮੈਨੂੰ ਲੱਗਾ ਹੁਣ ਤੂੰ ਡਰ ਰਹੀ ਏ ਮੇਰੇ ਤੋ ।”

“ ਦੋਸਤ ਤੋ ਕਾਹਦਾ ਡਰ ।” ਮੈਂ ਨਾਰਮਲ ਹੋਣ ਦੀ ਕੋਸ਼ਿਸ਼ ਕੀਤੀ ।

“ ਵਾਅਦਾ ਕਰ ਛੇਤੀ ਮਿਲੇਗੀ ।”

“ ਹੂੰਅ “ ਮੇਰੇ ਮੂੰਹੋਂ ਹੋਰ ਸ਼ਬਦ ਨਾ ਨਿਕਲਿਆ ।

ਰੈਸਟੋਰੈਟ ਵਿੱਚੋਂ ਨਿਕਲ ਅਸੀਂ ਆਪੋ – ਆਪਣੇ ਰਾਹ ਪੈ ਗਏ । ਘਰ ਆ ਕੇ ਉਹਦੇ ਬਾਰੇ ਹੀ ਸੋਚੀ ਗਈ । ਹੈ ਭਾਵੇ ਉਹ ਡਾਕਟਰ ਪਰ ਚਿਹਰੇ ਪੜ੍ਹਨੇ ਬਾਖੂਬੀ ਜਾਣਦਾ ਆ । ਮੈਂ ਹਰ ਗੱਲ ਵਿੱਚ ਉਹਦੀ ਤੇ ਰੁਪਿੰਦਰ ਦੀ ਤੁਲਨਾ ਕਰਦੀ ਤਾਂ ਹਰ ਥਾਂ ‘ਤੇ ਉਹਦਾ ਪੱਲੜਾਂ ਹੀ ਭਾਰੀ ਰਿਹਾ । ਉਹ ਮੁਹੱਬਤੀ ਇਨਸਾਨ ਔਰਤ ਦੀਆਂ ਭਾਵਨਾਵਾਂ ਸਮਝਦਾ ਆ । “ਕਾਸ਼ ! ਰੁਪਿੰਦਰ ਵੀ ਉਹਦੇ ਵਰਗਾ ਹੁੰਦਾ ।” ਮੈਂ ਇੱਕ ਲੰਬਾ ਜਿਹਾ ਸਾਹ ਲੈ ਕੇ ਛੱਡਦੀ ਹਾਂ ।

“ ਅੱਜ ਬੜੀ ਖੁਸ਼ ਆ ।” ਰੁਪਿੰਦਰ ਦੇ ਇਸ ਸਵਾਲ ਨੇ ਮੈਨੂੰ ਚੌਕਾ ਦਿੱਤਾ । ਅੱਜ ਉਸਨੇ ਇਹ ਸਵਾਲ ਆਪਣੇ ਸੁਭਾਅ ਦੇ ਉਲਟ ਕੀਤਾ । ਪਹਿਲਾ ਉਹਨੇ ਕਦੇ ਏਦਾਂ ਨਹੀਂ ਕਿਹਾ । ਹੋ ਸਕਦਾ ਉਹ ਬਿਨਾ ਕਹੇ ਨੋਟ ਕਰਦਾ ਹੋਵੇ ।

ਮਨ ਵਿੱਚ ਚੋਰ ਹੋਣ ਕਰਕੇ ਮੈਂ ਉਹਨੂੰ ਮਿਲਣ ਵਾਲੀ ਗੱਲ ਰੁਪਿੰਦਰ ਤੋ ਛੁਪਾ ਲਈ । ਅੱਜ ਪਹਿਲੀ ਵਾਰ ਸੀ ਕਿ ਰੁਪਿੰਦਰ ਨਾਲ ਨਜ਼ਰ ਮਿਲਾਉਂਦਿਆਂ ਮੈਨੂੰ ਘਬਰਾਹਟ ਜਿਹੀ ਹੋ ਰਹੀ ਸੀ ।

ਉਹ ਸ਼ਬਦਾਂ ਦਾ ਜਾਦੂਗਰ ਆ । ਕੀਲਣਾ ਜਾਣਦਾ ਏ । ਹੌਲੀ ਹੌਲੀ ਰੁਪਿੰਦਰ ਵੱਲੋਂ ਧਿਆਨ ਹੱਟਦਾ ਉਹ ਦੇ ਵੱਲ ਲੱਗਣ ਲੱਗਾ । ਉਹ ਹੀ ਸਾਰਾ ਦਿਨ ਦਿਲ ਦਿਮਾਗ ‘ਤੇ ਛਾਇਆ ਰਹਿੰਦਾ । ਫ਼ੋਨ ‘ਤੇ ਘੰਟਿਆਂ ਬੰਧੀ ਗੱਲ ਕਰਕੇ ਵੀ ਮਨ ਨਾ ਭਰਦਾ ।

“ ਮਹੀਨਾ ਹੋ ਚੱਲਿਆ ਚੰਨ ਨੂੰ ਤੱਕਿਆ , ਹੁਣ ਤਾਂ ਆ ਜੋ ਚੰਨ ਜੀ ।” ਉਹ ਫ਼ੋਨ ‘ਤੇ ਆਖਦਾ ।

ਮੇਰਾ ਜੀਅ ਵੀ ਕਰਦਾ ਮਿਲਣ ਨੂੰ ਪਰ ਮੈਂ ਬਹਾਨੇ ਜਿਹੇ ਮਾਰ ਦਿੰਦੀ ਕਿਉਂਕਿ ਜਦੋ ਵੀ ਜਾਣ ਲਈ ਮਨ ਪੱਕਾ ਜਿਹਾ ਕਰਦੀ ਤਾਂ ਰੁਪਿੰਦਰ ਨਾਲ ਧੋਖਾ ਕਰਨ ਨੂੰ ਮਨ ਨਾ ਕਰਦਾ । ਮੈਂ ਦੋ ਚੱਕੀਆਂ ਵਿੱਚ ਪਿਸਣ ਲੱਗੀ ।

ਇਸੇ ਕਸ਼ਮਕਸ਼ ਵਿੱਚ ਭੁੱਲ ਗਈ ਕਿ ਇਸ ਵਾਰ ਪੀਰੀਅਡਸ ਨਹੀਂ ਆਏ । ਦਿਨ ਗਿਣੇ ਤਾਂ ਦਸ ਦਿਨ ਉੱਤੇ ਹੋ ਗਏ ਸੀ । ਟੈਸਟ ਕੀਤਾ ਤਾਂ ਖੁਸ਼ੀ ਦੀ ਕੋਈ ਹੱਦ ਨਾ ਰਹੀ । ਰੁਪਿੰਦਰ ਦਾ ਅੰਸ਼ ਮੇਰੀ ਕੁੱਖ ਵਿੱਚ ਧੜਕ ਰਿਹਾ ਸੀ ।

“ ਕਿਵੇਂ ਦੱਸਾਂਗੀ , ਕੀ ਕਹਾਂਗੀ ।” ਮੈਂ ਰੁਪਿੰਦਰ ਨੂੰ ਇਹ ਖੁਸ਼ਖਬਰੀ ਸੁਣਾਉਣ ਲਈ ਸ਼ਬਦ ਲੱਭਣ ਲੱਗੀ । ਸ਼ੀਸ਼ੇ ਮੂਹਰੇ ਖੜ੍ਹ ਕੇ ਦੇਖਿਆ ਤਾਂ ਆਪਣਾ ਅਕਸ ਬਹੁਤ ਪਿਆਰਾ ਲੱਗਾ । ਮਲੋ ਜ਼ੋਰੀ ਹੱਥ ਪੇਟ ਨੂੰ ਟੋਹਣ ਲੱਗੇ ।

ਰੁਪਿੰਦਰ ਆਇਆ ਤਾਂ ਮੈਂ ਉਹਦੇ ਗਲ ਦੁਆਲੇ ਬਾਂਹਾਂ ਵੱਲ ਕੇ ਉਹਦੀਆਂ ਅੱਖਾਂ ਵਿਚ ਦੇਖਣ ਲੱਗੀ । ਉਹਨੇ ਮੇਰੇ ਅੰਦਰ ਖੌਰੂ ਪਾਉਂਦੀ ਖੁਸ਼ੀ ਨੂੰ ਝੱਟ ਵੇਖ ਲਿਆ ।

“ ਕੀ ਗੱਲ ਸੋਹਣਿਓ , ਖ਼ੈਰ ਆ ? “

“ ਕੰਨ ਕਰੋ ।” ਕਹਿ ਕੇ ਮੈਂ ਰੁਪਿੰਦਰ ਦੇ ਕੰਨ ਕੋਲ ਆਪਣਾ ਮੂੰਹ ਕੀਤਾ ।

“ ਤੁਸੀ ਪਾਪਾ … ।” ਕਹਿ ਮੈਂ ਰੁਪਿੰਦਰ ਦਾ ਹੱਥ ਫੜ੍ਹ ਆਪਣੇ ਪੇਟ ‘ਤੇ ਰੱਖ ਦਿੱਤਾ ।

ਰੁਪਿੰਦਰ ਨੇ ਖੁਸ਼ੀ ਨਾਲ ਮੈਨੂੰ ਘੁੱਟ ਕੇ ਕਲ਼ੇਜੇ ਨਾਲ ਲਾ ਲਿਆ । ਖੁਸ਼ੀ ਵਿੱਚ ਖੀਵਾ ਹੋਇਆ ਉਹ ਵਾਰੀ ਵਾਰੀ ਮੇਰਾ ਮੱਥਾ ਚੁੰਮ ਰਿਹਾ ਸੀ ।

“ ਤਿਆਰ ਹੋ , ਬਾਹਰ ਡਿਨਰ ਕਰਕੇ ਆਉਂਦੇ ਆ ।”

“ ਪਹਿਲਾ ਸ਼ੁਕਰਾਨੇ ਲਈ ਗੁਰੂ ਘਰ ਚੱਲਾਂਗੇ ।” ਆਖ ਮੈਂ ਤਿਆਰ ਹੋਣ ਲੱਗ ਪਈ ।

ਉਹਦਾ ਫ਼ੋਨ ਆ ਗਿਆ । ਮੈਂ ਕੱਟ ਦਿੱਤਾ । ਬੜੀ ਵਾਰੀ ਆਇਆ ਹਰ ਵਾਰੀ ਕੱਟਿਆ ।

ਰੁਪਿੰਦਰ ਨੇ ਏਨੀਆਂ ਗੱਲਾਂ ਕੀਤੀਆਂ ਜੋ ਉਹਨੇ ਏਨੇ ਸਾਲਾਂ ਵਿੱਚ ਨਹੀਂ ਕੀਤੀਆਂ ਸੀ । ਆਪਣੇ ਬਚਪਨ ਦੀਆਂ , ਸਕੂਲ ਦੀਆਂ , ਕਾਲਜ ਦੀਆਂ ਸਭ । ਘਰ ਪਰਤਦਿਆਂ ਅਹਿਸਾਸ ਹੋਇਆ ਕਿ ਰੁਪਿੰਦਰ ਵਧੀਆ ਇਨਸਾਨ ਆ । ਉਹ ਬਸ ਚੁੱਪ ਤੇ ਸ਼ਾਂਤ ਰਹਿ ਕੇ ਆਪਣੇ ਅੰਦਰਲੀ ਤਕਲੀਫ਼ ਨੂੰ ਲਕੋਣਾ ਜਾਣਦਾ ਆ । ਅੱਜ ਉਹ ਖੁਸ਼ ਆ ਤਾਂ ਗਲੋਟੇ ਵਾਂਗ ਉਦੜਦਾ ਹੀ ਚਲਾ ਗਿਆ । ਮੈਨੂੰ ਲੱਗਾ ਕਿ ਮੈਂ ਇਸ ਰੁਪਿੰਦਰ ਨੂੰ ਤਾਂ ਕਦੇ ਮਿਲੀ ਹੀ ਨਹੀਂ ਸੀ । ਰੁਪਿੰਦਰ ਦੇ ਇਸ ਨਵੇਂ ਰੂਪ ‘ਤੇ ਮੈਨੂੰ ਪਿਆਰ ਆਈ ਜਾਵੇ ।

ਅੱਜ ਦਾ ਦਿਨ ਯਾਦਗਾਰੀ ਦਿਨ ਬਣ ਗਿਆ । ਮੈਂ ਬੇਹੱਦ ਖੁਸ਼ ਸੀ ਤੇ ਮੇਰੇ ਤੋ ਵੀ ਵੱਧ ਰੁਪਿੰਦਰ । ਫ਼ੋਨ ਵੱਜਿਆ । ਉਹਦਾ ਨੰਬਰ ਵੇਖ ਮੈਂ ਨੰਬਰ ਬਲੌਕ ਲਿਸਟ ਵਿੱਚ ਪਾ ਦਿੱਤਾ । ਸਾਡੇ ਵਿਚਕਾਰ ਉਸਰਦੀ ਕੰਧ ਨੂੰ ਢਾਹ ਕੇ ਮੈਂ ਰੁਪਿੰਦਰ ਦੀ ਬਾਂਹ ਨੂੰ ਸਿਰਹਾਣਾ ਬਣਾ ਕੇ ਪੈ ਗਈ ।

ਕਮਲ ਸੇਖੋਂ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ

Facebook
Twitter
Email
WhatsApp
Skype
Print
Telegram

Leave a Comment

Your email address will not be published. Required fields are marked *

error: Content is protected !!
Scroll to Top