ਪਿੱਪਲ ਹੇਠਲਾ ਬੁੱਧ-ਹਰਪ੍ਰੀਤ ਜਟਾਣਾ
ਪਿੱਪਲ ਹੇਠਲਾ ਬੁੱਧ
ਕਹਾਣੀਕਾਰ : ਹਰਪ੍ਰੀਤ ਜਟਾਣਾ
ਸ਼ਿਮਲੇ ਦੇ ਰੇਲਵੇ ਸਟੇਸ਼ਨ ਤੋਂ ਕਾਲਕਾ ਦੀ ਟਿਕਟ ਲਈ ਤਾਂ ਗੱਡੀ ਤੁਰਨ ਵਿੱਚ ਅਜੇ ਦਸ ਕੁ ਮਿੰਟ ਬਾਕੀ ਸਨ। ਮੈਂ ਬੈਗ ਚੁੱਕਿਆ ਤੇ ਹੌਲੀ-ਹੌਲੀ ਗੱਡੀ ਵਿੱਚ ਚੜ੍ਹ ਕੇ ਇੱਕ ਡੱਬੇ ਵਿੱਚ ਖਿੜਕੀ ਨਾਲ ਲੱਗਦੀ ਸੀਟ ਮੱਲ ਲਈ।
ਭੀੜ ਬਹੁਤੀ ਨਹੀਂ ਸੀ। ਗੱਡੀ ਦੀਆਂ ਪਟੜੀਆਂ ਦੇ ਦੋਵੇਂ ਪਾਸੇ ਪਹਾੜ ਚੁੱਪ ਖੜ੍ਹੇ ਸਨ। ਮੈਂ ਉਨ੍ਹਾਂ ਵੱਲ ਤੱਕਦਾ ਹੋਇਆ ਆਪਣੇ ਅੰਦਰ ਉਤਰ ਗਿਆ।
ਮਨ ਉਦਾਸ ਸੀ।
ਅੱਜ ਫਿਰ ਘਰ ਪਰਤਣਾ ਸੀ।
ਘਰ ਦੀਆਂ ਉਹ ਨਿੱਕੀਆਂ-ਨਿੱਕੀਆਂ ਜ਼ਿੰਮੇਵਾਰੀਆਂ, ਜਿਨ੍ਹਾਂ ਤੋਂ ਮੈਂ ਕਾਫ਼ੀ ਸਮੇਂ ਤੋਂ ਅੰਦਰੋਂ ਆਕੀ ਹੋ ਚੁੱਕਾ ਸਾਂ, ਮੇਰੇ ਪਿੱਛੇ-ਪਿੱਛੇ ਇੱਥੇ ਪਹਾੜਾਂ ਤੱਕ ਵੀ ਆ ਪਹੁੰਚੀਆਂ ਸਨ।
ਕਈ ਵਾਰ ਮੈਨੂੰ ਵੈਦਿਕ ਕਾਲ ਦੀ ਆਸ਼ਰਮ-ਵਿਵਸਥਾ ਬੜੀ ਚੰਗੀ ਲੱਗਦੀ। ਲੋਕ ਜੀਵਨ ਦੀਆਂ ਗੁੰਝਲਾਂ ਤੋਂ ਦੂਰ, ਸੱਚ ਦੀ ਖੋਜ ਵਿੱਚ ਜੰਗਲਾਂ ਵੱਲ ਤੁਰ ਜਾਂਦੇ ਸਨ। ਕੁਦਰਤ ਦੀ ਗੋਦ ਵਿੱਚ ਬੈਠ ਕੇ ਆਪਣੇ ਆਪ ਨੂੰ ਲੱਭਦੇ ਸਨ। ਮੈਨੂੰ ਲੱਗਦਾ ਸੀ, ਸ਼ਾਇਦ ਮਨੁੱਖ ਦਾ ਅਸਲ ਸੁਖ ਵੀ ਇਹੋ ਹੈ—ਸਭ ਕੁਝ ਛੱਡ ਦੇਣਾ।
ਪਰ ਸ਼ਿਮਲੇ ਦੀ ਚਕਾਚੌਂਧ ਨੇ ਮੇਰੇ ਇਸ ਭਰਮ ਨੂੰ ਕਿਤੇ ਨਾ ਕਿਤੇ ਹਿਲਾ ਦਿੱਤਾ ਸੀ।
ਮਾਲ ਰੋਡ ਉੱਤੇ ਹਜ਼ਾਰਾਂ ਲੋਕ ਸਨ, ਪਰ ਹਰ ਕੋਈ ਆਪਣੇ ਹੀ ਅੰਦਰ ਬੰਦ ਸੀ। ਕੋਈ ਸੈਲਫੀਆਂ ਖਿੱਚ ਰਿਹਾ ਸੀ, ਕੋਈ ਉਨ੍ਹਾਂ ਨੂੰ ਸਟੇਟਸ ਬਣਾ ਕੇ ਦੁਨੀਆਂ ਨੂੰ ਆਪਣੀ ਖੁਸ਼ੀ ਦਿਖਾ ਰਿਹਾ ਸੀ, ਕੋਈ ਦੁਕਾਨਾਂ ਦੀ ਖਰੀਦੋ-ਫਰੋਖ਼ਤ ਵਿੱਚ ਰੁੱਝਿਆ ਸੀ। ਮਸ਼ੀਨਾਂ ਦੇ ਸ਼ੋਰ, ਹਾਰਨਾਂ ਦੀਆਂ ਆਵਾਜ਼ਾਂ ਅਤੇ ਉੱਚੀ ਆਵਾਜ਼ ਵਿੱਚ ਵੱਜਦੇ ਗੀਤਾਂ ਨੇ ਪਹਾੜਾਂ ਦੀ ਮਧੁਰ ਖਾਮੋਸ਼ੀ ਨੂੰ ਜਿਵੇਂ ਢੱਕ ਲਿਆ ਸੀ।
ਮੈਂ ਸੋਚ ਰਿਹਾ ਸਾਂ—ਕੀ ਮਨੁੱਖ ਕੁਦਰਤ ਤੋਂ ਦੂਰ ਹੋ ਕੇ ਆਪਣੇ ਆਪ ਤੋਂ ਵੀ ਦੂਰ ਹੋ ਗਿਆ ਹੈ?
“ਐਕਸਕਿਊਜ਼ ਮੀ… ਇੱਥੇ ਕੋਈ ਬੈਠਾ?”
ਇੱਕ ਔਰਤ ਦੀ ਆਵਾਜ਼ ਨੇ ਮੇਰੀ ਸੋਚ ਦੀ ਲੜੀ ਤੋੜ ਦਿੱਤੀ।
ਮੈਂ ਵੇਖਿਆ। ਮੇਰੇ ਸਾਹਮਣੇ ਵਾਲੀ ਸੀਟ ਖਾਲੀ ਸੀ। ਮੈਂ ਅਗਲੀ ਸੀਟ ਉੱਤੇ ਪੈਰ ਰੱਖੇ ਹੋਏ ਸਨ।
“ਨਹੀਂ ਜੀ… ਆਓ, ਬੈਠੋ।”
ਉਹ ਲਗਭਗ ਪੈਂਤੀ ਕੁ ਸਾਲ ਦੀ ਹੋਵੇਗੀ। ਸਾਦਗੀ ਵਿੱਚ ਰੰਗੀ ਹੋਈ। ਨਾ ਕੋਈ ਬਣਾਵਟ, ਨਾ ਚਿਹਰੇ ਉੱਤੇ ਦਿਖਾਵੇ ਦੀ ਕੋਈ ਪਰਤ। ਉਸਦੇ ਨਾਲ ਦਸ ਕੁ ਸਾਲ ਦੀ ਇੱਕ ਬੱਚੀ ਸੀ।
ਦੋਵੇਂ ਮੇਰੇ ਸਾਹਮਣੇ ਵਾਲੀ ਸੀਟ ਉੱਤੇ ਬੈਠ ਗਈਆਂ।
ਮੈਂ ਅਣਜਾਣੇ ਹੀ ਉਸਦੇ ਚਿਹਰੇ ਵੱਲ ਵੇਖਿਆ।
ਬੁੱਲਾਂ ਉੱਤੇ ਹੌਲੀ ਜਿਹੀ ਮੁਸਕਰਾਹਟ ਸੀ। ਚਿਹਰਾ ਹੱਸਦਾ ਹੋਇਆ, ਪਰ ਅੱਖਾਂ… ਅੱਖਾਂ ਜਿਵੇਂ ਕਿਸੇ ਪੁਰਾਣੀ ਕਮੀ ਨੂੰ ਆਪਣੇ ਅੰਦਰ ਸੰਭਾਲੀ ਬੈਠੀਆਂ ਸਨ। ਅੱਖਾਂ ਦੇ ਆਲੇ-ਦੁਆਲੇ ਪਏ ਹਲਕੇ ਕਾਲੇ ਘੇਰੇ ਉਸਦੀ ਜ਼ਿੰਦਗੀ ਦੀ ਕੋਈ ਅਣਕਹੀ ਕਹਾਣੀ ਬਿਆਨ ਕਰ ਰਹੇ ਸਨ।
ਮੈਂ ਇਸਤਰੀ ਨੂੰ ਕਦੇ ਕਾਮਨਾ ਦੀ ਨਜ਼ਰ ਨਾਲ ਨਹੀਂ ਵੇਖਿਆ। ਮੇਰੇ ਲਈ ਸੁੰਦਰਤਾ ਦੇਹ ਤੋਂ ਪਹਿਲਾਂ ਇੱਕ ਅਹਿਸਾਸ ਹੈ। ਉਸ ਪਲ ਉਹ ਔਰਤ ਮੈਨੂੰ ਪਹਾੜਾਂ ਦੀ ਸੁੰਦਰਤਾ ਦਾ ਹੀ ਇੱਕ ਹਿੱਸਾ ਲੱਗੀ—ਸਾਦੀ, ਸ਼ਾਂਤ ਤੇ ਅੰਦਰੋਂ ਕਿਤੇ ਡੂੰਘੀ।
ਮੈਨੂੰ ਪਤਾ ਹੀ ਨਾ ਲੱਗਿਆ ਕਿ ਗੱਡੀ ਕਦੋਂ ਚੱਲ ਪਈ।
ਸਮਰਹਿਲ ਸਟੇਸ਼ਨ ਪਿੱਛੇ ਰਹਿ ਗਿਆ।
ਮੈਂ ਸਫ਼ਰ ਦੌਰਾਨ ਗੱਲਾਂ ਕਰਨਾ ਪਸੰਦ ਨਹੀਂ ਕਰਦਾ। ਇਕੱਲਾਪਣ ਮੈਨੂੰ ਆਪਣਾ ਜਿਹਾ ਲੱਗਦਾ ਹੈ। ਪਰ ਉਸ ਦਿਨ ਪਤਾ ਨਹੀਂ ਕਿਉਂ, ਉਸ ਔਰਤ ਨਾਲ ਗੱਲ ਕਰਨ ਨੂੰ ਮਨ ਕਰ ਰਿਹਾ ਸੀ।
ਸ਼ਾਇਦ ਕੁਝ ਚਿਹਰੇ ਅਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਗੱਲ ਕਰਨ ਲਈ ਜਾਣ-ਪਛਾਣ ਦੀ ਲੋੜ ਨਹੀਂ ਪੈਂਦੀ।
ਤਾਰਾਦੇਵੀ ਸਟੇਸ਼ਨ ਆਇਆ। ਗੱਡੀ ਕੁਝ ਪਲਾਂ ਲਈ ਰੁਕੀ।
ਔਰਤ ਨੇ ਆਪਣੀ ਬੱਚੀ ਵੱਲ ਇਸ਼ਾਰਾ ਕਰਦਿਆਂ ਕਿਹਾ,
“ਗੀਤ… ਔਹ ਵੇਖ। ਇੱਥੇ ਮੈਂ ਤੇ ਤੇਰੇ ਪਾਪਾ ਸਕਾਊਟ ਦਾ ਕੈਂਪ ਲਗਾ ਕੇ ਜਾਂਦੇ ਸਾਂ।”
ਉਸਨੇ ਪਹਾੜੀ ਓਹਲੇ ਲੁਕੇ ਇੱਕ ਪੁਰਾਣੇ ਕੈਂਪ ਵੱਲ ਇਸ਼ਾਰਾ ਕੀਤਾ।
“ਤੁਸੀਂ ਟੀਚਰ ਹੋ?” ਮੈਂ ਪੁੱਛਿਆ।
ਉਹ ਮੁਸਕਰਾਈ।
“ਨਹੀਂ ਜੀ। ਜਦੋਂ ਅਸੀਂ ਪੜ੍ਹਦੇ ਸੀ, ਉਦੋਂ ਦੀ ਗੱਲ ਆ। ਮੈਂ ਤੇ ਗੀਤ ਦੇ ਪਾਪਾ ਕਲਾਸਮੇਟ ਸੀ। ਇੱਕ ਵਾਰ ਕੈਂਪ ਲਗਾ ਕੇ ਗਏ ਸਾਂ… ਬਸ, ਉਹ ਯਾਦ ਆ ਗਿਆ।”
ਮੈਂ ਸਹਿਜਤਾ ਨਾਲ ਪੁੱਛ ਬੈਠਾ,
“ਗੀਤ ਦੇ ਪਾਪਾ ਨਹੀਂ ਆਏ ਫਿਰ ਨਾਲ?”
ਉਸਨੇ ਮੇਰੇ ਵੱਲ ਵੇਖਿਆ।
“ਉਨ੍ਹਾਂ ਦੀ ਡੈੱਥ ਹੋ ਚੁੱਕੀ ਆ।”
ਉਸਦੇ ਸ਼ਬਦ ਬਹੁਤ ਸਧਾਰਨ ਸਨ।
ਪਰ ਉਹ ਮੇਰੇ ਅੰਦਰ ਵੱਟੇ ਵਾਂਗ ਡਿੱਗੇ।
ਮੈਂ ਚੁੱਪ ਹੋ ਗਿਆ।
“ਓਹ… ਸੋਰੀ।”
ਮੈਨੂੰ ਆਪਣੇ ਸਵਾਲ ਉੱਤੇ ਪਛਤਾਵਾ ਹੋਇਆ।
“ਸੋਰੀ ਵਾਲੀ ਕੋਈ ਗੱਲ ਨਹੀਂ,” ਉਸਨੇ ਬੜੀ ਸਪੱਸ਼ਟਤਾ ਨਾਲ ਕਿਹਾ, “ਜੋ ਸੱਚ ਹੈ, ਉਹ ਸੱਚ ਹੈ।”
ਕੁਝ ਪਲਾਂ ਲਈ ਡੱਬੇ ਵਿੱਚ ਸਿਰਫ਼ ਪਹੀਆਂ ਦੀ ਲੈ ਸੁਣਾਈ ਦਿੰਦੀ ਰਹੀ।
ਫਿਰ ਉਸਨੇ ਅਚਾਨਕ ਪੁੱਛਿਆ,
“ਤੁਹਾਡਾ ਨਾਮ?”
“ਕਲਮਪ੍ਰੀਤ ਸਿੰਘ ਮਾਨ।”
ਉਸਨੇ ਕੁਝ ਪਲ ਮੇਰੇ ਚਿਹਰੇ ਵੱਲ ਵੇਖਿਆ ਜਿਵੇਂ ਮੈਨੂੰ ਪਛਾਨਣ ਦੀ ਕੋਸ਼ਿਸ਼ ਕਰ ਰਹੀ ਹੋਵੇ।
“ ਕਹਾਣੀਕਾਰ ਕਲਮਪ੍ਰੀਤ ਸਿੰਘ ਮਾਨ….?”
ਮੈਂ ਮੁਸਕਰਾ ਕੇ ਹਾਂ ਵਿੱਚ ਸਿਰ ਹਿਲਾਇਆ।
“ ਮੈਂ ਵੀ ਸੋਚਿਆ ਕਿ ਮੈਂ ਵੇਖਿਆ ਕਿਤੇ ਤੁਹਾਨੂੰ…ਕਿਤਾਬਾਂ ਤੇ ਫੋਟੋ ਵੇਖੀ ਆ ਤੁਹਾਡੀ ਯਾਦ ਆਇਆ….ਮੈਂ ਤੁਹਾਡੀਆਂ ਕਾਫ਼ੀ ਕਹਾਣੀਆਂ ਤੇ ਵਿਚਾਰ ਪੜ੍ਹੇ ਨੇ। ਰਿਸ਼ਤਿਆਂ ਬਾਰੇ ਬੜਾ ਖੂਬਸੂਰਤ ਲਿਖਦੇ ਹੋ।”
ਉਸਦੇ ਚਿਹਰੇ ਉੱਤੇ ਹੈਰਾਨੀ ਤੇ ਖੁਸ਼ੀ ਇਕੱਠੀ ਆ ਗਈ।
“ਬੱਲੇ ਬੱਲੇ! ਫਿਰ ਤਾਂ ਕਾਲਕਾ ਤੱਕ ਦਾ ਸਫ਼ਰ ਵਿਦਵਾਨ ਦੀ ਸੰਗਤ ਵਿੱਚ ਹੋਊ। ਵਾਹ ਜੀ ਵਾਹ!”
ਮੈਂ ਹੱਸ ਪਿਆ।
ਉਸ ਪਲ ਅਜਨਬੀਪਣ ਦੀ ਕੰਧ ਢਹਿ ਗਈ।
ਉਸਦਾ ਨਾਮ ਮਹਿਤਾਬ ਸੀ।
ਉਹ ਚੰਡੀਗੜ੍ਹ ਦੇ ਨੇੜੇ ਇੱਕ ਪਿੰਡ ਦੀ ਰਹਿਣ ਵਾਲੀ ਸੀ। ਉਸਦਾ ਪਤੀ ਫੌਜ ਵਿੱਚ ਸੀ ਅਤੇ ਕਸ਼ਮੀਰ ਵਿੱਚ ਇੱਕ ਹਮਲੇ ਦੌਰਾਨ ਸ਼ਹੀਦ ਹੋ ਗਿਆ ਸੀ। ਹੁਣ ਉਹ ਆਪਣੀ ਧੀ ਗੀਤ ਨਾਲ ਸੱਸ-ਸਹੁਰੇ ਕੋਲ ਰਹਿੰਦੀ ਸੀ। ਕਿਤਾਬਾਂ ਪੜ੍ਹਨ ਦਾ ਉਸਨੂੰ ਸ਼ੌਕ ਸੀ।
ਮੈਂ ਵੀ ਆਪਣੇ ਬਾਰੇ ਦੱਸਿਆ।
ਕੁਝ ਲੋਕਾਂ ਨਾਲ ਰਿਸ਼ਤੇ ਬਣਨ ਲਈ ਸਾਲ ਨਹੀਂ ਲੱਗਦੇ। ਕਈ ਵਾਰ ਇੱਕ ਸਫ਼ਰ ਹੀ ਕਾਫ਼ੀ ਹੁੰਦਾ ਹੈ।
ਮਹਿਤਾਬ ਵੀ ਅਜਿਹੀ ਹੀ ਸੀ।
ਕੁਝ ਹੀ ਪਲਾਂ ਵਿੱਚ ਮੈਨੂੰ ਮਹਿਸੂਸ ਹੋਣ ਲੱਗਾ ਜਿਵੇਂ ਮੈਂ ਉਸਨੂੰ ਕਈ ਸਾਲਾਂ ਤੋਂ ਜਾਣਦਾ ਹੋਵਾਂ।
ਉਹ ਜਿੰਦਾਦਿਲ ਸੀ। ਪਤੀ ਦੀ ਮੌਤ ਦਾ ਦੁੱਖ ਉਸਦੀ ਆਵਾਜ਼ ਵਿੱਚ ਨਹੀਂ ਸੀ, ਉਸਦੇ ਕਦਮਾਂ ਵਿੱਚ ਨਹੀਂ ਸੀ, ਉਸਦੀ ਗੱਲਬਾਤ ਵਿੱਚ ਨਹੀਂ ਸੀ।
ਸਿਰਫ਼ ਅੱਖਾਂ ਦੇ ਆਲੇ-ਦੁਆਲੇ ਦੀ ਥਕਾਵਟ ਉਸਦੇ ਅੰਦਰਲੇ ਸੋਗ ਦੀ ਗਵਾਹ ਸੀ।
ਉਹ ਆਪਣੀ ਧੀ ਨੂੰ ਸ਼ਿਮਲਾ ਘੁਮਾਉਣ ਲੈ ਕੇ ਆਈ ਸੀ।
ਮੈਂ ਉਸਦੇ ਚਿਹਰੇ ਦੇ ਪਿੱਛੇ ਲੁਕੇ ਮਨ ਨੂੰ ਪੜ੍ਹਨਾ ਚਾਹੁੰਦਾ ਸੀ। ਸਵੇਰ ਤੋਂ ਮੇਰੇ ਅੰਦਰ ਜੋ ਬੇਚੈਨੀ ਭਰੀ ਹੋਈ ਸੀ, ਮੈਨੂੰ ਲੱਗਿਆ ਸ਼ਾਇਦ ਮਹਿਤਾਬ ਦੀਆਂ ਗੱਲਾਂ ਉਸਨੂੰ ਹਲਕਾ ਕਰ ਸਕਣ।
“ਰਿਸ਼ਤਿਆਂ ਦੀ ਪਰਿਭਾਸ਼ਾ ਤੁਹਾਡੀਆਂ ਕਹਾਣੀਆਂ ਵਿੱਚ ਬੜੀ ਵਧੀਆ ਹੁੰਦੀ ਆ,” ਉਸਨੇ ਮੇਰੀਆਂ ਰਚਨਾਵਾਂ ਦੀ ਤਾਰੀਫ਼ ਕੀਤੀ।
“ਥੈਂਕ ਯੂ,” ਮੈਂ ਮੁਸਕਰਾ ਕੇ ਕਿਹਾ।
ਉਹ ਕੁਝ ਪਲ ਚੁੱਪ ਰਹੀ।
“ਇੱਕ ਨਿੱਜੀ ਸਵਾਲ ਪੁੱਛਾਂ?”
ਮੈਂ ਸਿਰ ਹਿਲਾ ਦਿੱਤਾ।
“ਜਿਸ ਤਰ੍ਹਾਂ ਤੁਸੀਂ ਰਿਸ਼ਤਿਆਂ ਨੂੰ ਸਮਝਦੇ ਹੋ… ਤੁਹਾਡੇ ਆਪਣੇ ਰਿਸ਼ਤੇ ਤਾਂ ਬੜੇ ਮਜ਼ਬੂਤ ਹੋਣਗੇ?”
ਸਵਾਲ ਸਿੱਧਾ ਸੀ, ਪਰ ਵਾਰ ਡੂੰਘਾ।
ਮੈਂ ਅੱਖਾਂ ਬੰਦ ਕੀਤੀਆਂ ਤੇ ਹੌਲੀ ਜਿਹੀ ਨਾ ਵਿੱਚ ਸਿਰ ਹਿਲਾ ਦਿੱਤਾ।
“ਹੈਂਅਅ… ਸੱਚੀ?”
ਉਸਦੀ ਹੈਰਾਨੀ ਸੱਚੀ ਸੀ।
“ਰਿਸ਼ਤਿਆਂ ਤੋਂ ਭੱਜ ਕੇ ਹੀ ਤਾਂ ਇਨ੍ਹਾਂ ਪਹਾੜੀਆਂ ਵਿੱਚ ਆਇਆ ਹਾਂ,” ਮੈਂ ਬਾਹਰ ਵੇਖਦਿਆਂ ਕਿਹਾ, “ਅੰਦਰਲਾ ਸਕੂਨ ਲੱਭਣ।”
“ਕੀ ਗੱਲ? ਮਿਸਿਜ਼ ਦਾ ਸੁਭਾਅ ਵਧੀਆ ਨਹੀਂ?”
“ਨਹੀਂ ਨਹੀਂ… ਬਹੁਤ ਚੰਗਾ।”
“ਫਿਰ?”
ਮੈਂ ਕੁਝ ਪਲ ਸੋਚਿਆ।
“ਉਸ ਵਿੱਚ ਉਹ ਸਾਰੇ ਗੁਣ ਨੇ ਜੋ ਸਮਾਜ ਵਿੱਚ ਰਹਿਣ ਲਈ ਚਾਹੀਦੇ ਨੇ… ਪਰ ਮੇਰੇ ਲਈ ਸ਼ਾਇਦ ਉਹੀ ਗੁਣ ਕਈ ਵਾਰ ਪ੍ਰਤੀਕੂਲ ਹੋ ਜਾਂਦੇ ਨੇ। ਉਹ ਉਸ ਤਰ੍ਹਾਂ ਨਹੀਂ ਸੋਚਦੀ, ਜਿਸ ਤਰ੍ਹਾਂ ਮੈਂ ਚਾਹੁੰਦਾ ਹਾਂ।”
“ਤੁਸੀਂ ਕੀ ਚਾਹੁੰਦੇ ਹੋ?”
ਮੈਂ ਮੁਸਕਰਾਇਆ।
“ਪਤਾ ਨਹੀਂ।”
ਫਿਰ ਅੰਦਰਲਾ ਬੰਨ੍ਹ ਟੁੱਟ ਗਿਆ।
“ਉਹ ਬਹੁਤ ਚੰਗੀ ਹੈ। ਪਰਿਵਾਰ ਚਲਾਉਂਦੀ ਹੈ। ਨੌਕਰੀ ਕਰਦੀ ਹੈ। ਮੇਰੇ ਮਾਂ-ਬਾਪ ਅਤੇ ਬੇਟੇ ਦੀ ਦੇਖਭਾਲ ਕਰਦੀ ਹੈ। ਪਰ ਉਸਦੀਆਂ ਗੱਲਾਂ… ਉਸਦੀਆਂ ਮੰਗਾਂ… ਮੈਂ ਉਨ੍ਹਾਂ ਤੋਂ ਆਕੀ ਹੋ ਜਾਂਦਾ ਹਾਂ। ਕਦੇ ਆਹ ਲਿਆਓ, ਕਦੇ ਔਹ ਕਰ ਦਿਓ. ਪੂਰੀ ਭੌਤਿਕਵਾਦ.. ਮੈਂ ਸੋਚਦਾ ਹਾਂ ਕਿ ਇਹ ਕਿਹੋ ਜਿਹੀ ਜ਼ਿੰਦਗੀ ਜੀ ਰਹੀ ਹੈ ਤੇ ਮੇਰੇ ਤੋਂ ਕੀ ਉਮੀਦ ਕਰਦੀ ਹੈ।”
ਮਹਿਤਾਬ ਚੁੱਪਚਾਪ ਸੁਣ ਰਹੀ ਸੀ।
“ਮਹੀਨਾ ਕੁ ਪਹਿਲਾਂ ਦੀ ਗੱਲ ਹੈ,” ਮੈਂ ਕਿਹਾ, “ਮੈਂ ਛੱਤ ਉੱਤੇ ਬੈਠਾ ਸੀ। ਰਾਤ ਬੜੀ ਸੋਹਣੀ ਸੀ। ਅਸਮਾਨ ਤਾਰਿਆਂ ਨਾਲ ਭਰਿਆ ਹੋਇਆ ਸੀ। ਉਹ ਆਈ… ਉਸ ਰਾਤ ਤਾਰਿਆਂ ਦੀ ਰੌਸ਼ਨੀ ਵਿੱਚ ਉਹ ਮੈਨੂੰ ਬਹੁਤ ਸੋਹਣੀ ਲੱਗੀ। ਬਿਲਕੁਲ ਮੇਰੇ ਅੰਦਰ ਉਤਰਦੀ ਕਿਸੇ ਕਵਿਤਾ ਵਾਂਗ। ਉਹ ਮੇਰੇ ਕੋਲ ਆਈ ਤਾਂ ਮੈਨੂੰ ਪਿਆਰ ਆਇਆ। ਮੈਂ ਕੁਰਸੀ ਉੱਤੇ ਬੈਠਿਆਂ ਹੀ ਉਸਦੇ ਲੱਕ ਦੁਆਲੇ ਬਾਹਾਂ ਪਾ ਲਈਆਂ..ਮੈਂ ਅਣਕਹੇ ਸਕੂਨ ਵਿੱਚ ਸਾਂ ਕਿ…..”
ਮੈਂ ਥੋੜ੍ਹਾ ਰੁਕਿਆ।
“ਉਸਨੇ ਕਿਹਾ—‘ਮੈਂ ਤੁਹਾਨੂੰ ਦੱਸਣ ਆਈ ਸੀ ਕਿ ਮੈਂ ਆਪਣਾ ਨੌਕਰ ਮੁੰਡਾ ਭਜਾ ਦਿੱਤਾ। ਰਾਸ਼ਨ ਦੇ ਸਮਾਨ ਵਿੱਚੋਂ ਬਹੁਤ ਚੋਰੀ ਕਰਦਾ ਸੀ। ਤੁਸੀਂ ਕੱਲ੍ਹ ਤੋਂ ਕੋਈ ਹੋਰ ਨੌਕਰ ਵੇਖ ਲੈਣਾ।’”
ਮਹਿਤਾਬ ਹੱਸ ਪਈ।
ਮੈਂ ਗੰਭੀਰ ਸਾਂ।
“ਹੱਸੋ ਨਾ। ਮੈਨੂੰ ਬੜਾ ਗੁੱਸਾ ਆਇਆ ਸੀ। ਇਹ ਗੱਲ ਉਸ ਵੇਲੇ ਕਰਨ ਵਾਲੀ ਸੀ? ਪਰ ਉਹ ਕਦੇ ਨਹੀਂ ਸਮਝ ਸਕਦੀ ਕਿ ਮੈਂ ਉਸ ਪਲ ਕੀ ਮਹਿਸੂਸ ਕਰ ਰਿਹਾ ਸੀ।”
“ਸ਼ਾਇਦ ਤੁਸੀਂ ਵੀ ਕਦੇ ਨਹੀਂ ਸਮਝੇ ਕਿ ਉਹ ਕੀ ਮਹਿਸੂਸ ਕਰ ਰਹੀ ਸੀ…ਉਸ ਅੰਦਰ ਆਉਣ ਵਾਲੇ ਕੱਲ੍ਹ ਦਾ ਫ਼ਿਕਰ ਸੀ.. ਪਰਿਵਾਰ ਦੀ ਚਿੰਤਾ ” ਮਹਿਤਾਬ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ।
ਮੈਂ ਉਸ ਵੱਲ ਵੇਖਿਆ।
ਉਹ ਅੱਗੇ ਬੋਲੀ,
“ਉਹ ਫੋਨ ਕਰਦੀ ਹੈ?”
“ਕਦੇ-ਕਦੇ।”
“ਗੱਲ?”
“ਦੋ-ਤਿੰਨ ਮਿੰਟ ਤੋਂ ਅੱਗੇ ਨਹੀਂ ਜਾਂਦੀ। ਹੁਣ ਵੀ ਫੋਨ ਸਵਿੱਚ ਆਫ਼ ਕਰਕੇ ਬੈਗ ਵਿੱਚ ਪਾਇਆ ਹੋਇਆ।”
“ਆਪਣੇ ਬੇਟੇ ਨਾਲ ਵੀ ਗੱਲ ਕਰਨ ਨੂੰ ਮਨ ਨਹੀਂ ਕਰਦਾ?”
ਮੈਂ ਕੁਝ ਪਲ ਆਪਣੇ ਅੰਦਰ ਝਾਤੀ ਮਾਰੀ।
“ਨਹੀਂ… ਸ਼ਾਇਦ ਨਹੀਂ।”
“ਕਿਉਂ?”
“ਇਹ ਬੰਧਨ ਨੇ… ਇਹੋ ਜਿਹੇ ਬੰਧਨ ਜੋ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੇ ਨੇ। ਮੈਂ ਕਿਸੇ ਅਲੌਕਿਕ ਤਲਾਸ਼ ਵਿੱਚ ਹਾਂ। ਮੈਂ ਮਹਾਤਮਾ ਬੁੱਧ ਦਾ ਬਹੁਤ ਪ੍ਰਸ਼ੰਸਕ ਹਾਂ। ਇਸੇ ਕਰਕੇ… ਸ਼ਾਇਦ ਮੈਂ ਵੀ ਬੁੱਧ ਵਾਂਗ ਘਰ ਛੱਡ ਆਇਆ।”
ਮਹਿਤਾਬ ਨੇ ਮੇਰੇ ਵੱਲ ਸਿੱਧਾ ਵੇਖਿਆ।
“ਪਰ ਬੁੱਧ ਨੇ ਯਸ਼ੋਧਰਾ ਤੇ ਰਾਹੁਲ ਦੀਆਂ ਭਾਵਨਾਵਾਂ ਦੀ ਕਦਰ ਤਾਂ ਨਹੀਂ ਕੀਤੀ ਸੀ।”
ਮੈਂ ਚੁੱਪ ਹੋ ਗਿਆ।
ਉਸਨੇ ਬੋਲਣਾ ਜਾਰੀ ਰੱਖਿਆ।
“ਗੁੱਸਾ ਨਾ ਕਰਨਾ। ਇੱਕ ਗੱਲ ਆਖਾਂ?… ਤੁਸੀਂ ਆਪਣੀ ਹੀ ਕਹਾਣੀਆਂ ਦੇ ਪਾਤਰਾਂ ਵਾਂਗ ਸਮਝਦਾਰ ਨਹੀਂ ਹੋ।”
ਮੈਂ ਸਿਰ ਹਿਲਾਇਆ।
“ਜੇ ਮੈਂ ਤੁਹਾਡੀ ਯਸ਼ੋਧਰਾ ਦੀ ਥਾਂ ਹੁੰਦੀ ਤਾਂ ਸ਼ਾਇਦ ਇਹ ਕੁਰਬਾਨੀ ਨਾ ਦੇ ਸਕਦੀ। ਤੁਹਾਡੇ ਕੋਲ ਰਿਸ਼ਤਿਆਂ ਦਾ ਖ਼ਜ਼ਾਨਾ ਹੈ, ਪਰ ਤੁਸੀਂ ਉਸਦੀ ਕਦਰ ਨਹੀਂ ਕਰ ਰਹੇ।”
ਉਸਨੇ ਆਪਣੀ ਧੀ ਵੱਲ ਵੇਖਿਆ।
“ਮੇਰੇ ਕੋਲ ਵੇਖੋ… ਆਹ ਧੀ ਹੈ। ਮੇਰੇ ਕੋਲ ਬਚਿਆ ਇਕੱਲਾ ਤੇ ਅਨਮੋਲ ਰਿਸ਼ਤਾ। ਤੁਸੀਂ ਮੇਰੇ ਤੋਂ ਵੱਧ ਰਿਸ਼ਤਿਆਂ ਦੀ ਕਮੀ ਨਹੀਂ ਸਮਝ ਸਕਦੇ।”
ਉਸਦੀ ਆਵਾਜ਼ ਹੌਲੀ ਹੋ ਗਈ।
“ਇੱਕ ਗੱਲ ਦੱਸੋ… ਜੇ ਤੁਸੀਂ ਮੇਰੀ ਥਾਂ ਹੁੰਦੇ ਤਾਂ ਕੀ ਕਰਦੇ?”
ਮੈਂ ਕੁਝ ਪਲ ਸੋਚਿਆ।
“ਜਾਂ ਸੰਨਿਆਸੀ ਬਣ ਜਾਂਦਾ… ਜਾਂ ਮੁੜ ਰਿਸ਼ਤਾ ਜੋੜ ਲੈਂਦਾ।”
ਮਹਿਤਾਬ ਵਿਅੰਗਮਈ ਹੱਸੀ।
“ਓਹ ਕਹਾਣੀਕਾਰ ਸਾਹਿਬ! ਖਿਆਲੀ ਦੁਨੀਆਂ ਤੋਂ ਬਾਹਰ ਆਓ। ਇਹ ਤੁਹਾਡੀ ਕਹਾਣੀ ਨਹੀਂ, ਜਿਸ ਵਿੱਚ ਹਰ ਪਾਤਰ ਤੁਹਾਡੇ ਵਾਂਗ ਸੋਚੇਗਾ।”
ਉਸਦੀ ਮੁਸਕਰਾਹਟ ਵਿੱਚ ਜ਼ਿੰਦਗੀ ਦਾ ਤਜਰਬਾ ਸੀ।
“ਇਹ ਬਨਾਵਟੀ ਰਿਸ਼ਤੇ ਤਾਂ ਨਿੱਤ ਜੁੜਨ ਲਈ ਤਿਆਰ ਰਹਿੰਦੇ ਨੇ। ਕਿਸੇ ਮਰਦ ਕੋਲ ਬੈਠ ਜਾਓ, ਉਸਨੂੰ ਬੜੀ ਜਲਦੀ ਪਿਆਰ ਹੋ ਜਾਂਦਾ। ਮੈਂ ਤਾਂ ਇਹ ਸ਼ਬਦ ਸੁਣ-ਸੁਣ ਕੇ ਅੱਕ ਚੁੱਕੀ ਹਾਂ।”
ਉਹ ਕੁਝ ਪਲ ਰੁਕੀ।
“ਅਸਲ ਜਿੱਥੇ ਪਿਆਰ ਹੁੰਦਾ ਹੈ, ਉੱਥੇ ਉਸਨੂੰ ਬੋਲ ਕੇ ਕਹਿਣ ਦੀ ਲੋੜ ਨਹੀਂ ਹੁੰਦੀ। ਜਿਸ ਤਰ੍ਹਾਂ ਮੈਂ ਕਦੇ ਆਪਣੇ ਪਤੀ ਨੂੰ ਨਹੀਂ ਕਿਹਾ ਸੀ… ਤੇ ਨਾ ਹੀ ਸ਼ਾਇਦ ਤੁਹਾਡੀ ਪਤਨੀ ਨੇ ਤੁਹਾਨੂੰ।”
ਉਸਦੀ ਆਵਾਜ਼ ਭਰ ਆਈ।
ਮੈਂ ਉਸਦੇ ਅੱਥਰੂ ਪੂੰਝਣਾ ਚਾਹਿਆ, ਪਰ ਮੇਰਾ ਹੱਥ ਥਾਂ ਹੀ ਰੁਕ ਗਿਆ।
ਮੈਂ ਹੈਰਾਨ ਸੀ।
ਉਹ ਮੇਰੇ ਬਾਰੇ ਇੰਨਾ ਕੁਝ ਕਿਵੇਂ ਸਮਝ ਗਈ ਸੀ?
ਸ਼ਾਇਦ ਕਈ ਵਾਰ ਇੱਕ ਸਮਝਦਾਰ ਪਾਠਕ ਉਹ ਗੱਲ ਵੀ ਪੜ੍ਹ ਲੈਂਦਾ ਹੈ, ਜਿਸਨੂੰ ਇੱਕ ਲੇਖਕ ਸਾਲਾਂ ਤੱਕ ਸ਼ਬਦ ਨਹੀਂ ਦੇ ਸਕਦਾ।
ਕਾਲਕਾ ਪਹੁੰਚਣ ਵਿੱਚ ਅਜੇ ਇੱਕ ਘੰਟਾ ਬਾਕੀ ਸੀ। ਗੱਡੀ ਪਹਾੜਾਂ ਵਿਚਕਾਰ ਹੌਲੀ-ਹੌਲੀ ਸਰਕ ਰਹੀ ਸੀ, ਪਰ ਮੈਨੂੰ ਸਮੇਂ ਦਾ ਪਤਾ ਨਹੀਂ ਸੀ।
ਮੈਂ ਗੀਤ ਨਾਲ ਖੇਡਣ ਲੱਗ ਪਿਆ।
ਇੱਕ-ਦੋ ਸਟੇਸ਼ਨਾਂ ਉੱਤੇ ਗੱਡੀ ਰੁਕੀ ਤਾਂ ਉਸਨੂੰ ਡੱਬੇ ਤੋਂ ਬਾਹਰ ਵੀ ਥੋੜ੍ਹਾ ਘੁਮਾ ਲਿਆਇਆ।
ਉਸਦੀ ਹਾਸੀ ਵਿੱਚ ਮੈਨੂੰ ਆਪਣੇ ਬੇਟੇ ਦੀ ਆਵਾਜ਼ ਸੁਣਾਈ ਦਿੱਤੀ।
ਅਚਾਨਕ ਮੈਨੂੰ ਮਹਿਸੂਸ ਹੋਇਆ—ਮੈਂ ਆਪਣੇ ਬੇਟੇ ਨਾਲ ਕਦੇ ਇਸ ਤਰ੍ਹਾਂ ਬੇਫ਼ਿਕਰ ਹੋ ਕੇ ਖੇਡਿਆ ਹੀ ਨਹੀਂ।
ਕਾਲਕਾ ਆ ਗਿਆ।
ਮੈਂ ਆਪਣਾ ਬੈਗ ਚੁੱਕਿਆ, ਫਿਰ ਮਹਿਤਾਬ ਦਾ ਵੀ।
“ਰਹਿਣ ਦਿਓ,” ਉਸਨੇ ਕਿਹਾ।
“ਨਹੀਂ, ਮੈਂ ਚੁੱਕ ਲੈਂਦਾ ਹਾਂ।”
ਅਸੀਂ ਸਟੇਸ਼ਨ ਤੋਂ ਬਾਹਰ ਆ ਗਏ।
ਮਹਿਤਾਬ ਨੂੰ ਪਿੰਜੌਰ ਜਾਣਾ ਸੀ। ਆਟੋ ਵਾਲੇ ਖੜ੍ਹੇ ਸਨ।
ਮੈਂ ਅਚਾਨਕ ਪੁੱਛਿਆ,
“ਮਹਿਤਾਬ… ਆਪਣਾ ਸੰਪਰਕ ਨੰਬਰ ਦਿਓਗੇ?”
ਉਹ ਮੁਸਕਰਾਈ।
“ਉਹ ਰਹਿਣ ਦਿਓ, ਕਹਾਣੀਕਾਰ ਸਾਹਿਬ……….ਇੰਝ ਹੀ ਰੱਬ ਫਿਰ ਮੇਲ ਕਰੂ ਕਦੇ। ਐਵੇਂ ਇੱਕ ਰਿਸ਼ਤਾ ਹੋਰ ਜੁੜ ਜਾਊ। ਤੁਸੀਂ ਤਾਂ ਪਹਿਲਾਂ ਹੀ ਰਿਸ਼ਤਿਆਂ ਤੋਂ ਤੰਗ ਹੋ।”
ਉਸਨੇ ਅੱਖਾਂ ਵਿੱਚ ਸ਼ਰਾਰਤ ਭਰ ਕੇ ਕਿਹਾ,
“ਨਾਲੇ ਲੇਖਕਾਂ ਨੂੰ ਪਿਆਰ ਛੇਤੀ ਹੋ ਜਾਂਦਾ। ਕਿਤੇ ਕੱਲ੍ਹ ਨੂੰ ਆਖੋ—‘ਮਹਿਤਾਬ, ਮੈਂ ਤੈਨੂੰ ਪਿਆਰ ਕਰਦਾ।’”
ਉਹ ਉੱਚੀ ਹੱਸੀ।
ਫਿਰ ਉਸਦਾ ਹਾਸਾ ਹੌਲੀ-ਹੌਲੀ ਗੰਭੀਰਤਾ ਵਿੱਚ ਬਦਲ ਗਿਆ।
“ਮਹਿਤਾਬ ਨੂੰ ਯਾਦ ਰੱਖਣਾ ਤਾਂ ਮੇਰੀਆਂ ਗੱਲਾਂ ਉੱਤੇ ਗੌਰ ਕਰਿਓ। ਬੱਸ… ਯਸ਼ੋਧਰਾ ਤੇ ਰਾਹੁਲ ਬਾਰੇ ਸੋਚਿਓ।”
ਉਹ ਮੁੜੀ ਤੇ ਆਟੋ ਵੱਲ ਤੁਰ ਪਈ।
ਮੈਂ ਖੜ੍ਹਾ ਉਸਨੂੰ ਜਾਂਦਾ ਵੇਖਦਾ ਰਿਹਾ।
ਚਾਰ ਕੁ ਕਦਮ ਅੱਗੇ ਜਾ ਕੇ ਉਹ ਫਿਰ ਮੁੜੀ।
“ਕਹਾਣੀਕਾਰ ਸਾਹਿਬ, ਇੱਕ ਗੱਲ ਹੋਰ ਯਾਦ ਰੱਖਿਓ।”
ਮੈਂ ਉਸ ਵੱਲ ਧਿਆਨ ਨਾਲ ਵੇਖਿਆ।
“ਬੋਧਗਯਾ ਵਿੱਚ ਬੁੱਧ ਨੂੰ ਇੱਕ ਗਵਾਲਣ ਕੁੜੀ ਮਿਲੀ ਸੀ। ਪਿੱਪਲ ਹੇਠ ਬੈਠੇ ਬੁੱਧ ਨੂੰ ਉਸਨੇ ਦੁੱਧ ਪਿਆਇਆ ਸੀ। ਰੱਬ ਜਾਣੇ, ਉਸ ਦਿਨ ਬੁੱਧ ਨੂੰ ਗਿਆਨ ਕਿੱਥੋਂ ਮਿਲਿਆ… ਪਰ ਉਹ ਕੁੜੀ ਬੁੱਧ ਨੂੰ ਮੁੜ ਨਹੀਂ ਮਿਲੀ। ਇਤਿਹਾਸ ਨੇ ਵੀ ਉਸਦਾ ਨਾਮ ਯਾਦ ਨਹੀਂ ਰੱਖਿਆ।”
ਉਹ ਥੋੜ੍ਹਾ ਰੁਕੀ।
“ਬੱਸ… ਇੰਨਾ ਆਖਣਾ ਸੀ।”
ਉਹ ਆਟੋ ਵਿੱਚ ਜਾ ਬੈਠੀ।
ਆਟੋ ਚੱਲ ਪਿਆ।
ਉਹ ਦੂਰ ਹੁੰਦੀ ਗਈ।
ਮੈਂ ਉੱਥੇ ਹੀ ਖੜ੍ਹਾ ਰਿਹਾ।
ਮਹਿਤਾਬ ਨੇ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਜੋੜਿਆ ਸੀ, ਪਰ ਜਾਂਦਿਆਂ-ਜਾਂਦਿਆਂ ਮੇਰੇ ਅੰਦਰ ਇੱਕ ਟੁੱਟਿਆ ਹੋਇਆ ਰਿਸ਼ਤਾ ਜੋੜ ਗਈ ਸੀ।
ਮੈਨੂੰ ਅਚਾਨਕ ਘਰ ਜਾਣ ਦੀ ਕਾਹਲੀ ਮਹਿਸੂਸ ਹੋਈ।
ਪਹਿਲੀ ਵਾਰ ਸ਼ਿਮਲੇ ਤੋਂ ਪਰਤਦਿਆਂ ਪਹਾੜ ਪਿੱਛੇ ਛੱਡਣ ਦਾ ਦੁੱਖ ਨਹੀਂ ਸੀ।
ਮੈਨੂੰ ਆਪਣੀ ਪਤਨੀ ਯਾਦ ਆਈ।
ਆਪਣਾ ਬੇਟਾ ਯਾਦ ਆਇਆ।
ਮੈਨੂੰ ਯਾਦ ਆਇਆ ਕਿ ਘਰ ਵਿੱਚ ਮੇਰਾ ਇੰਤਜ਼ਾਰ ਕਰਦੇ ਦੋ ਮਨੁੱਖ ਹਨ, ਜਿਨ੍ਹਾਂ ਨੂੰ ਮੈਂ ਆਪਣੀਆਂ ‘ਜ਼ਿੰਮੇਵਾਰੀਆਂ’ ਆਖ ਕੇ ਆਪਣੇ ਤੋਂ ਦੂਰ ਕਰਦਾ ਰਿਹਾ ਹਾਂ।
ਮੈਨੂੰ ਅਫ਼ਸੋਸ ਹੋਇਆ ਕਿ ਸ਼ਿਮਲੇ ਤੋਂ ਉਨ੍ਹਾਂ ਲਈ ਕੁਝ ਖਰੀਦ ਕੇ ਨਹੀਂ ਲਿਆਇਆ।
ਕਾਲਕਾ ਦੀ ਮੰਡੀ ਵੱਲ ਪੈਰ ਆਪਣੇ ਆਪ ਮੁੜ ਗਏ।
ਦੋ-ਤਿੰਨ ਕਦਮ ਤੁਰਿਆ ਤਾਂ ਅਚਾਨਕ ਮੇਰੇ ਹੱਥ ਨੇ ਬੈਗ ਦੀ ਜੇਬ ਟਟੋਲਣੀ ਸ਼ੁਰੂ ਕਰ ਦਿੱਤੀ। ਬੰਦ ਮੋਬਾਇਲ ਫ਼ੋਨ ਨੂੰ ਚਾਲੂ ਕਰ ਲਿਆ।
ਉਸੇ ਪਲ ਮਨ ਦੇ ਪਰਦੇ ਉੱਤੇ ਇੱਕ ਹੋਰ ਤਸਵੀਰ ਉਭਰੀ—
ਨਿਰੰਜਣਾ ਨਦੀ ਦੇ ਕੰਢੇ ਪਿੱਪਲ ਹੇਠ ਬੈਠਾ ਬੁੱਧ…
ਅਤੇ ਉਸਦੇ ਸਾਹਮਣੇ ਦੁੱਧ ਦਾ ਕਟੋਰਾ ਲੈ ਕੇ ਖੜ੍ਹੀ ਇੱਕ ਗਵਾਲਣ ਕੁੜੀ।
ਮੈਂ ਉਸਦਾ ਚਿਹਰਾ ਵੇਖਿਆ।
ਉਹ ਚਿਹਰਾ ਮਹਿਤਾਬ ਵਰਗਾ ਸੀ।
ਮੈਂ ਕੁਝ ਪਲ ਅਡੋਲ ਖੜ੍ਹਾ ਰਿਹਾ।
ਸ਼ਾਇਦ ਗਿਆਨ ਹਮੇਸ਼ਾ ਕਿਸੇ ਮਹਾਨ ਗ੍ਰੰਥ ਵਿੱਚੋਂ ਨਹੀਂ ਆਉਂਦਾ।
ਕਈ ਵਾਰ ਉਹ ਇੱਕ ਅਜਨਬੀ ਦੀਆਂ ਅੱਖਾਂ ਵਿੱਚੋਂ ਆਉਂਦਾ ਹੈ।
ਕਈ ਵਾਰ ਉਹ ਇੱਕ ਛੋਟੇ ਜਿਹੇ ਸਫ਼ਰ ਵਿੱਚ ਮਿਲਦਾ ਹੈ।
ਮੈਂ ਬੈਗ ਮੋਢੇ ਉੱਤੇ ਪਾਇਆ ਤੇ ਬਾਜ਼ਾਰ ਵੱਲ ਤੁਰ ਪਿਆ।
ਅੱਜ ਮੈਨੂੰ ਕੁਝ ਖਰੀਦਣਾ ਸੀ।
ਆਪਣੇ ਬੇਟੇ ਲਈ।
ਆਪਣੀ ਪਤਨੀ ਲਈ।
ਸ਼ਾਇਦ ਆਪਣੇ ਲਈ ਵੀ।
ਕਿਉਂਕਿ ਮੈਨੂੰ ਪਹਿਲੀ ਵਾਰ ਸਮਝ ਆਈ ਸੀ—
ਘਰ ਉਹ ਥਾਂ ਨਹੀਂ, ਜਿੱਥੋਂ ਮਨੁੱਖ ਮੁਕਤੀ ਲੱਭਣ ਲਈ ਨਿਕਲਦਾ ਹੈ।
ਘਰ ਉਹ ਥਾਂ ਹੈ, ਜਿੱਥੇ ਮੁੜ ਆਉਣ ਲਈ ਕੋਈ ਉਡੀਕ ਕਰ ਰਿਹਾ ਹੁੰਦਾ ਹੈ।
ਕਹਾਣੀਕਾਰ: ਹਰਪ੍ਰੀਤ ਜਟਾਣਾ
ਪਿੰਡ: ਚਾਉਕੇ (ਬਠਿੰਡਾ)
ਮੋਬਾਇਲ ਨੰਬਰ:9463637758
